ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 209 ਗਉੜੀ ਮਹਲਾ ੫ ॥ ਤੁਮ ਹਰਿ ਸੇਤੀ ਰਾਤੇ ਸੰਤਹੁ ॥ ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥ ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥ ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥ ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥ ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥ ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥ ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥ ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥ ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥ {ਪੰਨਾ 209} ਪਦ ਅਰਥ: ਸੰਤਹੁ = ਹੇ ਸੰਤ ਜਨੋ! ਮੋ ਕਉ = ਮੈਨੂੰ। ਪੁਰਖ ਬਿਧਾਤੇ = ਹੇ ਸਰਬ-ਵਿਆਪਕ ਕਰਤਾਰ! ਓੜਿ = ਤੋੜ ਤਕ। ਦਾਤੇ = ਹੇ ਦਾਤਾਰ!।1। ਰਹਾਉ। ਮਰਮੁ = ਭੇਤ, ਦਿਲ ਦੀ ਗੱਲ। ਤੁਮਾ ਹੀ = ਤੂੰ ਹੀ, ਤੁਮ ਹੀ। ਦੀਨ = ਗਰੀਬ। ਗਾਤੇ = ਗਤਿ, ਉੱਚੀ ਆਤਮਕ ਅਵਸਥਾ।1। ਬੋਹਿਥ = ਜਹਾਜ਼। ਭਾਤੇ = ਭਾਂਤਿ, ਕਿਸਮ, ਢੰਗ। ਤੇ ਤੇ = ਉਹ ਉਹ ਸਾਰੇ। ਪਰਾਤੇ = ਪੈ ਗਏ, ਲੰਘ ਗਏ।2। ਈਤ ਊਤ = ਇਸ ਲੋਕ ਤੇ ਪਰਲੋਕ ਵਿਚ। ਸਮਰਥਾ = ਸਭ ਤਾਕਤਾਂ ਦੇ ਮਾਲਕ। ਨਿਧਾਨੁ = ਖ਼ਜ਼ਾਨਾ। ਹਰਿ ਜਨ = ਹੇ ਹਰੀ ਦੇ ਜਨ!।3। ਕਉ = ਨੂੰ। ਜਾਪੇ = ਜਪਦਾ ਰਹੇ। ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਧ੍ਰਾਪੇ = ਰੱਜ ਗਏ।4। ਅਰਥ: ਹੇ ਸੰਤ ਜਨੋ! (ਤੁਸੀ ਭਾਗਾਂ ਵਾਲੇ ਹੋ ਕਿ) ਤੁਸੀ ਪਰਮਾਤਮਾ ਨਾਲ ਰੱਤੇ ਹੋਏ ਹੋ। ਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪ੍ਰੀਤਿ ਦੇ ਦਰਜੇ ਤਕ) ਅਪੜਾ ਲੈ।1। ਰਹਾਉ। ਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ, ਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ।1। (ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ। ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ? = ਇਹ ਤੂੰ ਆਪ ਹੀ ਜਾਣਦਾ ਹੈਂ। ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।2। ਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ। ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ।3। (ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ। ਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ।4।14। 135। ਗਉੜੀ ਮਹਲਾ ੫ ॥ ਸਹਜਿ ਸਮਾਇਓ ਦੇਵ ॥ ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥ ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥ ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥ ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥ ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥ ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥ ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥ ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥ ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥ {ਪੰਨਾ 209} ਪਦ ਅਰਥ: ਸਹਜਿ = ਆਤਮਕ ਅਡੋਲਤਾ ਵਿਚ। ਦੇਵ = ਹੇ ਪ੍ਰਕਾਸ਼-ਰੂਪ ਪ੍ਰਭੂ!।1। ਰਹਾਉ। ਕਾਟਿ = ਕੱਟ ਕੇ। ਜੇਵਰੀ = ਮਾਇਆ ਦੀ ਫਾਹੀ। ਕੋ = ਦਾ। ਥੀਓ = ਹੋ ਗਿਆ ਹਾਂ। ਗੁਰਹਿ = ਗੁਰੂ ਨੇ।1। ਮਨਹਿ = ਮਨ ਵਿਚ। ਤ੍ਰਿਪਤਿਆ = ਰੱਜ ਗਿਆ ਹੈ। ਅਨਭੈ = ਅਨਭਉ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਭਉ ਪੋਹ ਨਹੀਂ ਸਕਦਾ, {ਅਨਭਉ = ਅਨ ਭਉ, ਭਉ ਤੋਂ ਬਿਨਾ}।2। ਮਾਨਿ = ਮੰਨ ਕੇ। ਦੂਖਹ ਠਾਉ = ਦੁੱਖਾਂ ਦਾ ਥਾਂ, ਦੁੱਖਾਂ ਦਾ ਨਾਮ-ਨਿਸ਼ਾਨ। ਸਭੁ = ਹਰ ਥਾਂ।3। ਜਾਵਤ = ਮਰਦਾ। ਸਭੁ = ਸਾਰਾ। ਖੇਲੁ = ਤਮਾਸ਼ਾ। ਅਗਮ = ਅਪਹੁੰਚ। ਹਰਿ ਨਾਇਓ = ਹਰੀ ਦੇ ਨਾਮ ਦੀ।4। ਅਰਥ: ਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ, ਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ।1। ਰਹਾਉ। (ਹੇ ਪ੍ਰਭੂ!) ਗੁਰੂ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਉਸ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ।1। (ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ। ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ।2। (ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ। ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ।3। (ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ। ਹੇ ਨਾਨਕ! ਆਖ– ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ।4।15। 136। ਗਉੜੀ ਮਹਲਾ ੫ ॥ ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥ ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥ ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥ ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥ ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥ ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥ ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥ ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥ ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥ ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥ {ਪੰਨਾ 209} ਪਦ ਅਰਥ: ਪਾਰਬ੍ਰਹਮ = ਪਰੇ ਤੋਂ ਪਰੇ ਬ੍ਰਹਮ। ਪੂਰਨ = ਵਿਆਪਕ। ਪਰਮੇਸੁਰ = ਸਭ ਤੋਂ ਵੱਡਾ ਮਾਲਕ। ਮਨ = ਹੇ ਮਨ! ਤਾ ਕੀ = ਉਸ ਦੀ। ਗਹੀਜੈ = ਫੜਨੀ ਚਾਹੀਦੀ ਹੈ। ਜਿਨਿ = ਜਿਸ (ਪ੍ਰਭੂ) ਨੇ। ਧਾਰੇ = ਟਿਕਾਏ ਹੋਏ ਹਨ। ਤਾ ਕੋ = ਉਸ ਦਾ।1। ਰਹਾਉ। ਹਰਿ ਜਨ = ਹੇ ਹਰੀ ਜਨੋ! ਬੂਝਿ = ਸਮਝ ਕੇ। ਭਲ = ਭਲਾ, ਚੰਗਾ। ਮਾਨਹੁ = ਮੰਨੋ। ਸੁਖਿ = ਸੁਖ ਵਿਚ। ਦੁਖਿ = ਦੁਖ ਵਿਚ।1। ਕੋਟਿ = ਕ੍ਰੋੜਾਂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰੇ = ਬਚਾ ਲੈਂਦਾ ਹੈ। ਕਰਤੇ = ਕਰਤਾਰ ਨੂੰ। ਬਾਰ = ਚਿਰ। ਭੰਜਨ = ਨਾਸ ਕਰਨ ਵਾਲਾ। ਤਿਸਹਿ = ਉਸ ਨੂੰ ਹੀ। ਨਿਵਾਜੈ = ਬਖ਼ਸ਼ਦਾ ਹੈ।2। ਸਭ ਕੋ = ਸਭਨਾਂ ਦਾ। ਜੀਅ ਪ੍ਰਾਨ ਸੁਖ ਸਾਗਰੁ = ਜਿੰਦਾਂ ਦਾ, ਪ੍ਰਾਣਾਂ ਦਾ, ਸੁਖਾਂ ਦਾ ਸਮੁੰਦਰ। ਤੋਟਿ = ਘਾਟਿ, ਕਮੀ। ਰਤਨਾਗਰੁ = {ਰਤਨ = ਆਕਰੁ। ਆਕਰੁ = ਖਾਣ}। ਰਤਨਾਂ ਦੀ ਖਾਣ।3। ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਸੋਈ = ਉਹੀ। ਘਟ ਘਟ ਅੰਤਰਿ = ਹਰੇਕ ਘਟ ਦੇ ਅੰਦਰ। ਘਟ = ਸਰੀਰ। ਤਾ ਕੀ = ਉਸ ਪ੍ਰਭੂ ਦੀ। ਜਾ ਤੇ = ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ, ਨਿਰਾਸ।4। ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ! ਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ।1। ਰਹਾਉ। ਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ। ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ। ਹੇ ਸੰਤ ਜਨੋ! ਸੁਖ ਵਿਚ (ਭੀ) , ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਹੇ ਸੰਤ ਜਨੋ! ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ।1। (ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ। ਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ। ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ।2। ਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ। (ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ।3। ਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ (ਦਾਤਿ ਵਜੋਂ) ਮੰਗਦਾ ਹੈ। (ਹੇ ਭਾਈ!) ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ। (ਹੇ ਭਾਈ!) ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ।4। 16। 137। |
Sri Guru Granth Darpan, by Professor Sahib Singh |