ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 210 ਰਾਗੁ ਗਉੜੀ ਪੂਰਬੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥ ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥ ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥ ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥ ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥ ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥ ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥ ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥ {ਪੰਨਾ 210} ਪਦ ਅਰਥ: ਮਨਹੁ = ਮਨ ਤੋਂ। ਵਿਸਾਰੇ = ਬਿਸਾਰਿ, ਭੁਲਾਓ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਪ੍ਰਤਿਪਾਰੇ = ਪਾਲਣਾ ਕਰਦਾ ਹੈ।1। ਰਹਾਉ। ਮਹਾ ਕਸਟ = ਵੱਡੇ ਵੱਡੇ ਕਸ਼ਟ। ਰਸਨ = ਜੀਭ (ਨਾਲ) । ਸੀਤਲ = ਠੰਢਾ। ਜਲਤੀ = ਬਲਦੀ। ਨਿਵਾਰੇ = ਦੂਰ ਕਰਦਾ ਹੈ, ਬੁਝਾ ਦੇਂਦਾ ਹੈ।1। ਗਰਭ = ਮਾਂ ਦਾ ਪੇਟ। ਤੇ = ਤੋਂ। ਰਾਖੈ = ਰੱਖਿਆ ਕਰਦਾ ਹੈ। ਆਰਾਧਤ = ਸਿਮਰਦਿਆਂ। ਤ੍ਰਾਸ = ਡਰ। ਬਿਦਾਰੇ = ਦੂਰ ਕਰਦਾ ਹੈ, ਪਾੜ ਦੇਂਦਾ ਹੈ।2। ਅਗਮ = ਅਪਹੁੰਚ। ਅਪਾਰ = ਬੇਅੰਤ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਜੂਏ ਨ ਹਾਰੇ = ਜੂਏ ਵਿਚ ਨਹੀਂ ਹਾਰਦਾ, ਵਿਅਰਥ ਨਹੀਂ ਗਵਾਂਦਾ।3। ਕਾਮਿ = ਕਾਮ ਵਿਚ। ਮੋਹਿ = ਮੋਹ ਵਿਚ। ਲੀਨੋ = ਲੀਨ, ਗ਼ਰਕ। ਨਿਰਗੁਣ = ਗੁਣ-ਹੀਣ। ਦਾਤਾਰੇ = ਹੇ ਦਾਤੇ! ਸਦ = ਸਦਾ। ਬਲਿਹਾਰੇ = ਕੁਰਬਾਨ।4। ਅਰਥ: (ਹੇ ਭਾਈ!) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ। ਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ।1। ਰਹਾਉ। (ਹੇ ਭਾਈ! ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ। ਜੇਹੜੇ ਮਨੁੱਖ ਉਸ ਹਰੀ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰੋਂ ਉਹ ਹਰੀ (ਤ੍ਰਿਸ਼ਨਾ ਦੀ) ਬਲਦੀ ਅੱਗ ਬੁਝਾ ਦੇਂਦਾ ਹੈ, ਉਹ (ਵਿਕਾਰਾਂ ਦੀ ਅੱਗ ਵਲੋਂ) ਠੰਢੇ-ਠਾਰ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦੇ ਹਨ।1। (ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਆਰਾਧਿਆਂ ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਤੇ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ।1। (ਹੇ ਭਾਈ!) ਪਰਮਾਤਮਾ ਸਰਬ-ਵਿਆਪਕ ਹੈ, ਸਭ ਤੋਂ ਉੱਚਾ ਮਾਲਕ ਹੈ, ਅਪਹੁੰਚ ਹੈ, ਬੇਅੰਤ ਹੈ, ਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਆਰਾਧਿਆਂ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਨਹੀਂ ਗਵਾ ਜਾਂਦਾ।3। ਹੇ ਨਾਨਕ! (ਅਰਦਾਸ ਕਰ ਤੇ ਆਖ) = ਹੇ (ਮੈਂ ਗੁਣ-ਹੀਣ ਦੇ ਦਾਤਾਰ! ਮੇਰਾ ਮਨ ਕਾਮ ਵਿਚ, ਕਰੋਧ ਵਿਚ, ਲੋਭ ਵਿਚ, ਮੋਹ ਵਿਚ ਫਸਿਆ ਪਿਆ ਹੈ। ਮਿਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ।4।1। 138। ਰਾਗੁ ਗਉੜੀ ਚੇਤੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥ ਸੁਤ ਸੰਪਤਿ ਬਨਿਤਾ ਬਿਨੋਦ ॥ ਛੋਡਿ ਗਏ ਬਹੁ ਲੋਗ ਭੋਗ ॥੧॥ ਹੈਵਰ ਗੈਵਰ ਰਾਜ ਰੰਗ ॥ ਤਿਆਗਿ ਚਲਿਓ ਹੈ ਮੂੜ ਨੰਗ ॥੨॥ ਚੋਆ ਚੰਦਨ ਦੇਹ ਫੂਲਿਆ ॥ ਸੋ ਤਨੁ ਧਰ ਸੰਗਿ ਰੂਲਿਆ ॥੩॥ ਮੋਹਿ ਮੋਹਿਆ ਜਾਨੈ ਦੂਰਿ ਹੈ ॥ ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥ {ਪੰਨਾ 210} ਪਦ ਅਰਥ: ਰੇ = ਹੇ ਭਾਈ! ਜੀਤਿ = ਜਿੱਤ ਲੈ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।1। ਰਹਾਉ। ਸੁਤ = ਪੁੱਤਰ। ਸੰਪਤਿ = ਧਨ-ਪਦਾਰਥ। ਬਿਨੋਦ = ਲਾਡ-ਪਿਆਰ। ਬਨਿਤਾ = ਇਸਤ੍ਰੀ।1। ਹੈਵਰ = {hX-vr} ਵਧੀਆ ਘੋੜੇ। ਗੈਵਰ {gj-vr} ਵਧੀਆ ਹਾਥੀ। ਮੂੜ = ਮੂਰਖ।2। ਚੋਆ = ਅਤਰ। ਦੇਹ = ਸਰੀਰ। ਫੂਲਿਆ = ਹੰਕਾਰੀ ਹੋਇਆ। ਧਰ ਸੰਗਿ = ਧਰਤੀ ਨਾਲ।3। ਮੋਹਿ = ਮੋਹ ਵਿਚ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।4। ਅਰਥ: (ਹੇ ਭਾਈ!) ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ। (ਇਸ ਵਾਸਤੇ) ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ। ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ।1। ਰਹਾਉ। (ਹੇ ਭਾਈ!) ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ = ਅਨੇਕਾਂ ਲੋਕ ਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ।1। (ਹੇ ਭਾਈ!) ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ = ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ।2। (ਹੇ ਭਾਈ! ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖ਼ਿਰ) ਮਿੱਟੀ ਵਿਚ ਰੁਲ ਜਾਂਦਾ ਹੈ।3। (ਹੇ ਭਾਈ! ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ। (ਪਰ) ਹੇ ਨਾਨਕ! ਆਖ– ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ।4।1। 139। ਗਉੜੀ ਮਹਲਾ ੫ ॥ ਮਨ ਧਰ ਤਰਬੇ ਹਰਿ ਨਾਮ ਨੋ ॥ ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥ ਕਲਿ ਕਾਲਖ ਅੰਧਿਆਰੀਆ ॥ ਗੁਰ ਗਿਆਨ ਦੀਪਕ ਉਜਿਆਰੀਆ ॥੧॥ ਬਿਖੁ ਬਿਖਿਆ ਪਸਰੀ ਅਤਿ ਘਨੀ ॥ ਉਬਰੇ ਜਪਿ ਜਪਿ ਹਰਿ ਗੁਨੀ ॥੨॥ ਮਤਵਾਰੋ ਮਾਇਆ ਸੋਇਆ ॥ ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥ ਕਹੁ ਨਾਨਕ ਏਕੁ ਧਿਆਇਆ ॥ ਘਟਿ ਘਟਿ ਨਦਰੀ ਆਇਆ ॥੪॥੨॥੧੪੦॥ {ਪੰਨਾ 210} ਪਦ ਅਰਥ: ਮਨ = ਹੇ ਮਨ! ਧਰ = ਆਸਰਾ। ਤਰਬੇ = ਤਰਨ ਵਾਸਤੇ। ਨਾਮਨੋ = {nwmn`} ਨਾਮ। ਸਾਗਰ = ਸਮੁੰਦਰ। ਸੰਸਾ = ਸਹਮ, ਫ਼ਿਕਰ। ਬੋਹਿਥੁ = ਜਹਾਜ਼। ਪਾਰ ਗਰਾਮਨੋ = ਪਾਰ ਲੰਘਣ ਲਈ।1। ਰਹਾਉ। ਕਲਿ = {kil} (ਮਾਇਆ ਦੀ ਖ਼ਾਤਰ) ਝਗੜਾ ਬਖੇੜਾ। ਅੰਧਿਆਰੀਆ = ਹਨੇਰਾ ਪੈਦਾ ਕਰਨ ਵਾਲੀ। ਦੀਪਕ = ਦੀਵਾ। ਉਜਿਆਰੀਆ = ਚਾਨਣ ਪੈਦਾ ਕਰਨ ਵਾਲਾ।1। ਬਿਖੁ = ਜ਼ਹਰ। ਬਿਖਿਆ = ਮਾਇਆ। ਪਸਰੀ = ਖਿਲਰੀ ਹੋਈ। ਘਨੀ = ਸੰਘਣੀ। ਉਬਰੇ = ਬਚ ਗਏ। ਹਰਿ ਗੁਨੀ = ਹਰੀ ਦੇ ਗੁਣਾਂ ਨੂੰ।2। ਮਤਵਾਰੋ = ਮਸਤ, ਮਤਵਾਲਾ। ਭੇਟਤ = ਮਿਲਦਿਆਂ। ਭ੍ਰਮੁ = ਭਟਕਣਾ। ਖੋਇਆ = ਦੂਰ ਕਰ ਲਿਆ।3। ਘਟਿ ਘਟਿ = ਹਰੇਕ ਘਟ ਵਿਚ, ਘਟ ਵਿਚ ਘਟ ਵਿਚ।4। ਅਰਥ: ਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ। ਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ। ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ।1। ਰਹਾਉ। (ਹੇ ਭਾਈ! ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ। ਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ।1। (ਹੇ ਭਾਈ!) ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ। ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ।2। (ਹੇ ਭਾਈ!) ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ।3। ਹੇ ਨਾਨਕ! ਆਖ– ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ।4।2। 140। ਗਉੜੀ ਮਹਲਾ ੫ ॥ ਦੀਬਾਨੁ ਹਮਾਰੋ ਤੁਹੀ ਏਕ ॥ ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥ ਅਨਿਕ ਜੁਗਤਿ ਨਹੀ ਪਾਇਆ ॥ ਗੁਰਿ ਚਾਕਰ ਲੈ ਲਾਇਆ ॥੧॥ ਮਾਰੇ ਪੰਚ ਬਿਖਾਦੀਆ ॥ ਗੁਰ ਕਿਰਪਾ ਤੇ ਦਲੁ ਸਾਧਿਆ ॥੨॥ ਬਖਸੀਸ ਵਜਹੁ ਮਿਲਿ ਏਕੁ ਨਾਮ ॥ ਸੂਖ ਸਹਜ ਆਨੰਦ ਬਿਸ੍ਰਾਮ ॥੩॥ ਪ੍ਰਭ ਕੇ ਚਾਕਰ ਸੇ ਭਲੇ ॥ ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥ {ਪੰਨਾ 210-211} ਪਦ ਅਰਥ: ਦੀਬਾਨੁ = ਹਾਕਮ, ਆਸਰਾ। ਥਾਰੀ = ਤੇਰੀ। ਗੁਰਹਿ = ਗੁਰੂ ਦੀ। ਟੇਕ = ਓਟ।1। ਰਹਾਉ। ਜੁਗਤਿ = ਢੰਗ, ਤਰੀਕੇ। ਗੁਰਿ = ਗੁਰੂ ਨੇ। ਚਾਕਰ = ਨੌਕਰ, ਸੇਵਕ।1। ਬਿਖਾਦੀ = ਝਗੜਾਲੂ। ਦਲੁ = ਫ਼ੌਜ। ਸਾਧਿਆ = ਕਾਬੂ ਕਰ ਲਿਆ।2। ਬਖਸੀਸ = ਦਾਨ। ਵਜਹੁ = ਦੇ ਤੌਰ ਤੇ। ਮਿਲਿ = ਮਿਲੈ, ਮਿਲ ਜਾਏ। ਸਹਜ = ਆਤਮਕ ਅਡੋਲਤਾ।3। ਸੇ = {ਬਹੁ-ਵਚਨ} ਉਹ ਬੰਦੇ। ਊਜਲੇ = ਰੋਸ਼ਨ, ਚਮਕਦੇ।4। ਅਰਥ: ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ। ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ।1। ਰਹਾਉ। ਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ। (ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ।1। (ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ, ਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ।2। (ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ। ਹੇ ਨਾਨਕ! (ਆਖ– ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ, ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ।4।3। 141। |
Sri Guru Granth Darpan, by Professor Sahib Singh |