ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 211 ਗਉੜੀ ਮਹਲਾ ੫ ॥ ਜੀਅਰੇ ਓਲ੍ਹ੍ਹਾ ਨਾਮ ਕਾ ॥ ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥ ਅਵਰ ਜਤਨਿ ਨਹੀ ਪਾਈਐ ॥ ਵਡੈ ਭਾਗਿ ਹਰਿ ਧਿਆਈਐ ॥੧॥ ਲਾਖ ਹਿਕਮਤੀ ਜਾਨੀਐ ॥ ਆਗੈ ਤਿਲੁ ਨਹੀ ਮਾਨੀਐ ॥੨॥ ਅਹੰਬੁਧਿ ਕਰਮ ਕਮਾਵਨੇ ॥ ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥ ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥ ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥ {ਪੰਨਾ 211} ਪਦ ਅਰਥ: ਜੀਅ ਰੇ = ਹੇ ਜੀਵ! ਹੇ ਜਿੰਦੇ! ਓਲ੍ਹ੍ਹਾ = ਆਸਰਾ। ਅਵਰੁ = ਹੋਰ। ਜਿ = ਜੇਹੜਾ। ਕਰਨ ਕਰਾਵਨੋ = ਦੌੜ-ਭੱਜ, ਕੰਮ-ਕਾਜ। ਜਾਮ ਕਾ ਭਉ = ਜਮ ਦਾ ਡਰ, ਆਤਮਕ ਮੌਤ ਦਾ ਖ਼ਤਰਾ।1। ਰਹਾਉ। ਜਤਨਿ = ਜਤਨ ਨਾਲ। ਭਾਗਿ = ਕਿਸਮਤ ਨਾਲ। ਧਿਆਈਐ = ਸਿਮਰਿਆ ਜਾ ਸਕਦਾ ਹੈ।1। ਹਿਕਮਤੀ = ਹਿਕਮਤਾਂ ਦੇ ਕਾਰਨ। ਜਾਨੀਐ = (ਜਗਤ ਵਿਚ) ਪ੍ਰਸਿੱਧ ਹੋ ਜਾਈਏ। ਆਗੈ = ਪਰਲੋਕ ਵਿਚ। ਮਾਨੀਐ = ਆਦਰ ਮਿਲਦਾ ਹੈ।2। ਅਹੰਬੁਧਿ = ਅਹੰਕਾਰ ਪੈਦਾ ਕਰਨ ਵਾਲੀ ਅਕਲ। ਬਾਲੂ = ਰੇਤ। ਨੀਰਿ = ਨੀਰ ਨੇ, ਪਾਣੀ ਨੇ। ਬਹਾਵਨੇ = ਰੋੜ੍ਹ ਦਿੱਤੇ।3। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।4। ਅਰਥ: ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ) । (ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ।1। ਰਹਾਉ। (ਪਰ) ਵੱਡੀ ਕਿਸਮਤਿ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ (ਤੇ ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।1। (ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ, ਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ।2। (ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ, ਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ।3। ਹੇ ਨਾਨਕ! (ਆਖ–) ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ।4। 4। 142। ਗਉੜੀ ਮਹਲਾ ੫ ॥ ਬਾਰਨੈ ਬਲਿਹਾਰਨੈ ਲਖ ਬਰੀਆ ॥ ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥ ਕਰਨ ਕਰਾਵਨ ਤੁਹੀ ਏਕ ॥ ਜੀਅ ਜੰਤ ਕੀ ਤੁਹੀ ਟੇਕ ॥੧॥ ਰਾਜ ਜੋਬਨ ਪ੍ਰਭ ਤੂੰ ਧਨੀ ॥ ਤੂੰ ਨਿਰਗੁਨ ਤੂੰ ਸਰਗੁਨੀ ॥੨॥ ਈਹਾ ਊਹਾ ਤੁਮ ਰਖੇ ॥ ਗੁਰ ਕਿਰਪਾ ਤੇ ਕੋ ਲਖੇ ॥੩॥ ਅੰਤਰਜਾਮੀ ਪ੍ਰਭ ਸੁਜਾਨੁ ॥ ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥ {ਪੰਨਾ 211} ਪਦ ਅਰਥ: ਬਾਰਨੈ = ਵਾਰਨੇ, ਸਦਕੇ। ਬਰੀਆ = ਵਾਰੀ। ਹੋ = ਹੇ ਭਾਈ! ਨਾਮੋ = ਨਾਮ ਹੀ। ਕੋ = ਦਾ। ਪ੍ਰਾਨ ਅਧਰੀਆ = ਜਿੰਦ ਦਾ ਆਸਰਾ।1। ਰਹਾਉ। ਤੁਹੀ = ਹੇ ਪ੍ਰਭੂ! ਤੂੰ ਹੀ। ਜੀਅ ਟੇਕ = ਜੀਵਾਂ ਦਾ ਆਸਰਾ।1। ਧਨੀ = ਮਾਲਕ। ਨਿਰਗੁਨੁ = ਮਾਇਆ ਦੇ ਗੁਣਾਂ ਤੋਂ ਰਹਿਤ, ਅਦ੍ਰਿਸ਼ਟ-ਰੂਪ। ਸਰਗੁਨੀ = ਇਹ ਸਾਰਾ ਜਗਤ ਜਿਸ ਦਾ ਸਰੂਪ ਹੈ।2। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਤੇ = ਤੋਂ, ਨਾਲ। ਕੋ = ਕੋਈ ਵਿਰਲਾ। ਲਖੇ = ਸਮਝਦਾ ਹੈ।3। ਪ੍ਰਭ = ਹੇ ਪ੍ਰਭੂ! ਸੁਜਾਨੁ = ਸਿਆਣਾ। ਤਕੀਆ = ਸਹਾਰਾ। ਤਾਣੁ = ਬਲ, ਤਾਕਤ।4। ਅਰਥ: ਹੇ ਭਾਈ! ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ।1। ਰਹਾਉ। ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ, ਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ।1। ਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚ ਹਕੂਮਤ ਕਰਨ ਦੀ ਦਾਤਿ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ) । (ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ = ਇਹ ਭੀ ਤੂੰ ਆਪ ਹੀ ਹੈਂ।2। (ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ, (ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ।3। ਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ। ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ।4।5। 143। ਗਉੜੀ ਮਹਲਾ ੫ ॥ ਹਰਿ ਹਰਿ ਹਰਿ ਆਰਾਧੀਐ ॥ ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥ ਬੇਦ ਪੁਰਾਣ ਸਿਮ੍ਰਿਤਿ ਭਨੇ ॥ ਸਭ ਊਚ ਬਿਰਾਜਿਤ ਜਨ ਸੁਨੇ ॥੧॥ ਸਗਲ ਅਸਥਾਨ ਭੈ ਭੀਤ ਚੀਨ ॥ ਰਾਮ ਸੇਵਕ ਭੈ ਰਹਤ ਕੀਨ ॥੨॥ ਲਖ ਚਉਰਾਸੀਹ ਜੋਨਿ ਫਿਰਹਿ ॥ ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥ ਬਲ ਬੁਧਿ ਸਿਆਨਪ ਹਉਮੈ ਰਹੀ ॥ ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥ {ਪੰਨਾ 211} ਪਦ ਅਰਥ: ਆਰਾਧੀਐ = ਸਿਮਰਨਾ ਚਾਹੀਦਾ ਹੈ। ਸੰਤਿ ਸੰਗਿ = ਸੰਤਾਂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਸਾਧੀਐ = ਸਾਧਿਆ ਜਾ ਸਕਦਾ ਹੈ, ਕਾਬੂ ਕੀਤਾ ਜਾ ਸਕਦਾ ਹੈ।1। ਰਹਾਉ। ਭਨੇ = ਆਖਦੇ ਹਨ। ਸਭ ਊਚ = ਸਭਨਾਂ ਤੋਂ ਉੱਚੇ। ਬਿਰਾਜਿਤ = ਟਿਕੇ ਹੋਏ। ਸੁਨੇ = ਸੁਣੇ ਜਾਂਦੇ ਹਨ।1। ਅਸਥਾਨ = {ÔQwn} (ਹਿਰਦੇ) -ਥਾਂ। ਭੈ ਭੀਤ = ਡਰਾਂ ਨਾਲ ਸਹਮੇ ਹੋਏ। ਚੀਨ = ਵੇਖੀਦੇ ਹਨ।2। ਫਿਰਹਿ = ਭਟਕਦੇ ਫਿਰਦੇ ਹਨ। ਜਨਮਿ = ਜਨਮ ਕੇ। ਮਰਹਿ = ਮਰਦੇ ਹਨ।3। ਰਹੀ = ਮੁੱਕ ਜਾਂਦੀ ਹੈ। ਗਹੀ = ਫੜੀ।4। ਅਰਥ: (ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਸੰਤਾਂ ਦੀ ਸੰਗਤਿ ਵਿਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ।1। ਰਹਾਉ। (ਹੇ ਭਾਈ! ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ।1। (ਹੇ ਭਾਈ!) ਹੋਰ ਸਾਰੇ ਹਿਰਦੇ-ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ, (ਪਰਮਾਤਮਾ ਦੇ ਸਿਮਰਨ ਨੇ) ਪਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ।2। (ਹੇ ਭਾਈ! ਜੀਵ) ਚੌਰਾਸੀ ਲੱਖ ਜੂਨਾਂ ਵਿਚ ਭਟਕਦੇ ਫਿਰਦੇ ਹਨ, ਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।3। (ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ।4।6। 144। ਗਉੜੀ ਮਹਲਾ ੫ ॥ ਮਨ ਰਾਮ ਨਾਮ ਗੁਨ ਗਾਈਐ ॥ ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥ ਸੰਤਸੰਗਿ ਹਰਿ ਮਨਿ ਵਸੈ ॥ ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥ ਸੰਤ ਪ੍ਰਸਾਦਿ ਹਰਿ ਜਾਪੀਐ ॥ ਸੋ ਜਨੁ ਦੂਖਿ ਨ ਵਿਆਪੀਐ ॥੨॥ ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥ ਸੋ ਉਬਰਿਆ ਮਾਇਆ ਅਗਨਿ ਤੇ ॥੩॥ ਨਾਨਕ ਕਉ ਪ੍ਰਭ ਮਇਆ ਕਰਿ ॥ ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥ {ਪੰਨਾ 211} ਪਦ ਅਰਥ: ਮਨ = ਹੇ ਮਨ! ਗੁਨ = ਗੁਣ। ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।1। ਰਹਾਉ। ਮਨਿ = ਮਨ ਵਿਚ {ਲਫ਼ਜ਼ 'ਮਨ' ਅਤੇ 'ਮਨਿ' ਦਾ ਫ਼ਰਕ ਚੇਤੇ ਰਹੇ}। ਭ੍ਰਮੁ = ਭਟਕਣਾ।1। ਪ੍ਰਸਾਦਿ = ਕਿਰਪਾ ਨਾਲ। ਜਾਪੀਐ = ਜਪਿਆ ਜਾ ਸਕਦਾ ਹੈ। ਦੂਖਿ = ਦੁੱਖ ਵਿਚ। ਵਿਆਪੀਐ = ਦਬ ਜਾਂਦਾ ਹੈ, ਕਾਬੂ ਵਿਚ ਆਉਂਦਾ ਹੈ।2। ਕਉ = ਨੂੰ। ਮੰਤ੍ਰ = ਉਪਦੇਸ਼। ਦੇ = ਦੇਂਦਾ ਹੈ। ਤੇ = ਤੋਂ।3। ਮਇਆ = ਦਇਆ। ਤਨਿ = ਹਿਰਦੇ ਵਿਚ। ਵਸੈ = ਵੱਸ ਪਏ।4। ਅਰਥ: ਹੇ (ਮੇਰੇ) ਮਨ! (ਆ) ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ। (ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।1। ਰਹਾਉ। (ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ। (ਜਿਸ ਦੇ ਮਨ ਵਿਚ ਵੱਸ ਪੈਂਦਾ ਹੈ ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ, ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਜਾਂਦੀ ਹੈ।1। (ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਹੀ) ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। (ਜੇਹੜਾ ਮਨੁੱਖ ਜਪਦਾ ਹੈ) ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿਚ ਨਹੀਂ ਘਿਰਦਾ।2। (ਹੇ ਭਾਈ!) ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਮੰਤ੍ਰ ਦੇਂਦਾ ਹੈ, ਉਹ ਮਨੁੱਖ ਮਾਇਆ ਦੀ (ਤ੍ਰਿਸ਼ਨਾ) ਅੱਗ (ਵਿਚ ਸੜਨ) ਤੋਂ ਬਚ ਜਾਂਦਾ ਹੈ।3। (ਹੇ ਪ੍ਰਭੂ! ਮੈਂ) ਨਾਨਕ ਉਤੇ ਕਿਰਪਾ ਕਰ, (ਤਾਕਿ) ਮੇਰੇ ਮਨ ਵਿਚ ਹਿਰਦੇ ਵਿਚ, ਹੇ ਹਰੀ! ਤੇਰਾ ਨਾਮ ਵੱਸ ਪਏ।4।7। 145। ਗਉੜੀ ਮਹਲਾ ੫ ॥ ਰਸਨਾ ਜਪੀਐ ਏਕੁ ਨਾਮ ॥ ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥ ਕਟੀਐ ਤੇਰਾ ਅਹੰ ਰੋਗੁ ॥ ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥ ਹਰਿ ਰਸੁ ਜਿਨਿ ਜਨਿ ਚਾਖਿਆ ॥ ਤਾ ਕੀ ਤ੍ਰਿਸਨਾ ਲਾਥੀਆ ॥੨॥ ਹਰਿ ਬਿਸ੍ਰਾਮ ਨਿਧਿ ਪਾਇਆ ॥ ਸੋ ਬਹੁਰਿ ਨ ਕਤ ਹੀ ਧਾਇਆ ॥੩॥ ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥ ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥ {ਪੰਨਾ 211} ਪਦ ਅਰਥ: ਰਸਨਾ = ਜੀਭ (ਨਾਲ) । ਏਕੁ ਨਾਮੁ = ਸਿਰਫ਼ ਹਰਿ ਨਾਮ। ਈਹਾ = ਇਸ ਲੋਕ ਵਿਚ। ਘਨਾ = ਬਹੁਤ। ਆਗੈ = ਪਰਲੋਕ ਵਿਚ। ਜੀਅ ਕੈ ਸੰਗਿ = ਜਿੰਦ ਦੇ ਨਾਲ। ਜੀਅ ਕੈ ਕਾਮ = ਜਿੰਦ ਦੇ ਕੰਮ।1। ਰਹਾਉ। ਕਟੀਐ = ਕੱਟਿਆ ਜਾ ਸਕਦਾ ਹੈ। ਅਹੰ = ਹਉਮੈ {Ahz-ਮੈਂ ਮੈਂ}। ਪ੍ਰਸਾਦਿ = ਕਿਰਪਾ ਨਾਲ। ਜੋਗੁ = (ਪ੍ਰਭੂ ਨਾਲ) ਮਿਲਾਪ। ਰਾਜ ਜੋਗੁ = ਗ੍ਰਿਹਸਤ ਭੀ ਤੇ ਫ਼ਕੀਰੀ ਭੀ।1। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਮਨੁੱਖ ਨੇ।2। ਬਿਸ੍ਰਾਮ = ਸ਼ਾਂਤੀ, ਟਿਕਾਉ। ਨਿਧਿ = ਖ਼ਜ਼ਾਨਾ। ਬਿਸ੍ਰਾਮ ਨਿਧਿ = ਸ਼ਾਂਤੀ ਦਾ ਖ਼ਜ਼ਾਨਾ। ਬਹੁਰਿ = ਮੁੜ। ਕਤ ਹੀ = ਕਿਸੇ ਹੋਰ ਪਾਸੇ। ਧਾਇਆ = ਭਟਕਦਾ ਹੈ।3। ਕਉ = ਨੂੰ। ਜਾ ਕਉ = ਜਿਸ ਨੂੰ। ਗੁਰਿ = ਗੁਰੂ ਨੇ। ਕਾ = ਦੀ। {ਲਫ਼ਜ਼ 'ਕਉ' ਅਤੇ 'ਕਾ' ਦਾ ਫ਼ਰਕ ਚੇਤੇ ਰਹੇ}।4। ਅਰਥ: (ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ। (ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ।1। (ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ। (ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ।1। (ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ।2। (ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ, ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ।3। (ਹੇ ਨਾਨਕ) ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ, ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ।4।8। 146। |
Sri Guru Granth Darpan, by Professor Sahib Singh |