ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 212 ਗਉੜੀ ਮਹਲਾ ੫ ॥ ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥ ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥ ਜਾ ਕਉ ਗੁਰਮੁਖਿ ਰਿਦੈ ਬੁਧਿ ॥ ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥ ਜੋ ਜਾਨਹਿ ਹਰਿ ਪ੍ਰਭ ਧਨੀ ॥ ਕਿਛੁ ਨਾਹੀ ਤਾ ਕੈ ਕਮੀ ॥੨॥ ਕਰਣੈਹਾਰੁ ਪਛਾਨਿਆ ॥ ਸਰਬ ਸੂਖ ਰੰਗ ਮਾਣਿਆ ॥੩॥ ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥ ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥ {ਪੰਨਾ 212} ਪਦ ਅਰਥ: ਜਾ ਕਉ = ਜਿਸ ਮਨੁੱਖ ਨੂੰ। ਤਾਹੂ ਕਉ = ਉਸੇ ਨੂੰ ਹੀ। ਪੀਰ = ਪੀੜ, ਦੁੱਖ। ਰਵਹਿ = (ਜੋ) ਸਿਮਰਦੇ ਹਨ। ਗੁਣੀ = ਗੁਣਾਂ ਦੇ ਮਾਲਕ। ਗਹੀਰ = ਡੂੰਘੇ ਜਿਗਰੇ ਵਾਲੇ।1। ਰਹਾਉ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਿਦੈ = ਹਿਰਦੇ ਵਿਚ। ਬੁਧਿ = (ਸਿਮਰਨ ਦੀ) ਅਕਲ। ਕਰ = ਹੱਥ। ਤਲ = ਤਲੀ। ਤਾ ਕੈ ਕਰ ਤਲ = ਉਸ ਦੇ ਹੱਥ ਦੀਆਂ ਤਲੀਆਂ ਉਤੇ। ਨਵ ਨਿਧਿ = ਨੌ ਖ਼ਜ਼ਾਨੇ। ਸਿਧਿ = ਸਿੱਧੀਆਂ।1। ਜਾਨਹਿ = ਜਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ। ਧਨੀ = ਮਾਲਕ। ਤਾ ਕੈ = ਉਹਨਾਂ ਦੇ ਘਰ ਵਿਚ। ਕਮੀ = ਘਾਟ।2। ਕਰਣੈਹਾਰੁ = ਸਿਰਜਣਹਾਰ ਕਰਤਾਰ।3। ਜਾ ਕੈ ਗ੍ਰਿਹਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ। ਤਿਨ ਸੰਗਿ = ਉਹਨਾਂ ਦੀ ਸੰਗਤਿ ਵਿਚ ਰਿਹਾਂ।4। ਅਰਥ: (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ। ਜੇਹੜੇ ਮਨੁੱਖ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ।1। ਰਹਾਉ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿਚ (ਸਿਮਰਨ ਦੀ) ਸੂਝ ਪੈਦਾ ਹੋ ਜਾਂਦੀ ਹੈ, ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉਤੇ ਨੌ ਹੀ ਖ਼ਜ਼ਾਨੇ ਤੇ ਸਾਰੀਆਂ ਸਿੱਧੀਆਂ (ਆ ਟਿਕਦੀਆਂ ਹਨ) ।1। (ਹੇ ਭਾਈ!) ਜੇਹੜੇ ਮਨੁੱਖ (ਸਭ ਖ਼ਜ਼ਾਨਿਆਂ ਦੇ) ਮਾਲਕ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਰਹਿੰਦੀ।2। (ਹੇ ਭਾਈ!) ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ, ਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ।3। ਹੇ ਨਾਨਕ! ਆਖ– ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਆ ਵੱਸਦਾ ਹੈ, ਉਹਨਾਂ ਦੀ ਸੰਗਤਿ ਵਿਚ ਰਿਹਾਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।4।9। 147। ਗਉੜੀ ਮਹਲਾ ੫ ॥ ਗਰਬੁ ਬਡੋ ਮੂਲੁ ਇਤਨੋ ॥ ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥ ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥ ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥ ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥ {ਪੰਨਾ 212} ਪਦ ਅਰਥ: ਗਰਬੁ = {gvL} ਅਹੰਕਾਰ। ਮੂਲੁ = ਪਾਂਇਆਂ, ਵਿਤ। ਇਤਨੋ = ਥੋੜਾ ਜਿਹਾ ਹੀ। ਗਹੁ = ਪਕੜ, ਮਾਇਆ ਵਲ ਖਿੱਚ। ਕਿਤਨੋ = (ਭਾਵ,) ਬਹੁਤ।1। ਰਹਾਉ। ਬੇਬਰਜਤ = ਵਰਜਦੇ, ਰੋਕਦੇ। ਉਆ ਹੂ ਸਿਉ = ਉਸੇ ਨਾਲ। ਰੇ = ਹੇ ਭਾਈ! ਬਿਧੇ = ਵਾਂਗ। ਵਸਿ ਲੈ = ਵੱਸ ਵਿਚ ਕਰ ਕੇ। ਜਿਤਨੋ = ਜਿੱਤ ਲਿਆ ਹੈ।1। ਹਰਨ ਭਰਨ ਸੰਪੂਰਨਾ = ਸਭ ਜੀਵਾਂ ਦਾ ਨਾਸ ਕਰਨ ਵਾਲਾ ਤੇ ਪਾਲਣ ਵਾਲਾ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਰਿਤਨੋ = ਖ਼ਾਲੀ। ਉਧਰੋ = ਬਚ ਗਏ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ।2। ਅਰਥ: ਹੇ ਜੀਵ! ਤੈਨੂੰ (ਆਪਣੇ ਆਪ ਦਾ) ਅਹੰਕਾਰ ਤਾਂ ਬਹੁਤ ਹੈ, ਪਰ (ਇਸ ਅਹੰਕਾਰ ਦਾ) ਮੂਲ (ਤੇਰਾ ਆਪਣਾ ਵਿਤ) ਥੋੜਾ ਜਿਹਾ ਹੀ ਹੈ। (ਇਸ ਸੰਸਾਰ ਵਿਚ ਤੇਰਾ ਸਦਾ ਲਈ) ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ।1। ਰਹਾਉ। ਹੇ ਜੀਵ! (ਜਿਸ ਮਾਇਆ ਦੇ ਮੋਹ ਵਲੋਂ) ਵੇਦ ਆਦਿਕ ਧਰਮ-ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ, ਤੂੰ ਜੀਵਨ-ਬਾਜ਼ੀ ਹਾਰ ਰਿਹਾ ਹੈਂ ਜਿਵੇਂ ਜੂਏ ਵਿਚ ਜੁਆਰੀਆ ਹਾਰਦਾ ਹੈ। ਇੰਦ੍ਰੀ (ਕਾਮ-ਵਾਸਨਾ) ਨੇ ਆਪਣੇ ਵੱਸ ਵਿਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ।1। ਹੇ ਜੀਵ! ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿਚ (ਟਿਕਣ) ਤੋਂ ਤੂੰ ਸੱਖਣਾ ਹੈਂ। ਹੇ ਨਾਨਕ! (ਆਖ– ਜੇਹੜੇ ਮਨੁੱਖ) ਸਾਧ ਸੰਗਤਿ ਵਿਚ (ਜੁੜਦੇ ਹਨ, ਉਹ ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ। ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ (ਆਪਣੀ ਕਿਰਪਾ ਕਰ ਕੇ) ਮੈਨੂੰ (ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤਿ) ਦਿੱਤੀ ਹੈ।2।10। 148। ਗਉੜੀ ਮਹਲਾ ੫ ॥ ਮੋਹਿ ਦਾਸਰੋ ਠਾਕੁਰ ਕੋ ॥ ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥ ਐਸੋ ਹੈ ਰੇ ਖਸਮੁ ਹਮਾਰਾ ॥ ਖਿਨ ਮਹਿ ਸਾਜਿ ਸਵਾਰਣਹਾਰਾ ॥੧॥ ਕਾਮੁ ਕਰੀ ਜੇ ਠਾਕੁਰ ਭਾਵਾ ॥ ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥ ਸਰਣਿ ਪਰਿਓ ਠਾਕੁਰ ਵਜੀਰਾ ॥ ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥ ਏਕ ਟੇਕ ਏਕੋ ਆਧਾਰਾ ॥ ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥ {ਪੰਨਾ 212} ਪਦ ਅਰਥ: ਮੋਹਿ = ਮੈਂ। ਦਾਸਰੋ = ਗਰੀਬ ਜਿਹਾ ਦਾਸ। ਕੋ = ਦਾ। ਧਾਨੁ = ਦਾਨ ਵਜੋਂ ਦਿੱਤਾ ਹੋਇਆ ਅੰਨ।1। ਰਹਾਉ। ਰੇ = ਹੇ ਭਾਈ! ਐਸੋ = ਇਹੋ ਜਿਹਾ। ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ। ਸਾਜਿ = ਸਾਜ ਕੇ। ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ।1। ਕਰੀ = ਕਰੀਂ, ਮੈਂ ਕਰਾਂ। ਠਾਕੁਰ ਭਾਵਾ = ਠਾਕੁਰ ਨੂੰ ਚੰਗਾ ਲੱਗਾਂ। ਚਰਿਤ = ਸਿਫ਼ਤਿ-ਸਾਲਾਹ ਦੀਆਂ ਗੱਲਾਂ।2। ਠਾਕੁਰ ਵਜੀਰਾ = ਠਾਕੁਰ ਦੇ ਵਜ਼ੀਰ, ਸੰਤ ਜਨ। ਦੇਖਿ = ਵੇਖ ਕੇ। ਧੀਰਾ = ਧੀਰਜ ਵਾਲਾ।3। ਟੇਕ = ਆਸਰਾ। ਆਧਾਰਾ = ਆਸਰਾ। ਲਾਗਾ = ਲੱਗ ਪਿਆ ਹਾਂ। ਕਾਰਾ = ਕਾਰ ਵਿਚ, ਕੰਮ ਵਿਚ।4। ਅਰਥ: ਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ, ਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ।1। ਰਹਾਉ। ਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ।1। (ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ, ਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ।2। (ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ, ਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤਿ-ਸਾਲਾਹ ਕਰ ਸਕਾਂਗਾ) ।3। ਹੇ ਦਾਸ ਨਾਨਕ! (ਆਖ– ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ, ਤੇ ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ।4।11। 149। ਗਉੜੀ ਮਹਲਾ ੫ ॥ ਹੈ ਕੋਈ ਐਸਾ ਹਉਮੈ ਤੋਰੈ ॥ ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥ ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥ ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥ ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥ ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥ {ਪੰਨਾ 212} ਪਦ ਅਰਥ: ਹੈ ਕੋਈ ਐਸਾ = ਕੀ ਕੋਈ ਇਹੋ ਜਿਹਾ ਹੈ? ਤੋਰੈ = ਤੋੜ ਦੇਵੇ। ਤੇ = ਤੋਂ। ਹੋਰੈ = ਰੋਕ ਦੇਵੇ।1। ਰਹਾਉ। ਅਗਿਆਨੀ = ਬੇ-ਸਮਝ। ਜੋ ਨਾਹੀ = ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ। ਲੋਰੈ = ਲੋੜਦਾ ਹੈ, ਢੂੰਢਦਾ ਹੈ। ਰੈਣਿ = ਰਾਤ। ਅੰਧਾਰੀ = ਹਨੇਰੀ। ਕਾਰੀਆ = ਕਾਲੀ। ਜੁਗਤਿ = ਤਰੀਕਾ। ਜਿਤੁ = ਜਿਸ (ਤਰੀਕੇ) ਨਾਲ। ਭੋਰੈ = ਦਿਨ (ਚੜ੍ਹ ਪਏ) ।1। ਭ੍ਰਮਤੋ ਭ੍ਰਮਤੋ = ਭਟਕਦਾ ਭਟਕਦਾ। ਹਾਰਿਆ = ਥੱਕ ਗਿਆ। ਟੋਰੈ = ਟੋਲ, ਭਾਲ। ਨਿਧਿ = ਖ਼ਜ਼ਾਨਾ। ਮੋਰੈ = ਮੇਰੇ ਵਾਸਤੇ।2। ਅਰਥ: (ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ?।1। ਰਹਾਉ। (ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ। (ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। (ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ?।1। ਹੇ ਨਾਨਕ! ਆਖ– (ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ।2।12। 150। ਗਉੜੀ ਮਹਲਾ ੫ ॥ ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥ ਦੀਨ ਦਇਆਲਾ ਪਾਰਬ੍ਰਹਮ ॥ ਜਾ ਕੈ ਸਿਮਰਣਿ ਸੁਖ ਭਏ ॥੧॥ ਅਕਾਲ ਪੁਰਖ ਅਗਾਧਿ ਬੋਧ ॥ ਸੁਨਤ ਜਸੋ ਕੋਟਿ ਅਘ ਖਏ ॥੨॥ ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥ ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥ {ਪੰਨਾ 212} ਪਦ ਅਰਥ: ਚਿੰਤਾਮਣਿ = {ਚਿੰਤਾ-ਮਣਿ = ਹਰੇਕ ਚਿਤਵਨੀ ਪੂਰੀ ਕਰਨ ਵਾਲੀ ਮਣੀ = ਰਤਨ} ਪਰਮਾਤਮਾ ਜੋ ਜੀਵ ਦੀ ਹਰੇਕ ਚਿਤਵਨੀ ਪੂਰੀ ਕਰਨ ਵਾਲਾ ਹੈ। ਕਰੁਣਾ = ਤਰਸੁ, ਦਇਆ। ਕਰੁਣਾ ਮੈ = ਤਰਸ-ਰੂਪ, ਤਰਸ-ਭਰਪੂਰ। ਕਰੁਣਾ ਮਏ = ਹੇ ਤਰਸ-ਰੂਪ ਪ੍ਰਭੂ!।1। ਰਹਾਉ। ਜਾ ਕੈ ਸਿਮਰਿਣ = ਜਿਸ ਦੇ ਸਿਮਰਨ ਦੀ ਰਾਹੀਂ।1। ਅਗਾਧਿ = ਅਥਾਹ। ਬੋਧ = ਗਿਆਨ, ਸਮਝ। ਅਗਾਧਿ ਬੋਧ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਮਝ ਜੀਵਾਂ ਵਾਸਤੇ ਅਥਾਹ ਹੈ। ਜਸੋ = ਜਸੁ, ਸਿਫ਼ਤਿ-ਸਾਲਾਹ। ਕੋਟਿ = ਕ੍ਰੋੜਾਂ। ਅਘ = ਪਾਪ। ਖਏ = ਨਾਸ ਹੋ ਗਏ।2। ਨਿਧਿ = ਖ਼ਜ਼ਾਨਾ। ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰਿ = ਧਾਰੀ, ਕੀਤੀ।3। ਅਰਥ: ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ।1। ਰਹਾਉ। ਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।1। ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ, ਤੇਰੀ ਸਿਫ਼ਤਿ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।2। ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ, ਉਹ ਤੇਰਾ ਹਰਿ-ਨਾਮ ਸਿਮਰਦਾ ਹੈ।3।13। 151। ਗਉੜੀ ਪੂਰਬੀ ਮਹਲਾ ੫ ॥ ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥ ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥ ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥ ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥ ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥ ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥ ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥ ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥ ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥ {ਪੰਨਾ 212-213} ਪਦ ਅਰਥ: ਮਨ = ਹੇ ਮਨ! ਪਾਏ = ਪਾਂਦਾ ਹੈ, ਮਾਣਦਾ ਹੈ। ਦਿਨਿ = ਦਿਨ ਵਿਚ। ਜਾ ਦਿਨ = ਜਿਸ ਦਿਨ ਵਿਚ। ਅਜਾਏ = ਵਿਅਰਥ।1। ਰਹਾਉ। ਰੈਣ = ਰਾਤ। ਪਾਹੁਨ = ਪ੍ਰਾਹੁਣੇ। ਬਧਾਏ = ਬੰਨ੍ਹਦੇ ਹੋ। ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਸੰਪੈ = ਧਨ। ਤਰਵਰ = ਰੁੱਖ। ਛਾਏ = ਛਾਂ।1। ਮਿਲਖ = ਜ਼ਮੀਨ। ਜਾਏ = ਥਾਂਵਾਂ। ਠਾਕੁਰੁ = ਪਾਲਣਹਾਰ ਪ੍ਰਭੂ। ਪਰਾਏ = ਓਪਰੇ।2। ਪਹਿਰੈ = ਪਹਿਨਦਾ ਹੈ। ਬਾਗਾ = ਚਿੱਟੇ ਕੱਪੜੇ। ਕਰਿ = ਕਰ ਕੇ। ਚੋਆ = ਅਤਰ। ਚੀਨਿਆ = ਪਛਾਣਿਆ। ਹਸਤੀ = ਹਾਥੀ। ਨਾਵਾਏ = ਨਵ੍ਹਾਲੀਦਾ ਹੈ।3। ਜਉ = ਜਦੋਂ। ਤ = ਤਾਂ। ਸਭਿ = ਸਾਰੇ। ਨਾਏ = ਨਾਇ, ਨਾਮ ਵਿਚ। ਮੁਕਤੁ = (ਮੋਹ ਤੋਂ) ਸੁਤੰਤਰ। ਗੁਰਿ = ਗੁਰੂ ਨੇ।4। ਅਰਥ: ਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ। ਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ।1। ਰਹਾਉ। (ਹੇ ਭਾਈ!) ਤੁਸੀ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ। (ਹੇ ਭਾਈ!) ਇਹ ਘਰ ਮਹਲ ਧਨ-ਪਦਾਰਥ = ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ।1। ਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ– (ਹੇ ਭਾਈ! ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ।2। ਮਨੁੱਖ ਨ੍ਹਾ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਨੂੰ ਕੱਪੜਿਆਂ ਨੂੰ) ਲਾਂਦਾ ਹੈ, ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ-ਪਛਾਣ ਨਹੀਂ ਪਾਂਦਾ ਤਾਂ ਇਹ ਸਭ ਉੱਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ (ਤੇ ਨ੍ਹਾਉਣ ਪਿਛੋਂ ਆਪਣੇ ਉਤੇ ਘੱਟਾ-ਮਿੱਟੀ ਪਾ ਲੈਂਦਾ ਹੈ) ।3। (ਪਰ,) ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ। ਜਿਸ ਮਨੁੱਖ ਦੇ (ਮਾਇਆ ਮੋਹ ਦੇ) ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ (ਹੀ) ਪਰਮਾਤਮਾ ਦੇ ਗੁਣ ਗਾਂਦਾ ਹੈ।4।14। 152। |
Sri Guru Granth Darpan, by Professor Sahib Singh |