ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 213

ਗਉੜੀ ਪੂਰਬੀ ਮਹਲਾ ੫ ॥ ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥ ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ॥੧॥ ਰਹਾਉ ॥ ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥ ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥੧॥ ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ ॥ ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ ॥੨॥ ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ ॥ ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥੩॥ ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ ॥ ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ ॥੪॥੧੫॥੧੫੩॥ {ਪੰਨਾ 213}

ਪਦ ਅਰਥ: ਮਨ = ਹੇ ਮਨ! ਸਦ = ਸਦਾ। ਰਤਨ ਜਨਮੁ = ਕੀਮਤੀ ਮਨੁੱਖਾ ਜਨਮ। ਗੁਰਿ = ਗੁਰੂ ਨੇ। ਕਉ = ਨੂੰ। ਬਲਿਹਰੀਐ = ਬਲਿਹਾਰ, ਕੁਰਬਾਨ।1। ਰਹਾਉ।

ਜੇਤੇ = ਜਿਤਨੇ। ਸਾਸ = ਸਾਹ। ਗ੍ਰਾਸ = ਗ੍ਰਾਹੀਆਂ। ਮਨੁ = (ਭਾਵ,) ਜੀਵ {ਲਫ਼ਜ਼ 'ਮਨ' ਅਤੇ 'ਮਨੁ' ਦਾ ਫ਼ਰਕ ਚੇਤੇ ਰਹੇ}। ਜਉ = ਜਦੋਂ।1।

ਨਾਮਿ ਲਏ = ਜੇ ਨਾਮ ਲਿਆ ਜਾਏ। ਤੇ = ਤੋਂ। ਛੂਟਹਿ = ਤੂੰ ਬਚ ਜਾਏਂਗਾ। ਸੇਵਿ = ਸੇਵਾ-ਭਗਤੀ ਕਰ ਕੇ। ਮਨ ਬੰਛਤ = ਮਨ-ਇੱਛਤ। ਆਈਐ = ਹੱਥ ਆ ਜਾਂਦਾ ਹੈ।2।

ਇਸਟੁ = ਪਿਆਰਾ। ਸੁਤ = ਪੁੱਤਰ। ਕਰਤਾ ਨਾਮੁ = ਕਰਤਾਰ ਦਾ ਨਾਮ। ਮਨ = ਹੇ ਮਨ! ਪਾਲੈ = ਪੱਲੇ।3।

ਗੁਰਿ = ਗੁਰੂ ਨੇ। ਪ੍ਰਭਿ = ਪ੍ਰਭੂ ਨੇ। ਅੰਦੇਸਾ = ਫ਼ਿਕਰ। ਕੀਰਤਨਿ = ਕੀਰਤਨ ਦੀ ਰਾਹੀਂ।4।

ਅਰਥ: ਹੇ ਮੇਰੇ ਮਨ! ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ, ਗੁਰੂ ਦੇ ਦਰਸਨ ਤੋਂ ਸਦਕੇ ਜਾਣਾ ਚਾਹੀਦਾ ਹੈ। ਗੁਰੂ ਨੇ (ਹੀ ਜੀਵਾਂ ਦੇ) ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ।1। ਰਹਾਉ।

(ਹੇ ਭਾਈ!) ਜੀਵ ਜਿਤਨੇ ਭੀ ਸਾਹ ਲੈਂਦਾ ਹੈ ਜਿਤਨੀਆਂ ਹੀ ਗ੍ਰਾਹੀਆਂ ਖਾਂਦਾ ਹੈ (ਹਰੇਕ ਸਾਹ ਤੇ ਗ੍ਰਾਹੀ ਦੇ ਨਾਲ ਨਾਲ) ਉਤਨੇ ਹੀ ਪਰਮਾਤਮਾ ਦੇ ਗੁਣ ਗਾਂਦਾ ਰਹੇ। (ਪਰ) ਇਹ ਅਕਲ ਇਹ ਮਤਿ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ।1।

ਹੇ ਮੇਰੇ ਮਨ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ ਜਮ ਦੇ ਬੰਧਨਾਂ ਤੋਂ ਖ਼ਲਾਸੀ ਪਾ ਲਏਂਗਾ (ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਂਗਾ ਜੋ ਜਮ ਦੇ ਵੱਸ ਪਾਂਦੇ ਹਨ ਜੋ ਆਤਮਕ ਮੌਤ ਲਿਆ ਦੇਂਦੇ ਹਨ) , ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ। (ਹੇ ਭਾਈ!) ਮਾਲਕ-ਪ੍ਰਭੂ ਦੇ ਨਾਮ ਦੀ ਦਾਤਿ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰ ਕੇ ਮਨ-ਇੱਛਤ ਫਲ ਹੱਥ ਆ ਜਾਂਦੇ ਹਨ।2।

ਹੇ ਮੇਰੇ ਮਨ! ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ ਹੈ। ਹੇ ਮਨ! ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ। ਹੇ ਮਨ! ਆਪਣੇ ਸਤਿਗੁਰੂ ਦੀ ਸਰਨ ਪਉ, ਕਰਤਾਰ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ।3।

ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਗਏ। ਜਿਸ ਮਨੁੱਖ ਨੇ ਪਰਮਾਤਮਾ ਦੇ ਕੀਰਤਨ ਵਿਚ ਆਨੰਦ ਮਾਣਿਆ, ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ।4।15। 153।

ਰਾਗੁ ਗਉੜੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥ ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥ ਪਰੈ ਪਰੈ ਹੀ ਕਉ ਲੁਝੀ ਹੇ ॥੧॥ ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥ ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ ॥ ਮਨ ਬਿਖੈ ਹੀ ਮਹਿ ਲੁਝੀ ਹੇ ॥੩॥ ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ ॥ ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ॥੪॥੧॥੧੫੪॥ {ਪੰਨਾ 213}

ਪਦ ਅਰਥ: ਤ੍ਰਿਸਨਾ = ਲਾਲਚ, ਮਾਇਆ ਦੀ ਪਿਆਸ।1। ਰਹਾਉ।

ਕੋਟਿ = ਕ੍ਰੋੜਾਂ। ਜੋਰੇ = ਜੋੜਦਾ ਹੈ। ਹੋਰੇ = ਰੋਕਦਾ। ਪਰੈ ਕਉ = ਵਧੀਕ ਧਨ ਵਾਸਤੇ। ਲੁਝੀ ਹੇ = ਝਗੜਦਾ ਹੈ।1।

ਪਰ ਗ੍ਰਿਹ = ਪਰਾਏ ਘਰ, ਪਰਾਈ ਇਸਤ੍ਰੀ। ਬਿਕਾਰ = ਮੰਦ ਕਰਮ। ਬਿਕਾਰੀ = ਮੰਦੇ ਕਰਮ ਕਰਨ ਵਾਲਾ।2।

ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨ = ਹੇ ਮਨ! ਬਿਖੈ ਮਹਿ = ਵਿਸ਼ੇ-ਵਿਕਾਰਾਂ ਵਿਚ।3।

ਰੇ = ਹੇ ਭਾਈ! ਸੋਈ = ਉਹੀ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਦਰਿ ਹਰਿ = ਹਰੀ ਦੇ ਦਰ ਤੇ। ਸਿਝੀ ਹੇ = ਕਾਮਯਾਬ ਹੁੰਦਾ ਹੈ।4।

ਅਰਥ: (ਹੇ ਭਾਈ!) ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ (ਦੀ ਅੱਗ) ਬੁੱਝਦੀ ਹੈ।1। ਰਹਾਉ।

(ਸਾਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ) ਕ੍ਰੋੜਾਂ ਰੁਪਏ ਕਮਾਂਦਾ ਹੈ, ਲੱਖਾਂ ਕ੍ਰੋੜਾਂ ਰੁਪਏ ਇਕੱਠੇ ਕਰਦਾ ਹੈ (ਫਿਰ ਭੀ ਮਾਇਆ ਦੇ ਲਾਲਚ ਵਲੋਂ ਆਪਣੇ) ਮਨ ਨੂੰ ਰੋਕਦਾ ਨਹੀਂ (ਸਗੋਂ) ਹੋਰ ਵਧੀਕ ਹੋਰ ਵਧੀਕ ਧਨ ਇਕੱਠਾ ਕਰਨ ਵਾਸਤੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।1।

ਮਨੁੱਖ ਆਪਣੀ ਸੁੰਦਰ ਇਸਤ੍ਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ-ਪਿਆਰ ਕਰਦਾ ਹੈ, ਫਿਰ ਭੀ ਪਰ-ਇਸਤ੍ਰੀ-ਸੰਗ ਦਾ ਮੰਦ-ਕਰਮ ਕਰਦਾ ਹੈ (ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਹੋਏ ਨੂੰ) ਇਹ ਨਹੀਂ ਸੁੱਝਦਾ ਕਿ ਭੈੜਾ ਕਰਮ ਕੇਹੜਾ ਹੈ ਤੇ ਚੰਗਾ ਕਰਮ ਕੇਹੜਾ ਹੈ।2।

(ਹੇ ਭਾਈ! ਮਾਇਆ ਦੇ ਮੋਹ ਦੇ) ਅਨੇਕਾਂ ਬੰਧਨਾਂ ਵਿਚ ਬੱਝਾ ਹੋਇਆ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਮਾਇਆ ਇਸ ਨੂੰ ਖ਼ੁਆਰ ਕਰਦੀ ਹੈ, (ਮਾਇਆ ਦੇ ਪ੍ਰਭਾਵ ਹੇਠ ਰਹਿ ਕੇ) ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ। ਮਨੁੱਖਾਂ ਦੇ ਮਨ ਵਿਸ਼ਿਆਂ ਦੀ ਅੱਗ ਵਿਚ ਹੀ ਸੜਦੇ ਰਹਿੰਦੇ ਹਨ।3।

ਹੇ ਨਾਨਕ! (ਆਖ–) ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹੀ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ, ਤੇ ਸਾਧ ਸੰਗਤਿ ਵਿਚ ਰਹਿ ਕੇ ਮਾਇਆ (ਦੀ ਘੁੰਮਣ-ਘੇਰੀ) ਤੋਂ ਪਾਰ ਲੰਘ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਹੈ।4।1। 154।

ਗਉੜੀ ਮਹਲਾ ੫ ॥ ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ ॥ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥ ਕਾਹੂ ਹੋ ਡੰਡ ਧਰਿ ਹੋ ॥੧॥ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ ਕਾਹੂ ਹੋ ਗਉਨੁ ਕਰਿ ਹੋ ॥੨॥ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥ ਨਾਨਕਾ ਭਗਤਿ ਪ੍ਰਿਅ ਹੋ ॥੩॥੨॥੧੫੫॥ {ਪੰਨਾ 213}

ਪਦ ਅਰਥ: ਕੋ = ਦਾ। ਸਭਹੂ ਕੋ = ਸਾਰੇ ਹੀ ਜੀਵਾਂ ਦਾ। ਰਸੁ = ਸ੍ਰੇਸ਼ਟ ਆਨੰਦ। ਹੋ = ਹੇ ਭਾਈ! ਹਰਿ = ਹਰਿ ਨਾਮ।1। ਰਹਾਉ।

ਕਾਹੂ ਜੋਗ = ਕਿਸੇ ਨੂੰ ਜੋਗ ਕਮਾਣ ਦਾ ਰਸ ਹੈ। ਭੋਗ = ਦੁਨੀਆ ਦੇ ਪਦਾਰਥ ਮਾਨਣੇ। ਧਿਆਨ = ਸਮਾਧੀ ਲਾਣੀ। ਡੰਡ ਧਰਿ = ਡੰਡਾਧਾਰੀ ਜੋਗੀ।1।

ਤਾਪ = ਧੂਣੀਆਂ ਤਪਾਣੀਆਂ। ਹੋਮ = ਹਵਨ। ਨੇਮ = ਨਿੱਤ ਦੀ ਕਾਰ। ਗਉਨੁ = (ਧਰਤੀ ਉਤੇ) ਰਮਤੇ ਸਾਧੂ ਬਣ ਕੇ ਫਿਰਦੇ ਰਹਿਣਾ।2।

ਤੀਰ = ਕੰਢਾ, ਨਦੀ ਦਾ ਕੰਢਾ। ਨੀਰ = ਪਾਣੀ, ਤੀਰਥ-ਇਸ਼ਨਾਨ। ਪ੍ਰਿਅ = ਪਿਆਰਾ।3।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ।1। ਰਹਾਉ।

(ਪਰ) ਹੇ ਭਾਈ! (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਕਿਸੇ ਮਨੁੱਖ ਨੂੰ ਜੋਗ ਕਮਾਣ ਦਾ ਸ਼ੌਕ ਪੈ ਗਿਆ ਹੈ, ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ ਹੈ। ਕਿਸੇ ਨੂੰ ਗਿਆਨ-ਚਰਚਾ ਚੰਗੀ ਲੱਗਦੀ ਹੈ, ਕਿਸੇ ਨੂੰ ਸਮਾਧੀਆਂ ਪਸੰਦ ਹਨ ਤੇ ਕਿਸੇ ਨੂੰ ਡੰਡਾ-ਧਾਰੀ ਜੋਗੀ ਬਣਨਾ ਚੰਗਾ ਲੱਗਦਾ ਹੈ।1।

ਹੇ ਭਾਈ! (ਪਰਮਾਤਮਾ ਦਾ ਨਾਮ ਛੱਡ ਕੇ) ਕਿਸੇ ਨੂੰ (ਦੇਵੀ ਦੇਵਤਿਆਂ ਦੇ ਵੱਸ ਕਰਨ ਦੇ) ਜਾਪ ਪਸੰਦ ਆ ਰਹੇ ਹਨ, ਕਿਸੇ ਨੂੰ ਧੂਣੀਆਂ ਤਪਾਣੀਆਂ ਚੰਗੀਆਂ ਲੱਗਦੀਆਂ ਹਨ, ਕਿਸੇ ਨੂੰ ਦੇਵ-ਪੂਜਾ, ਕਿਸੇ ਨੂੰ ਹਵਨ ਆਦਿਕ ਦੀ ਨਿੱਤ ਦੀ ਕਾਰ ਪਸੰਦ ਹੈ ਤੇ ਕਿਸੇ ਨੂੰ (ਰਮਤਾ ਸਾਧੂ ਬਣ ਕੇ) ਧਰਤੀ ਉਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ।2।

ਹੇ ਭਾਈ! ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ-ਇਸ਼ਨਾਨ, ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ। ਪਰ, ਹੇ ਨਾਨਕ! ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ।3।2। 155।

ਗਉੜੀ ਮਹਲਾ ੫ ॥ ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥ ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥ ਆਸ ਓਟ ਪ੍ਰਭ ਤੋਰੀ ॥੧॥ ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥ ਗੁਰਿ ਤੂਟੀ ਲੈ ਜੋਰੀ ॥੨॥ ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ ਹੈ ਨਾਨਕ ਨੇਰ ਨੇਰੀ ॥੩॥੩॥੧੫੬॥ {ਪੰਨਾ 213-214}

ਪਦ ਅਰਥ: ਗੁਨ ਕੀਰਤਿ = ਗੁਣਾਂ ਦੀ ਵਡਿਆਈ। ਨਿਧਿ = ਖ਼ਜ਼ਾਨਾ। ਮੋਰੀ = ਮੇਰੀ, ਮੇਰੇ ਲਈ।1। ਰਹਾਉ।

ਰਸ = ਦੁਨੀਆ ਦੇ ਪਦਾਰਥਾਂ ਦੇ ਸੁਆਦ। ਜਸ = ਦੁਨੀਆ ਦੀਆਂ ਵਡਿਆਈਆਂ। ਰੰਗ = ਜਗਤ ਦੇ ਖੇਲ-ਤਮਾਸ਼ੇ। ਪ੍ਰਭ = ਹੇ ਪ੍ਰਭੂ! ਤੋਰੀ = ਤੇਰੀ।1।

ਮਾਨ = ਆਦਰ। ਧਾਨ = ਧਨ। ਪਤਿ = ਇੱਜ਼ਤ। ਪ੍ਰਾਨ = ਜਿੰਦ (ਦਾ ਸਹਾਰਾ) । ਗੁਰਿ = ਗੁਰੂ ਨੇ। ਜੋਰੀ = ਜੋੜ ਦਿੱਤੀ ਹੈ।2।

ਗ੍ਰਿਹਿ = ਘਰ ਵਿਚ। ਬਨਿ = ਜੰਗਲ ਵਿਚ। ਗਾਉ = ਪਿੰਡ, ਵੱਸੋਂ। ਸੁਨਿ = ਸੁੰਞ। ਨੇਰ ਨੇਰੀ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ।3।

ਅਰਥ: (ਹੇ ਪ੍ਰਭੂ!) ਤੇਰੇ ਗੁਣਾਂ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ (ਦੁਨੀਆ ਦੇ ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ।1। ਰਹਾਉ।

(ਹੇ ਪ੍ਰਭੂ!) ਤੂੰ ਹੀ (ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ) ਸੁਆਦ ਹੈਂ, ਤੂੰ ਹੀ (ਮੇਰੇ ਵਾਸਤੇ ਦੁਨੀਆ ਦੀਆਂ) ਵਡਿਆਈਆਂ ਹੈਂ, ਤੂੰ ਹੀ (ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ-ਤਮਾਸ਼ੇ ਹੈਂ। ਹੇ ਪ੍ਰਭੂ! ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ।1।

(ਹੇ ਪ੍ਰਭੂ!) ਤੂੰ ਹੀ ਮੇਰਾ ਮਾਣ-ਆਦਰ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰੀ ਜਿੰਦ (ਦਾ ਸਹਾਰਾ) ਹੈਂ। ਮੇਰੀ ਤੁੱਟੀ ਹੋਈ (ਸੁਰਤ) ਨੂੰ ਗੁਰੂ ਨੇ (ਤੇਰੇ ਨਾਲ) ਜੋੜ ਦਿੱਤਾ ਹੈ।2।

ਹੇ ਪ੍ਰਭੂ! ਤੂੰ ਹੀ (ਮੈਨੂੰ) ਘਰ ਵਿਚ ਦਿੱਸ ਰਿਹਾ ਹੈਂ, ਤੂੰ ਹੀ (ਮੈਨੂੰ) ਜੰਗਲ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਵੱਸੋਂ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਉਜਾੜ ਵਿਚ (ਦਿੱਸ ਰਿਹਾ) ਹੈਂ। ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ।3। 3। 156।

TOP OF PAGE

Sri Guru Granth Darpan, by Professor Sahib Singh