ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 214 ਗਉੜੀ ਮਹਲਾ ੫ ॥ ਮਾਤੋ ਹਰਿ ਰੰਗਿ ਮਾਤੋ ॥੧॥ ਰਹਾਉ ॥ ਓੁਹੀ ਪੀਓ ਓੁਹੀ ਖੀਓ ਗੁਰਹਿ ਦੀਓ ਦਾਨੁ ਕੀਓ ॥ ਉਆਹੂ ਸਿਉ ਮਨੁ ਰਾਤੋ ॥੧॥ ਓੁਹੀ ਭਾਠੀ ਓੁਹੀ ਪੋਚਾ ਉਹੀ ਪਿਆਰੋ ਉਹੀ ਰੂਚਾ ॥ ਮਨਿ ਓਹੋ ਸੁਖੁ ਜਾਤੋ ॥੨॥ ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥ ਨਾਨਕ ਗੁਰ ਸਬਦਿ ਪਰਾਤੋ ॥੩॥੪॥੧੫੭॥ {ਪੰਨਾ 214} ਪਦ ਅਰਥ: ਮਾਤੋ = ਮਸਤ। ਰੰਗਿ = ਪ੍ਰੇਮ ਵਿਚ। ਹਰਿ ਰੰਗਿ = ਹਰੀ ਦੇ ਪ੍ਰੇਮ-ਸ਼ਰਾਬ ਨਾਲ।1। ਰਹਾਉ। ਓੁਹੀ = {ਅੱਖ਼ਰ 'ੳ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ ਹੈ 'ਓਹੀ'। ਇਥੇ ਪੜ੍ਹਨਾ ਹੈ 'ਉਹੀ'} ਉਹ ਨਾਮ-ਰਸ ਹੀ, ਉਹ ਪ੍ਰੇਮ-ਮਦ ਹੀ। ਪੀਓ = ਪੀਤਾ ਹੈ। ਖੀਓ = ਖੀਵਾ, ਮਸਤ। ਗੁਰਿ = ਗੁਰੂ ਨੇ। ਉਆ ਹੂ ਸਿਉ = ਉਸੇ ਨਾਮ-ਮਦ ਨਾਲ ਹੀ। ਰਾਤੋ = ਰੱਤਾ ਹੋਇਆ ਹੈ।1। ਭਾਠੀ = ਸ਼ਰਾਬ ਕੱਢਣ ਵਾਲੀ ਭੱਠੀ। ਪੋਚਾ = ਅਰਕ ਨਿਕਲਣ ਵਾਲੀ ਨਾਲ ਉਤੇ ਠੰਢ ਅਪੜਾਨ ਲਈ ਕੀਤਾ ਹੋਇਆ ਲੇਪਣ। ਪਿਆਰੋ = ਪਿਆਲਾ। ਰੂਚਾ = ਰੁਚੀ, ਉਮੰਗ। ਮਨਿ = ਮਨ ਵਿਚ।2। ਸਹਜ = ਆਤਮਕ ਅਡੋਲਤਾ। ਕੇਲ = ਕੌਤਕ, ਆਨੰਦ। ਰਹੇ = ਰਹਿ ਗਏ, ਮੁੱਕ ਗਏ। ਫੇਰ = ਗੇੜ (ਜਨਮ ਮਰਨ ਦੇ) । ਸਬਦਿ = ਸ਼ਬਦ ਵਿਚ। ਪਰਾਤੋ = ਪਰੋਤਾ ਗਿਆ।3। ਅਰਥ: (ਹੇ ਜੋਗੀ! ਮੈਂ ਭੀ) ਮਤਵਾਲਾ ਹਾਂ (ਪਰ ਮੈਂ ਤਾਂ) ਪਰਮਾਤਮਾ ਦੇ ਪ੍ਰੇਮ-ਸ਼ਰਾਬ ਨਾਲ ਮਤਵਾਲਾ ਹੋ ਰਿਹਾ ਹਾਂ।1। ਰਹਾਉ। (ਹੇ ਜੋਗੀ!) ਮੈਂ ਉਹ ਨਾਮ-ਮਦ ਹੀ ਪੀਤਾ ਹੈ, ਉਹ ਨਾਮ-ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ, ਗੁਰੂ ਨੇ ਮੈਨੂੰ ਇਹ ਨਾਮ-ਮਦ ਦਿੱਤਾ ਹੈ, ਮੈਨੂੰ ਇਹ ਦਾਤਿ ਦਿੱਤੀ ਹੈ। ਹੁਣ ਉਸੇ ਨਾਮ-ਮਦ ਨਾਲ ਹੀ ਮੇਰਾ ਮਨ ਰੱਤਾ ਹੋਇਆ ਹੈ।1। (ਹੇ ਜੋਗੀ!) ਪਰਮਾਤਮਾ ਦਾ ਨਾਮ ਹੀ (ਸ਼ਰਾਬ ਕੱਢਣ ਵਾਲੀ) ਭੱਠੀ ਹੈ, ਉਹ ਨਾਮ ਹੀ (ਸ਼ਰਾਬ ਨਿਕਲਣ ਵਾਲੀ ਨਾਲ ਉਤੇ ਠੰਢਕ ਅਪੜਾਣ ਵਾਲਾ) ਪੋਚਾ ਹੈ, ਪ੍ਰਭੂ ਦਾ ਨਾਮ ਹੀ (ਮੇਰੇ ਵਾਸਤੇ) ਪਿਆਲਾ ਹੈ, ਅਤੇ ਨਾਮ-ਮਦ ਹੀ ਮੇਰੀ ਲਗਨ ਹੈ। (ਹੇ ਜੋਗੀ!) ਮੈਂ ਆਪਣੇ ਮਨ ਵਿਚ ਉਹੀ (ਨਾਮ-ਮਦ ਦਾ) ਆਨੰਦ ਮਾਣ ਰਿਹਾ ਹਾਂ।2। ਹੇ ਨਾਨਕ! (ਆਖ– ਹੇ ਜੋਗੀ! ਜਿਸ ਮਨੁੱਖ ਦਾ ਮਨ) ਗੁਰੂ ਦੇ ਸ਼ਬਦ ਵਿਚ ਪ੍ਰੋਇਆ ਜਾਂਦਾ ਹੈ। ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ, ਉਸ ਦਾ (ਪ੍ਰਭੂ-ਚਰਨਾਂ ਨਾਲ) ਮਿਲਾਪ ਹੋ ਜਾਂਦਾ ਹੈ, ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।3।4। 147। ਰਾਗੁ ਗੌੜੀ ਮਾਲਵਾ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥ ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥ ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੁ ॥੧॥ ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥ ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨॥ ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥ ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥ ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥ ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥ {ਪੰਨਾ 214} ਪਦ ਅਰਥ: ਮੀਤਾ = ਹੇ ਮਿੱਤਰ! ਆਗੈ = ਤੇਰੇ ਅੱਗੇ, ਤੇਰੇ ਸਾਹਮਣੇ, ਜਿਸ ਰਸਤੇ ਉਤੇ ਤੂੰ ਤੁਰ ਰਿਹਾ ਹੈਂ, ਜੀਵਨ-ਸਫ਼ਰ ਦਾ ਰਸਤਾ। ਬਿਖਮ = ਔਖਾ। ਪੰਥੁ = ਰਸਤਾ। ਭੈਆਨ = ਭਿਆਨਕ, ਡਰਾਉਣਾ।1। ਰਹਾਉ। ਸੇਵਤ = ਸਿਮਰਦਿਆਂ। ਸੇਵਿ = ਸਿਮਰ। ਕਾਲੁ = ਮੌਤ। ਸਾਧ = ਗੁਰੂ। ਜਮ ਜਾਲੁ = ਮੋਹ ਦਾ ਉਹ ਜਾਲ ਜੋ ਜਮ ਦੇ ਹਵਾਲੇ ਕਰਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ।1। ਹੋਮ = ਹਵਨ। ਬਿਚਿ = ਵਿਚ, ਇਹਨਾਂ ਕਰਮਾਂ ਵਿਚ। ਬਧੇ = ਵਧ ਗਏ। ਭੁੰਚਨਾ = ਭੋਗਣੇ ਪਏ। ਬਹੁਰਿ ਬਹੁਰਿ = ਮੁੜ ਮੁੜ। ਅਵਤਾਰ = ਜਨਮ।3। ਨਿਹਚਲੁ = ਸਦਾ ਕਾਇਮ ਰਹਿਣ ਵਾਲਾ, ਅਟੱਲ। ਕੋ = ਕੋਈ। ਹੋ = ਹੇ ਭਾਈ! ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ, ਮਾਇਆ-ਵੇੜ੍ਹੇ ਜੀਵ।3। ਗੁਰਿ = ਗੁਰੂ ਨੇ। ਤੈਸੋ = ਉਹੋ ਜਿਹਾ। ਪੁਕਾਰਿ = ਉੱਚੀ ਬੋਲ ਕੇ। ਉਧਾਰੁ = ਬਚਾਉ।4। ਅਰਥ: ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ।1। ਰਹਾਉ। (ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ। ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ। ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ।1। (ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ। ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ।2। (ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ = ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ। ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ।3। (ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ। ਨਾਨਕ ਆਖਦਾ ਹੈ– ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ।4।1। 158। ਨੋਟ: ਇਹ ਇਕ ਸ਼ਬਦ "ਗੌੜੀ ਮਾਲਵਾ" ਦਾ ਹੈ। ਰਾਗੁ ਗਉੜੀ ਮਾਲਾ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਪਾਇਓ ਬਾਲ ਬੁਧਿ ਸੁਖੁ ਰੇ ॥ ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥੧॥ ਰਹਾਉ ॥ ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥ ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ ਤਉ ਆਨਦ ਸਹਜੇ ॥੧॥ ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥ ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥੨॥ ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ ॥ ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥੩॥ ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ ॥ ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ ॥੪॥੧॥੧੫੯॥ {ਪੰਨਾ 214} ਪਦ ਅਰਥ: ਬਾਲ ਬੁਧਿ = ਬਾਲਕਾਂ ਵਾਲੀ ਅਕਲ ਨਾਲ। ਰੇ = ਹੇ ਭਾਈ! ਹਰਖ = ਖ਼ੁਸ਼ੀ। ਹਾਨਿ = ਘਾਟਾ। ਮਿਰਤੁ = {mãÄXu} ਮੌਤ। ਚਿਤਿ = ਚਿੱਤ ਵਿਚ। ਸਮਸਰਿ = ਬਰਾਬਰ, ਇਕੋ ਜਿਹੇ। ਗੁਰ ਮਿਲੇ = ਗੁਰੂ ਨੂੰ ਮਿਲ ਕੇ।1। ਰਹਾਉ। ਜਉ ਲਉ = ਜਦ ਤਕ। ਸੋਚਉ = ਮੈਂ ਸੋਚਦਾ ਹਾਂ। ਚਿਤਵਉ = ਚਿਤਵਦਾ ਹਾਂ। ਜਉ = ਜਦੋਂ। ਭੇਟਿਆ = ਮਿਲਿਆ। ਸਹਜੇ = ਆਤਮਕ ਅਡੋਲਤਾ ਵਿਚ।1। ਜੇਤੀ = ਜਿਤਨੀ। ਤੇਤੇ = ਉਤਨੇ। ਬੰਧ = ਬੰਧਨ। ਸਾਧੂ = ਗੁਰੂ (ਨੇ) । ਕਰੁ = ਹੱਥ। ਮਸਤਕਿ = ਮੱਥੇ ਉਤੇ। ਮੁਕਤ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ।2। ਬਿਖੁ = ਜ਼ਹਰ। ਬੁਧਿ = ਅਕਲ। ਅਰਪੀ = ਭੇਟਾ ਕਰ ਦਿੱਤੀ। ਕਉ = ਨੂੰ।3। ਪੋਟ = (ਮਾਇਆ ਦੇ ਮੋਹ ਦੀ) ਪੋਟਲੀ। ਡਾਨ = ਡੰਨ, ਸਜ਼ਾ। ਡਾਰਿ = ਸੁੱਟ ਕੇ। ਨਿਰਭਏ = ਨਿਡਰ ਹੋ ਗਿਆ।4। ਅਰਥ: ਹੇ ਭਾਈ! (ਜਿਸ ਨੇ ਭੀ ਸੁਖ-ਆਨੰਦ ਲੱਭਾ) ਬਾਲਕਾਂ ਵਾਲੀ ਅਕਲ ਨਾਲ (ਹੀ) ਸੁਖ-ਆਨੰਦ ਲੱਭਾ। ਗੁਰੂ ਨੂੰ ਮਿਲਿਆਂ (ਬਾਲ-ਬੁਧਿ ਪ੍ਰਾਪਤ ਹੋ ਜਾਂਦੀ ਹੈ, ਤੇ) ਖ਼ੁਸ਼ੀ, ਗ਼ਮੀ, ਘਾਟਾ, ਮੌਤ, ਦੁਖ-ਸੁਖ (ਇਹ ਸਾਰੇ) ਚਿੱਤ ਵਿਚ ਇਕੋ ਜਿਹੇ (ਪ੍ਰਤੀਤ ਹੋਣ ਲੱਗ ਪੈਂਦੇ ਹਨ) ।1। ਰਹਾਉ। (ਹੇ ਭਾਈ!) ਜਦ ਤਕ ਮੈਂ (ਆਪਣੀ ਚਤੁਰਾਈ ਦੀਆਂ) ਕੁਝ (ਸੋਚਾਂ) ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ। ਜਦੋਂ (ਹੁਣ ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਆਨੰਦ ਮਾਣ ਰਿਹਾ ਹਾਂ।1। (ਹੇ ਭਾਈ!) ਮੈਂ ਜਿਤਨੇ ਭੀ ਚਤੁਰਾਈ ਦੇ ਕੰਮ ਕਰਦਾ ਰਿਹਾ, ਉਤਨੇ ਹੀ ਮੈਨੂੰ (ਮਾਇਆ ਦੇ ਮੋਹ ਦੇ) ਬੰਧਨ ਪੈਂਦੇ ਗਏ। ਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ।2। (ਹੇ ਭਾਈ!) ਜਦ ਤਕ ਮੈਂ ਇਹ ਕਰਦਾ ਰਿਹਾ ਕਿ (ਇਹ ਘਰ) ਮੇਰਾ ਹੈ (ਇਹ ਧਨ) ਮੇਰਾ ਹੈ (ਇਹ ਪੁੱਤਰ ਆਦਿਕ ਸਨਬੰਧੀ) ਮੇਰਾ ਹੈ, ਤਦ ਤਕ ਮੈਨੂੰ (ਮਾਇਆ ਦੇ ਮੋਹ ਦੇ) ਜ਼ਹਰ ਨੇ ਘੇਰੀ ਰੱਖਿਆ (ਤੇ ਉਸ ਨੇ ਮੇਰੇ ਆਤਮਕ ਜੀਵਨ ਨੂੰ ਮਾਰ ਦਿੱਤਾ) । (ਹੁਣ ਗੁਰੂ ਦੀ ਕਿਰਪਾ ਨਾਲ) ਮੈਂ ਆਪਣੀ ਚਤੁਰਾਈ ਆਪਣਾ ਮਨ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹਾਂ।3। ਹੇ ਨਾਨਕ! (ਆਖ– ਹੇ ਭਾਈ!) ਜਦੋਂ ਤਕ ਮੈਂ (ਮਾਇਆ ਦੇ ਮੋਹ ਦੀ) ਪੋਟਲੀ (ਸਿਰ ਤੇ) ਚੁੱਕ ਕੇ ਤੁਰਦਾ ਰਿਹਾ, ਤਦ ਤਕ ਮੈਂ (ਦੁਨੀਆ ਦੇ ਡਰਾਂ-ਸਹਮਾਂ ਦਾ) ਡੰਨ ਭਰਦਾ ਰਿਹਾ। ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਉਸ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੀ) ਪੋਟਲੀ ਸੁੱਟ ਕੇ ਮੈਂ ਨਿਡਰ ਹੋ ਗਿਆ ਹਾਂ।4।1। 159। |
Sri Guru Granth Darpan, by Professor Sahib Singh |