ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 215

ਗਉੜੀ ਮਾਲਾ ਮਹਲਾ ੫ ॥ ਭਾਵਨੁ ਤਿਆਗਿਓ ਰੀ ਤਿਆਗਿਓ ॥ ਤਿਆਗਿਓ ਮੈ ਗੁਰ ਮਿਲਿ ਤਿਆਗਿਓ ॥ ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥ ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥ ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥ ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥ ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥ ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥ ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥ ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥ {ਪੰਨਾ 215}

ਪਦ ਅਰਥ: ਭਾਵਨੁ = (ਸੁਖ ਦੇ ਗ੍ਰਹਣ ਕਰਨ ਤੇ ਦੁੱਖ ਦੇ ਤਿਆਗ ਦਾ) ਸੰਕਲਪ। ਰੀ = ਹੇ ਭੈਣ! ਗੁਰ ਮਿਲਿ = ਗੁਰੂ ਨੂੰ ਮਿਲ ਕੇ। ਮਾਨਿ = ਮੰਨ ਕੇ। ਆਗਿਓ = ਆਗਿਆ, ਰਜ਼ਾ।1। ਰਹਾਉ।

ਮਾਨੁ = ਆਦਰ। ਅਹੰਕਾਰੁ = ਆਕੜ। ਸਮਾਨੇ = ਇਕੋ ਜਿਹੇ। ਮਸਤਕੁ = ਮੱਥਾ। ਪਾਗਿਓ = ਪੈਰਾਂ ਉਤੇ। ਸੰਪਤ ਹਰਖੁ = (ਆਏ) ਧਨ ਦੀ ਖ਼ੁਸ਼ੀ। ਆਪਤ ਦੂਖਾ = (ਆਈ) ਬਿਪਤਾ ਦਾ ਦੁੱਖ। ਰੰਗੁ = ਪ੍ਰੇਮ।1।

ਬਾਸ ਬਾਸ = ਸਭ ਘਰਾਂ ਵਿਚ। ਰੀ = ਹੇ ਸਖੀ! ਉਦਿਆਨ = ਜੰਗਲਾਂ ਵਿਚ। ਭ੍ਰਮੁ = ਭਟਕਣਾ। ਪੂਰਨ = ਵਿਆਪਕ। ਸਰਬਾਗਿਓ = ਸਰਬੱਗ, ਸਭ ਦੇ ਦਿਲ ਦੀ ਜਾਣਨ ਵਾਲਾ।2।

ਕਰਤੈ = ਕਰਤਾਰ ਨੇ। ਕਾਰਣੁ = ਸਬੱਬ। ਮਨਿ = ਮਨ ਵਿਚ। ਬੁਰੋ = ਭੈੜਾ। ਪ੍ਰਸਾਦਿ = ਕਿਰਪਾ ਨਾਲ। ਸੋਇਓ = ਸੁੱਤਾ ਹੋਇਆ।3।

ਓੜਿ = ਸਰਨ ਵਿਚ। ਰੰਗ = ਆਨੰਦ। ਸਹਜ = ਆਤਮਕ ਅਡੋਲਤਾ।4।

ਅਰਥ: ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ, ਸਦਾ ਲਈ ਛੱਡ ਦਿੱਤਾ ਹੈ। (ਹੁਣ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ।1। ਰਹਾਉ।

ਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ। (ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ।1।

ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ। ਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ।2।

(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ। ਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ।3।

ਹੇ ਦਾਸ ਨਾਨਕ! (ਆਖ– ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ। ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ। ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ।4।2। 160।

ਗਉੜੀ ਮਾਲਾ ਮਹਲਾ ੫ ॥ ਪਾਇਆ ਲਾਲੁ ਰਤਨੁ ਮਨਿ ਪਾਇਆ ॥ ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥ ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥ ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥ ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੨॥ ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥ ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੩॥ ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥ {ਪੰਨਾ 215}

ਪਦ ਅਰਥ: ਪਾਇਆ = ਲੱਭ ਲਿਆ ਹੈ। ਮਨਿ = ਮਨ ਵਿਚ। ਥੀਆ = ਹੋ ਗਿਆ ਹੈ। ਸਤਗੁਰ ਸਬਦਿ = ਗੁਰੂ ਦੇ ਸ਼ਬਦ ਵਿਚ। ਸਮਾਇਆ = ਲੀਨ ਹੋ ਗਿਆ ਹਾਂ।1। ਰਹਾਉ।

ਤ੍ਰਿਸਨਾ = ਤ੍ਰੇਹ। ਸਗਲ = ਸਾਰੀ। ਕਰੁ = ਹੱਥ। ਮਸਤਕਿ = ਮੱਥੇ ਉਤੇ। ਗੁਰਿ = ਗੁਰੂ ਨੇ। ਸਾਰੀ = ਸਾਰਾ।1।

ਅਘਾਇ ਰਹੇ = ਰੱਜ ਗਏ। ਰਿਦ = ਹਿਰਦਾ। ਤੇ = ਤੋਂ। ਚੂਕੇ = ਹਟ ਗਏ। ਸਤਿਗੁਰਿ = ਸਤਿਗੁਰੂ ਨੇ। ਰੇ = ਹੇ ਭਾਈ! ਮੂਕੇ = ਮੁੱਕਦਾ।2।

ਗੁਰਿ = ਗੁਰੂ ਨੇ। ਬੂਝ = ਸਮਝ। ਬੁਝਾਈ = ਸਮਝਾ ਦਿੱਤੀ। ਲਾਹਿ = ਲਾਹ ਕੇ। ਭੇਟਿਓ = ਮਿਲਿਆ। ਤਾਤਿ = ਈਰਖਾ।3।

ਅਚੰਭਉ = ਅਸਚਰਜ ਕੌਤਕ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਸਚ ਬਿਗਾਸਾ = ਸੱਚ ਦਾ ਪਰਕਾਸ਼, ਸਦਾ-ਥਿਰ ਪ੍ਰਭੂ ਦਾ ਪਰਕਾਸ਼। ਰਿਦੈ = ਹਿਰਦੇ ਵਿਚ।4।

ਅਰਥ: (ਹੇ ਭਾਈ! ਮੈਂ ਆਪਣੇ) ਮਨ ਵਿਚ ਇਕ ਲਾਲ ਲੱਭ ਲਿਆ ਹੈ। ਮੈਂ ਗੁਰੂ ਦੇ ਸ਼ਬਦ ਵਿਚ ਲੀਨ ਹੋ ਗਿਆ ਹਾਂ, ਮੇਰਾ ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ।1। ਰਹਾਉ।

(ਹੇ ਭਾਈ!) ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ ਆਪਣਾ) ਮਨ ਕਾਬੂ ਵਿਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ (ਕਿਉਂਕਿ ਮੇਰੀ ਮਾਇਆ ਦੀ) ਭੁੱਖ ਲਹਿ ਗਈ ਹੈ ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ।1।

(ਹੇ ਭਾਈ! ਮਾਇਆ ਵਲੋਂ ਮੇਰੇ ਅੰਦਰ) ਤ੍ਰਿਪਤੀ ਹੋ ਗਈ ਹੈ, ਮੈਂ (ਮਾਇਆ ਵਲੋਂ ਆਪਣੇ) ਹਿਰਦੇ ਵਿਚ ਰੱਜ ਗਿਆ ਹਾਂ, ਹੁਣ (ਮਾਇਆ ਦੀ ਖ਼ਾਤਰ) ਡੋਲਣ ਤੋਂ ਮੈਂ ਹਟ ਗਿਆ ਹਾਂ। ਹੇ ਭਾਈ! ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ, ਉਸ ਵਿਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ।2।

ਹੇ ਭਾਈ! ਇਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ (ਜਿਸ ਦੀ ਬਰਕਤਿ ਨਾਲ) ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ (ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ।3।

ਹੇ ਭਾਈ! ਇਹ ਇਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ।

ਹੇ ਨਾਨਕ! ਆਖ– ਗੁਰੂ ਨੇ (ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ।4।3। 161।

ਗਉੜੀ ਮਾਲਾ ਮਹਲਾ ੫ ॥ ਉਬਰਤ ਰਾਜਾ ਰਾਮ ਕੀ ਸਰਣੀ ॥ ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥ ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥ ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥ ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥ ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥ ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥ ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥ ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥ ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥ {ਪੰਨਾ 215}

ਪਦ ਅਰਥ: ਉਬਰਤ = ਬਚਦਾ ਹੈ। ਰਾਜਾ ਰਾਮ = ਪ੍ਰਭੂ ਪਾਤਿਸ਼ਾਹ। ਸਰਬ ਲੋਕ = ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ = ਇਹ ਸਾਰੇ ਹੀ। ਮੰਡਲ = ਚੱਕਰ। ਗਿਰਿ = ਡਿੱਗ ਕੇ। ਧਰਣੀ = ਧਰਤੀ ਉਤੇ (ਨੀਵੀਂ ਆਤਮਕ ਦਸ਼ਾ ਵਿਚ) ।1।

ਕਿਨ ਹੂੰ ਨ = ਕਿਸੇ ਨੇ ਭੀ ਨਹੀਂ।1।

ਤੀਨਿ ਭਵਨ = ਮਾਤ, ਪਾਤਾਲ ਤੇ ਆਕਾਸ਼। ਲਖਮੀ = ਮਾਇਆ। ਜੋਰੀ = ਜੋੜ ਲਈ। ਲਹਰੇ = ਲੋਭ ਦੀਆਂ ਲਹਰਾਂ। ਬੂਝਤ ਨਾਹੀ = ਮਿਟਦੀਆਂ ਨਹੀਂ। ਕਹਾ = ਕਿਥੇ? ਥਿਤਿ = {iÔQiq} ਟਿਕਾਓ। ਪਹਰੇ ਪਹਰੇ = ਹਰੇਕ ਪਹਰ, ਹਰ ਵੇਲੇ। ਫਿਰਤੋ = ਭਟਕਦਾ ਫਿਰਦਾ ਹੈ।2।

ਬਿਲਾਸ = ਮੌਜਾਂ। ਮਨ ਮੋਹਨ– ਮਨ ਨੂੰ ਮੋਹਣ ਵਾਲੀਆਂ। ਕਾਮਾ = ਕਾਮਨਾ, ਵਾਸ਼ਨਾ। ਜਲਤੋ = ਸੜਦਾ। ਨ ਬੂਝਤ = (ਅੱਗ) ਨਹੀਂ ਬੁੱਝਦੀ। ਬ੍ਰਿਥੇ = ਵਿਅਰਥ।3।

ਸਾਰ = ਸ੍ਰੇਸ਼ਟ। ਧੂਰਾ = ਚਰਨ-ਧੂੜ।4।

ਅਰਥ: (ਹੇ ਭਾਈ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ। ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ = ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ।1। ਰਹਾਉ।

(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ।1।

(ਹੇ ਭਾਈ!) ਜੇ ਮਨੁੱਖ ਸਾਰੀ ਸ੍ਰਿਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ। (ਇਤਨੀ ਮਾਇਆ ਜੋੜ ਜੋੜ ਕੇ ਭੀ) ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।2।

(ਹੇ ਭਾਈ!) ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ। ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ।3।

ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ। ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ ਆਪਣਾ ਜਨਮ ਮਰਨ (ਦਾ ਗੇੜ) ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ (ਮੰਗਦਾ) ਹੈ।4। 4। 162।

ਗਉੜੀ ਮਾਲਾ ਮਹਲਾ ੫ ॥ ਮੋ ਕਉ ਇਹ ਬਿਧਿ ਕੋ ਸਮਝਾਵੈ ॥ ਕਰਤਾ ਹੋਇ ਜਨਾਵੈ ॥੧॥ ਰਹਾਉ ॥ ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥ ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥੧॥ ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥ ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥੨॥ ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥ ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥ ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥ {ਪੰਨਾ 215-216}

ਪਦ ਅਰਥ: ਮੋ ਕਉ = ਮੈਨੂੰ। ਕੋ = ਕੌਣ? ਕਰਤਾ ਹੋਇ = ਕਰਤਾਰ ਦਾ ਰੂਪ ਹੋ ਕੇ। ਜਨਾਵੈ = ਸਮਝਾ ਸਕਦਾ ਹੈ।1।

ਇਨਹਿ = ਇਸ ਜੀਵ ਨੇ। ਜਪ ਤਪ = ਪਰਮਾਤਮਾ ਦਾ ਸਿਮਰਨ ਤੇ ਵਿਕਾਰਾਂ ਵਲੋਂ ਰੋਕ ਦੇ ਉੱਦਮ। ਦਹ ਦਿਸਿ = ਦਸੀਂ ਪਾਸੀਂ। ਦਉਰਾਇਓ = ਭਜਾਇਆ, ਦੌੜਾਇਆ। ਕਰਿ = ਕਰ ਕੇ। ਬਾਧਾ = ਬੱਝਾ ਪਿਆ ਹੈ।1।

ਭੂਮਿ = ਧਰਤੀ। ਠਾਕੁਰੁ = ਮਾਲਕ। ਹਉ = ਮੈਂ। ਇਹੁ = ਇਹ ਧਨ। ਪੈਖਰ = ਢੰਗੇ।2।

ਕਹਾ = ਕਿਥੇ? ਕਮਾਵਨ ਪਰਿਆ = ਕਮਾਣ ਜੋਗਾ ਸੀ। ਆਪਹਿ = ਆਪ ਹੀ।3।

ਆਪੇ = (ਪ੍ਰਭੂ) ਆਪ ਹੀ। ਜਿਨਿ = ਜਿਸ (ਪ੍ਰਭੂ) ਨੇ। ਸਤਿਗੁਰਿ = ਗੁਰੂ ਨੇ।4।

ਅਰਥ: (ਹੇ ਭਾਈ!) ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝ ਸਕਦਾ ਹੈ? (ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ।1। ਰਹਾਉ।

(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ। ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ। ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ?।1।

(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ) । (ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ–) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।2।

(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਜਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ) ।3।

ਹੇ ਨਾਨਕ! ਆਖ– ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ) ।4।5। 163।

TOP OF PAGE

Sri Guru Granth Darpan, by Professor Sahib Singh