ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 216

ਗਉੜੀ ਮਾਲਾ ਮਹਲਾ ੫ ॥ ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥ ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥ ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥ ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥ ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥ ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥ ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥ {ਪੰਨਾ 216}

ਪਦ ਅਰਥ: ਅਵਰ = ਹੋਰ। ਕ੍ਰਿਆ = ਕਰਮ। ਸੰਜਮ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਇਹਿ = {'ਇਹ' ਤੋਂ ਬਹੁ-ਵਚਨ}। ਓਰੈ = ਉਰੇ ਉਰੇ ਹੀ। ਮੂਸੇ = ਠੱਗੇ ਜਾਂਦੇ ਹਨ, ਲੁੱਟੇ ਜਾਂਦੇ ਹਨ।1। ਰਹਾਉ।

ਆਢੁ = ਅੱਧੀ ਕੌਡੀ। ਆਗੈ = ਅਗਾਂਹ ਪਰ ਲੋਕ ਵਿਚ। ਚਲਣੁ = ਨਾਲ ਜਾਣ ਵਾਲਾ ਪਦਾਰਥ। ਕਾਮਿ = ਕੰਮ ਵਿਚ। ਊਂਹਾ = ਪਰਲੋਕ ਵਿਚ, ਪ੍ਰਭੂ ਦੀ ਦਰਗਾਹ ਵਿਚ।1।

ਤੀਰਥਿ = ਤੀਰਥ ਉਤੇ! ਨਾਇ = ਨ੍ਹਾਉਂਦਾ ਹੈ। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰਹੇ}। ਧਰਨੀ = ਧਰਤੀ। ਠਉਰ = ਥਾਂ। ਬਿਧਿ = ਤਰੀਕਾ। ਲੋਗਨ ਹੀ = ਲੋਕਾਂ ਨੂੰ ਹੀ। ਪਤੀਆਵੈ = ਤਸੱਲੀ ਦੇਂਦਾ ਹੈ, ਨਿਸ਼ਚਾ ਕਰਾਂਦਾ ਹੈ।2।

ਚਤੁਰ = ਚਾਰ। ਮੁਖ ਬਚਨੀ = ਮੂੰਹ ਦੇ ਬਚਨਾਂ ਨਾਲ, ਜ਼ਬਾਨੀ। ਮਹਲੁ = ਟਿਕਾਣਾ। ਸੁਧਾਖਰੁ = ਸੁੱਧ ਅੱਖਰ, ਪਵਿੱਤਰ ਲਫ਼ਜ਼, ਪਰਮਾਤਮਾ ਦਾ ਨਾਮ। ਓਹੁ = ਉਹ ਮਨੁੱਖ। ਝਾਖ ਝਖਾਈਐ = ਖ਼ੁਆਰੀ ਹੀ ਸਹੇੜਦਾ ਹੈ।3।

ਨਾਨਕੁ ਕਹਤੋ = ਨਾਨਕ ਆਖਦਾ ਹੈ {ਲਫ਼ਜ਼ 'ਨਾਨਕੁ' ਅਤੇ 'ਨਾਨਕ' ਦਾ ਫ਼ਰਕ}। ਜਿ = ਜੇਹੜਾ ਮਨੁੱਖ। ਪਾਰ ਗਰਾਮੀ = ਤਾਰੂ, ਪਾਰ ਲੰਘਣ ਜੋਗਾ। ਮਨਹੁ = ਮਨ ਤੋਂ। ਗੁਮਾਨੀ = ਗੁਮਾਨ, ਹੰਕਾਰ।4।

ਅਰਥ: (ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ। (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ = ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ।1।

ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ। ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ।1।

ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ। ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ।2।

(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ। ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ।3।

(ਹੇ ਭਾਈ!) ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ (ਉਹ ਵਿਚਾਰ ਇਹ ਹੈ– ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ।4।6। 164।

ਗਉੜੀ ਮਾਲਾ ੫ ॥ ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥ ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥ ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥ ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥ ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥ {ਪੰਨਾ 216}

ਪਦ ਅਰਥ: ਮਾਧਉ = {ਮਾ-ਧਵ। ਮਾ = ਮਾਇਆ। ਧਵ = ਪਤੀ} ਹੇ ਮਾਇਆ ਦੇ ਪਤੀ ਪਰਮਾਤਮਾ! ਮੁਖਿ = ਮੂੰਹ ਨਾਲ। ਕਹੀਐ = ਆਖ ਸਕੀਏ। ਹਮ ਤੇ = ਸਾਥੋਂ। ਸੁਆਮੀ = ਹੇ ਸੁਆਮੀ!।1। ਰਹਾਉ।

ਕਿ = ਕੀਹ? ਇਸੁ ਹਾਥਿ = ਇਸ (ਜੀਵ) ਦੇ ਹੱਥ ਵਿਚ। ਜਿਤੁ = ਜਿਸ ਪਾਸੇ। ਤਿਤ ਹੀ = ਉਸ ਪਾਸੇ ਹੀ {ਨੋਟ: ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ ੁ ਸੀ, ਜੋ 'ਕ੍ਰਿਆ ਵਿਸ਼ੇਸ਼ਣ' 'ਹੀ' ਦੇ ਕਾਰਨ ਡਿੱਗ ਪਿਆ ਹੈ}। ਖਸਮ = ਹੇ ਖਸਮ!।1।

ਦਾਤੇ = ਹੇ ਦਾਤਾਰ! ਏਕ ਰੂਪ ਲਿਵ = ਆਪਣੇ ਇਕ ਸਰੂਪ ਦੀ ਲਗਨ। ਲਾਵਹੁ = ਪੈਦਾ ਕਰੋ। ਪਹਿ = ਪਾਸ, ਕੋਲ।2।

ਅਰਥ: ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ। ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।1। ਰਹਾਉ।

ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ) । ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ।1।

ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।

ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (= ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ।2।7। 165।

ਰਾਗੁ ਗਉੜੀ ਮਾਝ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਦੀਨ ਦਇਆਲ ਦਮੋਦਰ ਰਾਇਆ ਜੀਉ ॥ ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥ ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥ ਪੂਰਨ ਸਭਨੀ ਜਾਈ ਜੀਉ ॥੧॥ ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥ ਸੰਤਾ ਦਾਸੀ ਸੇਵਾ ਚਰਣੀ ਜੀਉ ॥ ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥ ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥ ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥ ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥ ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥ ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥ ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥ ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥ ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥ ਗੁਰ ਮਨ ਕੀ ਆਸ ਪੂਰਾਈ ਜੀਉ ॥੪॥ ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥ ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥ ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥ ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥ {ਪੰਨਾ 216-217}

ਪਦ ਅਰਥ: ਦੀਨ ਦਇਆਲ = ਹੇ ਗਰੀਬਾਂ ਉਤੇ ਤਰਸ ਕਰਨ ਵਾਲੇ! ਦਮੋਦਰ = {dwmn` = ਰੱਸੀ, ਤੜਾਗੀ। adr = ਪੇਟ, ਲੱਕ। dwmodr = ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ}। ਹੇ ਪ੍ਰਭੂ! ਰਾਇਆ = ਹੇ ਪਾਤਿਸ਼ਾਹ! ਜਨ = ਸੇਵਕ। ਵਛਲੁ = {vÄsl} ਪਿਆਰਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਜਾਈ = ਜਾਈਂ, ਥਾਵਾਂ ਵਿਚ।1।

ਕਿਉ = ਕਿਵੇਂ? ਪੇਖਾ = ਪੇਖਾਂ, ਮੈਂ ਵੇਖਾਂ। ਸੁਕਰਣੀ = ਸ੍ਰੇਸ਼ਟ ਕਰਨੀ। ਚਰਣੀ = ਚਰਨਾਂ ਦੀ। ਜੀਉ = ਜਿੰਦ। ਵਤਾਈ = ਵਤਾਈਂ, ਮੈਂ ਸਦਕੇ ਕਰਾਂ। ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਵਾਂ। ਨਿਵਿ ਨਿਵਿ = ਲਿਫ਼ ਲਿਫ਼ ਕੇ। ਲਾਗਉ = ਲਾਗਉਂ, ਮੈਂ ਲੱਗਾਂ। ਪਾਈ = ਪਾਈਂ, ਪੈਰੀਂ।2।

ਤੀਰਥਿ = ਤੀਰਥ ਉਤੇ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।3।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਲਗਿ = ਲੱਗ ਕੇ। ਭ੍ਰਮੁ = ਭਟਕਣਾ। ਕਾਟਿ = ਕੱਟ ਕੇ। ਕੀਏ = ਬਣਾ ਦਿੱਤੇ। ਗੁਰ = ਹੇ ਗੁਰੂ! ਪੂਰਾਈ = ਪੂਰੀ ਕੀਤੀ ਹੈ।4।

ਜਿਨਿ = ਜਿਸ ਨੇ। ਜਿਸੁ = ਜਿਸ ਨੂੰ। ਤਿਸੁ = ਉਸ ਦੀ। ਸਭ = ਸਾਰੀ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ।5।

ਅਰਥ: ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ! ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ। ਭਗਤਾਂ ਦਾ ਪਿਆਰਾ ਹੋਣਾ = ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ। ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ।1।

(ਹੇ ਭਾਈ!) ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ) ? (ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ। ਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ। ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ।2।

(ਹੇ ਭਾਈ!) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ, ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ, ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ, ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ।3।

(ਹੇ ਭਾਈ!) ਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ। ਗੁਰੂ (ਉਹਨਾਂ ਦੇ ਅੰਦਰੋਂ ਮਾਇਆ ਦੀ) ਭਟਕਣਾ ਦੂਰ ਕਰ ਕੇ (ਹਰੇਕ ਕਿਸਮ ਦਾ ਮਲੀਨ) ਡਰ ਦੂਰ ਕਰ ਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦੇਂਦਾ ਹੈ।

ਹੇ ਗੁਰੂ! ਤੂੰ ਹੀ ਮੇਰੇ ਮਨ ਦੀ ਭੀ (ਸਿਮਰਨ ਦੀ) ਆਸ ਪੂਰੀ ਕੀਤੀ ਹੈ।4।

ਹੇ ਦਾਸ ਨਾਨਕ! (ਆਖ–) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਉਹ ਧਨਾਢ ਬਣ ਗਿਆ, ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ (ਲੋਕ ਪਰਲੋਕ ਵਿਚ) ਸੋਭਾ ਵਾਲਾ ਹੋ ਗਿਆ। ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਮਿਲ ਗਈ, ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ, ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੀਨਤਾ ਪ੍ਰਾਪਤ ਹੋ ਗਈ।5।1। 166।

TOP OF PAGE

Sri Guru Granth Darpan, by Professor Sahib Singh