ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 217

ਗਉੜੀ ਮਹਲਾ ੫ ਮਾਝ ॥ ਆਉ ਹਮਾਰੈ ਰਾਮ ਪਿਆਰੇ ਜੀਉ ॥ ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥ ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥ ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥ ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥ ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥ ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥ ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥ ਪੂਜਾ ਅਰਚਾ ਬੰਦਨ ਦੇਵਾ ਜੀਉ ॥ ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥ ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥ ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥ ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥ ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥ ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥ {ਪੰਨਾ 217}

ਪਦ ਅਰਥ: ਹਮਾਰੈ = ਮੇਰੇ ਹਿਰਦੇ-ਘਰ ਵਿਚ। ਰੈਣਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੇ = ਮੈਂ ਤੈਨੂੰ ਯਾਦ ਕਰਦਾ ਹਾਂ। ਸੰਤ ਦੇਉ = ਮੈਂ ਸੰਤਾਂ ਨੂੰ ਦੇਂਦਾ ਹਾਂ। ਸੰਦੇਸਾ = ਸਨੇਹਾ। ਪੈ = ਪੈ ਕੇ।1।

ਸੰਗਿ ਤੁਮਾਰੈ = ਤੇਰੀ ਸੰਗਤਿ ਵਿਚ। ਵਣਿ = ਵਣ ਵਿਚ। ਤਿਣਿ = ਤਿਣਿ ਵਿਚ। ਵਣਿ ਤਿਣਿ = ਸਾਰੀ ਬਨਸਪਤੀ ਵਿਚ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ। ਸੇਜ = ਹਿਰਦਾ-ਸੇਜ। ਬਿਗਸੰਦਾ = ਖਿੜਿਆ ਹੋਇਆ। ਲਹੀਐ = ਲੱਭਦਾ ਹੈ।2।

ਪਖਾਰਿ = ਧੋ ਕੇ। ਕਰੀ = ਕਰੀਂ, ਮੈਂ ਕਰਾਂ। ਅਰਚਾ = ਫੁੱਲਾਂ ਦੀ ਭੇਟ। ਬਿਨਉ = ਬੇਨਤੀ। ਕਹੀਐ = (ਹੇ ਸੰਤ ਜਨੋ!) ਕਹਿ ਦੇਣੀ।3।

ਇਛ = ਤਾਂਘ। ਪੁੰਨੀ = ਪੂਰੀ ਹੋ ਗਈ ਹੈ। ਪਰਹਰਿਆ = ਦੂਰ ਹੋ ਗਿਆ ਹੈ। ਜਪੇ ਜਪਿ = ਜਪਿ ਜਪਿ, ਜਪ ਜਪ ਕੇ। ਅਜਰੁ = ਜਰਾ-ਰਹਿਤ, ਜਿਸ ਨੂੰ ਬੁਢੇਪਾ ਨਹੀਂ ਆ ਸਕਦਾ, ਘੱਟ ਨਾ ਹੋਣ ਵਾਲਾ।4।

ਅਰਥ: ਹੇ ਮੇਰੇ ਪਿਆਰੇ ਰਾਮ ਜੀ! ਮੇਰੇ-ਹਿਰਦੇ ਵਿਚ ਆ ਵੱਸ। ਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ। (ਤੇਰੇ) ਸੰਤ ਜਨਾਂ ਦੀ ਚਰਨੀਂ ਪੈ ਕੇ ਮੈਂ (ਤੇਰੇ ਵਲ) ਸੁਨੇਹਾ ਭੇਜਦਾ ਹਾਂ (ਕਿ, ਹੇ ਮੇਰੇ ਪਿਆਰੇ ਰਾਮ ਜੀ!) ਮੈਂ ਤੈਥੋਂ ਬਿਨਾ ਕਿਸੇ ਤਰ੍ਹਾਂ ਭੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ।1।

(ਹੇ ਮੇਰੇ ਪਿਆਰੇ ਰਾਮ ਜੀ!) ਤੇਰੀ ਸੰਗਤਿ ਵਿਚ ਰਹਿ ਕੇ ਮੈਂ ਆਨੰਦ ਮਾਣਦਾ ਹਾਂ। ਸਾਰੀ ਬਨਸਪਤੀ ਵਿਚ ਤੇ ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ (ਤੈਨੂੰ ਵੇਖ ਕੇ) ਮੈਂ ਪਰਮ ਸੁਖ ਪਰਮ ਆਨੰਦ (ਅਨੁਭਵ ਕਰਦਾ ਹਾਂ) । ਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ, ਮੇਰਾ ਇਹ ਮਨ ਖਿੜ ਪਿਆ ਹੈ! (ਹੇ ਮੇਰੇ ਪਿਆਰੇ ਰਾਮ ਜੀ!) ਤੇਰਾ ਦਰਸ਼ਨ ਕਰਕੇ ਇਹ (ਆਤਮਕ) ਸੁਖ ਮਿਲਦਾ ਹੈ।2।

(ਹੇ ਮੇਰੇ ਪਿਆਰੇ ਰਾਮ ਜੀ! ਤੇਰੇ ਸੰਤ ਜਨਾਂ ਪਾਸ ਮੈਂ ਬੇਨਤੀ ਕਰਦਾ ਹਾਂ ਕਿ) ਮਾਲਕ-ਪ੍ਰਭੂ ਪਾਸ ਮੇਰੀ ਇਹ ਬੇਨਤੀ ਆਖਣੀ = (ਹੇ ਮੇਰੇ ਰਾਮ ਜੀ! ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੇ) ਚਰਨ ਧੋ ਕੇ ਉਹਨਾਂ ਦੀ ਸਦਾ ਸੇਵਾ ਕਰਦਾ ਰਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰਾ ਨਾਮ ਜਪਦਾ ਰਹਾਂ = ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਮੇਰੇ ਲਈ ਦੇਵਤਿਆਂ ਅੱਗੇ ਫੁੱਲਾਂ ਦੀ ਭੇਟ ਹੈ ਤੇ ਇਹੀ ਦੇਵਤਿਆਂ ਅੱਗੇ ਨਮਸਕਾਰ ਹੈ।3।

(ਹੇ ਭਾਈ! ਪਿਆਰੇ ਰਾਮ ਦੀ ਕਿਰਪਾ ਨਾਲ) ਮੇਰੀ (ਉਸ ਦੇ ਮਿਲਾਪ ਦੀ) ਇੱਛਾ ਪੂਰੀ ਹੋ ਗਈ ਹੈ, ਮੇਰਾ ਮਨ ਆਤਮਕ ਜੀਵਨ ਵਾਲਾ ਹੋ ਗਿਆ ਹੈ, ਮੇਰਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ) ਹਰਾ ਹੋ ਪਿਆ ਹੈ, (ਪਿਆਰੇ ਰਾਮ ਦਾ) ਦਰਸ਼ਨ ਕਰਦਿਆਂ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਹੈ, ਪਿਆਰੇ ਰਾਮ ਜੀ ਦਾ ਨਾਮ ਜਪ ਜਪ ਕੇ ਮੈਂ (ਸੰਸਾਰ-ਸਮੁੰਦਰ ਨੂੰ) ਪਾਰ ਕਰ ਲਿਆ ਹੈ।

ਹੇ ਨਾਨਕ! (ਉਸ ਪਿਆਰੇ ਰਾਮ ਜੀ ਦਾ ਦਰਸ਼ਨ ਕੀਤਿਆਂ) ਇਹ ਇਕ ਐਸਾ ਸੁਖ ਮਾਣ ਲਈਦਾ ਹੈ ਜੋ ਕਦੇ ਘੱਟ ਹੋਣ ਵਾਲਾ ਨਹੀਂ ਹੈ।4।2। 167।

ਗਉੜੀ ਮਾਝ ਮਹਲਾ ੫ ॥ ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥ ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥ ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ ਸਦਾ ਤੇਰੀ ਸਰਣਾਈ ਜੀਉ ॥੧॥ ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥ ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥ ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥ ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥ ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥ ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥ ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥ ਆਠ ਪਹਰ ਗੁਣ ਗਾਇਆ ਜੀਉ ॥੩॥ ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥ ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥ ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥ ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥ {ਪੰਨਾ 217}

ਪਦ ਅਰਥ: ਸਾਜਨ = ਹੇ ਸੱਜਣ ਹਰੀ! ਮਨ ਮਿਤ = ਹੇ ਮੇਰੇ ਮਨ ਦੇ ਮਿੱਤਰ ਹਰੀ! ਜੀਉ ਭਿ = ਜਿੰਦ ਭੀ। ਵਾਰੇ = ਸਦਕੇ। ਪ੍ਰਾਣ ਅਧਾਰੇ = ਹੇ ਮੇਰੀ ਜਿੰਦ ਦੇ ਆਸਰੇ!।1।

ਮਨੁ ਜੀਵੈ = ਮਨ ਜਿਊਂ ਪੈਂਦਾ ਹੈ, ਆਤਮਕ ਜੀਵਨ ਮਿਲ ਜਾਂਦਾ ਹੈ। ਭਾਈ = ਹੇ ਭਾਈ! ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਈ = ਪਾਈਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ। ਕੀਆ = ਦੀਆਂ। ਜਾਈ = ਸਾਰੀਆਂ ਥਾਵਾਂ। ਕਉ = ਨੂੰ, ਤੋਂ। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ।2।

ਨਿਧਾਨੁ = ਖ਼ਜ਼ਾਨਾ। ਲਿਵ = ਲਗਨ।3।

ਸਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸਾਹੂਕਾਰ। ਵਣਜਾਰਾ = ਵਪਾਰੀ। ਰਾਸਿ = ਪੂੰਜੀ, ਸਰਮਾਇਆ। ਸਚੁ = ਸਦਾ ਟਿਕੇ ਰਹਿਣ ਵਾਲਾ।4।

ਅਰਥ: ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਮੇਰੇ ਮਨ ਦੇ ਮਿੱਤਰ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੇਰੀ ਬੇਨਤੀ) ਧਿਆਨ ਨਾਲ ਸੁਣ। (ਮੇਰਾ ਇਹ) ਮਨ ਤੇਰਾ ਦਿੱਤਾ ਹੋਇਆ ਹੈ, (ਮੇਰਾ ਇਹ) ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਭੀ ਤੇਰੀ ਹੀ ਦਿੱਤੀ ਹੋਈ ਹੈ। ਮੈਂ (ਇਹ ਸਭ ਕੁਝ ਤੈਥੋਂ) ਕੁਰਬਾਨ ਕਰਦਾ ਹਾਂ, ਮੈਨੂੰ ਭੁਲ ਨਾਹ, ਮੈਂ ਸਦਾ ਤੇਰੀ ਸਰਨ ਪਿਆ ਰਹਾਂ।1।

ਹੇ ਭਾਈ! ਜਿਸ ਹਰਿ-ਪ੍ਰਭੂ ਨੂੰ ਮਿਲਿਆਂ ਆਤਮਕ ਜੀਵਨ ਲੱਭ ਪੈਂਦਾ ਹੈ, ਉਹ ਹਰਿ-ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ। (ਹੇ ਭਾਈ! ਮੇਰਾ ਮਨ ਤਨ) ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, (ਜਗਤ ਦੀਆਂ) ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ, ਮੈਂ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਜਾਂਦਾ ਹਾਂ।2।

(ਹੇ ਭਾਈ! ਪਰਮਾਤਮਾ ਦਾ) ਇਹ (ਨਾਮ ਸਾਰੇ ਪਦਾਰਥਾਂ ਦਾ) ਖ਼ਜ਼ਾਨਾ (ਹੈ ਕੋਈ) ਭਾਗਾਂ ਵਾਲਾ ਮਨੁੱਖ ਇਹ ਨਾਮ (ਜਪਦਾ ਹੈ, ਪਵਿੱਤ੍ਰ-ਸਰੂਪ ਪ੍ਰਭੂ ਦੇ ਨਾਮ ਨਾਲ (ਉਸ ਵਡਭਾਗੀ ਮਨੁੱਖ ਦੀ) ਲਗਨ ਲੱਗ ਜਾਂਦੀ ਹੈ। (ਜਿਸ ਵਡਭਾਗੀ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ, ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।3।

(ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਹਰੀ! ਤੇਰਾ ਨਾਮ ਕੀਮਤੀ ਪਦਾਰਥਾਂ (ਦਾ ਸੋਮਾ) ਹੈ। ਹੇ ਹਰੀ! ਤੂੰ ਸਦਾ ਕਾਇਮ ਰਹਿਣ ਵਾਲਾ (ਉਹਨਾਂ ਰਤਨ-ਪਦਾਰਥਾਂ ਦਾ) ਸਾਹੂਕਾਰ ਹੈਂ, ਤੇਰਾ ਭਗਤ (ਉਹਨਾਂ ਰਤਨ ਪਦਾਰਥਾਂ ਦਾ) ਵਣਜ ਕਰਨ ਵਾਲਾ ਹੈ। ਹੇ ਹਰੀ! ਤੇਰਾ ਨਾਮ-ਧਨ (ਤੇਰੇ ਭਗਤ ਦਾ) ਸਰਮਾਇਆ ਹੈ, ਤੇਰਾ ਭਗਤ ਇਹੀ ਸਦਾ-ਥਿਰ ਰਹਿਣ ਵਾਲਾ ਵਣਜ ਕਰਦਾ ਹੈ। ਹੇ ਦਾਸ ਨਾਨਕ! (ਆਖ– ਹੇ ਹਰੀ!) ਮੈਂ (ਤੈਥੋਂ ਤੇ ਤੇਰੇ ਭਗਤ ਤੋਂ) ਸਦਾ ਕੁਰਬਾਨ ਜਾਂਦਾ ਹਾਂ।4।3। 168।

ਰਾਗੁ ਗਉੜੀ ਮਾਝ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥ ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥ ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥ ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥ ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥ ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥ ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥ {ਪੰਨਾ 217-218}

ਪਦ ਅਰਥ: ਕਰਤੇ = ਹੇ ਕਰਤਾਰ! ਮਾਣੁ = ਫ਼ਖ਼ਰ (ਦੀ ਥਾਂ) । ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ। ਸੁਖਿ = ਸੁਖ ਨਾਲ। ਵਸਾ = ਵਸਾਂ, ਮੈਂ ਵੱਸਦਾ ਹਾਂ। ਨੀਸਾਣੁ = ਪਰਵਾਨਾ, ਰਾਹਦਾਰੀ।1। ਰਹਾਉ।

ਸਭੇ = ਸਾਰੀਆਂ। ਜਾਤੀਆ = ਮੈਂ ਸਮਝੀਆਂ। ਚੁਪ ਕੀਆ = ਲਾ-ਪਰਵਾਹ ਹੋਇਆ ਰਿਹਾ। ਸੁਰਤਿ = ਸੂਝ।1।

ਦੇਇ = ਦੇਂਦਾ ਹੈ। ਸਾਰਤਾ = ਇਸ਼ਾਰਾ। ਅਖੀ = ਅੱਖਾਂ ਨਾਲ। ਮੂਲਿ ਨ = ਬਿਲਕੁਲ ਨਹੀਂ। ਕਹਿਆ = ਆਖਿਆ ਹੋਇਆ।2।

ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਇਕਤੁ = ਇਕ ਵਿਚ। ਸਾਦਿ = ਸੁਆਦ ਵਿਚ। ਇਕਤੁ ਸਾਦਿ = ਇਕੋ ਸੁਆਦ ਵਿਚ। ਮੁਠੀ = ਠੱਗੀ ਜਾ ਰਹੀ ਹੈ। ਇਕੁ ਅਧੁ = ਕੋਈ ਵਿਰਲਾ ਵਿਰਲਾ। ਨਾਇ = ਨਾਮ ਵਿਚ। ਰਸੀਅੜਾ = ਰਸ ਲੈਣ ਵਾਲਾ। ਜਾਇ = ਥਾਂ। ਵੁਠੀ = ਵਰੋਸਾਈ ਹੋਈ।3।

ਸਚੇ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਤਿਨ = ਉਹਨਾਂ ਤੋਂ।4।

ਅਰਥ: ਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ। ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ।1। ਰਹਾਉ।

ਹੇ ਕਰਤਾਰ! ਮਾਇਆ ਵਿਚ ਮੋਹਿਆ ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਫਿਰ ਭੀ ਪਰਵਾਹ ਨਹੀਂ ਕਰਦਾ, ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ।1।

ਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ) ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ।2।

(ਹੇ ਭਾਈ!) ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ। ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ।3।

(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! (ਆਖ– ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।4।1। 169।

TOP OF PAGE

Sri Guru Granth Darpan, by Professor Sahib Singh