ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 218 ਗਉੜੀ ਮਹਲਾ ੫ ਮਾਂਝ ॥ ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥ {ਪੰਨਾ 218} ਪਦ ਅਰਥ: ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਜੀ = ਹੇ ਜੀ! ਗਿਆਨੁ = ਪ੍ਰਭੂ ਨਾਲ ਸਾਂਝ ਪਾਣ ਵਾਲਾ ਉਪਦੇਸ਼।1। ਰਹਾਉ। ਜਿਤੁ = ਜਿਸ ਵਿਚ। ਘਟਿ = ਹਿਰਦੇ ਵਿਚ। ਜਿਤੁ ਘਟਿ = ਜਿਸ ਹਿਰਦੇ ਵਿਚ, {ਜਿਸੁ ਘਟਿ = ਜਿਸ ਮਨੁੱਖ ਦੇ ਹਿਰਦੇ ਵਿਚ}। ਜਮ ਕੰਕਰੁ = ਜਮ ਦਾ ਦਾਸ, ਜਮਦੂਤ। ਨੇੜਿ = ਨੇੜੇ। ਰਸਨਾ = ਜੀਭ (ਨਾਲ) ।1। ਸੁਰਤਿ = ਸੂਝ। ਨਾ ਜਾਪੈ ਆਰਾਧਿ = ਮੈਨੂੰ ਤੇਰਾ ਆਰਾਧਨ ਕਰਨਾ ਨਹੀਂ ਸੁੱਝਦਾ। ਜਗ ਜੀਵਨਾ = ਹੇ ਜਗਤ ਦੀ ਜ਼ਿੰਦਗੀ ਦੇ (ਆਸਰੇ) ! ਅਗਮ = ਹੇ ਅਪਹੁੰਚ! ਅਗਾਧਿ = ਹੇ ਅਥਾਹ!।2। ਗੁਸਾਈਆ = ਸ੍ਰਿਸ਼ਟੀ ਦਾ ਮਾਲਕ। ਸਤਿਗੁਰਿ = ਸਤਿਗੁਰੂ ਨੇ।3। ਦਯੁ = ਪਿਆਰ ਕਰਨ ਵਾਲਾ ਪ੍ਰਭੂ। ਸਚਾ = ਸਦਾ-ਥਿਰ ਰਹਿਣ ਵਾਲਾ। ਗੁਰਿ ਤੁਠੈ = ਜੇ ਗੁਰੂ ਤਰੁੱਠ ਪਏ। ਗੁਰਿ = ਗੁਰੂ ਦੀ ਰਾਹੀਂ। ਤੁਠੈ = ਤਰੁੱਠੇ ਹੋਏ ਦੀ ਰਾਹੀਂ।4। ਅਰਥ: ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ। (ਹੇ ਭਾਈ!) ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ– ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ।1। ਰਹਾਉ। (ਹੇ ਭਾਈ!) ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ। ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।1। ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ, (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ।2। (ਹੇ ਭਾਈ!) ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ। ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕ ਦਾ) ਸੇਕ ਨਹੀਂ ਪੋਹ ਸਕਦਾ।3। (ਹੇ ਭਾਈ!) ਗੁਰੂ ਨਾਰਾਇਣ ਦਾ ਰੂਪ ਹੈ, ਗੁਰੂ ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹੇ ਦਾਸ ਨਾਨਕ! (ਆਖ–) ਮੈਂ ਗੁਰੂ ਤੋਂ ਸਦਕੇ ਹਾਂ।4।2। 170। ਗਉੜੀ ਮਾਝ ਮਹਲਾ ੫ ॥ ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥ ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥ ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥ ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥ ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥ ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥ ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥ ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥ ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥ {ਪੰਨਾ 218} ਪਦ ਅਰਥ: ਜਪਿ = ਜਪ ਕੇ। ਕਾਮਾ = ਸਾਰੇ ਕੰਮ।1। ਰਹਾਉ। ਹਰਿ ਜਸੁ = ਹਰੀ ਦੀ ਸਿਫ਼ਤਿ-ਸਾਲਾਹ। ਜਿਸ ਤੇ = ਜਿਸ ਪਾਸੋਂ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ}।1। ਸਭਿ = ਸਾਰੇ। ਜਿਸੁ ਮਾਹਿ = ਜਿਸ (ਪਰਮਾਤਮਾ ਦੇ ਵੱਸ) ਵਿਚ। ਮਨਹੁ = ਮਨ ਤੋਂ।2। ਜਿਸੁ ਲੜਿ = ਜਿਸ (ਪ੍ਰਭੂ) ਦੇ ਪੱਲੇ ਵਿਚ। ਲਗਿਐ = ਲੱਗਿਆਂ। ਜੀਵੀਐ = ਜੀਊ ਪਈਦਾ ਹੈ; ਆਤਮਕ ਜੀਵਨ ਮਿਲ ਪੈਂਦਾ ਹੈ। ਭਵਜਲੁ = ਸੰਸਾਰ-ਸਮੁੰਦਰ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਉਧਾਰੁ = (ਵਿਕਾਰਾਂ ਤੋਂ) ਬਚਾਉ। ਦਰਬਾਰਿ = (ਪ੍ਰਭੂ ਦੇ) ਦਰਬਾਰ ਵਿਚ।3। ਜਸੁ = ਸਿਫ਼ਤਿ-ਸਾਲਾਹ। ਰਾਸਿ = ਸਰਮਾਇਆ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।4। ਅਰਥ: (ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ।1। ਰਹਾਉ। (ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ। (ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀ ਜਾਏ।1। (ਹੇ ਭਾਈ!) ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਤੇ ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ।2। (ਹੇ ਭਾਈ! ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸੰਗਤਿ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ।3। ਹੇ ਨਾਨਕ! ਗੋਪਾਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ। ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ।4।3। 171। ਗਉੜੀ ਮਾਝ ਮਹਲਾ ੫ ॥ ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥ ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥ ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥ ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥ ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥ ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥ ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥ ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥ ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥ ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥ {ਪੰਨਾ 218} ਪਦ ਅਰਥ: ਜਿੰਦੂ = ਹੇ ਜਿੰਦੇ! {ਲਫ਼ਜ਼ 'ਜਿੰਦੁ' ਉਕਰਾਂਤ ਹੈ ਤੇ ਇਸਤ੍ਰੀ ਲਿੰਗ ਹੈ। ਸੰਬੋਧਨ ਵਿਚ ਜਾਂ ਸੰਬੰਧਕ ਦੇ ਨਾਲ ਇਸ ਦਾ ੁ ਦੀਰਘ ਹੋ ਜਾਂਦਾ ਹੈ। ਇਸੇ ਤਰ੍ਹਾਂ ਲਫ਼ਜ਼ ਖ਼ਾਕੁ ਹੈ, 'ਖਾਕੁ' ਤੋਂ 'ਖਾਕੂ'। 'ਜਿੰਦੂ ਕੂੰ'}। ਸੇਤੀ = ਨਾਲ।1। ਰਹਾਉ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਸਾਦ = ਸੁਆਦ। ਸਭਿ = ਸਾਰੇ। ਫਿਟੁ = ਫਿਟਕਾਰ-ਯੋਗ।1। ਅੰਚਲੁ = ਪੱਲਾ। ਗਹਿ ਕੈ = ਫੜ ਕੇ। ਸਾਧ = ਗੁਰੂ। ਉਧਰੈ = ਬਚ ਜਾਂਦਾ ਹੈ।2। ਹਿਰਦੈ = ਹਿਰਦੇ ਵਿਚ (ਵਸਾਣ ਲਈ) । ਦੇਇ = ਦੇਂਦਾ ਹੈ।3। ਥੇਹੁ = ਪਿੰਡ, ਵੱਸੋਂ। ਨਿਧਾਨ = ਖ਼ਜ਼ਾਨੇ। ਜਾਚਕੁ = ਮੰਗਤਾ। ਦਰਿ = ਦਰ ਤੇ। ਪ੍ਰਭ = ਹੇ ਪ੍ਰਭੂ! ਤੁਧ ਨੋ = ਤੈਨੂੰ, ਤੇਰੇ ਨਾਮ ਨੂੰ।4। ਅਰਥ: ਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ।1। ਰਹਾਉ। (ਹੇ ਮੇਰੀ ਜਿੰਦੇ! ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ ਦੁਨੀਆ ਵਾਲੇ) ਸਾਰੇ ਸੁਆਦ ਫਿੱਕੇ ਹਨ, (ਇਹਨਾਂ ਸੁਆਦਾਂ ਵਿਚ ਪਿਆਂ) ਸਰੀਰ (ਹਰੇਕ ਗਿਆਨ-ਇੰਦ੍ਰਾ) ਫਿੱਕਾ (ਰੁੱਖਾ) ਹੋ ਜਾਂਦਾ ਹੈ, ਮਨ ਰੁੱਖਾ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ।1। (ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ। (ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ। (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ।2। (ਹੇ ਮੇਰੀ ਜਿੰਦੇ!) ਜੇਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ, (ਕਿਉਂਕਿ ਉਹ ਸਾਡੇ ਅੰਦਰੋਂ) ਸਾਰੇ ਔਗੁਣ ਦੂਰ ਕਰ ਕੇ (ਸਾਡੇ ਉਤੇ) ਭਲਾਈ ਕਰਦਾ ਹੈ।3। (ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ। ਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ।4। 4। 172। |
Sri Guru Granth Darpan, by Professor Sahib Singh |