ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 219

ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਮਹਲਾ ੯ ॥ ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥ {ਪੰਨਾ 219}

ਪਦ ਅਰਥ: ਸਾਧੋ = ਹੇ ਸੰਤ ਜਨੋ! ਤਿਆਗਉ = ਤਿਆਗਹੁ {ਨੋਟ: ਜੋ ਨਿਯਮ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਬਿਨਾ ਸਭ ਥਾਈਂ ਵਰਤਿਆ ਮਿਲਦਾ ਹੈ ਉਸ ਅਨੁਸਾਰ ਲਫ਼ਜ਼ 'ਤਿਆਗਹੁ' ਹੈ। ਇਸੇ ਤਰ੍ਹਾਂ 'ਭਾਗਉ' ਦੇ ਥਾਂ 'ਭਾਗਹੁ'}। ਤਾ ਤੇ = ਉਸ ਤੋਂ। ਅਹਿ = ਦਿਨ। ਨਿਸਿ = ਰਾਤ।1। ਰਹਾਉ।

ਸਮ = ਬਰਾਬਰ, ਇਕੋ ਜਿਹੇ। ਕਰਿ = ਕਰ ਕੇ। ਅਉਰੁ = ਅਤੇ। ਮਾਨੁ = ਆਦਰ। ਅਪਮਾਨਾ = ਨਿਰਾਦਰੀ। ਹਰਖ = ਖ਼ੁਸ਼ੀ। ਸੋਗ = ਗਮ। ਅਤੀਤਾ = ਪਰੇ, ਵਿਰਕਤ, ਨਿਰਲੇਪ। ਤਿਨਿ = ਉਸ (ਮਨੁੱਖ) ਨੇ। ਤਤੁ = ਜ਼ਿੰਦਗੀ ਦਾ ਰਾਜ਼, ਅਸਲੀਅਤ।1।

ਉਸਤਤਿ = ਖ਼ੁਸ਼ਾਮਦ। ਪਦੁ = ਦਰਜਾ, ਆਤਮਕ ਅਵਸਥਾ। ਨਿਰਬਾਨਾ = ਵਾਸਨਾ-ਰਹਿਤ। ਕਿਨ ਹੂ = ਕਿਸੇ ਵਿਰਲੇ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।2।

ਅਰਥ: ਹੇ ਸੰਤ ਜਨੋ! (ਆਪਣੇ) ਮਨ ਦਾ ਅਹੰਕਾਰ ਛੱਡ ਦਿਉ। ਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ।1। ਰਹਾਉ।

(ਹੇ ਸੰਤ ਜਨੋ! ਜੇਹੜਾ ਮਨੁੱਖ) ਸੁਖ ਅਤੇ ਦੁੱਖ ਦੋਹਾਂ ਨੂੰ ਇਕੋ ਜਿਹਾ ਜਾਣਦਾ ਹੈ, ਅਤੇ ਜੇਹੜਾ ਆਦਰ ਤੇ ਨਿਰਾਦਰੀ ਨੂੰ (ਭੀ) ਇਕ ਸਮਾਨ ਜਾਣਦਾ ਹੈ। (ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਭੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ) , ਤੇ ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ (ਖ਼ੁਸ਼ੀ ਦੇ ਵੇਲੇ ਅਹੰਕਾਰ ਵਿਚ ਨਹੀਂ ਆ ਜਾਂਦਾ ਤੇ ਗ਼ਮੀ ਦੇ ਵੇਲੇ ਘਬਰਾ ਨਹੀਂ ਜਾਂਦਾ) ਉਸ ਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ।

(ਹੇ ਸੰਤ ਜਨੋ! ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜੇਹੜਾ) ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਕ ਅਵਸਥਾ ਦੀ ਸਦਾ ਭਾਲ ਕਰਦਾ ਹੈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। (ਪਰ) ਹੇ ਨਾਨਕ! ਇਹ (ਜੀਵਨ-) ਖੇਡ (ਖੇਡਣੀ) ਔਖੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਨੂੰ ਸਮਝਦਾ ਹੈ।2।1।

ਗਉੜੀ ਮਹਲਾ ੯ ॥ ਸਾਧੋ ਰਚਨਾ ਰਾਮ ਬਨਾਈ ॥ ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ {ਪੰਨਾ 219}

ਪਦ ਅਰਥ: ਰਾਮਿ = ਰਾਮ ਨੇ। ਇਕਿ = ਕੋਈ ਮਨੁੱਖ। ਬਿਨਸੈ = ਮਰਦਾ ਹੈ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਮਾਨੈ = ਮੰਨਦਾ ਹੈ, ਸਮਝਦਾ ਹੈ। ਲਖਿਓ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ।1। ਰਹਾਉ।

ਬਸਿ = ਵੱਸ ਵਿਚ। ਪ੍ਰਾਨੀ = ਜੀਵ। ਹਰਿ ਮੂਰਤਿ = ਹਰੀ ਦੀ ਮੂਰਤੀ, ਪਰਮਾਤਮਾ ਦੀ ਹਸਤੀ। ਝੂਠਾ = ਨਾਸਵੰਤ। ਸਾਚਾ = ਸਦਾ-ਥਿਰ ਰਹਿਣ ਵਾਲਾ। ਰੈਨਾਈ = ਰਾਤ (ਦਾ) ।1।

ਸਗਲ = ਸਾਰਾ। ਬਾਦਰ = ਬੱਦਲ। ਛਾਈ = ਛਾਂ। ਜਾਨਿਓ = ਜਾਣਿਆ ਹੈ। ਮਿਥਿਆ = ਨਾਸਵੰਤ। ਰਹਿਓ = ਟਿਕਿਆ ਰਹਿੰਦਾ ਹੈ।2।

ਅਰਥ: ਹੇ ਸੰਤ ਜਨੋ! ਪਰਮਾਤਮਾ ਨੇ (ਜਗਤ ਦੀ ਇਹ ਅਸਚਰਜ) ਰਚਨਾ ਰਚ ਦਿੱਤੀ ਹੈ (ਕਿ) ਇਕ ਮਨੁੱਖ (ਤਾਂ) ਮਰਦਾ ਹੈ (ਪਰ) ਦੂਜਾ ਮਨੁੱਖ (ਉਸ ਨੂੰ ਮਰਦਿਆਂ ਵੇਖ ਕੇ ਭੀ ਆਪਣੇ ਆਪ ਨੂੰ) ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ।1। ਰਹਾਉ।

(ਹੇ ਸੰਤ ਜਨੋ!) ਮਨੁੱਖ ਕਾਮ ਦੇ ਕ੍ਰੋਧ ਦੇ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ। ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ ਜੇਹੜਾ) ਸੁਪਨਾ (ਆਉਂਦਾ ਹੈ ਮਨੁੱਖ ਨੀਂਦਰ ਦੀ ਹਾਲਤ ਵਿਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ) ।1।

(ਹੇ ਸੰਤ ਜਨੋ!) ਜਿਵੇਂ ਬੱਦਲ ਦੀ ਛਾਂ (ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ) ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਇਹ ਸਭ ਕੁਝ (ਆਪਣੇ ਆਪਣੇ ਸਮੇ) ਨਾਸ ਹੋ ਜਾਂਦਾ ਹੈ। ਹੇ ਦਾਸ ਨਾਨਕ! (ਜਿਸ ਮਨੁੱਖ ਨੇ) ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ (ਸਦਾ-ਥਿਰ ਰਹਿਣ ਵਾਲੇ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ।2। 2।

ਗਉੜੀ ਮਹਲਾ ੯ ॥ ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥ ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥ ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥ {ਪੰਨਾ 219}

ਪਦ ਅਰਥ: ਕਉ = ਨੂੰ। ਜਸੁ = ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਅਹਿ = ਦਿਨ। ਨਿਸਿ = ਰਾਤ। ਮਗਨੁ = ਮਸਤ। ਮੈ = ਮਹਿ, ਵਿਚ। ਕਹੁ = ਦੱਸ।1। ਰਹਾਉ।

ਮਮਤਾ = {ਮਮ = ਮੇਰਾ} ਅਪਣੱਤ। ਸਿਉ = ਨਾਲ। ਇਹ ਬਿਧਿ = ਇਸ ਤਰ੍ਹਾਂ। ਬਿਧਿ = ਤਰੀਕਾ। ਆਪੁ = ਆਪਣੇ ਆਪ ਨੂੰ। ਮ੍ਰਿਗ = ਹਰਨ। ਤ੍ਰਿਸਨਾ = ਤ੍ਰੇਹ। ਮ੍ਰਿਗ ਤ੍ਰਿਸਨਾ = ਠਗਨੀਰਾ, ਉਹ ਖ਼ਿਆਲੀ ਪਾਣੀ ਜੋ ਹਰਨ ਨੂੰ ਤ੍ਰੇਹ ਵੇਲੇ ਆਪਣੇ ਪਿੱਛੇ ਭਜਾਈ ਫਿਰਦਾ ਹੈ {ਚਮਕਦੀ ਰੇਤ ਹਰਨ ਨੂੰ ਪਾਣੀ ਜਾਪਦੀ ਹੈ, ਉਹ ਪੀਣ ਲਈ ਦੌੜਦਾ ਹੈ, ਪਾਣੀ ਵਾਲਾ ਝਾਉਲਾ ਉਸ ਨੂੰ ਅਗਾਂਹ ਅਗਾਂਹ ਭਜਾਈ ਜਾਂਦਾ ਹੈ}। ਦੇਖਿ = ਵੇਖ ਕੇ। ਤਾਸਿ = ਉਸ (ਠਗਨੀਰੇ) ਵਲ।1।

ਭੁਗਤਿ = ਦੁਨੀਆ ਦੇ ਭੋਗ ਤੇ ਸੁਖ। ਮੁਕਤਿ = ਮੋਖ। ਮੂੜ = ਮੂਰਖ ਮਨੁੱਖ। ਤਾਹਿ = ਉਸ ਨੂੰ। ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਕੋ = ਦਾ।2।

ਅਰਥ: (ਹੇ ਭਾਈ!) ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ। (ਹੇ ਭਾਈ!) ਦੱਸ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੇਹੜਾ ਦਿਨ ਰਾਤ ਮਾਇਆ (ਦੇ ਮੋਹ) ਵਿਚ ਮਸਤ ਰਹਿੰਦਾ ਹੈ?।1। ਰਹਾਉ।

(ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲਾ ਮਨੁੱਖ) ਪੁੱਤਰ ਮਿੱਤਰ ਮਾਇਆ (ਆਦਿਕ) ਦੀ ਅਪਣੱਤ ਨਾਲ ਬੱਝਾ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੇ ਬੰਧਨਾਂ ਵਿਚ) ਬੰਨ੍ਹੀ ਰੱਖਦਾ ਹੈ। (ਮਾਇਆ-ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ) ਇਹ ਜਗਤ (ਤਾਂ) ਠਗ-ਨੀਰੇ ਵਾਂਗ (ਠੱਗੀ ਹੀ ਠੱਗੀ ਹੈ, ਜਿਵੇਂ ਹਰਨ ਠਗਨੀਰੇ ਨੂੰ ਵੇਖ ਕੇ ਉਸ ਵਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ) ਵੇਖ ਕੇ ਇਸ ਵਲ (ਸਦਾ) ਦੌੜਦਾ ਰਹਿੰਦਾ ਹੈ (ਤੇ ਆਤਮਕ ਮੌਤ ਸਹੇੜਦਾ ਹੈ) ।1।

ਮੂਰਖ ਮਨੁੱਖ ਉਸ ਮਾਲਕ-ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜੇਹੜਾ ਦੁਨੀਆ ਦੇ ਭੋਗਾਂ ਤੇ ਸੁਖਾਂ ਦਾ ਭੀ ਮਾਲਕ ਹੈ ਤੇ ਜੇਹੜਾ ਮੋਖ ਭੀ ਦੇਣ ਵਾਲਾ ਹੈ।

ਹੇ ਦਾਸ ਨਾਨਕ! (ਆਖ–) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗ-ਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ।2।3।

ਗਉੜੀ ਮਹਲਾ ੯ ॥ ਸਾਧੋ ਇਹੁ ਮਨੁ ਗਹਿਓ ਨ ਜਾਈ ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥ ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥ ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥ {ਪੰਨਾ 219}

ਪਦ ਅਰਥ: ਗਹਿਓ ਨ ਜਾਈ = ਫੜਿਆ ਨਹੀਂ ਜਾਂਦਾ। ਚੰਚਲ = ਕਦੇ ਨਾਹ ਟਿਕਣ ਵਾਲੀ, ਅਨੇਕਾਂ ਹਾਵ-ਭਾਵ ਕਰਨ ਵਾਲੀ। ਯਾ ਤੇ = ਇਸ ਕਾਰਨ। ਥਿਰੁ = ਸਦਾ-ਟਿਕਵਾਂ।1। ਰਹਾਉ।

ਕਠਨ = (ਜਿਸ ਨੂੰ ਵੱਸ ਕਰਨਾ) ਔਖਾ (ਹੈ) । ਘਟ = ਹਿਰਦਾ। ਭੀਤਰਿ = ਅੰਦਰ। ਜਿਹ = ਜਿਸ (ਕ੍ਰੋਧ) ਨੇ। ਸੁਧਿ = ਸੂਝ, ਅਕਲ, ਹੋਸ਼। ਸਭ ਕੋ = ਹਰੇਕ ਜੀਵ ਦਾ। ਹਿਰਿ ਲੀਨਾ = ਚੁਰਾ ਲਿਆ ਹੈ। ਬਸਾਈ = ਵੱਸ, ਜ਼ੋਰ, ਪੇਸ਼। ਸਿਉ = ਨਾਲ।1।

ਸਭਿ = ਸਾਰੇ। ਗੁਨੀ = ਗੁਣਵਾਨ, ਵਿਦਵਾਨ ਮਨੁੱਖ। ਰਹੇ = ਥੱਕ ਗਏ। ਸਭ ਬਿਧਿ = ਹਰੇਕ ਢੰਗ, ਹਰੇਕ ਢੋ। ਸਭ ਬਿਧਿ ਬਨਿ ਆਈ = ਹਰੇਕ ਢੋ ਢੁੱਕ ਪਿਆ (ਸਫਲਤਾ ਦਾ) ।2।

ਅਰਥ: ਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ, (ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ।1। ਰਹਾਉ।

(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ। (ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ।1।

ਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾਹ ਜੋਗ-ਸਾਧਨ, ਨਾਹ ਵਿੱਦਿਆ-ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ) ।

ਹੇ ਦਾਸ ਨਾਨਕ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ।2।4।

ਗਉੜੀ ਮਹਲਾ ੯ ॥ ਸਾਧੋ ਗੋਬਿੰਦ ਕੇ ਗੁਨ ਗਾਵਉ ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥ ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥ ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥ ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥ ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ {ਪੰਨਾ 219}

ਪਦ ਅਰਥ: ਗਾਵਉ = ਗਾਵਹੁ {ਨੋਟ: ਸਾਰੇ ਗੁਰੂ ਗ੍ਰੰ੍ਰਥ ਸਾਹਿਬ ਵਿਚ ਮਿਲਦੇ ਵਿਆਕਰਨਿਕ ਨਿਯਮਾਂ ਅਨੁਸਾਰ ਲਫ਼ਜ਼ 'ਗਾਵਉ' ਦਾ ਅਰਥ ਹੈ 'ਮੈਂ ਗਾਂਦਾ ਹਾਂ'; 'ਗਾਵਹੁ' ਦਾ ਅਰਥ ਹੈ 'ਤੁਸੀ ਗਾਵੋ'}।

ਪਾਇਓ = ਪਾਇਆ, ਲੱਭਾ ਹੈ। ਕਾਹਿ = ਕਿਉਂ? ਗਵਾਵਉ = ਗਵਾਵਹੁ, ਗਵਾਂਦੇ ਹੋ।1। ਰਹਾਉ।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਦੀਨ = ਗਰੀਬ। ਬੰਧੁ = ਸਨਬੰਧੀ। ਤਾਹਿ = ਉਸ ਦੀ। ਗਜ = ਹਾਥੀ। ਤ੍ਰਾਸੁ = ਡਰ। ਬਿਸਰਾਉ = ਬਿਸਰਾਵਹੁ, ਭੁਲਾ ਰਹੇ ਹੋ।1।

{ਨੋਟ: ਭਾਗਵਤ ਦੀ ਕਥਾ ਹੈ ਕਿ ਇਕ ਗੰਧਰਬ ਕਿਸੇ ਸ੍ਰਾਪ ਦੇ ਕਾਰਨ ਹਾਥੀ ਬਣ ਗਿਆ। ਨਦੀ ਤੋਂ ਪਾਣੀ ਪੀਣ ਗਏ ਨੂੰ ਪਾਣੀ ਵਿਚੋਂ ਇਕ ਤੰਦੂਏ ਨੇ ਫੜ ਲਿਆ। ਉਸ ਨੇ ਰਾਮ ਨਾਮ ਦਾ ਚੇਤਾ ਕੀਤਾ ਤਾਂ ਉਸ ਦੀ ਖ਼ਲਾਸੀ ਹੋ ਗਈ}।

ਤਜਿ = ਤਜ ਕੇ। ਫੁਨਿ = ਮੁੜ, ਅਤੇ। ਲਾਵਹੁ = ਲਾਵਹੁ, ਜੋੜੋ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪੰਥੁ = ਰਸਤਾ। ਗੁਰਮੁਖਿ ਹੋਇ = ਗੁਰਮੁਖਿ ਹੋ ਕੇ, ਗੁਰੂ ਦੀ ਸਰਨ ਪੈ ਕੇ। ਪਾਵਉ = ਪਾਵਹੁ, ਲੱਭ ਲਵੋ।2।

ਅਰਥ: ਹੇ ਸੰਤ ਜਨੋ! (ਸਦਾ) ਗੋਬਿੰਦ ਦੇ ਗੁਣ ਗਾਂਦੇ ਰਿਹਾ ਕਰੋ। ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਂਦੇ ਹੋ?।1। ਰਹਾਉ।

(ਹੇ ਸੰਤ ਜਨੋ!) ਪਰਮਾਤਮਾ ਉਹਨਾਂ ਬੰਦਿਆਂ ਨੂੰ ਭੀ ਪਵਿਤ੍ਰ ਕਰਨ ਵਾਲਾ ਹੈ ਜੇਹੜੇ ਵਿਕਾਰਾਂ ਵਿਚ ਡਿੱਗੇ ਹੋਏ ਹੁੰਦੇ ਹਨ, ਉਹ ਹਰੀ ਗਰੀਬਾਂ ਦਾ ਸਹਾਈ ਹੈ। ਤੁਸੀ ਭੀ ਉਸੇ ਦੀ ਸਰਨ ਪਵੋ। ਜਿਸ ਦਾ ਸਿਮਰਨ ਕਰ ਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀ ਉਸ ਨੂੰ ਕਿਉਂ ਭੁਲਾ ਰਹੇ ਹੋ?।1।

(ਹੇ ਸੰਤ ਜਨੋ!) ਅਹੰਕਾਰ ਦੂਰ ਕਰ ਕੇ ਅਤੇ ਮਾਇਆ ਦਾ ਮੋਹ ਦੂਰ ਕਰ ਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿਚ ਜੋੜੀ ਰੱਖੋ। ਨਾਨਕ ਆਖਦਾ ਹੈ– ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ, ਪਰ ਗੁਰੂ ਦੀ ਸਰਨ ਪੈ ਕੇ ਹੀ ਤੁਸੀ ਇਹ ਰਸਤਾ ਲੱਭ ਸਕੋਗੇ।2।5।

TOP OF PAGE

Sri Guru Granth Darpan, by Professor Sahib Singh