ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 220 ਗਉੜੀ ਮਹਲਾ ੯ ॥ ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥ ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥ ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥ ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥ {ਪੰਨਾ 220} ਪਦ ਅਰਥ: ਮਾਈ = ਹੇ ਮਾਂ! ਭੂਲਿੳ ਮਨੁ = ਰਸਤੇ ਤੋਂ ਖੁੰਝੇ ਹੋਏ ਮਨ ਨੂੰ। ਸਾਧ ਮਗ = ਸੰਤ ਜਨਾਂ ਦੇ ਰਸਤੇ, ਸੰਤ ਜਨਾਂ ਦੇ ਦੱਸੇ ਹੋਏ ਜੀਵਨ-ਰਸਤੇ। ਸੁਨਿ ਕਰਿ = ਸੁਣ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾਂ।1। ਰਹਾਉ। ਦੇਹ = ਸਰੀਰ। ਪਾਇ = ਪ੍ਰਾਪਤ ਕਰ ਕੇ, ਪਾ ਕੇ। ਬਿਰਥਾ = ਵਿਅਰਥ। ਸਿਰਾਵੈ = ਗੁਜ਼ਾਰਦਾ ਹੈ। ਸੰਕਟ = {szkt (a) full of, crowded with} ਭਰਪੂਰ, ਨਕਾ-ਨਕ ਭਰੇ ਹੋਏ। ਬਨ = ਜੰਗਲ। ਤਾ ਸਿਉ = ਉਸ ਨਾਲ। ਰੁਚ = ਪਿਆਰ। ਉਪਜਾਵੈ = ਪੈਦਾ ਕਰਦਾ ਹੈ।1। ਨਾਨਕ = ਹੇ ਨਾਨਕ! ਤਾਹਿ = ਉਸ ਨੂੰ ਹੀ। ਮੁਕਤਿ = ਵਿਚਾਰਾਂ ਤੋਂ ਖ਼ਲਾਸੀ। ਮਾਨਹੁ = ਸਮਝੋ। ਜਿਹ ਘਟਿ = ਜਿਸ ਦੇ ਹਿਰਦੇ ਵਿਚ।2। ਅਰਥ: ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ। (ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ।1। ਰਹਾਉ। (ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ। (ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ।1। (ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ। ਹੇ ਨਾਨਕ! (ਆਖ– ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ।2।6। ਗਉੜੀ ਮਹਲਾ ੯ ॥ ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥ ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥ {ਪੰਨਾ 220} ਪਦ ਅਰਥ: ਸਾਧੋ = ਹੇ ਸੰਤ ਜਨੋ! ਬਿਸਰਾਮਾ = ਸ਼ਾਂਤੀ, ਸੁਖ। ਕੋ = ਦਾ। ਗੁਨ = ਲਾਭ।1। ਰਹਾਉ। ਮਮਤਾ = ਅਪਣੱਤ। ਫੁਨਿ = ਭੀ, ਅਤੇ। ਅਉ = ਅਉਰ, ਅਤੇ। ਬਿਖਿਅਨ ਕੀ ਸੇਵਾ = ਵਿਸ਼ਿਆਂ ਦਾ ਸੇਵਨ। ਹਰਖੁ = ਖ਼ੁਸ਼ੀ। ਸੋਗੁ = ਗ਼ਮੀ। ਜਿਹ = ਜਿਸ ਨੂੰ। ਨਾਹਨਿ = ਨਹੀਂ। ਦੇਵ = ਭਗਵਾਨ।1। ਬਿਖੁ = ਜ਼ਹਰ। ਸਮ = ਇਕੋ ਜਿਹਾ। ਤਿਉ = ਉਸੇ ਤਰ੍ਹਾਂ। ਅਰੁ = ਅਤੇ। ਪੈਸਾ = ਤਾਂਬਾ। ਕੰਚਨ = ਸੋਨਾ। ਜਾ ਕੈ = ਜਿਸ ਦੇ ਹਿਰਦੇ ਵਿਚ।2। ਏ = ਇਹ (ਦੁਖ ਤੇ ਸੁਖ) । ਬਾਧੇ = ਬੰਨ੍ਹਦੇ। ਤਿਹ = ਉਸ ਨੂੰ। ਗਿਆਨੀ = ਪਰਮਾਤਮਾ ਨਾਲ ਜਾਣ-ਪਛਾਣ ਪਾ ਰੱਖਣ ਵਾਲਾ। ਮਾਨਹੁ = ਸਮਝੋ। ਇਹ ਬਿਧਿ ਕੋ = ਇਸ ਕਿਸਮ ਦਾ, ਇਸ ਕਿਸਮ ਦੇ ਜੀਵਨ ਵਾਲਾ। ਜੋ = ਜੇਹੜਾ।3। ਅਰਥ: ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ। ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ।1। ਰਹਾਉ। (ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ, ਖ਼ੁਸ਼ੀ, ਗ਼ਮੀ = (ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ।1। (ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ = ਉਸ ਨੂੰ ਇਕ ਸਮਾਨ ਹਨ) , ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ।2। (ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ। ਹੇ ਨਾਨਕ! (ਆਖ– ਹੇ ਸੰਤ ਜਨੋ! ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ।3।7। ਗਉੜੀ ਮਹਲਾ ੯ ॥ ਮਨ ਰੇ ਕਹਾ ਭਇਓ ਤੈ ਬਉਰਾ ॥ ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥ ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥ ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥ ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥ ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥ ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥ ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥ {ਪੰਨਾ 220} ਪਦ ਅਰਥ: ਕਹਾ = ਕਿਥੇ? ਬਉਰਾ = ਪਾਗਲ, ਕਮਲਾ, ਝੱਲਾ। ਅਹਿ = ਦਿਨ {Ahr`}। ਨਿਸਿ = ਰਾਤ {in_`}। ਅਉਧ = ਉਮਰ। ਜਾਨੈ = ਜਾਣਦਾ। ਲੋਭ ਸੰਗਿ = ਲੋਭ ਨਾਲ, ਲੋਭ ਵਿਚ ਫਸ ਕੇ। ਹਉਰਾ = ਹੌਲਾ, ਹੌਲੇ ਜੀਵਨ ਵਾਲਾ, ਕਮਜ਼ੋਰ ਆਤਮਕ ਜੀਵਨ ਵਾਲਾ।1। ਰਹਾਉ। ਤੈ = ਤੂੰ। ਅਪਨੋ ਕਰਿ = ਆਪਣਾ ਕਰ ਕੇ। ਗ੍ਰਿਹ ਨਾਰੀ = ਘਰ ਦੀ ਇਸਤ੍ਰੀ। ਇਨ ਮੈਂ = ਇਹਨਾਂ ਵਿਚ। ਰੇ = ਹੇ (ਮਨ) ! ਸੋਚਿ = ਸੋਚ ਕੇ। ਬਿਚਾਰੀ = ਬਿਚਾਰਿ, ਵਿਚਾਰ ਕੇ।1। ਹਾਰਿਓ = (ਜੂਏ ਵਿਚ) ਹਾਰ ਲਿਆ ਹੈ। ਗਤਿ = ਹਾਲਤ, ਅਵਸਥਾ। ਸਿਉ = ਨਾਲ। ਸਿਰਾਨੀ = ਗੁਜ਼ਾਰ ਦਿੱਤੀ।2। ਅਉਰ = ਹੋਰ। ਸਗਲ = ਸਾਰਾ। ਨਿਰਭੈ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਡਰ ਨਹੀਂ ਪੋਹ ਸਕਦਾ।3। ਅਰਥ: ਹੇ (ਮੇਰੇ) ਮਨ! ਤੂੰ ਕਿੱਥੇ (ਲੋਭ ਆਦਿਕ ਵਿਚ ਫਸ ਕੇ) ਪਾਗਲ ਹੋ ਰਿਹਾ ਹੈਂ? (ਹੇ ਭਾਈ!) ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿਚ ਫਸ ਕੇ ਕਮਜ਼ੋਰ ਆਤਮਕ ਜੀਵਨ ਵਾਲਾ ਬਣਦਾ ਜਾਂਦਾ ਹੈ।1। ਰਹਾਉ। ਹੇ (ਮੇਰੇ) ਮਨ! ਜੇਹੜਾ (ਇਹ) ਸਰੀਰ ਤੂੰ ਆਪਣਾ ਕਰ ਕੇ ਸਮਝ ਰਿਹਾ ਹੈਂ ਅਤੇ ਘਰ ਦੀ ਸੁੰਦਰ ਇਸਤ੍ਰੀ ਨੂੰ ਆਪਣੀ ਮੰਨ ਰਿਹਾ ਹੈਂ, ਇਹਨਾਂ ਵਿਚੋਂ ਕੋਈ ਭੀ ਤੇਰਾ (ਸਦਾ ਨਿਭਣ ਵਾਲਾ ਸਾਥੀ) ਨਹੀਂ ਹੈ, ਸੋਚ ਕੇ ਵੇਖ ਲੈ, ਵਿਚਾਰ ਕੇ ਵੇਖ ਲੈ।1। ਹੇ (ਮੇਰੇ) ਮਨ! ਜਿਵੇਂ ਜੁਆਰੀਆ ਜੂਏ ਵਿਚ ਬਾਜ਼ੀ ਹਾਰਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ, ਕਿਉਂਕਿ ਤੂੰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ। ਤੂੰ ਰਤਾ ਭਰ ਸਮੇ ਲਈ ਭੀ ਗੋਬਿੰਦ-ਪ੍ਰਭੂ ਦੇ ਚਰਨਾਂ ਵਿਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰ ਰਿਹਾ ਹੈਂ।2। ਹੇ ਨਾਨਕ! ਆਖ– ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ। ਬਾਕੀ ਦਾ ਸਾਰਾ ਜਹਾਨ (ਜੇਹੜਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਹ ਸਹਿਮਿਆ ਰਹਿੰਦਾ ਹੈ, ਉਹ) ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ, ਜਿਥੇ ਕੋਈ ਡਰ ਪੋਹ ਨਹੀਂ ਸਕਦਾ।3।8। ਗਉੜੀ ਮਹਲਾ ੯ ॥ ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ {ਪੰਨਾ 220} ਪਦ ਅਰਥ: ਨਰ = ਹੇ ਨਰ! ਅਚੇਤ = ਗ਼ਾਫ਼ਿਲ, ਵੇ-ਪਰਵਾਹ। ਨਰ ਅਚੇਤ = ਹੇ ਗ਼ਾਫ਼ਲ ਮਨੁੱਖ {ਨੋਟ: ਲਫ਼ਜ਼ 'ਅਚੇਤ' ਕਿਸੇ ਮਨੁੱਖ ਲਈ ਵਰਤਿਆ ਜਾ ਸਕਦਾ ਹੈ, ਕਿਸੇ ਪਾਪ ਨੂੰ 'ਅਚੇਤ' ਨਹੀਂ ਕਿਹਾ ਜਾ ਸਕਦਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਲਫ਼ਜ਼ 'ਅਚੇਤ' ਦੇਖੋ ਹੇਠ ਲਿਖੇ ਪੰਨਿਆਂ ਉਤੇ: 30, 75, 85, 224, 364, 374, 439, 491, 499, 609, 633, 740, 842, 909, 955}। ਤੇ = ਤੋਂ। ਰੇ = ਹੇ! ਰੇ ਅਚੇਤ ਨਰ! ਹੇ ਗ਼ਾਫ਼ਿਲ ਮਨੁੱਖ! ਸਗਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਭੈ ਭੰਜਨ = ਡਰਾਂ ਦੇ ਨਾਸ ਕਰਨ ਵਾਲਾ। ਪਰੁ = ਪਉ। ਤਾਹਿ = ਉਸ ਦੀ।1। ਰਹਾਉ। ਜਾਸ = ਜਿਸ ਦੇ। ਤਾ ਕੋ = ਉਸ ਦਾ। ਹੀਐ ਮੋ = ਹੀਐ ਮਹਿ, ਹਿਰਦੇ ਵਿਚ। ਪਾਵਨ = ਪਵਿੱਤ੍ਰ ਕਰਨ ਵਾਲਾ। ਕਸਮਲ = ਪਾਪ। ਸਭਿ = ਸਾਰੇ। ਹਰੁ = ਦੂਰ ਕਰ।1। ਬਹੁਰਿ = ਮੁੜ, ਫਿਰ ਕਦੇ। ਨਹਿ ਪਾਵੈ = ਤੂੰ ਪਰਾਪਤ ਨਹੀਂ ਕਰੇਂਗਾ। ਉਪਾਉ = ਇਲਾਜ। ਮੁਕਤਿ = (ਕਸਮਲਾਂ ਤੋਂ) ਖ਼ਲਾਸੀ। ਨਾਨਕੁ ਕਹਤ = ਨਾਨਕ ਆਖਦਾ ਹੈ। ਕਰੁਨਾਮੈ = {k{xwmX, ਕਰੁਨਾ = ਤਰਸ, ਮਯ = ਭਰਪੂਰ}, ਤਰਸ-ਭਰਪੂਰ, ਤਰਸ-ਰੂਪ। ਭਵ ਸਾਗਰ = ਸੰਸਾਰ-ਸਮੁੰਦਰ। ਕੈ ਪਾਰਿ = ਤੋਂ ਪਾਰ। ਉਤਰੁ = ਲੰਘ। ਰੇ = ਹੇ (ਅਚੇਤ ਨਰ) !।2। ਅਰਥ: ਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ, (ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ।1। ਰਹਾਉ। (ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ। (ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ। (ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ। ਤੈਨੂੰ ਨਾਨਕ ਆਖਦਾ ਹੈ– ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ।2।9। 251।
ਨੋਟ: ਵੱਡੇ ਜੋੜ 251 ਦਾ ਵੇਰਵਾ ਇਉਂ ਹੈ: |
Sri Guru Granth Darpan, by Professor Sahib Singh |