ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 221 ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥ ਪੂਰਨ ਪੂਰਿ ਰਹਿਆ ਬਿਖੁ ਮਾਰਿ ॥ ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥ ਗੁਰ ਕੀ ਮਤਿ ਜੀਇ ਆਈ ਕਾਰਿ ॥੧॥ ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥ ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥ ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥ ਨਿਰਮਲ ਬਾਣੀ ਭਰਮੁ ਚੁਕਾਇਆ ॥ ਲਾਲ ਭਏ ਸੂਹਾ ਰੰਗੁ ਮਾਇਆ ॥ ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥ ਉਲਟ ਭਈ ਜੀਵਤ ਮਰਿ ਜਾਗਿਆ ॥ ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥ ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥ ਭਾਇ ਬਸੇ ਜਮ ਕਾ ਭਉ ਭਾਗਿਆ ॥੩॥ ਸਾਦ ਰਹੇ ਬਾਦੰ ਅਹੰਕਾਰਾ ॥ ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥ ਜਾਤਿ ਰਹੇ ਪਤਿ ਕੇ ਆਚਾਰਾ ॥ ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥ {ਪੰਨਾ 221} ਪਦ ਅਰਥ: ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ। ਬਿਖੁ = ਮਾਇਆ, ਜ਼ਹਰ। ਤ੍ਰਿਕੁਟੀ = ਤ੍ਰਿਊੜੀ {i>-kutI, ਤਿੰਨ ਵਿੰਗੀਆਂ ਲਕੀਰਾਂ} ਨੋਟ: ਮੱਥੇ ਤੇ ਤ੍ਰਿਊੜੀ ਤਦੋਂ ਪੈਂਦੀ ਹੈ, ਜਦੋਂ ਮਨ ਵਿਚ ਖਿੱਝ ਹੋਵੇ। ਸੋ, ਤ੍ਰਿਕੁਟੀ ਦਾ ਅਰਥ ਹੈ 'ਮਨ ਦੀ ਖਿੱਝ'। ਬਿਮਲ = ਸਾਫ਼, ਪਵਿਤ੍ਰ। ਮਝਾਰਿ = ਵਿਚ। ਜੀਇ = ਜੀਅ ਵਿਚ, ਅੰਤਰ ਆਤਮੇ। ਕਾਰਿ = ਕਾਰੀ, ਲਾਭਦਾਇਕ।1। ਮਾਨਿਆ = ਗਿੱਝ ਗਿਆ। ਅੰਜਨੁ = ਸੁਰਮਾ।1। ਰਹਾਉ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਭਰਮੁ = ਭਟਕਣਾ। ਨਦਰਿ = ਮਿਹਰ ਦੀ ਨਜ਼ਰ।2। ਮਰਿ = (ਮਾਇਆ ਵਲੋਂ) ਮਰ ਕੇ। ਸਬਦਿ = (ਗੁਰੂ ਦੇ ਸ਼ਬਦ) ਰਾਹੀਂ। ਸੰਗ੍ਰਹਿ = ਇਕੱਠਾ ਕਰ ਕੇ। ਭਾਇ = ਪ੍ਰੇਮ ਵਿਚ। ਪਰਹਰਿ = ਦੂਰ ਕਰ ਕੇ।3। ਸਾਦ = ਚਸਕੇ। ਬਾਦੰ = ਝਗੜਾ। ਪਤਿ = ਇੱਜ਼ਤ, ਲੋਕ-ਲਾਜ। ਆਚਾਰਾ = ਕਰਮ-ਕਾਂਡ, ਧਾਰਮਿਕ ਰਸਮਾਂ। ਦ੍ਰਿਸਟਿ = (ਮਿਹਰ ਦੀ) ਨਿਗਾਹ।4। ਅਰਥ: ਗੁਰੂ ਦੀ ਦਿੱਤੀ ਹੋਈ ਮਤਿ ਮੇਰੇ ਚਿੱਤ ਵਿਚ ਕਾਰੀ ਆ ਗਈ ਹੈ (ਲਾਭਵੰਦੀ ਹੋ ਗਈ ਹੈ) । (ਉਸ ਮਤਿ ਦੀ ਬਰਕਤਿ ਨਾਲ) ਪਵਿਤ੍ਰ ਹਰਿ-ਨਾਮ ਵਿਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਝ ਮੁੱਕ ਗਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਮਾਰ ਲਿਆ ਹੈ। ਹੁਣ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਪਰਮਾਤਮਾ ਦਾ ਨਿਰਮਲ ਨਾਮ ਤੇਰੇ ਵਾਸਤੇ (ਆਤਮਕ) ਖ਼ਜ਼ਾਨਾ ਹੈ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ (ਰਿੱਧੀਆਂ) ਸਿੱਧੀਆਂ ਹੈ।1। ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਹ (ਆਤਮਕ) ਸੁਰਮਾ ਲੱਭ ਲਿਆ ਹੈ, ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਦੇਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ (ਸਿਮਰਨ ਵਿਚ) ਇਸ ਤਰ੍ਹਾਂ ਗਿੱਝ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾ ਰਹਿ ਹੀ ਨਹੀਂ ਸਕਦਾ।1। ਰਹਾਉ। (ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ) ਪਵਿਤ੍ਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ, ਮੈਨੂੰ ਸਹਜ ਅਵਸਥਾ ਵਿਚ ਮਿਲਾ ਦਿੱਤਾ ਹੈ, (ਹੁਣ ਮੇਰਾ ਮਨ) ਮੰਨ ਗਿਆ ਹੈ ਕਿ ਇਹੀ (ਆਤਮਕ) ਸੁਖ (ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ) । (ਸਿਮਰਨ ਦੀ ਬਰਕਤਿ ਨਾਲ ਨਾਮ ਵਿਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ ਪੱਕੇ ਰੰਗ ਵਾਲਾ) ਲਾਲ ਹੋ ਗਿਆ ਹੈ। ਮਾਇਆ ਦਾ ਰੰਗ ਮੈਨੂੰ ਕਸੁੰਭੇ ਦੇ ਰੰਗ ਵਰਗਾ ਕੱਚਾ, ਸੂਹਾ ਦਿੱਸ ਪਿਆ ਹੈ। (ਮੇਰਾ ਉਤੇ ਪਰਮਾਤਮਾ ਦੀ ਮਿਹਰ ਦੀ) ਨਜ਼ਰ ਹੋਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਉਤੇ ਅਸਰ ਕਰਨੋਂ) ਰੋਕ ਲਿਆ ਹੈ।2। (ਮੇਰੀ ਸੁਰਤਿ ਮਾਇਆ ਦੇ ਮੋਹ ਵਲੋਂ) ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ (ਮੇਰਾ ਮਨ ਮਾਇਆ ਵਲੋਂ) ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ। ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ, ਮੇਰਾ ਮਨ ਪਰਮਾਤਮਾ ਨਾਲ ਪ੍ਰੀਤ ਪਾ ਚੁਕਾ ਹੈ। (ਆਤਮਕ) ਆਨੰਦ (ਆਪਣੇ ਅੰਦਰ) ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਦੂਰ ਕਰ ਕੇ (ਸਦਾ ਲਈ) ਤਿਆਗ ਦਿੱਤਾ ਹੈ। ਪਰਮਾਤਮਾ ਦੇ ਪ੍ਰੇਮ ਵਿਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ।3। (ਸਿਮਰਨ ਦੀ ਬਰਕਤਿ ਕਰਕੇ ਮੇਰੇ ਅੰਦਰੋਂ ਮਾਇਕ ਪਦਾਰਥਾਂ ਦੇ) ਚਸਕੇ ਦੂਰ ਹੋ ਗਏ ਹਨ, (ਮਨ ਵਿਚ ਨਿੱਤ ਹੋ ਰਿਹਾ ਮਾਇਆ ਵਾਲਾ) ਝਗੜਾ ਮਿਟ ਗਿਆ ਹੈ, ਅਹੰਕਾਰ ਰਹਿ ਗਿਆ ਹੈ। ਮੇਰਾ ਚਿੱਤ ਹੁਣ ਪਰਮਾਤਮਾ (ਦੇ ਨਾਮ) ਨਾਲ ਰੰਗਿਆ ਗਿਆ ਹੈ, ਮੈਂ ਹੁਣ ਉਸ ਬੇਅੰਤ ਪ੍ਰਭੂ ਦੀ ਰਜ਼ਾ ਵਿਚ ਟਿਕ ਗਿਆ ਹਾਂ। ਜਾਤਿ-ਵਰਨ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਜਾਣ ਵਾਲੇ ਧਰਮ-ਕਰਮ ਬੱਸ ਹੋ ਗਏ ਹਨ। (ਮੇਰੇ ਉਤੇ ਪ੍ਰਭੂ ਦੀ) ਮਿਹਰ ਦੀ ਨਿਗਾਹ ਹੋਈ ਹੈ, ਮੈਨੂੰ ਆਤਮਕ ਸੁਖ ਮਿਲ ਗਿਆ ਹੈ।4। ਤੁਝ ਬਿਨੁ ਕੋਇ ਨ ਦੇਖਉ ਮੀਤੁ ॥ ਕਿਸੁ ਸੇਵਉ ਕਿਸੁ ਦੇਵਉ ਚੀਤੁ ॥ ਕਿਸੁ ਪੂਛਉ ਕਿਸੁ ਲਾਗਉ ਪਾਇ ॥ ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥ ਗੁਰ ਸੇਵੀ ਗੁਰ ਲਾਗਉ ਪਾਇ ॥ ਭਗਤਿ ਕਰੀ ਰਾਚਉ ਹਰਿ ਨਾਇ ॥ ਸਿਖਿਆ ਦੀਖਿਆ ਭੋਜਨ ਭਾਉ ॥ ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥ ਗਰਬ ਗਤੰ ਸੁਖ ਆਤਮ ਧਿਆਨਾ ॥ ਜੋਤਿ ਭਈ ਜੋਤੀ ਮਾਹਿ ਸਮਾਨਾ ॥ ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥ ਕਰਤਾ ਕਰਣਾ ਕਰਤਾ ਜਾਨਾ ॥੭॥ ਨਹ ਪੰਡਿਤੁ ਨਹ ਚਤੁਰੁ ਸਿਆਨਾ ॥ ਨਹ ਭੂਲੋ ਨਹ ਭਰਮਿ ਭੁਲਾਨਾ ॥ ਕਥਉ ਨ ਕਥਨੀ ਹੁਕਮੁ ਪਛਾਨਾ ॥ ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥ {ਪੰਨਾ 221} ਪਦ ਅਰਥ: ਨ ਦੇਖਉ = ਮੈਂ ਨਹੀਂ ਵੇਖਦਾ। ਸੇਵਉ = ਸੇਵਉਂ, ਮੈਂ ਸੇਵਾ ਕਰਾਂ। ਪਾਇ = ਚਰਨੀਂ। ਉਪਦੇਸਿ = ਉਪਦੇਸ਼ ਵਿਚ।5। ਸੇਵੀ = ਸੇਵੀਂ, ਮੈਂ ਸੇਵਾ ਕਰਦਾ ਹਾਂ। ਕਰੀ = ਮੈਂ ਕਰਦਾ ਹਾਂ। ਨਾਇ = ਨਾਮ ਵਿਚ। ਦੀਖਿਆ = ਕਿਸੇ ਧਰਮ ਵਿਚ ਦਾਖ਼ਲ ਹੋਣ ਵੇਲੇ ਜੋ ਖ਼ਾਸ ਉਪਦੇਸ਼ ਮਿਲਦਾ ਹੈ। ਭਾਉ = ਪ੍ਰੇਮ। ਸੰਜੋਗੀ = ਸੰਜੋਗਾਂ ਨਾਲ, ਕੀਤੇ ਕਰਮਾਂ ਦੇ ਅੰਕੁਰ ਫੁੱਟਣ ਨਾਲ। ਜਾਉ = ਜਾਉਂ, ਮੈਂ ਜਾਂਦਾ ਹਾਂ।6। ਗਰਬ ਗਤੰ = ਅਹੰਕਾਰ ਦੂਰ ਹੋ ਗਿਆ। ਜੋਤਿ = ਚਾਨਣ, ਪ੍ਰਕਾਸ਼। ਲਿਖਤੁ = ਹਿਰਦੇ ਵਿਚ ਉੱਕਰਿਆ ਹੋਇਆ ਲੇਖ। ਨੀਸਾਨਾ = ਪਰਗਟ। ਕਰਣਾ = ਸ੍ਰਿਸ਼ਟੀ। ਜਾਨਾ = ਮੈਂ ਜਾਣ ਲਿਆ ਹੈ।7। ਭਰਮਿ = ਭਟਕਣਾ ਵਿਚ। ਕਥਉ ਨ = ਮੈਂ ਕਥਦਾ ਨਹੀਂ ਹਾਂ। ਸਮਾਨਾ = ਮੈਂ ਲੀਨ ਹੋ ਗਿਆ ਹਾਂ।8। ਅਰਥ: (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ, ਹੇ ਪ੍ਰਭੂ!) ਮੈਨੂੰ ਤੈਥੋਂ ਬਿਨਾ ਕੋਈ ਹੋਰ (ਪੱਕਾ) ਮਿੱਤਰ ਨਹੀਂ ਦਿੱਸਦਾ। ਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਿਮਰਦਾ, ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਂਟ ਕਰਦਾ। ਮੈਂ ਕਿਸੇ ਹੋਰ ਤੋਂ ਸਾਲਾਹ ਨਹੀਂ ਪੁੱਛਦਾ। ਮੈਂ ਕਿਸੇ ਹੋਰ ਦੇ ਪੈਰੀਂ ਨਹੀਂ ਲਗਦਾ ਫਿਰਦਾ। ਮੈਂ ਕਿਸੇ ਹੋਰ ਦੇ ਉਪਦੇਸ਼ ਵਿਚ ਸੁਰਤਿ ਨਹੀਂ ਜੋੜਦਾ ਫਿਰਦਾ।5। (ਗੁਰੂ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ, ਇਸ ਵਾਸਤੇ) ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ, ਗੁਰੂ ਦੀ ਹੀ ਚਰਨੀਂ ਲੱਗਦਾ ਹਾਂ। (ਗੁਰੂ ਦੀ ਸਹਾਇਤਾ ਨਾਲ ਹੀ, ਹੇ ਭਾਈ!) ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ, ਹਰੀ ਦੇ ਨਾਮ ਵਿਚ ਟਿਕਦਾ ਹਾਂ। ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ। ਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ।6। (ਸਿਮਰਨ ਦੀ ਬਰਕਤਿ ਨਾਲ) ਅਹੰਕਾਰ ਦੂਰ ਹੋ ਗਿਆ ਹੈ, ਆਤਮਕ ਆਨੰਦ ਵਿਚ ਮੇਰੀ ਸੁਰਤਿ ਟਿਕ ਗਈ ਹੈ, ਮੇਰੇ ਆਤਮਕ ਚਾਨਣ ਹੋ ਗਿਆ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਗਈ ਹੈ। (ਮੇਰੇ ਹਿਰਦੇ ਵਿਚ) ਉੱਕਰਿਆ ਹੋਇਆ ਗੁਰ-ਸ਼ਬਦ (ਰੂਪ) ਲੇਖ ਹੁਣ ਅਜਿਹਾ ਪਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ। ਮੈਂ ਕਰਤੇ ਤੇ (ਕਰਤੇ ਦੀ) ਰਚਨਾ ਨੂੰ ਕਰਤਾਰ-ਰੂਪ ਹੀ ਜਾਣ ਲਿਆ ਹੈ, (ਮੈਂ ਕਰਤਾਰ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰਾ ਜਾਣ ਲਿਆ ਹੈ) ।7। ਮੈਂ ਕੋਈ ਪੰਡਿਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ, (ਭਾਵ, ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ) ਤਾਹੀਏਂ ਮੈਂ (ਰਸਤੇ ਤੋਂ) ਖੁੰਝਿਆ ਨਹੀਂ, ਭਟਕਣਾ ਵਿਚ ਪੈ ਕੇ ਕੁਰਾਹੇ ਨਹੀਂ ਪਿਆ। ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ। ਹੇ ਨਾਨਕ! (ਆਖ–) ਮੈਂ ਤਾਂ ਸਤਿਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ (ਭਾਵ, ਮੈਂ ਇਹ ਸਮਝਿਆ ਹੈ ਕਿ ਪ੍ਰਭੂ ਦੇ ਹੁਕਮ ਵਿਚ ਤੁਰਨਾ ਹੀ ਸਹੀ ਰਸਤਾ ਹੈ, ਤੇ ਮੈਂ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ।8।1। ਗਉੜੀ ਗੁਆਰੇਰੀ ਮਹਲਾ ੧ ॥ ਮਨੁ ਕੁੰਚਰੁ ਕਾਇਆ ਉਦਿਆਨੈ ॥ ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥ ਰਾਜ ਦੁਆਰੈ ਸੋਭ ਸੁ ਮਾਨੈ ॥੧॥ ਚਤੁਰਾਈ ਨਹ ਚੀਨਿਆ ਜਾਇ ॥ ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥ ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥ ਨੰਨਾਕਾਰੁ ਨ ਕੋਇ ਕਰੇਈ ॥ ਰਾਖੈ ਆਪਿ ਵਡਿਆਈ ਦੇਈ ॥੨॥ ਨੀਲ ਅਨੀਲ ਅਗਨਿ ਇਕ ਠਾਈ ॥ ਜਲਿ ਨਿਵਰੀ ਗੁਰਿ ਬੂਝ ਬੁਝਾਈ ॥ ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥ ਜੈਸਾ ਘਰਿ ਬਾਹਰਿ ਸੋ ਤੈਸਾ ॥ ਬੈਸਿ ਗੁਫਾ ਮਹਿ ਆਖਉ ਕੈਸਾ ॥ ਸਾਗਰਿ ਡੂਗਰਿ ਨਿਰਭਉ ਐਸਾ ॥੪॥ {ਪੰਨਾ 221} ਪਦ ਅਰਥ: ਕੁੰਚਰੁ = ਹਾਥੀ। ਕਾਇਆ = ਸਰੀਰ। ਉਦਿਆਨੈ = ਜੰਗਲ ਵਿਚ। ਅੰਕਸੁ = (ਹਾਥੀ ਨੂੰ ਵੱਸ ਕਰਨ ਵਾਸਤੇ) ਕੁੰਡਾ। ਨੀਸਾਨੈ = ਝੰਡਾ (ਝੁਲਦਾ ਹੈ) । ਦੁਆਰੈ = ਦੁਆਰ ਤੇ। ਸੁ = ਉਹ। ਮਾਨੈ = ਮਾਣ ਪਾਂਦਾ ਹੈ।1। ਚੀਨਿਆ ਜਾਇ = ਪਛਾਣਿਆ ਜਾਂਦਾ ਹੈ। ਕੀਮਤਿ = ਮੁੱਲ, ਕਦਰ।1। ਰਹਾਉ। ਤਸਕਰੁ = ਚੋਰ। ਨੰਨਾਕਾਰੁ = ਨਾਂਹ-ਨੁੱਕਰ, ਇਨਕਾਰ। ਦੇਈ = ਦੇਂਦਾ ਹੈ।2। ਨੀਲ ਅਨੀਲ = ਗਿਣਤੀ ਤੋਂ ਪਰੇ। ਅਗਨਿ = ਤ੍ਰਿਸ਼ਨਾ ਦੀ ਅੱਗ। ਇਕ ਠਾਈ = ਇੱਕ ਥਾਂ ਤੇ। ਜਲਿ = ਜਲ ਨਾਲ। ਗੁਰਿ = ਗੁਰੂ ਨੇ। ਬੂਝ = ਸਮਝ। ਦੇ = ਦੇ ਕੇ। ਰਹਸਿ = ਚਾਉ ਨਾਲ।3। ਬੈਸਿ = ਬੈਠ ਕੇ। ਆਖਉ = ਮੈਂ ਆਖਾਂ। ਕੈਸਾ = ਕਿਹੋ ਜਿਹਾ? ਸਾਗਰਿ = ਸਾਗਰ ਵਿਚ। ਡੂਗਰਿ = ਪਹਾੜ (ਦੀ ਗੁਫ਼ਾ) ਵਿਚ। ਐਸਾ = ਇਹੋ ਜਿਹਾ, ਇਕ ਸਮਾਨ।4। ਅਰਥ: ਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ (ਭਾਵ, ਉਹੀ ਮਨ ਆਦਰ-ਸਤਕਾਰ ਦਾ ਹੱਕਦਾਰ ਹੁੰਦਾ ਹੈ, ਜੇਹੜਾ ਵੱਸ ਵਿਚ ਆ ਜਾਂਦਾ ਹੈ) । ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ।1। ਰਹਾਉ। (ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ। (ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ, (ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ।1। (ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮ੍ਰਿਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ-) ਚੋਰ (ਉਸ ਅੰਮ੍ਰਿਤ ਨੂੰ) ਚੁਰਾਈ ਜਾਂਦਾ ਹੈ, (ਇਹ ਮਨ ਏਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾਂਹ-ਨੁੱਕਰ ਨਹੀਂ ਕਰ ਸਕਦਾ। ਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮ੍ਰਿਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ।2। (ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ, ਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ, (ਪਰ ਜਿਸ ਨੇ ਭੀ ਨਾਮ-ਜਲ ਲਿਆ ਹੈ) ਆਪਣਾ ਮਨ (ਵੱਟੇ ਵਿਚ) ਦੇ ਕੇ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੁਣ ਗਾਂਦਾ ਹੈ।2। (ਜੇ ਮਨ-ਹਾਥੀ ਦੇ ਸਿਰ ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗ੍ਰਿਹਸਤ ਵਿਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿਚ ਰਹਿੰਦਿਆਂ) ਹੁੰਦਾ ਹੈ। ਪਹਾੜ ਦੀ ਗੁਫ਼ਾ ਵਿਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ? (ਗੁਫ਼ਾ ਵਿਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ) । ਸਮੁੰਦਰ ਵਿਚ ਵੜੇ (ਤੀਰਥਾਂ ਵਿਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ।4। ਮੂਏ ਕਉ ਕਹੁ ਮਾਰੇ ਕਉਨੁ ॥ ਨਿਡਰੇ ਕਉ ਕੈਸਾ ਡਰੁ ਕਵਨੁ ॥ ਸਬਦਿ ਪਛਾਨੈ ਤੀਨੇ ਭਉਨ ॥੫॥ ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥ ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥ ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥ ਕੀਰਤਿ ਸੂਰਤਿ ਮੁਕਤਿ ਇਕ ਨਾਈ ॥ ਤਹੀ ਨਿਰੰਜਨੁ ਰਹਿਆ ਸਮਾਈ ॥ ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥ ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥ ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥ ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥ {ਪੰਨਾ 221-222} ਪਦ ਅਰਥ: ਮੂਏ ਕਉ = ਵਿਕਾਰਾਂ ਵਲੋਂ ਮਰੇ ਹੋਏ ਨੂੰ। ਸਬਦਿ = ਸ਼ਬਦ ਵਿਚ (ਜੁੜ ਕੇ) ।5। ਜਿਨਿ = ਜਿਸ (ਜੀਵ) ਨੇ। ਕਹਨੁ ਵਖਾਨਿਆ = ਨਿਰਾ ਜ਼ਬਾਨੀ ਆਖ ਦਿੱਤਾ। ਸਹਜਿ = ਸਹਜ ਅਵਸਥਾ ਵਿਚ। ਮੇਰਾ ਮਨੁ = 'ਮੇਰਾ, ਮੇਰਾ' ਆਖਣ ਵਾਲਾ ਮਨ।1। ਕੀਰਤਿ = ਸੋਭਾ। ਸੂਰਤਿ = ਸੁੰਦਰਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨਾਈ = ਵਡਿਆਈ। ਨਿਰੰਜਨੁ = ਮਾਇਆ-ਰਹਿਤ ਪ੍ਰਭੂ। ਨਿਜ ਠਾਈ = ਨਿਰੋਲ ਆਪਣੇ ਥਾਂ ਵਿਚ।7। ਤਨਿ ਮਨਿ ਸੂਚੇ = ਸੁੱਚੇ ਤਨ ਨਾਲ, ਸੁੱਚੇ ਮਨ ਨਾਲ। ਚੀਤਿ = ਚਿੱਤ ਵਿਚ।8। ਅਰਥ: ਪਰ ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ। ਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ (ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ।5। ਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ) । ਜਿਸ ਨੇ (ਗੁਰੂ-ਅੰਕੁਸ ਦੇ ਅਧੀਨ ਰਹਿ ਕੇ ਇਹ ਭੇਤ) ਸਮਝ ਲਿਆ, ਉਸ ਨੇ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ (ਉਸ ਤਿੰਨਾਂ ਭਵਨਾਂ ਵਿਚ ਵੱਸਦੇ ਨੂੰ) ਪਛਾਣ ਭੀ ਲਿਆ। (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ 'ਮੇਰਾ, ਮੇਰਾ' ਆਖਣ ਵਾਲਾ ਮਨ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ) ਗਿੱਝ ਜਾਂਦਾ ਹੈ।6। ਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ, ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ। (ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ-ਥਾਂ ਬਣ ਗਿਆ) , ਉਸ ਆਪਣੇ ਘਰ ਵਿਚ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ।7। ਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਹਨਾਂ ਦੇ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਤੂੰ ਭੀ (ਇਸੇ ਤਰ੍ਹਾਂ) ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ।8।2। |
Sri Guru Granth Darpan, by Professor Sahib Singh |