ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 222 ਗਉੜੀ ਗੁਆਰੇਰੀ ਮਹਲਾ ੧ ॥ ਨਾ ਮਨੁ ਮਰੈ ਨ ਕਾਰਜੁ ਹੋਇ ॥ ਮਨੁ ਵਸਿ ਦੂਤਾ ਦੁਰਮਤਿ ਦੋਇ ॥ ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥ ਨਿਰਗੁਣ ਰਾਮੁ ਗੁਣਹ ਵਸਿ ਹੋਇ ॥ ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥ ਮਨੁ ਭੂਲੋ ਬਹੁ ਚਿਤੈ ਵਿਕਾਰੁ ॥ ਮਨੁ ਭੂਲੋ ਸਿਰਿ ਆਵੈ ਭਾਰੁ ॥ ਮਨੁ ਮਾਨੈ ਹਰਿ ਏਕੰਕਾਰੁ ॥੨॥ ਮਨੁ ਭੂਲੋ ਮਾਇਆ ਘਰਿ ਜਾਇ ॥ ਕਾਮਿ ਬਿਰੂਧਉ ਰਹੈ ਨ ਠਾਇ ॥ ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥ ਗੈਵਰ ਹੈਵਰ ਕੰਚਨ ਸੁਤ ਨਾਰੀ ॥ ਬਹੁ ਚਿੰਤਾ ਪਿੜ ਚਾਲੈ ਹਾਰੀ ॥ ਜੂਐ ਖੇਲਣੁ ਕਾਚੀ ਸਾਰੀ ॥੪॥ ਸੰਪਉ ਸੰਚੀ ਭਏ ਵਿਕਾਰ ॥ ਹਰਖ ਸੋਕ ਉਭੇ ਦਰਵਾਰਿ ॥ ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥ {ਪੰਨਾ 222} ਪਦ ਅਰਥ: ਕਾਰਜੁ = (ਪਰਮਾਤਮਾ ਦੇ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ। ਵਸਿ = ਵੱਸ ਵਿਚ। ਦੂਤਾ = ਕਾਮਾਦਿਕ ਦੂਤਾਂ ਦੇ। ਦੋਇ = ਦ੍ਵੈਤ, ਮੇਰ-ਤੇਰ। ਗੁਰ ਤੇ = ਗੁਰੂ ਤੋਂ। ਇਕੁ = ਪਰਮਾਤਮਾ ਨਾਲ ਇੱਕ-ਰੂਪ।1। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਗੁਣਹ ਵਸਿ = ਉੱਚੇ ਆਤਮਕ ਗੁਣਾਂ ਦੇ ਵੱਸ ਵਿਚ। ਆਪੁ = ਆਪਾ-ਭਾਵ। ਸੋਇ = ਉਹੀ ਮਨੁੱਖ।1। ਰਹਾਉ। ਚਿਤੈ = ਚਿਤਵੈ। ਸਿਰਿ = ਸਿਰ ਉਤੇ। ਭਾਰੁ = ਵਿਕਾਰਾਂ ਦਾ ਭਾਰ।2। ਘਰਿ = ਘਰ ਵਿਚ, ਘੇਰੇ ਵਿਚ। ਕਾਮਿ = ਕਾਮਿ-ਵਾਸਨਾ ਵਿਚ। ਬਿਰੂਧਉ = ਰੁੱਝਾ ਹੋਇਆ, ਫਸਿਆ ਹੋਇਆ। ਠਾਇ = ਥਾਂ ਤੇ, ਟਿਕਿਆ ਹੋਇਆ, ਅਡੋਲ। ਪ੍ਰਾਣੀ = ਹੇ ਪ੍ਰਾਣੀ! ਰਸਨ = ਜੀਭ ਨੂੰ। ਰਸਾਇ = ਰਸਾ ਕੇ।3। ਗੈਵਰ = ਗਜ ਵਰ, ਵਧੀਆ ਹਾਥੀ। ਹੈਵਰ = ਹਯ ਵਰ, ਵਧੀਆ ਘੋੜੇ। ਕੰਚਨ = ਸੋਨਾ। ਸੁਤ = ਪੁੱਤਰ। ਪਿੜ = ਕੁਸ਼ਤੀ ਦਾ ਅਖਾੜਾ। ਹਾਰੀ = ਹਾਰਿ, ਹਾਰ ਕੇ। ਜੂਐ ਖੇਲਣੁ = ਜੂਏ ਦੀ ਖੇਡ। ਸਾਰੀ = ਨਰਦ।4। ਸੰਪਉ = ਧਨ। ਸੰਚੀ = ਇਕੱਠੀ ਕੀਤੀ, ਜੋੜੀ। ਸੋਕ = ਚਿੰਤਾ। ਉਭੇ = ਖਲੋਤੇ ਹੋਏ। ਦਰਵਾਰਿ = ਬੂਹੇ ਉਤੇ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ। ਜਪਿ = ਜਪ ਕੇ। ਮੁਰਾਰਿ = ਪਰਮਾਤਮਾ।5। ਅਰਥ: ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਤੇ, ਉੱਚੇ ਆਤਮਕ ਗੁਣਾਂ ਦੇ ਵੱਸ ਵਿਚ ਹੈ (ਭਾਵ, ਜੋ ਮਨੁੱਖ ਉੱਚੇ ਆਤਮਕ ਗੁਣਾਂ ਨੂੰ ਆਪਣੇ ਅੰਦਰ ਵਸਾਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ) । ਜੇਹੜਾ ਮਨੁੱਖ ਆਪਾ-ਭਾਵ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ।1। ਰਹਾਉ। ਜਿਤਨਾ ਚਿਰ ਮਨੁੱਖ ਦਾ ਮਨ ਕਾਮਾਦਿਕ ਵਿਕਾਰਾਂ ਦੇ ਵੱਸ ਵਿਚ ਹੈ, ਕੋਝੀ ਮਤਿ ਦੇ ਅਧੀਨ ਹੈ, ਮੇਰ-ਤੇਰ ਦੇ ਕਾਬੂ ਵਿਚ ਹੈ, ਉਤਨਾ ਚਿਰ ਮਨ (ਤ੍ਰਿਸ਼ਨਾ ਵਲੋਂ) ਮਰਦਾ ਨਹੀਂ ਤੇ ਉਤਨਾ ਚਿਰ (ਪਰਮਾਤਮਾ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ ਭੀ ਸਿਰੇ ਨਹੀਂ ਚੜ੍ਹਦਾ। ਜਦੋਂ ਗੁਰੂ ਤੋਂ (ਸਿੱਖਿਆ ਲੈ ਕੇ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਵਿਚ) ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ।1। (ਮਾਇਆ-ਵੱਸ ਹੋ ਕੇ ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ, (ਮਨੁੱਖ ਦੇ) ਸਿਰ ਉਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ। ਪਰ ਜਦੋਂ (ਗੁਰੂ ਤੋਂ ਸਿੱਖਿਆ ਲੈ ਕੇ) ਮਨ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ) ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇਕ-ਸੁਰ ਹੋ ਜਾਂਦਾ ਹੈ।2। (ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿਚ (ਮੁੜ ਮੁੜ) ਜਾਂਦਾ ਹੈ, ਕਾਮ-ਵਾਸਨਾ ਵਿਚ ਫਸਿਆ ਹੋਇਆ ਮਨ ਟਿਕਾਣੇ-ਸਿਰ ਨਹੀਂ ਰਹਿੰਦਾ। (ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਹੇ ਪ੍ਰਾਣੀ! ਆਪਣੀ ਜੀਭ ਨੂੰ (ਅੰਮ੍ਰਿਤ ਰਸ ਵਿਚ) ਰਸਾ ਕੇ ਪਰਮਾਤਮਾ ਦਾ ਭਜਨ ਕਰ।3। ਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤ੍ਰੀ = (ਇਹਨਾਂ ਦਾ ਮੋਹ) ਜੂਏ ਦੀ ਖੇਡ ਹੈ, (ਚਉਪੜ ਦੀਆਂ) ਕੱਚੀਆਂ ਨਰਦਾਂ (ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ) । (ਪੁੱਤਰ ਇਸਤ੍ਰੀ ਆਦਿਕ ਦੇ ਮੋਹ ਦੇ ਕਾਰਨ) ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ, ਤੇ, ਆਖ਼ਿਰ ਇਸ ਜਗਤ-ਅਖਾੜੇ ਤੋਂ ਮਨੁੱਖ ਬਾਜ਼ੀ ਹਾਰ ਕੇ ਜਾਂਦਾ ਹੈ।4। ਜਿਉਂ ਜਿਉਂ ਮਨੁੱਖ ਧਨ ਜੋੜਦਾ ਹੈ ਮਨ ਵਿਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ, (ਕਦੇ ਖ਼ੁਸ਼ੀ ਕਦੇ ਚਿੰਤਾ) ਇਹ ਖ਼ੁਸ਼ੀ ਤੇ ਸਹਮ ਸਦਾ ਮਨੁੱਖ ਦੇ ਬੂਹੇ ਉਤੇ ਖਲੋਤੇ ਹੀ ਰਹਿੰਦੇ ਹਨ। ਪਰ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ।5। ਨਦਰਿ ਕਰੇ ਤਾ ਮੇਲਿ ਮਿਲਾਏ ॥ ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥ ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥ ਬਿਨੁ ਨਾਵੈ ਸਭ ਦੂਖ ਨਿਵਾਸੁ ॥ ਮਨਮੁਖ ਮੂੜ ਮਾਇਆ ਚਿਤ ਵਾਸੁ ॥ ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥ ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥ ਸਾਚੇ ਸੂਚੇ ਮੈਲੁ ਨ ਭਾਵੈ ॥ ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥ {ਪੰਨਾ 222} ਪਦ ਅਰਥ: ਸੰਗ੍ਰਹਿ = ਇਕੱਠੇ ਕਰ ਕੇ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।6। ਦੂਖ ਨਿਵਾਸੁ = ਦੁਖਾਂ ਦਾ ਨਿਵਾਸ (ਮਨ ਵਿਚ) । ਮਨਮੁਖ = ਮਨ ਦਾ ਮੁਰੀਦ। ਚਿਤ ਵਾਸੁ = ਚਿੱਤ ਦਾ ਵਾਸ, ਚਿੱਤ ਦਾ ਟਿਕਾਣਾ। ਕਰਮਿ = ਮਿਹਰ ਨਾਲ।7। ਫੁਨਿ = ਮੁੜ ਮੁੜ। ਧਾਵੈ = (ਮਾਇਆ ਦੇ ਪਿੱਛੇ) ਦੌੜਦਾ ਹੈ।8। ਅਰਥ: (ਪਰ ਜੀਵ ਦੇ ਕੀਹ ਵੱਸ?) ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਗੁਰੂ ਇਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ। (ਗੁਰੂ ਦੇ ਸਨਮੁਖ ਹੋ ਕੇ) ਜੀਵ ਆਤਮਕ ਗੁਣ (ਆਪਣੇ ਅੰਦਰ) ਇਕੱਠੇ ਕਰ ਕੇ ਗੁਰ-ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਔਗੁਣ ਸਾੜ ਦੇਂਦਾ ਹੈ। ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ-ਧਨ ਲੱਭ ਲੈਂਦਾ ਹੈ।6। ਪ੍ਰਭੂ ਦੇ ਨਾਮ ਵਿਚ ਜੁੜਨ ਤੋਂ ਬਿਨਾ ਮਨੁੱਖ ਦੇ ਮਨ ਵਿਚ ਸਾਰੇ ਦੁੱਖ-ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ, ਮੂਰਖ ਮਨਮੁਖ ਦੇ ਚਿੱਤ ਦਾ ਵਾਸਾ ਮਾਇਆ (ਦੇ ਮੋਹ) ਵਿਚ ਹੀ ਰਹਿੰਦਾ ਹੈ। ਧੁਰੋਂ ਪਰਮਾਤਮਾ ਦੀ ਮਿਹਰ ਨਾਲ (ਜਿਸ ਦੇ ਮੱਥੇ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ ਉੱਘੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।7। (ਆਤਮਕ ਗੁਣਾਂ ਤੋਂ ਸੱਖਣਾ) ਮਨ ਚੰਚਲ ਰਹਿੰਦਾ ਹੈ (ਮਾਇਆ ਦੇ ਪਿੱਛੇ) ਦੌੜਦਾ ਹੈ ਮੁੜ ਮੁੜ ਦੌੜਦਾ ਹੈ। ਸਦਾ-ਥਿਰ ਰਹਿਣ ਵਾਲੇ ਤੇ (ਵਿਕਾਰਾਂ ਦੀ ਭਿੱਟ ਤੋਂ) ਸੁੱਚੇ ਪਰਮਾਤਮਾ ਨੂੰ (ਮਨੁੱਖ ਦੇ ਮਨ ਦੀ ਇਹ) ਮੈਲ ਚੰਗੀ ਨਹੀਂ ਲੱਗਦੀ (ਇਸ ਵਾਸਤੇ ਇਹ ਪਰਮਾਤਮਾ ਤੋਂ ਵਿਛੁੜਿਆ ਰਹਿੰਦਾ ਹੈ) । ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦਾ ਜਨਮ-ਮਨੋਰਥ ਸਿਰੇ ਚੜ੍ਹ ਜਾਂਦਾ ਹੈ) ।8।3। ਗਉੜੀ ਗੁਆਰੇਰੀ ਮਹਲਾ ੧ ॥ ਹਉਮੈ ਕਰਤਿਆ ਨਹ ਸੁਖੁ ਹੋਇ ॥ ਮਨਮਤਿ ਝੂਠੀ ਸਚਾ ਸੋਇ ॥ ਸਗਲ ਬਿਗੂਤੇ ਭਾਵੈ ਦੋਇ ॥ ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥ ਐਸਾ ਜਗੁ ਦੇਖਿਆ ਜੂਆਰੀ ॥ ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥ ਅਦਿਸਟੁ ਦਿਸੈ ਤਾ ਕਹਿਆ ਜਾਇ ॥ ਬਿਨੁ ਦੇਖੇ ਕਹਣਾ ਬਿਰਥਾ ਜਾਇ ॥ ਗੁਰਮੁਖਿ ਦੀਸੈ ਸਹਜਿ ਸੁਭਾਇ ॥ ਸੇਵਾ ਸੁਰਤਿ ਏਕ ਲਿਵ ਲਾਇ ॥੨॥ ਸੁਖੁ ਮਾਂਗਤ ਦੁਖੁ ਆਗਲ ਹੋਇ ॥ ਸਗਲ ਵਿਕਾਰੀ ਹਾਰੁ ਪਰੋਇ ॥ ਏਕ ਬਿਨਾ ਝੂਠੇ ਮੁਕਤਿ ਨ ਹੋਇ ॥ ਕਰਿ ਕਰਿ ਕਰਤਾ ਦੇਖੈ ਸੋਇ ॥੩॥ ਤ੍ਰਿਸਨਾ ਅਗਨਿ ਸਬਦਿ ਬੁਝਾਏ ॥ ਦੂਜਾ ਭਰਮੁ ਸਹਜਿ ਸੁਭਾਏ ॥ ਗੁਰਮਤੀ ਨਾਮੁ ਰਿਦੈ ਵਸਾਏ ॥ ਸਾਚੀ ਬਾਣੀ ਹਰਿ ਗੁਣ ਗਾਏ ॥੪॥ {ਪੰਨਾ 222} ਪਦ ਅਰਥ: ਹਉਮੈ = ਹਉ ਹਉ, ਮੈਂ ਮੈਂ। ਹਉਮੈ ਕਰਤਿਆ = ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ। ਮਨ ਮਤਿ = ਮਨ ਦੀ ਸਿਆਣਪ। ਝੂਠੀ = ਨਾਸਵੰਤ ਪਦਾਰਥਾਂ ਵਿਚ। ਸੋਇ = ਉਹ ਪ੍ਰਭੂ। ਸਚਾ = ਸਦਾ-ਥਿਰ ਰਹਿਣ ਵਾਲਾ। ਬਿਗੂਤੇ = ਖ਼ੁਆਰ ਹੋਏ। ਦੋਇ = ਦ੍ਵੈਤ, ਮੇਰ-ਤੇਰ।1। ਸਭਿ = ਸਾਰੇ। ਬਿਸਾਰੀ = ਵਿਸਾਰ ਕੇ, ਬਿਸਾਰਿ।1। ਰਹਾਉ। ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਤਾ = ਤਦੋਂ। ਕਹਿਆ ਜਾਇ = ਸਿਮਰਿਆ ਜਾ ਸਕਦਾ ਹੈ, ਉਸ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜ਼ਿਕਰ ਕਰਨ ਨੂੰ ਜੀ ਕਰਦਾ ਹੈ। ਬਿਰਥਾ = ਵਿਅਰਥ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਦੀਸੈ = ਦਿੱਸ ਪੈਂਦਾ ਹੈ। ਸਹਜਿ = ਸਹਜ ਅਵਸਥਾ ਵਿਚ, ਅਡੋਲ ਆਤਮਕ ਅਵਸਥਾ ਵਿਚ। ਸੁਭਾਇ = ਪ੍ਰੇਮ ਵਿਚ।2। ਆਗਲ = ਬਹੁਤਾ। ਵਿਕਾਰੀ ਹਾਰੁ = ਵਿਕਾਰਾਂ ਦਾ ਹਾਰ। ਝੂਠੇ = ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ। ਮੁਕਤਿ = ਦੁੱਖਾਂ ਤੇ ਵਿਕਾਰਾਂ ਤੋਂ ਖ਼ਲਾਸੀ।3। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਦੂਜਾ ਭਰਮੁ = ਪ੍ਰਭੂ ਤੋਂ ਬਿਨਾ ਹੋਰ ਹੋਰ ਪਾਸੇ ਦੀ ਭਟਕਣਾ। ਰਿਦੈ = ਹਿਰਦੇ ਵਿਚ। ਸਾਚੀ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ।4। ਅਰਥ: ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ, ਅਜੇਹੀ (ਖੇਡ ਖੇਡਦਾ ਹੈ ਕਿ) ਸੁਖ ਤਾਂ ਸਾਰੇ ਹੀ ਮੰਗਦਾ ਹੈ, ਪਰ (ਜਿਸ ਨਾਮ ਤੋਂ ਸੁਖ ਮਿਲਦੇ ਹਨ ਉਸ) ਨਾਮ ਨੂੰ ਵਿਸਾਰ ਰਿਹਾ ਹੈ।1। ਰਹਾਉ। (ਆਪਣੇ ਮਨ ਦੀ ਅਗਵਾਈ ਵਿਚ ਰਹਿ ਕੇ) ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ ਸੁਖ ਨਹੀਂ ਮਿਲ ਸਕਦਾ। ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿਚ (ਜੋੜਦੀ ਹੈ) , ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ (ਤੇ ਸੁਖ ਦਾ ਸੋਮਾ ਹੈ। 'ਮਨ ਮਤਿ' ਤੇ 'ਪਰਮਾਤਮਾ' ਦਾ ਸੁਭਾਉ ਵੱਖ-ਵੱਖ ਹੈ, ਦੋਹਾਂ ਦਾ ਮੇਲ ਨਹੀਂ। ਸੁਖ ਕਿਥੋਂ ਆਵੇ?) ਜਿਨ੍ਹਾਂ ਨੂੰ (ਨਾਮ ਵਿਸਾਰ ਕੇ) ਮੇਰ-ਤੇਰ ਚੰਗੀ ਲੱਗਦੀ ਹੈ, ਉਹ ਸਾਰੇ ਖ਼ੁਆਰ ਹੀ ਹੁੰਦੇ ਹਨ। (ਪਰ ਜੀਵ ਦੇ ਕੀਹ ਵੱਸ?) (ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉਤੇ) ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸੇ ਦੇ ਅਨੁਸਾਰ ਇਥੇ ਕਮਾਈ ਕਰਦਾ ਹੈ (ਨਾਮ-ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿਚੋਂ ਸੁਖ ਭਾਲਣ ਦੇ ਵਿਅਰਥ ਜਤਨ ਕਰਦਾ ਹੈ) ।1। ਪਰਮਾਤਮਾ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ; ਜੇ ਅੱਖੀਂ ਦਿੱਸੇ, ਤਾਂ ਹੀ (ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਤੇ) ਉਸ ਦਾ ਨਾਮ ਲੈਣ ਨੂੰ ਚਿੱਤ ਕਰੇ। ਅੱਖੀਂ ਦਿੱਸਣ ਤੋਂ ਬਿਨਾ (ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ) ਉਸ ਦਾ ਨਾਮ ਲਿਆ ਨਹੀਂ ਜਾ ਸਕਦਾ (ਖਿੱਚ ਬਣੀ ਰਹਿੰਦੀ ਹੈ ਦਿੱਸਦੇ ਪਦਾਰਥਾਂ ਨਾਲ) । ਗੁਰੂ ਦੇ ਸਨਮੁਖ ਰਿਹਾਂ ਮਨੁੱਖ ਦਾ ਮਨ (ਦਿੱਸਦੇ ਪਦਾਰਥਾਂ ਵਲੋਂ ਹਟ ਕੇ) ਅਡੋਲਤਾ ਵਿਚ ਟਿਕਦਾ ਹੈ, ਪ੍ਰਭੂ-ਪ੍ਰੇਮ ਵਿਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ-ਆਤਮੇ ਉਹ ਪ੍ਰਭੂ ਦਿੱਸ ਪੈਂਦਾ ਹੈ। ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤਿ ਗੁਰੂ ਦੀ ਦੱਸੀ ਸੇਵਾ ਵਿਚ ਜੁੜਦੀ ਹੈ, ਉਸ ਦੀ ਲਿਵ ਇਕ ਪਰਮਾਤਮਾ ਵਿਚ ਲੱਗਦੀ ਹੈ।2। (ਪ੍ਰਭੂ ਦਾ ਨਾਮ ਵਿਸਾਰ ਕੇ) ਸੁਖ ਮੰਗਿਆਂ (ਸਗੋਂ) ਬਹੁਤਾ ਦੁੱਖ ਵਧਦਾ ਹੈ (ਕਿਉਂਕਿ) ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪ੍ਰੋ ਕੇ (ਆਪਣੇ ਗਲ ਵਿਚ ਪਾ ਲੈਂਦਾ ਹੈ) । ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ (ਦੁੱਖਾਂ ਤੇ ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਹੁੰਦੀ। (ਪ੍ਰਭੂ ਦੀ ਇਉਂ ਹੀ ਰਜ਼ਾ ਹੈ) ਉਹ ਕਰਤਾਰ ਆਪ ਹੀ ਸਭ ਕੁਝ ਕਰ ਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ।3। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ; ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ। ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ) ।4। ਤਨ ਮਹਿ ਸਾਚੋ ਗੁਰਮੁਖਿ ਭਾਉ ॥ ਨਾਮ ਬਿਨਾ ਨਾਹੀ ਨਿਜ ਠਾਉ ॥ ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ਨਦਰਿ ਕਰੇ ਤਾ ਬੂਝੈ ਨਾਉ ॥੫॥ ਮਾਇਆ ਮੋਹੁ ਸਰਬ ਜੰਜਾਲਾ ॥ ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥ ਸਤਿਗੁਰੁ ਸੇਵੇ ਚੂਕੈ ਜੰਜਾਲਾ ॥ ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥ ਗੁਰਮੁਖਿ ਬੂਝੈ ਏਕ ਲਿਵ ਲਾਏ ॥ ਨਿਜ ਘਰਿ ਵਾਸੈ ਸਾਚਿ ਸਮਾਏ ॥ ਜੰਮਣੁ ਮਰਣਾ ਠਾਕਿ ਰਹਾਏ ॥ ਪੂਰੇ ਗੁਰ ਤੇ ਇਹ ਮਤਿ ਪਾਏ ॥੭॥ ਕਥਨੀ ਕਥਉ ਨ ਆਵੈ ਓਰੁ ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥ ਦੁਖੁ ਸੁਖੁ ਭਾਣੈ ਤਿਸੈ ਰਜਾਇ ॥ ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥ {ਪੰਨਾ 222-223} ਪਦ ਅਰਥ: ਸਾਚੋ = ਸਦਾ-ਥਿਰ ਪ੍ਰਭੂ। ਭਾਉ = ਪ੍ਰੇਮ। ਨਿਜ ਠਾਉ = ਆਪਣਾ ਅਸਲ ਟਿਕਾਣਾ, ਸ਼ਾਂਤੀ, ਅਡੋਲਤਾ। ਪਰਾਇਣ = ਆਸਰੇ। ਪ੍ਰੇਮ ਪਰਾਇਣ = ਪ੍ਰੇਮ ਦੇ ਵੱਸ। ਪ੍ਰੀਤਮ ਰਾਉ = ਪਰਮਾਤਮਾ।5। ਕੁਚੀਲ = ਗੰਦਾ। ਕੁਛਿਤ = {kuiÄsq} ਬਦਨਾਮ, ਨਿੰਦਿਤ। ਬਿਕਰਾਲਾ = ਡਰਾਉਣਾ। ਨਾਲਾ = ਆਪਣੇ ਨਾਲ (ਲੈ ਜਾਂਦਾ ਹੈ) ।6। ਨਿਜ ਘਰਿ = ਆਪਣੇ ਅਸਲ ਘਰ ਵਿਚ, ਅਡੋਲਤਾ ਵਿਚ। ਠਾਕਿ ਰਹਾਏ = ਰੋਕ ਲੈਂਦਾ ਹੈ। ਗੁਰ ਤੇ = ਗੁਰੂ ਤੋਂ।7। ਓਰੁ = ਓੜਕ, ਗੁਣਾਂ ਦਾ ਅੰਤ। ਕਥਨੀ ਕਥਉ = ਮੈਂ ਗੁਣਾਂ ਦਾ ਕਥਨ ਕਰਦਾ ਹਾਂ, ਮੈਂ ਗੁਣ ਗਾਂਦਾ ਹਾਂ। ਪੁਛਿ = ਪੁੱਛ ਕੇ। ਤਿਸੈ ਰਜਾਇ = ਉਸ ਪਰਮਾਤਮਾ ਦੇ ਹੁਕਮ ਅਨੁਸਾਰ। ਨੀਚੁ = ਅੰਞਾਣ-ਮਤਿ।8। ਅਰਥ: (ਉਂਞ ਤਾਂ) ਹਰੇਕ ਸਰੀਰ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ (ਤੇ ਮਨੁੱਖ ਨਾਮ ਸਿਮਰਦਾ ਹੈ) ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉਤੇ ਆ ਹੀ ਨਹੀਂ ਸਕਦਾ। ਪ੍ਰੀਤਮ ਪ੍ਰਭੂ ਭੀ ਪ੍ਰੇਮ ਦੇ ਅਧੀਨ ਹੈ (ਜੇਹੜਾ ਉਸ ਨਾਲ ਪ੍ਰੇਮ ਕਰਦਾ ਹੈ) ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ।5। ਮਾਇਆ ਦਾ ਮੋਹ ਸਾਰੇ (ਮਾਇਕ) ਬੰਧਨ ਪੈਦਾ ਕਰਦਾ ਹੈ, (ਇਸੇ ਕਰਕੇ) ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ। ਜੇਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ, ਉਹ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ, ਤੇ ਸਦਾ ਹੀ ਆਤਮਕ ਆਨੰਦ ਆਪਣੇ ਅੰਦਰ ਮਾਣਦਾ ਹੈ।6। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਨਾਮ ਦੀ ਕਦਰ) ਸਮਝਦਾ ਹੈ, ਇਕ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਆਪਣੇ ਸ੍ਵੈ ਸਰੂਪ ਵਿਚ ਟਿਕਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ। ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ। ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ।7। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਂਦਾ ਹਾਂ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ (ਉਸ ਪ੍ਰਭੂ ਤੋਂ ਬਿਨਾ ਸੁਖ ਦਾ) ਹੋਰ ਕੋਈ ਟਿਕਾਣਾ ਨਹੀਂ ਹੈ। ਜੀਵਾਂ ਨੂੰ ਦੁਖ ਤੇ ਸੁਖ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਉਸ ਪ੍ਰਭੂ ਦੇ ਭਾਣੇ ਵਿਚ ਹੀ ਮਿਲਦਾ ਹੈ। ਅੰਞਾਣ-ਮਤਿ ਨਾਨਕ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦਾ ਹੈ (ਇਸੇ ਵਿਚ ਹੀ ਸੁਖ ਹੈ) ।8।4। |
Sri Guru Granth Darpan, by Professor Sahib Singh |