ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 223

ਗਉੜੀ ਮਹਲਾ ੧ ॥ ਦੂਜੀ ਮਾਇਆ ਜਗਤ ਚਿਤ ਵਾਸੁ ॥ ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥ ਦੂਜਾ ਕਉਣੁ ਕਹਾ ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥ ਦੂਜੀ ਦੁਰਮਤਿ ਆਖੈ ਦੋਇ ॥ ਆਵੈ ਜਾਇ ਮਰਿ ਦੂਜਾ ਹੋਇ ॥੨॥ ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥੩॥ ਰਵਿ ਸਸਿ ਦੇਖਉ ਦੀਪਕ ਉਜਿਆਲਾ ॥ ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥ ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥ ਏਕੁ ਨਿਰੰਜਨੁ ਗੁਰਮੁਖਿ ਜਾਤਾ ॥ ਦੂਜਾ ਮਾਰਿ ਸਬਦਿ ਪਛਾਤਾ ॥੬॥ ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥੭॥ ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥ ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥੯॥੫॥ {ਪੰਨਾ 223}

ਪਦ ਅਰਥ: ਦੂਜੀ = ਦੂਜਾ-ਪਨ ਪੈਦਾ ਕਰਨ ਵਾਲੀ, ਮੇਰ-ਤੇਰ ਪੈਦਾ ਕਰਨ ਵਾਲੀ, ਪਰਮਾਤਮਾ ਤੋਂ ਵਿੱਥ ਬਣਾਣ ਵਾਲੀ। ਜਗਤ ਚਿਤ = ਜਗਤ ਦੇ ਜੀਵਾਂ ਦੇ ਮਨਾਂ ਵਿਚ। ਬਿਨਾਸੁ = ਆਤਮਕ ਜੀਵਨ ਦੀ ਤਬਾਹੀ।1।

ਦੂਜਾ = ਪਰਮਾਤਮਾ ਤੋਂ ਬਿਨਾ ਕੋਈ ਹੋਰ। ਕਹਾ = ਕਹਾਂ, ਮੈਂ ਆਖਾਂ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ।1। ਰਹਾਉ।

ਦੋਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦੀ ਹੋਂਦ। ਮਰਿ = ਆਤਮਕ ਮੌਤ ਮਰ ਕੇ। ਦੂਜਾ = ਪ੍ਰਭੂ ਤੋਂ ਵੱਖਰਾ।2।

ਧਰਣਿ = ਧਰਤੀ। ਗਗਨਿ = ਆਕਾਸ਼ ਵਿਚ। ਦੇਖਉ = ਮੈਂ ਵੇਖਦਾ ਹਾਂ। ਦੋਇ = ਕੋਈ ਦੂਜੀ ਹਸਤੀ। ਲੋਇ = ਸ੍ਰਿਸ਼ਟੀ।3।

ਰਵਿ = ਸੂਰਜ। ਸਸਿ = ਚੰਦ੍ਰਮਾ। ਉਜਿਆਲਾ = ਚਾਨਣ। ਸਰਬ ਨਿਰੰਤਰਿ = ਸਭ ਦੇ ਅੰਦਰ ਇਕ-ਰਸ। ਬਾਲਾ = ਜਵਾਨ।4।

ਕਰਿ = ਕਰ ਕੇ। ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ।5।

ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਸਬਦਿ = (ਗੁਰੂ) ਦੇ ਸ਼ਬਦ ਦੀ ਰਾਹੀਂ।6।

ਲੋਈ = ਸ੍ਰਿਸ਼ਟੀ (ਵਿਚ) । ਓਪਤਿ = ਉਤਪੱਤੀ।7।

ਰਾਹ ਦੋਵੈ = ਦੋ ਰਸਤੇ (ਗੁਰਮੁਖਤਾ ਤੇ ਦੁਰਮਤਿ) ।8।

ਸਰਾਹੀ = ਸਲਾਹੀਂ, ਮੈਂ ਸਲਾਹੁੰਦਾ ਹਾਂ।9।

ਅਰਥ: ਸਾਰੇ ਜੀਵਾਂ ਵਿਚ ਇਕ ਉਹੀ ਪਰਮਾਤਮਾ ਵੱਸ ਰਿਹਾ ਹੈ, ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਕਿਤੇ ਭੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਤੋਂ ਵੱਖਰਾ (ਵੱਖਰੀ ਹੋਂਦ ਵਾਲਾ) ਮੈਂ ਕੋਈ ਭੀ ਦੱਸ ਨਹੀਂ ਸਕਦਾ।1। ਰਹਾਉ।

ਪਰਮਾਤਮਾ ਤੋਂ ਵਿੱਥ ਪਾਉਣ ਵਾਲੀ (ਪਰਮਾਤਮਾ ਦੀ) ਮਾਇਆ (ਹੀ ਹੈ ਜਿਸ ਨੇ) ਜਗਤ ਦੇ ਜੀਵਾਂ ਦੇ ਮਨਾਂ ਵਿਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ। (ਇਸ ਮਾਇਆ ਤੋਂ ਪੈਦਾ ਹੋਏ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਜੀਵਾਂ ਦੇ ਆਤਮਕ ਜੀਵਨ ਦਾ) ਨਾਸ ਕਰ ਦੇਂਦੇ ਹਨ।1।

ਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ (ਮਾਇਆ ਦੇ ਕਾਰਨ ਹੀ ਮਨੁੱਖ ਦੀ) ਭੈੜੀ ਮਤਿ (ਮਨੁੱਖ ਨੂੰ) ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ। (ਇਸ ਦੁਰਮਤਿ ਦੇ ਅਸਰ ਹੇਠ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, (ਇਸ ਤਰ੍ਹਾਂ) ਆਤਮਕ ਮੌਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ।2।

ਪਰ ਮੈਂ ਤਾਂ ਧਰਤੀ ਆਕਾਸ਼ ਵਿਚ, ਇਸਤ੍ਰੀ ਪੁਰਖ ਵਿਚ, ਸਾਰੀ ਹੀ ਸ੍ਰਿਸ਼ਟੀ ਵਿਚ (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕੋਈ ਹੋਰ ਹਸਤੀ ਨਹੀਂ ਵੇਖਦਾ।3।

ਮੈਂ ਸੂਰਜ ਚੰਦ੍ਰਮਾ (ਇਹਨਾਂ ਸ੍ਰਿਸ਼ਟੀ ਦੇ) ਦੀਵਿਆਂ ਦਾ ਚਾਨਣ ਤੱਕਦਾ ਹਾਂ, ਸਾਰਿਆਂ ਦੇ ਅੰਦਰ ਇਕ-ਰਸ ਮੈਨੂੰ ਸਦਾ-ਜਵਾਨ ਪ੍ਰੀਤਮ ਪ੍ਰਭੂ ਹੀ ਦਿੱਸ ਰਿਹਾ ਹੈ।4।

ਸਤਿਗੁਰੂ ਨੇ ਮਿਹਰ ਕਰ ਕੇ ਮੇਰਾ ਚਿੱਤ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ, ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇਕ ਪਰਮਾਤਮਾ ਹੀ ਵੱਸ ਰਿਹਾ ਹੈ।5।

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਗੁਰ-ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਪਰਮਾਤਮਾ ਨਾਲੋਂ ਵਖੇਵਾਂ ਮੁਕਾ ਕੇ ਪਰਮਾਤਮਾ (ਦੀ ਹੋਂਦ) ਨੂੰ ਪਛਾਣ ਲੈਂਦਾ ਹੈ, ਤੇ ਇਹ ਜਾਣ ਲੈਂਦਾ ਹੈ ਕਿ ਇਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ।6।

ਸਾਰੀ ਸ੍ਰਿਸ਼ਟੀ ਵਿਚ ਸਿਰਫ਼ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ।7।

(ਇਕ ਪ੍ਰਭੂ ਤੋਂ ਹੀ ਸਾਰੀ ਉਤਪੱਤੀ ਹੋਣ ਤੇ ਭੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿਚ) ਦੋਵੇਂ ਰਸਤੇ ਚੱਲ ਪੈਂਦੇ ਹਨ (= ਗੁਰਮੁਖਤਾ ਅਤੇ ਦੁਰਮਤਿ) । (ਪਰ ਹੇ ਭਾਈ! ਸਭ ਵਿਚ) ਇਕ ਪਰਮਾਤਮਾ ਨੂੰ ਹੀ (ਵਰਤਦਾ) ਜਾਣ। ਗੁਰੂ ਦੇ ਸ਼ਬਦ ਵਿਚ ਜੁੜ ਕੇ (ਸਾਰੇ ਜਗਤ ਵਿਚ ਪਰਮਾਤਮਾ ਦਾ ਹੀ) ਹੁਕਮ ਚੱਲਦਾ ਪਛਾਣ।8।

ਹੇ ਨਾਨਕ! ਆਖ– ਮੈਂ ਉਸ ਇੱਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ, ਜੋ ਸਾਰੇ ਰੂਪਾਂ ਵਿਚ ਸਾਰੇ ਵਰਨਾਂ ਵਿੱਚ ਤੇ ਸਾਰੇ (ਜੀਵਾਂ ਦੇ) ਮਨਾਂ ਵਿਚ ਵਿਆਪਕ ਹੈ।9।5।

ਗਉੜੀ ਮਹਲਾ ੧ ॥ ਅਧਿਆਤਮ ਕਰਮ ਕਰੇ ਤਾ ਸਾਚਾ ॥ ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਐਸਾ ਜੋਗੀ ਜੁਗਤਿ ਬੀਚਾਰੈ ॥ ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥ ਜਿਸ ਕੈ ਅੰਤਰਿ ਸਾਚੁ ਵਸਾਵੈ ॥ ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥ ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥ ਕਰਣੀ ਕੀਰਤਿ ਕਰਮ ਸਮਾਨੈ ॥੩॥ ਏਕ ਸਬਦ ਇਕ ਭਿਖਿਆ ਮਾਗੈ ॥ ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥ ਭੈ ਰਚਿ ਰਹੈ ਨ ਬਾਹਰਿ ਜਾਇ ॥ ਕੀਮਤਿ ਕਉਣ ਰਹੈ ਲਿਵ ਲਾਇ ॥੫॥ ਆਪੇ ਮੇਲੇ ਭਰਮੁ ਚੁਕਾਏ ॥ ਗੁਰ ਪਰਸਾਦਿ ਪਰਮ ਪਦੁ ਪਾਏ ॥੬॥ ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥੭॥ ਜਪ ਤਪ ਸੰਜਮ ਪਾਠ ਪੁਰਾਣੁ ॥ ਕਹੁ ਨਾਨਕ ਅਪਰੰਪਰ ਮਾਨੁ ॥੮॥੬॥ {ਪੰਨਾ 223}

ਪਦ ਅਰਥ: ਅਧਿਆਤਮ = ਆਤਮਾ ਸੰਬੰਧੀ, ਆਤਮਕ ਜੀਵਨ ਸੰਬੰਧੀ। ਅਧਿਆਤਮ ਕਰਮ = ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ। ਸਾਚਾ = ਸਦਾ-ਥਿਰ, ਅਡੋਲ, ਅਹਿੱਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਗੂਝ ਗੱਲ। ਕਾਚਾ = ਕੱਚੇ ਮਨ ਵਾਲਾ, ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ।1।

ਐਸਾ = ਅਜੇਹਾ ਬੰਦਾ। ਜੁਗਤਿ = ਸਹੀ ਜੀਵਨ ਦੀ ਜਾਚ। ਪੰਚ = ਕਾਮਾਦਿਕ ਪੰਜੇ ਵਿਕਾਰ। ਉਰਿ = ਹਿਰਦੇ ਵਿਚ।1। ਰਹਾਉ।

ਜੋਗਿ = ਪ੍ਰਭੂ-ਮਿਲਾਪ। ਕੀਮਤਿ = ਕਦਰ।2।

ਰਵਿ = ਸੂਰਜ, ਤਪਸ਼। ਸਸਿ = ਚੰਦ੍ਰਮਾ, ਠੰਢ। ਉਦਿਆਨੈ = ਜੰਗਲ ਵਿਚ। ਸਮਾਨੈ = ਸਮਾਨ, ਸਾਧਾਰਨ। ਕਰਮ ਸਮਾਨੈ = (ਉਸ ਦੇ) ਸਾਧਾਰਨ ਕਰਮ (ਹਨ) , ਸੁਤੇ ਹੀ ਇਸ ਆਹਰੇ ਲੱਗਾ ਰਹਿੰਦਾ ਹੈ।3।

ਭਿਖਿਆ = ਖ਼ੈਰ, ਦਾਨ।4।

ਭੈ = ਪ੍ਰਭੂ ਦੇ ਡਰ-ਅਦਬ ਵਿਚ।5।

ਭਰਮੁ = ਭਟਕਣਾ। ਚੁਕਾਏ = ਮੁਕਾ ਦੇਂਦਾ ਹੈ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।6।

ਸਾਰੁ = ਸ੍ਰੇਸ਼ਟ।7।

ਅਪਰੰਪਰ = ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਉੱਦਮ। ਮਾਨੁ = ਮੰਨਣਾ, ਮਨ ਨੂੰ ਗਿਝਾਣਾ।8।

ਅਰਥ: ਅਜੇਹਾ (ਬੰਦਾ) ਜੋਗੀ (ਅਖਵਾਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ) ਜੁਗਤਿ ਸਮਝਦਾ ਹੈ (ਉਹ ਜੀਵਨ-ਜੁਗਤਿ ਇਹ ਹੈ ਕਿ ਕਾਮਾਦਿਕ) ਪੰਜਾਂ (ਵਿਕਾਰਾਂ) ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਂਦਾ ਹੈ।1। ਰਹਾਉ।

ਜਦੋਂ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ, ਤਦੋਂ ਹੀ ਸੱਚਾ (ਜੋਗੀ) ਹੈ। ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਦੇ ਭੇਤ ਨੂੰ ਕੀਹ ਜਾਣ ਸਕਦਾ ਹੈ?।1।

ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ-ਥਿਰ ਨਾਮ ਵਸਾਂਦਾ ਹੈ, ਉਹ ਮਨੁੱਖ ਪ੍ਰਭੂ-ਮਿਲਾਪ ਦੀ ਜੁਗਤਿ ਦੀ ਕਦਰ ਸਮਝਦਾ ਹੈ।2।

ਤਪਸ਼, ਠੰਢ (ਭਾਵ, ਕਿਸੇ ਵਲੋਂ ਖਰ੍ਹਵਾ ਸਲੂਕ ਤੇ ਕਿਸੇ ਵਲੋਂ ਨਿੱਘਾ ਸਲੂਕ) ਘਰ, ਜੰਗਲ (ਭਾਵ, ਘਰ ਵਿਚ ਰਹਿੰਦਿਆਂ ਨਿਰਮੋਹ ਰਵਈਆ) ਉਸ ਨੂੰ ਇਕ-ਸਮਾਨ ਦਿੱਸਦੇ ਹਨ। ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਕਰਣੀ ਉਸ ਦਾ ਸਾਮਾਨ (ਸਾਧਾਰਨ) ਕਰਮ ਹਨ (ਭਾਵ, ਸੁਤੇ ਹੀ ਉਹ ਸਿਫ਼ਤਿ-ਸਾਲਾਹ ਵਿਚ ਜੁੜਿਆ ਰਹਿੰਦਾ ਹੈ) ।3।

(ਦਰ ਦਰ ਤੋਂ ਰੋਟੀਆਂ ਮੰਗਣ ਦੇ ਥਾਂ ਉਹ ਜੋਗੀ ਗੁਰੂ ਦੇ ਦਰ ਤੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਖ਼ੈਰ ਮੰਗਦਾ ਹੈ, ਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ, ਉਸ ਦੀ ਉੱਚੀ ਸੁਰਤਿ ਜਾਗ ਪੈਂਦੀ ਹੈ, ਉਸ ਦੇ ਅੰਦਰ ਸਿਮਰਨ-ਰੂਪ ਜੁਗਤਿ ਜਾਗ ਪੈਂਦੀ ਹੈ।4।

ਉਹ ਜੋਗੀ ਸਦਾ ਪ੍ਰਭੂ ਦੇ ਡਰ-ਅਦਬ ਵਿਚ ਲੀਨ ਰਹਿੰਦਾ ਹੈ, (ਇਸ ਡਰ ਤੋਂ) ਬਾਹਰ ਨਹੀਂ ਜਾਂਦਾ। ਅਜੇਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ? ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ।5।

(ਇਹ ਜੋਗ-ਸਾਧਨਾਂ ਦੇ ਹਠ ਕੁਝ ਨਹੀਂ ਸਵਾਰ ਸਕਦੇ) ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਂਦਾ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰਦਾ ਹੈ।6।

(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ। ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ– ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਣੀ।7।

ਹੇ ਨਾਨਕ! ਆਖ– ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ = ਇਹ ਹਨ ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਇਹੀ ਹੈ ਜੋਗੀ ਦਾ ਪੁਰਾਣ ਆਦਿਕ ਕੋਈ ਧਰਮ-ਪੁਸਤਕ।8।6।

ਗਉੜੀ ਮਹਲਾ ੧ ॥ ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥ ਰੋਗੁ ਨ ਬਿਆਪੈ ਨਾ ਜਮ ਦੋਖੰ ॥ ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥ ਜੋਗੀ ਕਉ ਕੈਸਾ ਡਰੁ ਹੋਇ ॥ ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥ ਨਿਰਭਉ ਜੋਗੀ ਨਿਰੰਜਨੁ ਧਿਆਵੈ ॥ ਅਨਦਿਨੁ ਜਾਗੈ ਸਚਿ ਲਿਵ ਲਾਵੈ ॥ ਸੋ ਜੋਗੀ ਮੇਰੈ ਮਨਿ ਭਾਵੈ ॥੨॥ ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥ ਜਰਾ ਮਰਣ ਗਤੁ ਗਰਬੁ ਨਿਵਾਰੇ ॥ ਆਪਿ ਤਰੈ ਪਿਤਰੀ ਨਿਸਤਾਰੇ ॥੩॥ ਸਤਿਗੁਰੁ ਸੇਵੇ ਸੋ ਜੋਗੀ ਹੋਇ ॥ ਭੈ ਰਚਿ ਰਹੈ ਸੁ ਨਿਰਭਉ ਹੋਇ ॥ ਜੈਸਾ ਸੇਵੈ ਤੈਸੋ ਹੋਇ ॥੪॥ {ਪੰਨਾ 223}

ਪਦ ਅਰਥ: ਖਿਮਾ = ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਗਹੀ = ਫੜੀ, ਗ੍ਰਹਣ ਕੀਤੀ। ਬ੍ਰਤੁ = ਨਿੱਤ ਦਾ ਨਿਯਮ। ਸੀਲ = ਮਿੱਠਾ ਸੁਭਾਉ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਜਮ ਦੋਖੰ = ਜਮ ਦਾ ਡਰ। ਮੁਕਤ = ਵਿਕਾਰਾਂ ਤੋਂ ਆਜ਼ਾਦ।1।

ਰੂਖਿ = ਰੁੱਖ ਹੇਠ। ਬਿਰਖਿ = ਰੁੱਖ ਹੇਠ। ਗ੍ਰਿਹਿ = ਘਰ ਵਿਚ। ਬਾਹਰਿ = ਘਰੋਂ ਬਾਹਰ ਜੰਗਲ ਵਿਚ। ਸੋਇ = ਉਹ ਪ੍ਰਭੂ ਹੀ।1। ਰਹਾਉ।

ਅਨਦਿਨੁ = ਹਰ ਰੋਜ਼। ਜਾਗੈ = ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।2।

ਕਾਲੁ = ਮੌਤ ਦਾ ਡਰ। ਜਾਰੇ = ਸਾੜ ਦੇਂਦਾ ਹੈ। ਬ੍ਰਹਮ ਅਗਨੀ = ਅੰਦਰ ਪ੍ਰਗਟ ਹੋਵੇ ਪਰਮਾਤਮਾ ਦੇ ਤੇਜ-ਰੂਪ ਅੱਗ ਨਾਲ। ਜਰਾ = ਬੁਢੇਪਾ। ਮਰਣ = ਮੌਤ। ਗਤੁ = ਦੂਰ ਹੋ ਜਾਂਦਾ ਹੈ। ਗਰਬੁ = ਅਹੰਕਾਰ। ਪਿਤਰੀ = ਪਿਤਰਾਂ ਨੂੰ, ਵੱਡੇ ਵਡੇਰਿਆਂ ਨੂੰ।3।

ਭੈ = (ਪਰਮਾਤਮਾ ਦੇ) ਡਰ-ਅਦਬ ਵਿਚ। ਸੇਵੇ = ਸਿਮਰਦਾ ਹੈ, ਸੇਵਾ ਕਰਦਾ ਹੈ।4।

ਅਰਥ: ਜਿਸ ਮਨੁੱਖ ਨੂੰ ਰੁੱਖ ਬਿਰਖ ਵਿਚ, ਘਰ ਵਿਚ, ਬਾਹਰ ਜੰਗਲ (ਆਦਿਕ) ਵਿਚ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ (ਉਹ ਹੈ ਅਸਲ ਜੋਗੀ, ਤੇ ਉਸ) ਜੋਗੀ ਨੂੰ (ਮਾਇਆ ਦੇ ਸੂਰਮੇ ਕਾਮਾਦਿਕਾਂ ਦੇ ਹੱਲਿਆਂ ਵਲੋਂ) ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ (ਜਿਸ ਤੋਂ ਘਬਰਾ ਕੇ ਉਹ ਗ੍ਰਿਹਸਤ ਛੱਡ ਕੇ ਨੱਸ ਜਾਏ) ।1। ਰਹਾਉ।

ਉਹ ਜੋਗੀ (ਗ੍ਰਿਹਸਤ ਵਿਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣਾਂਦਾ ਹੈ। ਮਿੱਠਾ ਸੁਭਾਉ ਤੇ ਸੰਤੋਖ ਉਸ ਦਾ ਨਿੱਤ ਦਾ ਕਰਮ ਹਨ। (ਅਜੇਹੇ ਅਸਲ ਜੋਗੀ ਉਤੇ ਕਾਮਾਦਿਕ ਕੋਈ) ਰੋਗ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ। ਅਜੇਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ-ਰੇਖ-ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ।1।

ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿਚ ਨਹੀਂ ਆਉਂਦਾ, ਉਸ ਨੂੰ ਜੇਹੜਾ ਮਨੁੱਖ ਸਿਮਰਦਾ ਹੈ ਉਹ ਹੈ (ਅਸਲ) ਜੋਗੀ। ਉਹ (ਭੀ ਮਾਇਆ ਦੇ ਹੱਲਿਆਂ ਤੋਂ) ਡਰਦਾ ਨਹੀਂ (ਉਸ ਨੂੰ ਕਿਉਂ ਲੋੜ ਪਏ ਗ੍ਰਿਹਸਤ ਤੋਂ ਭੱਜਣ ਦੀ?) ਉਹ ਤਾਂ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ। ਮੇਰੇ ਮਨ ਵਿਚ ਉਹ ਜੋਗੀ ਪਿਆਰਾ ਲੱਗਦਾ ਹੈ (ਉਹੀ ਹੈ ਅਸਲ ਜੋਗੀ) ।2।

(ਉਹ ਜੋਗੀ ਆਪਣੇ-ਅੰਦਰ-ਪਰਗਟ-ਹੋਏ) ਬ੍ਰਹਮ (ਦੇ ਤੇਜ) ਦੀ ਅੱਗ ਨਾਲ ਮੌਤ (ਦੇ ਡਰ ਨੂੰ) ਜਾਲ ਨੂੰ (ਜਿਸ ਦੇ ਸਹਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ) ਸਾੜ ਦੇਂਦਾ ਹੈ। ਉਸ ਜੋਗੀ ਦਾ ਬੁਢੇਪੇ ਦਾ ਡਰ ਮੌਤ ਦਾ ਸਹਮ ਦੂਰ ਹੋ ਜਾਂਦਾ ਹੈ, ਉਹ ਜੋਗੀ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਲੈਂਦਾ ਹੈ। ਉਹ ਆਪ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।3।

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਅਸਲ) ਜੋਗੀ ਬਣਦਾ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ (ਜੀਵਨ-ਪੰਧ ਤੇ) ਤੁਰਦਾ ਹੈ, ਉਹ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ) ਨਿਡਰ ਰਹਿੰਦਾ ਹੈ (ਕਿਉਂਕਿ ਇਹ ਇਕ ਅਸੂਲ ਦੀ ਗੱਲ ਹੈ ਕਿ) ਮਨੁੱਖ ਜਿਹੋ ਜਿਹੇ ਦੀ ਸੇਵਾ (-ਭਗਤੀ) ਕਰਦਾ ਹੈ ਉਹੋ ਜਿਹਾ ਆਪ ਬਣ ਜਾਂਦਾ ਹੈ (ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ) ।4।

TOP OF PAGE

Sri Guru Granth Darpan, by Professor Sahib Singh