ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 224 ਨਰ ਨਿਹਕੇਵਲ ਨਿਰਭਉ ਨਾਉ ॥ ਅਨਾਥਹ ਨਾਥ ਕਰੇ ਬਲਿ ਜਾਉ ॥ ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥ ਅੰਤਰਿ ਬਾਹਰਿ ਏਕੋ ਜਾਣੈ ॥ ਗੁਰ ਕੈ ਸਬਦੇ ਆਪੁ ਪਛਾਣੈ ॥ ਸਾਚੈ ਸਬਦਿ ਦਰਿ ਨੀਸਾਣੈ ॥੬॥ ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥ ਆਵੈ ਨ ਜਾਵੈ ਚੂਕੈ ਆਸਾ ॥ ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥ ਜੋ ਦੀਸੈ ਸੋ ਆਸ ਨਿਰਾਸਾ ॥ ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥ ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥ {ਪੰਨਾ 224} ਪਦ ਅਰਥ: ਨਰ ਨਿਹਕੇਵਲ = ਵਾਸਨਾ-ਰਹਿਤ (ਸੁੱਧ) ਮਨੁੱਖ। ਬਲਿ ਜਾਉ = ਮੈਂ ਕੁਰਬਾਨ ਹਾਂ। ਪੁਨਰਪਿ = {pun: Aip} ਮੁੜ ਮੁੜ।5। ਸਬਦੇ = ਸ਼ਬਦ ਵਿਚ (ਜੁੜ ਕੇ) । ਆਪੁ = ਆਪਣੇ ਅਸਲੇ ਨੂੰ। ਨੀਸਾਣ = ਰਾਹਦਾਰੀ, ਪਰਵਾਨਾ। ਦਰਿ = ਪਰਮਾਤਮਾ ਦੇ ਦਰ ਤੇ।6। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਤਰ ਆਤਮੇ ਹੀ। ਚੂਕੈ = ਮੁੱਕ ਜਾਂਦੀ ਹੈ। ਕਮਲੁ = ਹਿਰਦਾ-ਰੂਪ ਕੌਲ ਫੁੱਲ। ਪਰਗਾਸਾ = ਖਿੜ ਪੈਂਦਾ ਹੈ।7। ਆਸ ਨਿਰਾਸਾ = ਆਸਾਂ ਵਿਚ ਨਿਰਾਸ, ਜਿਸ ਦੀਆਂ ਸੱਧਰਾਂ ਵਿਚੇ ਹੀ ਰਹਿ ਗਈਆਂ। ਬਿਖੁ = ਜ਼ਹਰ। ਉਦਾਸਾ = ਆਸਾਂ ਤੋਂ ਉਤਾਂਹ, ਨਿਰਮੋਹ।8। ਅਰਥ: ਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ (ਮਾਇਆ ਦੇ ਹੱਲਿਆਂ ਵਲੋਂ ਨਿਰਭਉ ਹੋ ਕੇ) ਵਾਸਨਾ-ਰਹਿਤ (ਸੁੱਧ) ਹੋ ਜਾਂਦਾ ਹੈ। ਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ, ਤੇ ਅਜੇਹੇ ਜੋਗੀ ਤੋਂ) ਮੈਂ ਕੁਰਬਾਨ ਹਾਂ। ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ।5। ਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ। ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ (ਸਿਫ਼ਤਿ-ਸਾਲਾਹ ਦੀ) ਰਾਹਦਾਰੀ ਲੈ ਕੇ ਜਾਂਦਾ ਹੈ।6। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ (ਉਹ ਹੈ ਅਸਲ ਜੋਗੀ, ਤੇ) ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ। ਉਸ ਦੀ ਆਸਾ (ਤ੍ਰਿਸ਼ਨਾ) ਮੁੱਕ ਜਾਂਦੀ ਹੈ, ਉਹ ਭਟਕਣਾ ਵਿਚ ਨਹੀਂ ਪੈਂਦਾ। ਗੁਰੂ ਦੇ ਸ਼ਬਦ ਵਿਚ ਜੁੜਿਆਂ ਉਸ ਦਾ ਹਿਰਦਾ-ਕੌਲ ਸਦਾ ਖਿੜਿਆ ਰਹਿੰਦਾ ਹੈ।7। ਜਗਤ ਵਿਚ ਜੋ ਭੀ ਦਿੱਸਦਾ ਹੈ, ਉਹ ਢੱਠੀਆਂ ਹੋਈਆਂ ਆਸਾਂ ਵਾਲਾ ਹੀ ਦਿੱਸਦਾ ਹੈ (ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ) । ਹਰੇਕ ਨੂੰ ਕਾਮ ਦਾ ਜ਼ਹਰ ਕ੍ਰੋਧ ਦਾ ਜ਼ਹਰ (ਮਾਰਦਾ ਜਾ ਰਿਹਾ ਹੈ, ਹਰੇਕ ਨੂੰ ਮਾਇਆ ਦੀ) ਭੁੱਖ (ਮਾਇਆ ਦੀ) ਤ੍ਰੇਹ (ਲੱਗੀ ਹੋਈ ਹੈ) । ਹੇ ਨਾਨਕ! ਜਗਤ ਵਿਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ, ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ (ਤੇ, ਉਹੀ ਹਨ ਅਸਲ ਜੋਗੀ) ।8।7। ਗਉੜੀ ਮਹਲਾ ੧ ॥ ਐਸੋ ਦਾਸੁ ਮਿਲੈ ਸੁਖੁ ਹੋਈ ॥ ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥ ਦਰਸਨੁ ਦੇਖਿ ਭਈ ਮਤਿ ਪੂਰੀ ॥ ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥ ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥ ਜਿਹਵਾ ਸੂਚੀ ਹਰਿ ਰਸ ਸਾਰਾ ॥੨॥ ਸਚੁ ਕਰਣੀ ਅਭ ਅੰਤਰਿ ਸੇਵਾ ॥ ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥ ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥ ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥ ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥ {ਪੰਨਾ 224} ਪਦ ਅਰਥ: ਦਾਸੁ = ਹਰੀ ਦਾ ਦਾਸ (ਗੁਰੂ) । ਸਚੁ = ਸਦਾ-ਥਿਰ ਪ੍ਰਭੂ (ਦਾ ਮਿਲਾਪ) । ਸੋਈ = ਉਹ ਮਨੁੱਖ ਹੀ।1। ਦੇਖਿ = ਵੇਖ ਕੇ। ਪੂਰੀ = ਅਭੁੱਲ। ਅਠਸਠਿ = ਅਠਾਹਠ (ਤੀਰਥ) । ਮਜਨੁ = ਇਸ਼ਨਾਨ। ਚਰਨਹ = (ਗੁਰੂ ਦੇ) ਚਰਨਾਂ ਦੀ।1। ਰਹਾਉ। ਨੇਤ੍ਰ = ਅੱਖਾਂ। ਸੰਤੋਖੇ = ਪਰ ਤਨ-ਰੂਪ ਵੇਖਣ ਵਲੋਂ ਰੱਜ ਜਾਂਦੇ ਹਨ। ਸੂਚੀ = ਪਵਿਤ੍ਰ। ਸਾਰਾ = ਸ੍ਰੇਸ਼ਟ।2। ਅਭ ਅੰਤਰ = {AËXNqr} ਦਿਲ ਦੇ ਅੰਦਰ। ਅਲਖ ਅਭੇਵ ਸੇਵਾ = ਅਲੱਖ ਅਭੇਵ ਪ੍ਰਭੂ ਦੀ ਸੇਵਾ-ਭਗਤੀ।3। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਸਾਚਾ = ਸਦਾ-ਥਿਰ ਪ੍ਰਭੂ। ਜਗੁ ਕਾਚਾ = (ਵਿਕਾਰਾਂ ਦੇ ਟਾਕਰੇ ਤੇ) ਕਮਜ਼ੋਰ ਮਨ ਵਾਲਾ ਜਗਤ।4। ਸੋਝੀ = ਇਹ ਸਮਝ ਕਿ ਪ੍ਰਭੂ ਹਰ ਥਾਂ ਮੌਜੂਦ ਹੈ।5। ਬੇਤਾਲੇ = ਜੀਵਨ-ਤਾਲ ਤੋਂ ਖੁੰਝੇ ਹੋਏ, ਭੂਤਨੇ।6। ਗੁਰਿ = ਗੁਰੂ ਨੇ। ਕਹੁ = ਦੱਸੋ। ਕਰਉ = ਕਰਉਂ, ਮੈਂ ਕਰਾਂ। ਅਨ ਪੂਜਾ = ਕਿਸੇ ਹੋਰ ਦੀ ਪੂਜਾ।7। ਸੰਤ ਹੇਤਿ = (ਮਨੁੱਖ ਨੂੰ) ਸੰਤ ਬਣਾਣ ਵਾਸਤੇ। ਪ੍ਰਭਿ = ਪ੍ਰਭੂ ਨੇ। ਤ੍ਰਿਭਵਣ = ਤਿੰਨੇ ਭਵਨ, ਸਾਰੀ ਸ੍ਰਿਸ਼ਟੀ। ਧਾਰੇ = ਰਚੇ ਹਨ। ਆਤਮੁ = ਆਪਣੇ ਆਪ ਨੂੰ। ਚੀਨੈ = ਪਛਾਣਦਾ ਹੈ, ਪਰਖਦਾ ਹੈ। ਤਤੁ = ਅਸਲੀਅਤ।8। ਰਿਦੈ = ਹਿਰਦੇ ਵਿਚ। ਪ੍ਰਣਵਤਿ = ਬੇਨਤੀ ਕਰਦਾ ਹੈ। ਤਾ ਕੇ = ਉਸ (ਗੁਰੂ) ਦੇ।9। ਅਰਥ: (ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ। (ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।1। ਰਹਾਉ। (ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।1। ਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤਿ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ। ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ।2। (ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ। ਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ।3। (ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ। ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ।4। ਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ। ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ।5। ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ। ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ।6। ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ। ਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ?।7। ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ। ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ।8। (ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ। ਨਾਨਕ ਬੇਨਤੀ ਕਰਦਾ ਹੈ, = ਮੈਂ ਭੀ ਉਸ ਗੁਰੂ ਦਾ ਦਾਸ ਹਾਂ।9।8। ਗਉੜੀ ਮਹਲਾ ੧ ॥ ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥ ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥ ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥ ਐਸਾ ਗਰਬੁ ਬੁਰਾ ਸੰਸਾਰੈ ॥ ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥ ਬਲਿ ਰਾਜਾ ਮਾਇਆ ਅਹੰਕਾਰੀ ॥ ਜਗਨ ਕਰੈ ਬਹੁ ਭਾਰ ਅਫਾਰੀ ॥ ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥ ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥ ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥ ਆਪਿ ਭੁਲਾਇ ਆਪੇ ਮਤਿ ਦੇਵੈ ॥੩॥ ਦੁਰਮਤਿ ਹਰਣਾਖਸੁ ਦੁਰਾਚਾਰੀ ॥ ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥ ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥ {ਪੰਨਾ 224} ਪਦ ਅਰਥ: ਬ੍ਰਹਮੈ = ਬ੍ਰਹਮਾ ਨੇ। ਗਰਬੁ = ਅਹੰਕਾਰ {ਬ੍ਰਹਮਾ ਨੇ ਅਹੰਕਾਰ ਕੀਤਾ ਕਿ ਮੈਂ ਕਵਲ ਦੀ ਨਾਭ ਵਿਚੋਂ ਨਹੀਂ ਜੰਮਿਆ, ਮੈਂ ਆਪਣੇ ਆਪ ਤੋਂ ਹੀ ਪੈਦਾ ਹੋਇਆ ਹਾਂ}। ਬੇਦ ਕੀ ਬਿਪਤਿ = ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ, {ਦੈਂਤ ਵੇਦ ਖੋਹ ਕੇ ਲੈ ਗਏ ਸਨ। ਦੁਖੀ ਹੋਇਆ, ਪਰਮਾਤਮਾ ਦਾ ਆਸਰਾ ਲਿਆ। ਵੇਦ ਵਾਪਸ ਦਿਵਾਏ, ਦੈਂਤ ਮਾਰ ਕੇ}। ਜਹ = ਜਿਥੇ, ਜਿਸ ਵੇਲੇ। ਤਹੀ = ਤਿਥੇ, ਉਸੇ ਵੇਲੇ। ਮਾਨਿਆ = ਪਤੀਜ ਗਿਆ ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ।1। ਸੰਸਾਰੈ = ਸੰਸਾਰ ਵਿਚ। ਨਿਵਾਰੈ = ਦੂਰ ਕਰਦਾ ਹੈ।1। ਰਹਾਉ। ਬਲਿ ਰਾਜਾ = {ਇਕ ਦੈਂਤ ਰਾਜਾ ਸੀ। ਤਪ ਕਰ ਕੇ ਇਸ ਨੇ ਸਾਰੇ ਦੇਵਤੇ ਜਿੱਤ ਲਏ। ਇੰਦਰ ਦੀ ਪਦਵੀ ਪਰਾਪਤ ਕਰ ਲਈ, ਇਸ ਨੇ ਇਕੋਤ੍ਰ-ਸੌ ਜੱਗ ਸ਼ੁਰੂ ਕੀਤੇ। ਅਖ਼ੀਰਲਾ ਜੱਗ ਨਿਰਵਿਘਨ ਸਮਾਪਤ ਹੋਣ ਤੇ ਇੰਦਰ ਦਾ ਤਖ਼ਤ ਖੁੱਸ ਜਾਣਾ ਸੀ। ਇਸ ਨੇ ਵਿਸ਼ਨੂੰ ਤੋਂ ਮਦਦ ਮੰਗੀ। ਵਿਸ਼ਨੂੰ ਨੇ ਬਾਵਨ (ਵਾਉਣਾ) ਰੂਪ ਧਾਰਿਆ। ਬ੍ਰਾਹਮਣ ਬਣ ਕੇ ਰਾਜੇ ਦੇ ਜੱਗ-ਅਸਥਾਨ ਤੇ ਪਹੁੰਚਿਆ। ਕੁਟੀਆ ਬਣਾਣ ਲਈ ਢਾਈ ਕਰਮ ਥਾਂ ਮੰਗੀ। ਬਲ ਰਾਜੇ ਦੇ ਗੁਰੂ ਸ਼ੁੱਕਰ ਨੇ ਵਰਜਿਆ ਕਿ ਇਹ ਛਲ ਹੈ, ਇਸ ਤੋਂ ਬਚੋ। ਆਪਣੇ ਦਾਨੀ ਹੋਣ ਦੇ ਅਹੰਕਾਰ ਵਿਚ ਗੁਰੂ ਦਾ ਹੁਕਮ ਨਾਹ ਮੰਨਿਆ, ਤੇ ਢਾਈ ਕਰਮ ਧਰਤੀ ਦੇਣੀ ਮੰਨ ਲਈ। ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੇ ਇਕੋ ਕਰਮ ਨਾਲ ਸਾਰੀ ਧਰਤੀ, ਤੇ ਦੂਜੇ ਨਾਲ ਸਾਰਾ ਆਕਾਸ਼ ਮਿਣ ਲਿਆ। ਅੱਧੇ ਕਰਮ ਵਾਸਤੇ ਬਲਿ ਨੇ ਆਪਣਾ ਸਰੀਰ ਪੇਸ਼ ਕੀਤਾ। ਵਿਸ਼ਨੂੰ ਨੇ ਉਸ ਦੀ ਛਾਤੀ ਉਤੇ ਪੈਰ ਧਰ ਕੇ ਉਸ ਨੂੰ ਪਾਤਾਲ ਵਿਚ ਪੁਚਾ ਦਿੱਤਾ। ਪਾਤਾਲ ਦਾ ਰਾਜ ਭੀ ਦਿੱਤਾ, ਪ੍ਰਸੰਨ ਹੋ ਕੇ। ਪਰ ਵਿਸ਼ਨੂੰ ਨੂੰ ਉਥੇ ਇਸ ਰਾਜੇ ਦਾ ਦਰਬਾਨ ਬਣਨਾ ਪਿਆ}। ਜਗਨ = ਜੱਗ। ਅਫਾਰੀ = ਆਫਰ ਕੇ। ਪਇਆਰੀ = ਪਾਤਾਲ ਵਿਚ।2। ਹਰੀਚੰਦੁ = {ਇਕ ਬਚਨ-ਪਾਲ ਧਰਮੀ ਤੇ ਦਾਨੀ ਰਾਜਾ। ਪਟਨਾ ਰਾਜਧਾਨੀ। ਵਿਸ਼ਿਸ਼ਟ ਇਸ ਦਾ ਪਰੋਹਤ ਸੀ। ਵਿਸ਼ਿਸ਼ਟ ਨੇ ਵਿਸ਼ਵਾਮਿੱਤ੍ਰ ਪਾਸ ਰਾਜੇ ਦੇ ਦਾਨ ਦੀ ਸੋਭਾ ਕੀਤੀ। ਵਿਸ਼ਵਾਮਿਤ੍ਰ ਨੇ ਪਰਖਣਾ ਚਾਹਿਆ। ਵਿਸ਼ਿਸ਼ਟ ਦੀ ਗੈਰ-ਹਾਜ਼ਰੀ ਵਿਚ ਰਾਜੇ ਨੇ ਸਾਰਾ ਰਾਜ ਦਾਨ ਕਰ ਦਿੱਤਾ। ਦੱਛਣਾ ਦੇ ਇਵਜ਼ ਵਿਚ ਰਾਜਾ ਆਪ ਉਸ ਦੀ ਰਾਣੀ ਤਾਰਾ ਤੇ ਉਸ ਦਾ ਪੁੱਤਰ ਕਾਂਸੀ ਦੀ ਮੰਡੀ ਵਿਚ ਵਿਕੇ। ਰਾਜੇ ਨੂੰ ਮਰਘਟ ਦੇ ਠੇਕੇਦਾਰ ਇਕ ਚੂਹੜੇ ਨੇ ਮੁੱਲ ਲੈ ਲਿਆ। ਰਾਣੀ ਤਾਰਾ ਤੇ ਉਸ ਦੇ ਪੁੱਤਰ ਨੂੰ ਇਕ ਬ੍ਰਾਹਮਣ ਨੇ ਖ਼ਰੀਦ ਲਿਆ। ਪੁੱਤਰ ਸੱਪ ਦਾ ਡੰਗਿਆ ਮਰ ਗਿਆ। ਤਾਰਾ ਮਰਘੱਟ ਵਿਚ ਪੁੱਤਰ ਨੂੰ ਸਾੜਨ ਲੈ ਗਈ, ਅਗੋਂ ਮਸੂਲ ਲਏ ਬਿਨਾਂ ਹਰੀਚੰਦ ਨੇ ਇਜਾਜ਼ਤ ਨਾਹ ਦਿੱਤੀ। ਰਾਣੀ ਪਾਸ ਮਸੂਲ ਜੋਗੇ ਪੈਸੇ ਨਹੀਂ ਸਨ। ਪਰਖ ਦੀ ਹੱਦ ਹੋ ਗਈ। ਵਿਸ਼ਵਾਮਿੱਤ੍ਰ ਸ਼ਰਮਿੰਦਾ ਹੋਇਆ। ਰਾਜੇ ਦੀ ਜਿੱਤ ਹੋਈ, ਪਰ ਇਹ ਸਾਰਾ ਕਸ਼ਟ ਮਿਲਿਆ ਕਿ ਰਾਜੇ ਨੇ ਆਪਣੇ ਗੁਰੂ ਵਿਸ਼ਿਸ਼ਟ ਤੋਂ ਸਲਾਹ ਨਾਹ ਲਈ}। ਅਭੇਵੈ = ਅਭੇਵ ਪ੍ਰਭੂ ਦਾ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।3। ਹਰਣਾਖਸੁ = ਮੁਲਤਾਨ ਦਾ ਰਾਜਾ। ਜ਼ਾਲਮ ਹੋਣ ਕਰਕੇ ਦੈਂਤ ਅਖਵਾਇਆ। ਇਸ ਦਾ ਪੁੱਤਰ ਪ੍ਰਹਿਲਾਦ ਸੀ। ਮੰਦ੍ਰਾਚਲ ਪਹਾੜ ਤੇ ਤਪੁ ਕਰਕੇ ਬ੍ਰਹਮਾ ਤੋਂ ਵਰ ਲਿਆ ਸੀ: ਨਾਹ ਦਿਨੇ ਮਰਾਂ, ਨਾਹ ਰਾਤੀ ਮਰਾਂ, ਨਾਹ ਘਰ ਦੇ ਅੰਦਰ ਮਰਾਂ, ਨਾਹ ਬਾਹਰ ਮਰਾਂ, ਨਾਹ ਮਨੁੱਖ ਪਾਸੋਂ ਮਰਾਂ, ਨਾਹ ਦੇਵਤੇ ਪਾਸੋਂ ਮਰਾਂ। ਇਸ ਨੇ ਰਾਜ ਵਿਚ ਹੁਕਮ ਦੇ ਦਿੱਤਾ ਕਿ ਮੈਂ ਹੀ ਰੱਬ ਹਾਂ, ਮੇਰਾ ਨਾਮ ਜਪੋ। ਪ੍ਰਹਿਲਾਦ ਪ੍ਰਭੂ ਦਾ ਭਗਤ ਨਿਕਲਿਆ। ਪ੍ਰਹਿਲਾਦ ਨੂੰ ਕਈ ਕਸ਼ਟ ਦਿੱਤੇ। ਵਿਸ਼ਨੂੰ ਨੇ ਨਰਸਿੰਘ ਰੂਪ ਧਾਰ ਕੇ ਨਹੁੰਆਂ ਨਾਲ ਮਾਰਿਆ, (ਨਰ ਤੇ ਸਿੰਘ ਦਾ ਰੂਪ) । ਦੁਰਾਚਾਰੀ = ਮੰਦੇ ਆਚਰਨ ਵਾਲਾ। ਪ੍ਰਹਾਰੀ = ਨਾਸ ਕਰਨ ਵਾਲਾ।4। ਅਰਥ: ਜਗਤ ਵਿਚ ਅਹੰਕਾਰ ਇਕ ਐਸਾ ਵਿਕਾਰ ਹੈ, ਜੋ ਬਹੁਤ ਭੈੜਾ ਹੈ, (ਵੱਡੇ ਵੱਡੇ ਅਖਵਾਣ ਵਾਲੇ ਭੀ ਜਦੋਂ ਅਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖ਼ੁਆਰ ਹੋਏ) । ਜਿਸ (ਭਾਗਾਂ ਵਾਲੇ ਮਨੁੱਖ) ਨੂੰ ਗੁਰੂ ਮਿਲ ਪੈਂਦਾ ਹੈ (ਗੁਰੂ) ਉਸ ਦਾ ਅਹੰਕਾਰ ਦੂਰ ਕਰ ਦੇਂਦਾ ਹੈ।1। ਰਹਾਉ। ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ। (ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ) । ਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ) ।1। ਰਾਜੇ ਬਲਿ ਨੂੰ ਮਾਇਆ ਦਾ ਮਾਣ ਹੋ ਗਿਆ। ਉਸ ਨੇ ਬੜੇ ਜੱਗ ਕੀਤੇ। ਅਹੰਕਾਰ ਨਾਲ ਬਹੁਤ ਆਫਰਿਆ। (ਇੰਦਰ ਦਾ ਸਿੰਘਾਸਨ ਖੋਹਣ ਲਈ ਉਸ ਨੇ ਇਕੋਤ੍ਰ-ਸੌ ਜੱਗ ਕੀਤੇ। ਜੇ ਅਖ਼ੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ, ਤਾਂ ਇੰਦਰ ਦਾ ਰਾਜ ਖੋਹ ਲੈਂਦਾ। ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ। ਬਲਿ ਦੇ ਗੁਰੂ ਸ਼ੁੱਕਰ ਨੇ ਬਲਿ ਨੂੰ ਸਮਝਾਇਆ ਕਿ ਇਹ ਛਲ ਹੈ, ਇਸ ਵਿਚ ਨਾਹ ਫਸੀਂ, ਪਰ (ਮਾਇਆ ਦੇ ਮਾਣ ਵਿਚ) ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾ (ਉਸ ਨੇ ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ) ਪਾਤਾਲ ਵਿਚ ਚਲਾ ਗਿਆ।2। (ਰਾਜਾ) ਹਰੀਚੰਦ (ਭੀ) ਦਾਨ ਕਰਦਾ ਸੀ, (ਦਾਨ ਦੀ ਸੋਭਾ ਵਿਚ ਹੀ ਮਸਤ ਰਿਹਾ) । ਗੁਰੂ ਤੋਂ ਬਿਨਾ ਉਹ ਭੀ ਇਹ ਨਾਹ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ (ਉਸ ਦੀ ਸ੍ਰਿਸ਼ਟੀ ਵਿਚ ਬੇਅੰਤ ਦਾਨੀ ਹਨ) , (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਅਕਲ ਦੇਂਦਾ ਹੈ।3। ਭੈੜੀ ਮਤਿ ਦੇ ਕਾਰਨ ਹਰਣਾਖਸ ਦੁਰਾਚਾਰੀ ਹੋ ਗਿਆ (ਅੱਤਿਆਚਾਰ ਕਰਨ ਲੱਗ ਪਿਆ) । ਪਰ ਨਾਰਾਇਣ ਪ੍ਰਭੂ ਆਪ ਹੀ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ। ਉਸ ਨੇ ਮਿਹਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ (ਹਰਣਾਖਸ ਦਾ ਮਾਣ ਤੋੜਿਆ) ।4। ਭੂਲੋ ਰਾਵਣੁ ਮੁਗਧੁ ਅਚੇਤਿ ॥ ਲੂਟੀ ਲੰਕਾ ਸੀਸ ਸਮੇਤਿ ॥ ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥ ਸਹਸਬਾਹੁ ਮਧੁ ਕੀਟ ਮਹਿਖਾਸਾ ॥ ਹਰਣਾਖਸੁ ਲੇ ਨਖਹੁ ਬਿਧਾਸਾ ॥ ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥ ਜਰਾਸੰਧਿ ਕਾਲਜਮੁਨ ਸੰਘਾਰੇ ॥ ਰਕਤਬੀਜੁ ਕਾਲੁਨੇਮੁ ਬਿਦਾਰੇ ॥ ਦੈਤ ਸੰਘਾਰਿ ਸੰਤ ਨਿਸਤਾਰੇ ॥੭॥ ਆਪੇ ਸਤਿਗੁਰੁ ਸਬਦੁ ਬੀਚਾਰੇ ॥ ਦੂਜੈ ਭਾਇ ਦੈਤ ਸੰਘਾਰੇ ॥ ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥ {ਪੰਨਾ 224} ਪਦ ਅਰਥ: ਅਚੇਤਿ = ਅਚੇਤ-ਪਨ ਵਿਚ, ਮੂਰਖਤਾ ਵਿਚ। ਸੀਸ = ਸਿਰ। ਗਰਬਿ = ਅਹੰਕਾਰ ਦੇ ਕਾਰਨ। ਹੇਤਿ = ਦੇ ਕਾਰਨ।5। ਸਹਸਬਾਹੁ = ਪਰਸ ਰਾਮ ਦੇ ਪਿਤਾ ਜਮਦਗਨਿ ਰਿਸ਼ੀ ਦਾ ਸਾਂਢੂ। ਇਹ ਰਾਜਾ ਸੀ। ਇਕ ਵਾਰੀ ਰਿਸ਼ੀ ਨੇ ਰਾਜੇ ਅਤੇ ਉਸ ਦੀ ਸੈਨਾ ਦੀ ਭੋਜਨ ਦੀ ਸੇਵਾ ਕਾਮਧੇਨ ਗਾਂ ਦੀ ਸਹਾਇਤਾ ਨਾਲ ਕੀਤੀ। ਸਹਸਬਾਹੂ ਨੇ ਕਾਮਧੇਨ ਕਾਬੂ ਕਰਨੀ ਚਾਹੀ। ਲੜਾਈ ਹੋ ਪਈ। ਜਮਦਗਨਿ ਮਾਰਿਆ ਗਿਆ ਜਮਦਗਨਿ ਦੇ ਪੁੱਤਰ ਪਰਸ ਰਾਮ ਨੇ ਬਦਲਾ ਲਿਆ, ਸਹਸਬਾਹੂ ਨੂੰ ਮਾਰ ਦਿੱਤਾ। ਮਧੁ ਕੀਟ = ਮਧੁ, ਕੈਟਭ ਇਹ ਦੋਵੇਂ ਦੈਂਤ ਵਿਸ਼ਨੂੰ ਦੇ ਕੰਨਾਂ ਵਿਚੋਂ ਜੰਮੇ। ਵਿਸ਼ਨੂੰ ਨੇ ਹੀ ਮਾਰ ਦਿੱਤੇ ਸਨ। ਮਹਿਖਾਸਾ = (ਮਹਿਖਾਸੁਰ) ਰਾਜਾ ਸੁੰਭ ਨਸੁੰਭ ਦਾ ਜਰਨੈਲ, ਝੋਟੇ ਦੀ ਸ਼ਕਲ, ਦੁਰਗਾ ਦੇ ਹਥੋਂ ਮਾਰਿਆ ਗਿਆ ਸੀ। ਨਖਹੁ = ਨਹੁੰਆਂ ਨਾਲ। ਬਿਧਾਸਾ = ਪਾੜਿਆ।6। ਜਰਾਸੰਧਿ = ਬਿਹਾਰ ਉੜੀਸੇ ਦਾ ਇਕ ਰਾਜਾ, ਕੰਸ ਦਾ ਸਹੁਰਾ। ਕੰਸ ਦਾ ਬਦਲਾ ਲੈਣ ਲਈ ਇਸ ਨੇ ਕ੍ਰਿਸ਼ਨ ਜੀ ਤੇ ਹਮਲਾ ਕੀਤਾ। ਭੀਮ ਨੇ ਕ੍ਰਿਸ਼ਨ ਜੀ ਦੀ ਸਹਾਇਤਾ ਨਾਲ ਇਸ ਨੂੰ ਦੁ-ਫਾੜ ਚੀਰ ਦਿੱਤਾ ਸੀ। ਜਰਾਸੰਧਿ = ਦੋ ਰਾਣੀਆਂ ਤੋਂ ਦੋ ਹਿੱਸਿਆਂ ਵਿਚ ਜੰਮਿਆ ਕਿਹਾ ਗਿਆ ਹੈ। ਰਕਤਬੀਜੁ = ਸੁੰਭ ਤੇ ਨਸੁੰਭ ਦਾ ਜਰਨੈਲ। ਇਸ ਦਾ ਦੁਰਗਾ ਨਾਲ ਜੰਗ ਹੋਇਆ। ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ। ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ। ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ। ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ। ਕਾਲੁਨੇਮੁ = ਰਾਜਾ ਬਲਿ ਦਾ ਉੱਘਾ ਜੋਧਾ। ਵਿਸ਼ਨੂੰ ਨੇ ਤ੍ਰਿਸੂਲ ਨਾਲ ਇਸ ਦਾ ਸਿਰ ਕੱਟਿਆ ਸੀ। ਕਾਲਜਮੁਨ = ਜਰਾਸੰਧਿ ਦਾ ਸਾਥੀ ਸੀ। ਕ੍ਰਿਸ਼ਨ ਜੀ ਨੇ ਮਾਰਿਆ।7। ਦੂਜੈ ਭਾਇ = ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਦੇ ਪ੍ਰੇਮ ਵਿਚ।8। ਅਰਥ: ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ। (ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ। ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ।5। ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ,) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ) ਹਰਣਾਖਸ ਨੂੰ (ਨਰ ਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ। ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ।6। ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ। ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ। ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।7। (ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ, ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।8। |
![]() |
![]() |
![]() |
![]() |
Sri Guru Granth Darpan, by Professor Sahib Singh |