ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 225 ਬੂਡਾ ਦੁਰਜੋਧਨੁ ਪਤਿ ਖੋਈ ॥ ਰਾਮੁ ਨ ਜਾਨਿਆ ਕਰਤਾ ਸੋਈ ॥ ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥ ਜਨਮੇਜੈ ਗੁਰ ਸਬਦੁ ਨ ਜਾਨਿਆ ॥ ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥ ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥ ਕੰਸੁ ਕੇਸੁ ਚਾਂਡੂਰੁ ਨ ਕੋਈ ॥ ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥ ਬਿਨੁ ਜਗਦੀਸ ਨ ਰਾਖੈ ਕੋਈ ॥੧੧॥ ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥ ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥ ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥ {ਪੰਨਾ 225} ਪਦ ਅਰਥ: ਪਤਿ = ਇੱਜ਼ਤ। ਦੁਰਜੋਧਨੁ = ਧ੍ਰਿਤਰਾਸ਼ਟਰ ਦਾ ਵੱਡਾ ਪੁੱਤਰ, ਬੜਾ ਅਹੰਕਾਰੀ ਤੇ ਲੋਭੀ ਸੀ। ਇਸੇ ਨੇ ਪਾਂਡਵਾਂ ਤੋਂ ਜੂਏ ਵਿਚ ਦਗ਼ੇ-ਫ਼ਰੇਬ ਨਾਲ ਰਾਜ ਖੋਹਿਆ ਸੀ। ਆਖ਼ਰ ਪਾਂਡਵਾਂ ਦੇ ਹੱਥੋਂ ਜੁੱਧ ਵਿਚ ਮਾਰਿਆ ਗਿਆ।9। ਜਨਮੇਜੈ = (ਜਨਮੇਜਾ) ਪ੍ਰੀਖਤ ਦਾ ਪੁੱਤਰ, ਇਕ ਪ੍ਰਸਿੱਧ ਰਾਜਾ ਸੀ। ਇਸ ਦੇ ਪਿਤਾ ਪ੍ਰੀਖਤ ਨੂੰ ਤਕਸ਼ਕ ਸੱਪ ਨੇ ਡੰਗ ਮਾਰ ਦਿੱਤਾ ਸੀ। ਜਨਮੇਜਾ ਸੱਪਾਂ ਦਾ ਵੈਰੀ ਬਣਿਆ। ਸਰਪਮੇਧ ਜੱਗ ਕਰ ਕੇ ਅਨੇਕਾਂ ਸੱਪ ਮਾਰੇ। ਬਿਆਸ ਇਸ ਦਾ ਗੁਰੂ ਸੀ। ਇਕ ਵਾਰੀ ਅਸਮੇਧ ਜੱਗ ਇਸ ਨੇ ਕੀਤਾ। ਇਸ ਦੀ ਇਸਤ੍ਰੀ ਬਹੁਤ ਹੀ ਬਰੀਕ ਬਸਤ੍ਰਾਂ ਵਿਚ ਉਥੇ ਆਈ। ਭੋਜਨ ਖਾਣ ਆਏ ਅਠਾਰਾਂ ਬ੍ਰਾਹਣ ਵੇਖ ਕੇ ਹੱਸ ਪਏ। ਰਾਜੇ ਨੇ ਕਤਲ ਕਰਾ ਦਿੱਤੇ। ਬ੍ਰਹਮ-ਹੱਤਿਆ ਦੇ ਕਾਰਨ, ਕੋੜ੍ਹ ਚੱਲ ਪਿਆ। ਮਹਾਭਾਰਤ ਦੀ ਕਥਾ ਸੁਣੀ। ਕੋੜ੍ਹ ਹਟਦਾ ਗਿਆ। ਜਦੋਂ ਇਹ ਸੁਣਿਆ ਕਿ ਭੀਮ ਨੇ ਜੇਹੜੇ ਹਾਥੀ ਆਕਾਸ਼ ਵਿਚ ਸੁੱਟੇ ਸਨ ਅਜੇ ਤਕ ਵਾਪਸ ਨਹੀਂ ਡਿੱਗੇ ਤਾਂ ਜਨਮੇਜੇ ਨੇ ਸ਼ੱਕ ਕੀਤਾ। ਕੋੜ੍ਹ ਅੰਗੂਠੇ ਤੇ ਟਿਕ ਗਿਆ।10। ਕੰਸੁ = ਉਗ੍ਰਸੈਨ ਦਾ ਪੁੱਤਰ, ਕ੍ਰਿਸ਼ਨ ਜੀ ਦਾ ਮਾਮਾ। ਕ੍ਰਿਸ਼ਨ ਜੀ ਦੇ ਹੱਥੋਂ ਮਾਰਿਆ ਗਿਆ। ਕੇਸੁ = ਕੇਸੀ, ਕੰਸ ਦਾ ਪਹਿਲਵਾਨ। ਕ੍ਰਿਸ਼ਨ ਜੀ ਨੇ ਮਾਰਿਆ ਸੀ। ਚਾਂਡੂਰੁ = ਕੰਸ ਦਾ ਜੋਧਾ। ਕ੍ਰਿਸ਼ਨ ਜੀ ਨੇ ਮਾਰਿਆ ਸੀ।11। ਨਾਇ = ਨਾਮ ਵਿਚ ਜੁੜਿਆਂ।12। ਅਰਥ: ਦੁਰਜੋਧਨ (ਅਹੰਕਾਰ ਵਿਚ) ਡੁੱਬਿਆ, ਤੇ ਆਪਣੀ ਇੱਜ਼ਤ ਗਵਾ ਬੈਠਾ। (ਅਹੰਕਾਰ ਵਿਚ ਆ ਕੇ) ਉਸ ਨੇ ਪਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾਹ ਰੱਖਿਆ (ਇਥੋਂ ਤਕ ਨਿੱਘਰਿਆ ਕਿ ਅਨਾਥ ਦ੍ਰੋਪਤੀ ਦੀ ਬੇ-ਪਤੀ ਕਰਨ ਤੇ ਉਤਰ ਆਇਆ) । ਪਰ ਜੇਹੜਾ ਪਰਮਾਤਮਾ ਦੇ ਦਾਸ ਨੂੰ (ਦੁੱਖ ਦੇਂਦਾ ਹੈ ਉਹ ਉਸ) ਦੁੱਖ ਦੇ ਕਾਰਨ ਆਪ ਹੀ ਖ਼ੁਆਰ ਹੁੰਦਾ ਹੈ, ਉਸ ਨੂੰ ਆਪ ਨੂੰ ਹੀ ਉਹ ਦੁੱਖ (ਮਾਰੂ ਹੋ ਢੁਕਦਾ) ਹੈ।9। ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ (ਆਪਣੇ ਧਨ ਤੇ ਅਕਲ ਦਾ ਮਾਣ ਕੀਤਾ। ਅਹੰਕਾਰ ਕੇ ਕਾਰਨ) ਭੁਲੇਖੇ ਵਿਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁਖ ਕਿਥੋਂ ਮਿਲੇ ਸੁ? (ਗੁਰੂ ਨੇ ਸਮਝਾ ਕੇ ਕੋੜ੍ਹ ਦੀ ਭਾਰੀ ਬਿਪਤਾ ਤੋਂ ਬਚਾਣ ਦਾ ਉੱਦਮ ਕੀਤਾ, ਪਰ ਫਿਰ ਭੀ) ਥੋੜਾ ਜਿਤਨਾ ਖੁੰਝ ਗਿਆ, ਤੇ ਮੁੜ ਪਛੁਤਾਇਆ (ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦੇਂਦਾ ਹੈ) ।10। ਕੰਸ, ਕੇਸੀ, ਤੇ ਚਾਂਡੂਰ (ਬੜੇ ਬੜੇ ਸੂਰਮੇ ਸਨ, ਸੂਰਮਤਾ ਵਿਚ ਇਹਨਾਂ ਦੇ ਬਰਾਬਰ ਦਾ) ਕੋਈ ਨਹੀਂ ਸੀ। (ਪਰ ਆਪਣੀ ਤਾਕਤ ਦੇ ਅਹੰਕਾਰ ਵਿਚ) ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾਹ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ। (ਆਪਣੀ ਤਾਕਤ ਦਾ ਮਾਣ ਕੂੜਾ ਹੈ। ਇਹ ਤਾਕਤ ਕੋਈ ਮਦਦ ਨਹੀਂ ਕਰਦੀ) ਕਰਤਾਰ ਤੋਂ ਬਿਨਾ ਹੋਰ ਕੋਈ (ਕਿਸੇ ਦੀ) ਰੱਖਿਆ ਨਹੀਂ ਕਰ ਸਕਦਾ।11। (ਅਹੰਕਾਰ ਬੜਾ ਬਲੀ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਅਹੰਕਾਰ ਨੂੰ (ਅੰਦਰੋਂ) ਮਿਟਾਇਆ ਨਹੀਂ ਜਾ ਸਕਦਾ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ (ਅਹੰਕਾਰ ਮਿਟਾ ਕੇ) ਧੀਰਜ ਧਾਰਦਾ ਹੈ (ਧੀਰਜ ਬੜਾ ਉੱਚਾ) ਧਰਮ ਹੈ। ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਜੀਵ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।12।9। ਗਉੜੀ ਮਹਲਾ ੧ ॥ ਚੋਆ ਚੰਦਨੁ ਅੰਕਿ ਚੜਾਵਉ ॥ ਪਾਟ ਪਟੰਬਰ ਪਹਿਰਿ ਹਢਾਵਉ ॥ ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਲਾਲ ਨਿਹਾਲੀ ਫੂਲ ਗੁਲਾਲਾ ॥ ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥ ਨੈਨ ਸਲੋਨੀ ਸੁੰਦਰ ਨਾਰੀ ॥ ਖੋੜ ਸੀਗਾਰ ਕਰੈ ਅਤਿ ਪਿਆਰੀ ॥ ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥ ਦਰ ਘਰ ਮਹਲਾ ਸੇਜ ਸੁਖਾਲੀ ॥ ਅਹਿਨਿਸਿ ਫੂਲ ਬਿਛਾਵੈ ਮਾਲੀ ॥ ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥ ਹੈਵਰ ਗੈਵਰ ਨੇਜੇ ਵਾਜੇ ॥ ਲਸਕਰ ਨੇਬ ਖਵਾਸੀ ਪਾਜੇ ॥ ਬਿਨੁ ਜਗਦੀਸ ਝੂਠੇ ਦਿਵਾਜੇ ॥੫॥ ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥ ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥ ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥ ਖਾਨੁ ਮਲੂਕੁ ਕਹਾਵਉ ਰਾਜਾ ॥ ਅਬੇ ਤਬੇ ਕੂੜੇ ਹੈ ਪਾਜਾ ॥ ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥ ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥ ਗੁਰਮਤਿ ਜਾਨਿਆ ਰਿਦੈ ਮੁਰਾਰੀ ॥ ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥ {ਪੰਨਾ 225} ਪਦ ਅਰਥ: ਚੋਆ = ਅਤਰ। ਅੰਕਿ = ਸਰੀਰ ਉਤੇ। ਚੜਾਵਉ = (ਜੇ) ਮੈਂ ਲਾ ਲਵਾਂ। ਪਾਟ = ਪੱਟ, ਰੇਸ਼ਮ। ਪਟੰਬਰ = ਪੱਟ ਦੇ ਅੰਬਰ। ਅੰਬਰ = ਕੱਪੜੇ। ਪਹਿਰਿ = ਪਹਿਨ ਕੇ। ਪਾਵਉ = ਪਾਵਉਂ, ਮੈਂ ਪਾ ਸਕਦਾ ਹਾਂ।1। ਕਿਆ ਪਹਿਰਉ = ਵਧੀਆ ਕੱਪੜੇ ਪਹਿਨਣ ਦਾ ਕੀਹ ਲਾਭ? ਓਢਿ = ਪਹਿਨ ਕੇ। ਜਗਦੀਸ = ਜਗਤ ਦਾ ਮਾਲਕ।1। ਰਹਾਉ। ਕਾਨੀ = ਕੰਨਾਂ ਵਿਚ। ਗਲਿ = ਗਲ ਵਿਚ। ਲਾਲ ਨਿਹਾਲੀ = ਲਾਲ ਰੰਗ ਦੀ ਤੁਲਾਈ। ਫੂਲ ਗੁਲਾਲਾ = ਗੁਲ ਲਾਲਾ (ਦੇ) ਫੁੱਲ।2। ਨੈਨ = ਅੱਖਾਂ। ਸਲੋਨੀ = ਸੋਹਣੇ ਲੋਇਣਾਂ ਵਾਲੀ, ਸੋਹਣੀਆਂ ਅੱਖਾਂ ਵਾਲੀ। ਖੋੜ = ਸੋਲਾਂ। ਬਿਨੁ ਭਜੇ = ਸਿਮਰਨ ਤੋਂ ਬਿਨਾ।3। ਮਹਲਾ = ਮਹਲ-ਮਾੜੀਆਂ। ਸੁਖਾਲੀ = ਸੁਖ ਦੇਣ ਵਾਲੀ। ਅਹਿ = ਦਿਨ। ਨਿਸਿ = ਰਾਤ। ਦੁਖਾਲੀ = ਦੁੱਖਾਂ ਦਾ ਘਰ।4। ਹੈਵਰ = {ਹਯ-ਵਰ} ਵਧੀਆ ਘੋੜੇ। ਗੈਵਰ {ਗਜ-ਵਰ} ਵਧੀਆ ਹਾਥੀ। ਨੇਬ = ਨਾਇਬ। ਖਵਾਸੀ = ਸ਼ਾਹੀ ਨੌਕਰ। ਪਾਜੇ = ਪਾਜ, ਵਿਖਾਵਾ। ਦਿਵਾਜੇ = ਵਿਖਾਵੇ।5। ਸਿਧੁ = ਕਰਾਮਾਤੀ ਜੋਗੀ। ਕਹਾਵਉ = ਕਹਾਵਉਂ; ਜੇ ਮੈਂ ਅਖਵਾਵਾਂ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਕੁਲਹ = ਟੋਪੀ। ਸਿਰਿ = ਸਿਰ ਉਤੇ। ਸਚੁ = ਸਦਾ-ਥਿਰ ਰਹਿਣ ਵਾਲਾ (ਰਾਜ-ਭਾਗ) ।6। ਮਲੂਕੁ = ਬਾਦਸ਼ਾਹ। ਅਬੇ ਤਬੇ = ਨੌਕਰਾਂ ਨੂੰ ਝਿੜਕਾਂ। ਕੂੜੇ = ਝੂਠੇ, ਨਾਸਵੰਤ। ਕਾਜਾ = ਜੀਵਨ-ਮਨੋਰਥ।7। ਮਮਤਾ = ਮਲਕੀਅਤ ਦੀ ਤਾਂਘ। ਸਬਦਿ = ਸ਼ਬਦ ਦੀ ਰਾਹੀਂ। ਗੁਰਮਤਿ = ਗੁਰੂ ਦੀ ਸਿੱਖਿਆ ਨਾਲ। ਮੁਰਾਰੀ = ਪਰਮਾਤਮਾ = {ਮੁਰ-ਅਰਿ}।8। ਅਰਥ: ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ? ਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ।1। ਰਹਾਉ। ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ, ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ, (ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ।1। ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ, ਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ (ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ।2। ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ, ਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ; (ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ।3। ਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ, ਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ, (ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ।4। ਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ, ਫ਼ੌਜੀ ਵਾਜੇ ਵੱਜਦੇ ਹੋਣ, ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ, (ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ।5। ਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ, ਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ, (ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ।6। ਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ, ਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ।7। ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ = ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ। ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾ ਸਕਦਾ ਹੈ। (ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ। ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ– (ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ।8।10। ਗਉੜੀ ਮਹਲਾ ੧ ॥ ਸੇਵਾ ਏਕ ਨ ਜਾਨਸਿ ਅਵਰੇ ॥ ਪਰਪੰਚ ਬਿਆਧਿ ਤਿਆਗੈ ਕਵਰੇ ॥ ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥ ਐਸਾ ਰਾਮ ਭਗਤੁ ਜਨੁ ਹੋਈ ॥ ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥ ਊਂਧੋ ਕਵਲੁ ਸਗਲ ਸੰਸਾਰੈ ॥ ਦੁਰਮਤਿ ਅਗਨਿ ਜਗਤ ਪਰਜਾਰੈ ॥ ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥ ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥ ਮਿਰਗੁ ਮਰੈ ਸਹਿ ਅਪੁਨਾ ਕੀਨਾ ॥ ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥ ਕਾਮੁ ਚਿਤੈ ਕਾਮਣਿ ਹਿਤਕਾਰੀ ॥ ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥ ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥ ਪਰ ਘਰਿ ਚੀਤੁ ਮਨਮੁਖਿ ਡੋਲਾਇ ॥ ਗਲਿ ਜੇਵਰੀ ਧੰਧੈ ਲਪਟਾਇ ॥ ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥ ਜਿਉ ਤਨੁ ਬਿਧਵਾ ਪਰ ਕਉ ਦੇਈ ॥ ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥ ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥ ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥ ਬੇਦ ਪੁਰਾਣ ਪੜੈ ਸੁਣਿ ਥਾਟਾ ॥ ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥ ਜਿਉ ਮੀਨਾ ਜਲ ਮਾਹਿ ਉਲਾਸਾ ॥ ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥ {ਪੰਨਾ 225-226} ਪਦ ਅਰਥ: ਏਕ = ਇਕ ਪਰਮਾਤਮਾ ਦੀ। ਪਰਪੰਚ = ਸ੍ਰਿਸ਼ਟੀ। ਬਿਆਧਿ = ਰੋਗ। ਕਵਰੇ = ਕੌੜੇ। ਭਾਇ = ਪ੍ਰੇਮ ਵਿਚ। ਸਾਚੈ = ਸਦਾ-ਥਿਰ ਪ੍ਰਭੂ ਨੂੰ। ਰੇ = ਹੇ ਭਾਈ!।1। ਰਾਮ ਭਗਤੁ = ਪਰਮਾਤਮਾ ਦਾ ਭਗਤ। ਗਾਇ = ਗਾ ਕੇ।1। ਰਹਾਉ। ਊਂਧੋ = ਪੁੱਠਾ, ਉਲਟਿਆ ਹੋਇਆ (ਪਰਮਾਤਮਾ ਦੀ ਯਾਦ ਵਲੋਂ) । ਸੰਸਾਰੈ = ਸੰਸਾਰ ਦਾ। ਪਰਜਾਰੈ = ਚੰਗੀ ਤਰ੍ਹਾਂ ਸਾੜਦੀ ਹੈ। ਸੋ = ਉਹ ਮਨੁੱਖ।2। ਭ੍ਰਿੰਗ = ਭੌਰਾ। ਕੁੰਚਰੁ = ਹਾਥੀ। ਅਰੁ = ਅਤੇ। ਮੀਨਾ = ਮੱਛੀ। ਮਿਰਗੁ = ਹਰਨ। ਸਹਿ = ਸਹਿ ਕੇ, ਸਹਾਰ ਕੇ। ਰਾਚਿ = ਰਚ ਕੇ, ਫਸ ਕੇ। ਤਤੁ = ਅਸਲੀਅਤ। ਬੀਨਾ = ਪਛਾਣਿਆ, ਵੇਖਿਆ।3। ਚਿਤੈ = ਚਿਤਵਦਾ ਹੈ। ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮੀ। ਕਾਮਣਿ = ਇਸਤ੍ਰੀ। ਵਿਕਾਰੀ = ਵਿਕਾਰੀਆਂ ਨੂੰ। ਪਤਿ = ਇੱਜ਼ਤ। ਵਿਸਾਰੀ = ਵਿਸਾਰਿ, ਵਿਸਾਰ ਕੇ।4। ਪਰ ਘਰਿ = ਪਰਾਏ ਘਰ ਵਿਚ। ਗਲਿ = ਗਲ ਵਿਚ। ਜੇਵਰੀ = ਰੱਸੀ, ਫਾਹੀ।5। ਪਰ ਕਉ = ਪਰਾਏ (ਮਨੁੱਖ) ਨੂੰ। ਕਾਮਿ = ਕਾਮ ਵਿਚ। ਦਾਮਿ = ਦਾਮ (ਦੇ ਲਾਲਚ ਵਿਚ) । ਸੇਈ = ਸੋਈ, ਉਹ ਵਿਧਵਾ। ਤ੍ਰਿਪਤਿ = ਸ਼ਾਂਤੀ।6। ਥਾਟਾ = ਬਨਾਵਟ, ਰਚਨਾ। ਨਾਟਾ = ਨਾਟਕ, ਚੰਚਲਤਾ ਦੀਆਂ ਗੱਲਾਂ।7। ਚਾਤ੍ਰਿਕ = ਪਪੀਹਾ। ਉਲਾਸਾ = ਖ਼ੁਸ਼। ਪੀ = ਪੀ ਕੇ। ਤ੍ਰਿਪਤਾਸਾ = ਰੱਜਦਾ ਹੈ।8। ਅਰਥ: ਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ, ਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ।1। ਰਹਾਉ। ਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾ ਦੇ ਬਰਾਬਰ ਦਾ) ਨਹੀਂ ਸਮਝਦਾ। ਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ। (ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ।1। ਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ, ਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ। (ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।2। ਭੌਰਾ, ਪਤੰਗ, ਹਾਥੀ ਅਤੇ ਹਰਨ = ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ। (ਇਸੇ ਤਰ੍ਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ।3। (ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ। (ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ। ਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ।4। ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ (ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ) । ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ।5। ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ, ਕਾਮ-ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ, ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ-ਪ੍ਰਭੂ ਨੂੰ ਭੁਲਾਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ।6। (ਵਿਦਵਾਨ ਪੰਡਿਤ) ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ ਪੁਸਤਕਾਂ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ, ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ।7। ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ, ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ, ਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ।8।11। |
![]() |
![]() |
![]() |
![]() |
Sri Guru Granth Darpan, by Professor Sahib Singh |