ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 226

ਗਉੜੀ ਮਹਲਾ ੧ ॥ ਹਠੁ ਕਰਿ ਮਰੈ ਨ ਲੇਖੈ ਪਾਵੈ ॥ ਵੇਸ ਕਰੈ ਬਹੁ ਭਸਮ ਲਗਾਵੈ ॥ ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥ ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥ ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥ ਚੋਆ ਚੰਦਨ ਅਗਰ ਕਪੂਰਿ ॥ ਮਾਇਆ ਮਗਨੁ ਪਰਮ ਪਦੁ ਦੂਰਿ ॥ ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥ ਨੇਜੇ ਵਾਜੇ ਤਖਤਿ ਸਲਾਮੁ ॥ ਅਧਕੀ ਤ੍ਰਿਸਨਾ ਵਿਆਪੈ ਕਾਮੁ ॥ ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥ ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥ ਮਨੁ ਦੇ ਪਾਵਹਿ ਨਾਮੁ ਸੁਹੇਲਾ ॥ ਦੂਜੈ ਭਾਇ ਅਗਿਆਨੁ ਦੁਹੇਲਾ ॥੪॥ ਬਿਨੁ ਦਮ ਕੇ ਸਉਦਾ ਨਹੀ ਹਾਟ ॥ ਬਿਨੁ ਬੋਹਿਥ ਸਾਗਰ ਨਹੀ ਵਾਟ ॥ ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥ ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥ ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥ ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥ ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥ ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥ ਨਾਮ ਵਡਾਈ ਤੁਧੁ ਭਾਣੈ ਦੀਉ ॥੭॥ ਨਾਮ ਬਿਨਾ ਕਿਉ ਜੀਵਾ ਮਾਇ ॥ ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥ ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥ {ਪੰਨਾ 226}

ਪਦ ਅਰਥ: ਕਰਿ = ਕਰ ਕੇ। ਮਰੈ = ਮਰਦਾ ਹੈ, ਔਖਾ ਹੁੰਦਾ ਹੈ। ਲੇਖੈ = ਲੇਖੇ ਵਿਚ। ਨ ਲੇਖੈ ਪਾਵੈ = ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ। ਵੇਸ = ਧਾਰਮਿਕ ਭੇਖ। ਭਸਮ = ਸੁਆਹ। ਬਿਸਾਰਿ = ਵਿਸਾਰ ਕੇ। ਬਹੁਰਿ = ਮੁੜ, ਅੰਤ ਨੂੰ।1।

ਮਨਿ = ਮਨ ਵਿਚ (ਵਸਾ ਲੈ) ।1। ਰਹਾਉ।

ਚੋਆ = ਅਤਰ। ਕਪੂਰਿ = ਕਪੂਰ (ਆਦਿਕ ਦੇ ਵਰਤਣ) ਵਿਚ (ਮਗਨ) । ਮਗਨੁ = ਮਸਤ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਨਾਮਿ ਬਿਸਾਰਿਐ = ਜੇ (ਪਰਮਾਤਮਾ ਦਾ) ਨਾਮ ਵਿਸਾਰ ਦਿੱਤਾ ਜਾਏ। ਕੂੜੋ = ਕੂੜ ਹੀ, ਵਿਅਰਥ ਹੀ। ਕੂਰਿ = ਕੂੜ ਵਿਚ, ਵਿਅਰਥ ਜਤਨ ਵਿਚ।2।

ਤਖਤਿ = ਤਖ਼ਤ ਉਤੇ। ਅਧਕੀ = ਬਹੁਤ। ਵਿਆਪੈ = ਜ਼ੋਰ ਪਾਂਦਾ ਹੈ। ਜਾਚੇ = ਮੰਗਿਆਂ।3।

ਵਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ। ਦੇ = ਦੇ ਕੇ। ਪਾਵਿਹ = ਤੂੰ ਹਾਸਲ ਕਰੇਂਗਾ। ਸੁਹੇਲਾ = ਸੁਖ ਦਾ ਘਰ, ਸੁਖ ਦਾ ਸੋਮਾ {suK AwlX}। ਦੁਹੇਲਾ = ਦੁੱਖਾਂ ਦਾ ਘਰ, ਦੁਖਦਾਈ।4।

ਦਮ = ਧਨ-ਪਦਾਰਥ। ਬੋਹਿਥ = ਜਹਾਜ਼। ਸਾਗਰ ਵਾਟ = ਸਮੁੰਦਰ ਦਾ ਸਫ਼ਰ। ਘਾਟੇ ਘਾਟਿ = ਘਾਟੇ ਵਿਚ ਹੀ, ਘਾਟ ਵਿਚ ਹੀ, ਨੁਕਸਾਨ ਵਿਚ ਹੀ।5।

ਵਾਹੁ ਵਾਹੁ = ਧੰਨ ਧੰਨ (ਆਖੋ) । ਜਿ = ਜੇਹੜਾ (ਗੁਰੂ) । ਮੇਲਿ = (ਪ੍ਰਭੂ ਦੇ) ਮਿਲਾਪ ਵਿਚ।6।

ਤਿਸ ਕਉ = ਉਸ (ਪਰਮਾਤਮਾ) ਨੂੰ। ਜੀਉ = ਜੀਵਾਤਮਾ, ਜਿੰਦ। ਮਥਿ = ਰਿੜਕ ਕੇ, ਚੰਗੀ ਤਰ੍ਹਾਂ ਵਿਚਾਰ ਕੇ। ਤੁਧੁ = ਤੈਨੂੰ। ਭਾਣੈ = ਆਪਣੀ ਰਜ਼ਾ ਵਿਚ। ਦੀਉ = ਦੇਵੇਗਾ।7।

ਜੀਵਾ = ਜੀਵਾਂ, ਮੈਂ ਜੀਉ ਸਕਾਂ। ਮਾਇ = ਹੇ ਮਾਂ! ਅਨਦਿਨੁ = ਹਰ ਰੋਜ਼। ਜਪਤੁ ਰਹਉ = ਜਪਦਾ ਰਹਾਂ। ਨਾਮਿ = ਨਾਮ ਵਿਚ। ਨਾਮਿ ਰਹੇ = ਜੇ ਨਾਮ (-ਰੰਗ) ਵਿਚ ਰੰਗੇ ਰਹੀਏ। ਪਤਿ = ਇੱਜ਼ਤ।8।

ਅਰਥ: (ਹੇ ਭਾਈ!) ਤੂੰ (ਆਪਣੇ) ਮਨ ਵਿਚ ਪ੍ਰਭੂ ਜੀ ਨੂੰ (ਵਸਾ ਲੈ, ਤੇ ਇਸ ਤਰ੍ਹਾਂ) ਤੂੰ (ਆਪਣੇ) ਮਨ ਵਿਚ (ਆਤਮਕ) ਆਨੰਦ (ਮਾਣ) । (ਚੇਤੇ ਰੱਖ) ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ।1। ਰਹਾਉ।

(ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਧੂਣੀਆਂ ਆਦਿਕ ਤਪਾ ਕੇ) ਸਰੀਰਕ ਔਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ। ਜੇ ਕੋਈ ਮਨੁੱਖ (ਪਿੰਡੇ ਉਤੇ) ਸੁਆਹ ਮਲਦਾ ਹੈ ਤੇ (ਜੋਗ ਆਦਿਕ ਦੇ) ਕਈ ਭੇਖ ਕਰਦਾ ਹੈ (ਇਹ ਭੀ ਵਿਅਰਥ ਜਾਂਦੇ ਸਨ) । ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛੁਤਾਂਦਾ ਹੈ (ਕਿ ਇਹਨਾਂ ਉੱਦਮਾਂ ਵਿਚ ਵਿਅਰਥ ਜੀਵਨ ਗਵਾਇਆ) ।1।

(ਦੂਜੇ ਪਾਸੇ ਜੇ ਕੋਈ ਮਨੁੱਖ) ਅਤਰ ਚੰਦਨ ਅਗਰ ਕਪੂਰ (ਆਦਿਕ ਸੁਗੰਧੀਆਂ ਦੇ ਵਰਤਣ) ਵਿਚ ਮਸਤ ਹੈ, ਮਾਇਆ ਦੇ ਮੋਹ ਵਿਚ ਮਸਤ ਹੈ, ਤਾਂ ਉੱਚੀ ਆਤਮਕ ਅਵਸਥਾ (ਉਸ ਤੋਂ ਭੀ) ਦੂਰ ਹੈ। ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ, ਤਾਂ ਇਹ ਸਾਰਾ (ਦੁਨੀਆ ਵਾਲਾ ਐਸ਼ ਭੀ) ਵਿਅਰਥ ਹੈ (ਸੁਖ ਨਹੀਂ ਮਿਲਦਾ, ਮਨੁੱਖ ਸੁਖ ਦੇ) ਵਿਅਰਥ ਜਤਨਾਂ ਵਿਚ ਹੀ ਰਹਿੰਦਾ ਹੈ।2।

(ਜੇ ਕੋਈ ਮਨੁੱਖ ਰਾਜਾ ਭੀ ਬਣ ਜਾਏ) ਤਖ਼ਤ ਉਤੇ (ਬੈਠੇ ਹੋਏ ਨੂੰ) ਨੇਜ਼ਾ-ਬਰਦਾਰ ਤੇ ਫ਼ੌਜੀ ਵਾਜੇ ਵਾਲੇ ਸਲਾਮ ਕਰਨ, ਤਾਂ ਭੀ ਮਾਇਆ ਦੀ ਤ੍ਰਿਸਨਾ ਹੀ ਵਧਦੀ ਹੈ, ਕਾਮ-ਵਾਸਨਾ ਜ਼ੋਰ ਪਾਂਦੀ ਹੈ (ਇਹਨਾਂ ਵਿਚ ਆਤਮਕ ਸੁਖ ਨਹੀਂ ਹੈ! ਸੁਖ ਹੈ ਕੇਵਲ ਪ੍ਰਭੂ ਦੇ ਨਾਮ ਵਿਚ ਭਗਤੀ ਵਿਚ) । ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾਹ ਭਗਤੀ ਮਿਲਦੀ ਹੈ ਨਾਹ ਨਾਮ ਮਿਲਦਾ ਹੈ।3।

(ਵਿੱਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ) ਝਗੜੇ ਵਿਚ (ਪਿਆਂ) (ਤੇ ਵਿੱਦਿਆ ਦੇ) ਅਹੰਕਾਰ ਵਿਚ (ਭੀ) ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। (ਹੇ ਭਾਈ!) ਆਪਣਾ ਮਨ ਦੇ ਕੇ (ਹੀ, ਅਹੰਕਾਰ ਗਵਾ ਕੇ ਹੀ) ਸੁਖਾਂ ਦਾ ਸੋਮਾ ਪ੍ਰਭੂ-ਨਾਮ ਪ੍ਰਾਪਤ ਕਰੇਂਗਾ। (ਪ੍ਰਭੂ ਨੂੰ ਵਿਸਾਰ ਕੇ) ਹੋਰ ਹੋਰ ਪਿਆਰ ਵਿਚ ਰਿਹਾਂ ਤਾਂ ਦੁਖਦਾਈ ਅਗਿਆਨ ਹੀ (ਵਧੇਗਾ) ।4।

ਜਿਵੇਂ ਰਾਸ-ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ-ਸੂਤ ਨਹੀਂ ਆ ਸਕਦਾ, ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ, ਤਿਵੇਂ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ-ਸਫ਼ਰ ਵਿਚ ਆਤਮਕ ਰਾਸ-ਪੂੰਜੀ ਵਲੋਂ) ਘਾਟੇ ਹੀ ਘਾਟੇ ਵਿਚ ਰਹੀਦਾ ਹੈ।5।

(ਹੇ ਭਾਈ!) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਸਹੀ ਜੀਵਨ-ਰਸਤਾ ਵਿਖਾਂਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ, ਤੇ (ਇਸ ਤਰ੍ਹਾਂ) ਜੇਹੜਾ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ।6।

ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਜਿਸ ਦੀ (ਦਿੱਤੀ ਹੋਈ) ਇਹ ਜਿੰਦ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ। ਉਹ ਪ੍ਰਭੂ ਤੈਨੂੰ ਆਪਣੀ ਰਜ਼ਾ ਵਿਚ ਨਾਮ ਜਪਣ ਦੀ ਵਡਿਆਈ ਦੇਵੇਗਾ।7।

ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ (ਆਤਮਕ ਜੀਵਨ) ਜਿਊ ਨਹੀਂ ਸਕਦਾ।

ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ) ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ।

ਹੇ ਨਾਨਕ! ਜੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹੀਏ, ਤਾਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।8।12।

ਗਉੜੀ ਮਹਲਾ ੧ ॥ ਹਉਮੈ ਕਰਤ ਭੇਖੀ ਨਹੀ ਜਾਨਿਆ ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥ ਹਉ ਹਉ ਕਰਤ ਨਹੀ ਸਚੁ ਪਾਈਐ ॥ ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥ ਹਉਮੈ ਕਰਿ ਰਾਜੇ ਬਹੁ ਧਾਵਹਿ ॥ ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥ ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥ ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥ ਅੰਤਰਿ ਸਾਚੁ ਸਹਜ ਘਰਿ ਆਵਹਿ ॥ ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥ ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥ ਨਿਰਭਉ ਕੈ ਘਰਿ ਤਾੜੀ ਲਾਵੈ ॥੫॥ ਹਉ ਹਉ ਕਰਿ ਮਰਣਾ ਕਿਆ ਪਾਵੈ ॥ ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥ ਜੇਤੀ ਹੈ ਤੇਤੀ ਕਿਹੁ ਨਾਹੀ ॥ ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥ ਹਉਮੈ ਬੰਧਨ ਬੰਧਿ ਭਵਾਵੈ ॥ ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥ {ਪੰਨਾ 226-227}

ਪਦ ਅਰਥ: ਹਉਮੈ = "ਹਉ ਹਉ, ਮੈਂ ਮੈਂ", "ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ"। ਕਰਤ = ਕਰਦਿਆਂ। ਭੇਖੀ = ਧਾਰਮਿਕ ਭੇਖਾਂ ਨਾਲ। ਜਾਨਿਆ = ਪਰਮਾਤਮਾ ਨਾਲ ਸਾਂਝ ਪਾਈ। ਮਾਨਿਆ = ਗਿੱਝਿਆ, ਮੰਨਿਆ, ਪਤੀਜਿਆ।1।

ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।1। ਰਹਾਉ।

ਕਰਿ = ਕਰ ਕੇ, ਦੇ ਕਾਰਨ। ਧਾਵਹਿ = (ਇਕ ਦੂਜੇ ਉਤੇ) ਹੱਲੇ ਕਰਦੇ ਹਨ। ਖਪਹਿ = ਖ਼ੁਆਰ ਹੁੰਦੇ ਹਨ।2।

ਨਿਵਰੈ = ਦੂਰ ਹੁੰਦੀ ਹੈ। ਪੰਚ = ਕਾਮਾਦਿਕ ਪੰਜਾਂ ਨੂੰ। ਸੰਘਾਰੈ = ਨਾਸ ਕਰਦਾ ਹੈ, ਮਾਰਦਾ ਹੈ।3।

ਸਾਚੁ = ਸਦਾ-ਥਿਰ ਪ੍ਰਭੂ। ਸਹਜ ਘਰਿ = ਸਹਜ ਦੇ ਘਰ ਵਿਚ, ਸ਼ਾਂਤ ਅਵਸਥਾ ਵਿਚ। ਰਾਜਨੁ = ਸਾਰੀ ਸ੍ਰਿਸ਼ਟੀ ਦਾ ਰਾਜਾ ਪ੍ਰਭੂ। ਜਾਣਿ = ਸਾਂਝ ਪਾ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।4।

ਨਿਰਭਉ ਕੈ ਘਰਿ = ਨਿਰਭਉ ਪ੍ਰਭੂ ਦੇ ਸਰੂਪ ਵਿਚ। ਤਾੜੀ ਲਾਵੈ = ਸੁਰਤਿ ਜੋੜਦਾ ਹੈ।5।

ਮਰਣਾ = ਆਤਮਕ ਮੌਤ ਸਹੇੜਨੀ। ਕਿਆ ਪਾਵੈ = ਕੋਈ ਆਤਮਕ ਗੁਣ ਪ੍ਰਾਪਤ ਨਹੀਂ ਹੁੰਦਾ। ਭੇਟੇ = ਮਿਲੇ। ਝਗਰੁ = ਹਉਮੈ ਦਾ ਟੰਟਾ।6।

ਜੇਤੀ ਹੈ– ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ। ਤੇਤੀ = ਇਹ ਸਾਰੀ ਦੌੜ-ਭੱਜ। ਕਿਹੁ ਨਾਹੀ = ਕੁਝ ਭੀ ਨਹੀਂ, ਕੋਈ ਆਤਮਕ ਲਾਭ ਨਹੀਂ ਪੁਚਾਂਦੀ, ਵਿਅਰਥ ਜਾਂਦੀ ਹੈ। ਗਿਆਨ ਭੇਟਿ = ਗਿਆਨ ਨੂੰ ਭੇਟ ਕੇ, ਗਿਆਨ ਪ੍ਰਾਪਤ ਕਰ ਕੇ।7।

ਬੰਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।8।

ਅਰਥ: (ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ) ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ। ਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ।1। ਰਹਾਉ।

("ਮੈਂ ਧਰਮੀ ਹਾਂ ਮੈਂ ਧਰਮੀ ਹਾਂ" ਇਹ) "ਮੈਂ ਮੈਂ" ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ। ਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।1।

("ਅਸੀਂ ਵੱਡੇ ਰਾਜੇ ਹਾਂ," ਇਸੇ) ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ, ਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ (ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।2।

ਜੇਹੜਾ (ਵਡ-ਭਾਗੀ) ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ (ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਤਿਆਗਦਾ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ।3।

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ।4।

ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ-ਕਰਮ ਬਣ ਜਾਂਦਾ ਹੈ, ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤਿ ਜੋੜੀ ਰੱਖਦਾ ਹੈ।5।

"ਹਉਂ, ਹਉਂ; ਮੈਂ, ਮੈਂ" ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ।6।

ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ਇਹ ਸਾਰੀ ਦੌੜ-ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ।7।

ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ।8।13।

TOP OF PAGE

Sri Guru Granth Darpan, by Professor Sahib Singh