ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 227

ਗਉੜੀ ਮਹਲਾ ੧ ॥ ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥ ਬ੍ਰਹਮ ਕਮਲੁ ਪਇਆਲਿ ਨ ਪਾਇਆ ॥ ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥ ਜੋ ਉਪਜੈ ਸੋ ਕਾਲਿ ਸੰਘਾਰਿਆ ॥ ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥ ਮਾਇਆ ਮੋਹੇ ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਓਹੁ ਅਬਿਨਾਸੀ ਅਲਖ ਅਭੇਵਾ ॥੨॥ ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥ ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥ ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥ ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥ ਸਾਹ ਮਰਹਿ ਸੰਚਹਿ ਮਾਇਆ ਦਾਮ ॥ ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥ {ਪੰਨਾ 227}

ਪਦ ਅਰਥ: ਪ੍ਰਥਮੇ = ਸਭ ਤੋਂ ਪਹਿਲਾਂ। ਕਾਲੈ ਘਰਿ = ਕਾਲ ਦੇ ਘਰ ਵਿਚ, ਮੌਤ ਦੇ ਸਹਮ ਵਿਚ। ਪਇਆਲਿ = ਪਾਤਾਲ ਵਿਚ। ਬ੍ਰਹਮ ਕਮਲੁ = ਵਿਸ਼ਨੂੰ ਦਾ ਕਮਲ, ਵਿਸ਼ਨੂੰ ਦੀ ਨਾਭੀ ਵਿਚੋਂ ਉੱਗੇ ਹੋਏ ਕਮਲ ਦਾ ਅੰਤ। ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪੈ ਗਿਆ।1।

ਉਪਜੈ = ਪੈਦਾ ਹੁੰਦਾ ਹੈ। ਸੋ = ਉਸ ਨੂੰ। ਕਾਲਿ = ਕਾਲ ਨੇ, ਮੌਤ (ਦੇ ਸਹਮ) ਨੇ। ਸੰਘਾਰਿਆ = ਮਾਰਿਆ ਹੈ, ਆਤਮਕ ਜੀਵਨ ਵਲੋਂ ਮਾਰਿਆ ਹੈ, ਆਤਮਕ ਮੌਤੇ ਮਾਰਿਆ ਹੈ, ਆਤਮਕ ਜੀਵਨ ਪਲਰਨ ਨਹੀਂ ਦਿੱਤਾ। ਹਮ = ਮੈਨੂੰ। ਰਾਖੇ = ਆਤਮਕ ਮੌਤ ਤੋਂ ਬਚਾ ਲਿਆ ਹੈ।1। ਰਹਾਉ।

ਸਭਿ = ਸਾਰੇ। ਕਾਲੁ = ਮੌਤ ਦਾ ਸਹਮ।2।

ਨਾਮਹੁ = ਨਾਮ ਤੋਂ। ਭੂਲੇ = ਖੁੰਝਦਾ ਹੈ। ਮੈ = ਮੈਨੂੰ। ਧਰ = ਆਸਰਾ।3।

ਮੁਕਾਮੁ = ਪੱਕਾ ਟਿਕਾਣਾ। ਮਰਹਿ = ਮਰਦੇ ਹਨ। ਸੰਚਹਿ = ਇਕੱਠਾ ਕਰਦੇ ਹਨ। ਦਾਮ = ਪੈਸੇ, ਧਨ।4।

ਅਰਥ: (ਜਗਤ ਵਿਚ) ਜੇਹੜਾ ਜੇਹੜਾ ਜੀਵ ਜਨਮ ਲੈਂਦਾ ਹੈ (ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਮੌਤ (ਦੇ ਸਹਮ) ਨੇ ਉਸ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ। ਮੇਰੇ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, (ਕਿਉਂਕਿ ਉਸ ਦੀ ਮਿਹਰ ਨਾਲ) ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ।1। ਰਹਾਉ।

(ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿਚ ਫਸ ਗਿਆ, ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ (ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ) ।1।

ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ (ਇਹੀ ਹੈ ਆਤਮਕ ਮੌਤ, ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ। (ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।2।

(ਉਂਞ ਤਾਂ) ਸੁਲਤਾਨ ਹੋਣ, ਖ਼ਾਨ ਹੋਣ, ਬਾਦਿਸ਼ਾਹ ਹੋਣ, ਕਿਸੇ ਨੇ ਭੀ ਇਥੇ ਸਦਾ ਟਿਕੇ ਨਹੀਂ ਰਹਿਣਾ, ਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ (ਉਹ ਆਪਣੀ ਆਤਮਕ ਮੌਤ ਭੀ ਸਹੇੜ ਲੈਂਦਾ ਹੈ, ਇਸੇ ਕਰਕੇ, ਹੇ ਪ੍ਰਭੂ!) ਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ।3।

ਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ। ਪਰ (ਜੇਹੜੇ) ਸ਼ਾਹ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਕ ਮੌਤੇ ਮਰ ਜਾਂਦੇ ਹਨ। ਹੇ ਹਰੀ! ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਧਨ ਬਖ਼ਸ਼।4।

ਰਯਤਿ ਮਹਰ ਮੁਕਦਮ ਸਿਕਦਾਰੈ ॥ ਨਿਹਚਲੁ ਕੋਇ ਨ ਦਿਸੈ ਸੰਸਾਰੈ ॥ ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥ ਨਿਹਚਲੁ ਏਕੁ ਸਚਾ ਸਚੁ ਸੋਈ ॥ ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥ ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੬॥ ਕਾਜੀ ਸੇਖ ਭੇਖ ਫਕੀਰਾ ॥ ਵਡੇ ਕਹਾਵਹਿ ਹਉਮੈ ਤਨਿ ਪੀਰਾ ॥ ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੭॥ ਕਾਲੁ ਜਾਲੁ ਜਿਹਵਾ ਅਰੁ ਨੈਣੀ ॥ ਕਾਨੀ ਕਾਲੁ ਸੁਣੈ ਬਿਖੁ ਬੈਣੀ ॥ ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥ ਹਿਰਦੈ ਸਾਚੁ ਵਸੈ ਹਰਿ ਨਾਇ ॥ ਕਾਲੁ ਨ ਜੋਹਿ ਸਕੈ ਗੁਣ ਗਾਇ ॥ ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥ {ਪੰਨਾ 227}

ਪਦ ਅਰਥ: ਮਹਰ = ਮੁਖੀਏ। ਮੁਕਦਮ = ਮੁਕੱਦਮ, ਚੌਧਰੀ। ਸਿਕਦਾਰ = ਸਰਦਾਰ। ਸੰਸਾਰੈ = ਸੰਸਾਰ ਵਿਚ। ਅਫਰਿਉ = ਅਮੋੜ, ਬਲੀ। ਕੂੜੁ = ਮਾਇਆ ਦਾ ਮੋਹ। ਸਿਰਿ = (ਉਸ ਦੇ) ਸਿਰ ਉਤੇ। ਮਾਰੈ = ਮਾਰਦਾ ਹੈ, ਆਤਮਕ ਮੌਤੇ ਮਾਰਦਾ ਹੈ, ਆਤਮਕ ਜੀਵਨ ਪਲਰਨ ਨਹੀਂ ਦੇਂਦਾ।5।

ਨਿਹਚਲੁ = ਅਟੱਲ, ਸਦਾ-ਥਿਰ। ਜਿਨਿ = ਜਿਸ (ਪਰਮਾਤਮਾ) ਨੇ। ਤਿਨਹਿ = ਉਸੇ (ਪ੍ਰਭੂ) ਨੇ। ਗੋਈ = ਲੈ ਕਰ ਦਿੱਤੀ। ਸਭ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਓਹੁ = ਉਹ ਪਰਮਾਤਮਾ। ਪਤਿ = ਇੱਜ਼ਤ।6।

ਤਨਿ = ਤਨ ਵਿਚ। ਪੀਰਾ = ਪੀੜ। ਧੀਰਾ = ਧੀਰਜ, ਸਹਾਰਾ।7।

ਜਿਹਵਾ = ਜੀਭ ਦੀ ਰਾਹੀਂ। ਨੈਣੀ = ਅੱਖਾਂ ਦੀ ਰਾਹੀਂ। ਕਾਨੀ = ਕੰਨਾਂ ਦੀ ਰਾਹੀਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੇ। ਬੈਣੀ = ਬਚਨ। ਮੂਠੇ = ਲੁੱਟੇ ਜਾਂਦੇ ਹਨ।8।

ਨਾਇ = ਨਾਮ ਵਿਚ। ਨ ਜੋਹਿ ਸਕੈ = ਤੱਕ ਨਹੀਂ ਸਕਦਾ, ਸਹਮ ਨਹੀਂ ਪਾ ਸਕਦਾ, ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ। ਸਬਦਿ = ਸ਼ਬਦ ਦੀ ਰਾਹੀਂ।9।

ਅਰਥ: ਪਰਜਾ, ਪਰਜਾ ਦੇ ਮੁਖੀਏ, ਚੌਧਰੀ, ਸਰਦਾਰ = ਕੋਈ ਭੀ ਐਸਾ ਨਹੀਂ ਦਿੱਸਦਾ ਜੋ ਸੰਸਾਰ ਵਿਚ ਸਦਾ ਟਿਕਿਆ ਰਹਿ ਸਕੇ। ਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ।5।

ਸਦਾ ਅਟੱਲ ਰਹਿਣ ਵਾਲਾ ਕੇਵਲ ਇਕੋ ਇਕ ਪਰਮਾਤਮਾ ਹੀ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ (ਆਪਣੇ ਅੰਦਰ) ਲੈ ਕਰ ਲੈਂਦਾ ਹੈ। ਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ।6।

ਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ, (ਦੁਨੀਆ ਵਿਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿਚ ਹਉਮੈ ਦੀ ਪੀੜ ਹੈ, ਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ) । ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਨਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ) ।7।

(ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ, ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ) । ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ।8।

ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ) ਟਿਕਿਆ ਰਹਿੰਦਾ ਹੈ, ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ। ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ ਸਦਾ) ਲੀਨ ਰਹਿੰਦਾ ਹੈ।9।14।

ਗਉੜੀ ਮਹਲਾ ੧ ॥ ਬੋਲਹਿ ਸਾਚੁ ਮਿਥਿਆ ਨਹੀ ਰਾਈ ॥ ਚਾਲਹਿ ਗੁਰਮੁਖਿ ਹੁਕਮਿ ਰਜਾਈ ॥ ਰਹਹਿ ਅਤੀਤ ਸਚੇ ਸਰਣਾਈ ॥੧॥ ਸਚ ਘਰਿ ਬੈਸੈ ਕਾਲੁ ਨ ਜੋਹੈ ॥ ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥ ਅਪਿਉ ਪੀਅਉ ਅਕਥੁ ਕਥਿ ਰਹੀਐ ॥ ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥ ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥ ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥ ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥ ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥੩॥ ਸਤਿਗੁਰੁ ਦੇਖਿਆ ਦੀਖਿਆ ਲੀਨੀ ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥ ਗਤਿ ਮਿਤਿ ਪਾਈ ਆਤਮੁ ਚੀਨੀ ॥੪॥ {ਪੰਨਾ 227}

ਪਦ ਅਰਥ: ਬੋਲਹਿ = ਬੋਲਦੇ ਹਨ। ਸਾਚੁ = ਸਦਾ ਅਟੱਲ ਰਹਿਣ ਵਾਲਾ ਬੋਲ। ਮਿਥਿਆ = ਝੂਠ। ਰਾਈ = ਰਤਾ ਭਰ। ਹੁਕਮਿ ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ। ਅਤੀਤ = ਮਾਇਆ ਦੇ ਪ੍ਰਭਾਵ ਤੋਂ ਪਰੇ।1।

ਸਚ ਘਰਿ = ਸੱਚ ਦੇ ਘਰ ਵਿਚ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ। ਬੈਸੇ = (ਜੋ) ਬੈਠਦਾ ਹੈ। ਕਾਲੁ = ਮੌਤ ਦਾ ਸਹਮ, ਆਤਮਕ ਮੌਤ। ਮੋਹੈ– ਮੋਹ ਦੇ ਕਾਰਨ। ਆਵਤ ਜਾਵਤ = ਜੰਮਣ ਮਰਨ ਦਾ।1। ਰਹਾਉ।

ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਅਉ = ਬੇਸ਼ਕ ਕੋਈ ਧਿਰ ਪੀਏ। ਕਥਿ = ਕਥ ਕੇ, ਸਿਫ਼ਤਿ-ਸਾਲਾਹ ਕਰ ਕੇ। ਰਹੀਐ = ਰਹਿ ਸਕੀਦਾ ਹੈ, (ਨਿਜ ਘਰ ਵਿਚ ਟਿਕੇ) ਰਹਿ ਸਕੀਦਾ ਹੈ। ਬੈਸਿ = ਬੈਠ ਕੇ, ਟਿਕ ਕੇ। ਸਹਜ ਘਰੁ = ਆਤਮਕ ਅਡੋਲਤਾ ਦੇਣ ਵਾਲਾ ਘਰ। ਲਹੀਐ = ਪ੍ਰਾਪਤ ਕਰ ਸਕੀਦਾ ਹੈ। ਰਸਿ = ਰਸ ਵਿਚ। ਮਾਤੇ = ਮਸਤ ਹੋਇਆਂ। ਕਹੀਐ = ਕਹਿ ਸਕੀਦਾ ਹੈ।2।

ਚਾਲ = ਜੀਵਨ-ਚਾਲ, ਜ਼ਿੰਦਗੀ ਦੀ ਜੁਗਤਿ। ਨਿਹਚਲ = ਜਿਸ ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ। ਸਾਚਿ = ਸਦਾ-ਥਿਰ ਪ੍ਰਭੂ ਵਿਚ (ਟਿਕ ਕੇ) । ਸਹਜਿ = ਸ਼ਾਂਤ ਅਵਸਥਾ ਵਿਚ (ਟਿਕ ਕੇ) । ਵਿਰੋਲੈ = ਰਿੜਕਦਾ ਹੈ, ਰਿੜਕ ਕੇ ਲੱਭ ਲੈਂਦਾ ਹੈ।3।

ਦੀਖਿਆ = ਸਿੱਖਿਆ। ਅਰਪਿਓ = ਹਵਾਲੇ ਕੀਤਾ। ਅੰਤਰ ਗਤਿ = ਅੰਦਰਲੀ ਆਤਮਕ ਹਾਲਤ। ਗਤਿ = ਪਰਮਾਤਮਾ ਦੀ ਆਤਮਕ ਅਵਸਥਾ। ਮਿਤਿ = ਪਰਮਾਤਮਾ ਦਾ ਵਡੱਪਣ। ਆਤਮੁ = ਆਪਣਾ-ਆਪ।4।

ਅਰਥ: ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ (ਉਸ ਦੇ ਆਤਮਕ ਜੀਵਨ ਨੂੰ ਕੋਈ ਖ਼ਤਰਾ ਨਹੀਂ ਹੁੰਦਾ) । ਪਰ ਆਪਣੇ ਮਨ ਦੇ ਮੁਰੀਦ ਮਨੁੱਖ ਨੂੰ ਮੋਹ (ਵਿਚ ਫਸੇ ਹੋਣ) ਦੇ ਕਾਰਨ ਜਨਮ ਮਰਨ ਦਾ ਦੁੱਖ (ਦਬਾਈ ਰੱਖਦਾ) ਹੈ।1। ਰਹਾਉ।

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਰਨ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਹਨ, ਇਸ ਵਾਸਤੇ ਉਹ ਰਤਾ ਭੀ ਝੂਠ ਨਹੀਂ ਬੋਲਦੇ, ਉਹ ਸਦਾ ਅਟੱਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ।1।

ਕੋਈ ਭੀ ਜੀਵ ਨਾਮ-ਰਸ ਪੀਏ (ਤੇ ਪੀ ਕੇ ਵੇਖ ਲਏ) , ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ("ਨਿਜ ਘਰ ਵਿਚ") ਟਿਕੇ ਰਹਿ ਸਕੀਦਾ ਹੈ, ਤੇ ਉਸ ਸ੍ਵੈ-ਸਰੂਪ ਵਿਚ ਬੈਠ ਕੇ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕੀਦਾ ਹੈ। ਹਰਿ-ਨਾਮ-ਰਸ ਵਿਚ ਮਸਤ ਹੋਇਆਂ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਕ ਸੁਖ।2।

ਗੁਰੂ ਦੀ ਮਤਿ ਤੇ ਤੁਰਨ ਵਾਲੀ ਜੀਵਨ-ਜੁਗਤਿ (ਐਸੀ ਹੈ ਕਿ ਇਸ) ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ, ਮਾਇਆ ਦੇ ਮੋਹ ਵਿਚ ਇਹ ਡੋਲ ਨਹੀਂ ਸਕਦੀ। ਜੇਹੜਾ ਮਨੁੱਖ ਗੁਰੂ ਦੀ ਮਤਿ ਧਾਰਨ ਕਰ ਕੇ ਸਦਾ-ਥਿਰ ਪ੍ਰਭੂ ਵਿਚ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਹ ਅਸਲੀਅਤ ਨੂੰ ਵਿਰੋਲ ਕੇ ਲੱਭ ਲੈਂਦਾ ਹੈ।3।

ਜਿਸ ਮਨੁੱਖ ਨੇ (ਪੂਰੇ) ਗੁਰੂ ਦਾ ਦਰਸਨ ਕਰ ਲਿਆ ਤੇ ਗੁਰੂ ਦੀ ਸਿੱਖਿਆ ਗ੍ਰਹਣ ਕਰ ਲਈ, ਆਪਣੇ ਅੰਤਰ ਆਤਮੇ ਵਸਾ ਲਈ ਤੇ (ਉਸ ਸਿੱਖਿਆ ਦੀ ਖ਼ਾਤਰ) ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ, (ਤੇ ਜਿਸ ਮਨੁੱਖ ਨੇ ਇਸ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਨਾ ਸ਼ੁਰੂ ਕਰ ਦਿੱਤਾ) ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ, ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਵਾਲਾ ਹੈ।4।

ਭੋਜਨੁ ਨਾਮੁ ਨਿਰੰਜਨ ਸਾਰੁ ॥ ਪਰਮ ਹੰਸੁ ਸਚੁ ਜੋਤਿ ਅਪਾਰ ॥ ਜਹ ਦੇਖਉ ਤਹ ਏਕੰਕਾਰੁ ॥੫॥ ਰਹੈ ਨਿਰਾਲਮੁ ਏਕਾ ਸਚੁ ਕਰਣੀ ॥ ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥ ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥ ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥ ਹਰਿ ਜਸਿ ਸੰਤ ਭਗਤ ਨਿਸਤਾਰਿਆ ॥ ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥ ਸਾਚ ਮਹਲਿ ਗੁਰਿ ਅਲਖੁ ਲਖਾਇਆ ॥ ਨਿਹਚਲ ਮਹਲੁ ਨਹੀ ਛਾਇਆ ਮਾਇਆ ॥ ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥ ਜਿਨ ਕੈ ਮਨਿ ਵਸਿਆ ਸਚੁ ਸੋਈ ॥ ਤਿਨ ਕੀ ਸੰਗਤਿ ਗੁਰਮੁਖਿ ਹੋਈ ॥ ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥ {ਪੰਨਾ 227-228}

ਪਦ ਅਰਥ: ਸਾਰੁ = ਸ੍ਰੇਸ਼ਟ। ਪਰਮ = ਸਭ ਤੋਂ ਵੱਡਾ। ਸਚੁ = ਸਦਾ-ਥਿਰ। ਦੇਖਉ = ਬੇਸ਼ਕ ਉਹ ਵੇਖ ਲਵੇ।5।

ਨਿਰਾਲਮੁ = ਨਿਰਲੇਪ। ਕਰਣੀ = ਨਿੱਤ-ਆਚਰਨ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਮਨ ਤੇ = ਮਨ ਤੋਂ, ਅੰਦਰ ਹੀ। ਅਹੰ = ਹਉਮੈ। ਭ੍ਰਮਣੀ = ਭਟਕਣਾ।6।

ਜਸਿ = ਜਸ ਨੇ। ਭਾਰਿਆ = ਭਾਲਿਆ।7।

ਮਹਲਿ = ਮਹਲ ਵਿਚ। ਗੁਰਿ = ਗੁਰੂ ਨੇ। ਛਾਇਆ = ਸਾਇਆ, ਪ੍ਰਭਾਵ।8।

ਮਨਿ = ਮਨ ਵਿਚ। ਸਚੁ = ਸਦਾ-ਥਿਰ ਪ੍ਰਭੂ। ਨਾਮਿ = ਨਾਮ ਵਿਚ (ਜੁੜ ਕੇ) ।9।

ਅਰਥ: ਜੇਹੜਾ ਮਨੁੱਖ (ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ) ਨਿਰੰਜਨ ਦੇ ਸ੍ਰੇਸ਼ਟ ਨਾਮ ਨੂੰ ਆਪਣੀ ਆਤਮਕ ਖ਼ੁਰਾਕ ਬਣਾਂਦਾ ਹੈ, ਉਹ ਸਦਾ-ਥਿਰ ਰਹਿਣ ਵਾਲਾ ਪਰਮ ਹੰਸ ਬਣ ਜਾਂਦਾ ਹੈ, ਬੇਅੰਤ (ਪ੍ਰਭੂ) ਦੀ ਜੋਤਿ (ਉਸ ਦੇ ਅੰਦਰ ਚਮਕ ਪੈਂਦੀ ਹੈ) । ਬੇਸ਼ਕ ਕਿਸੇ ਭੀ ਪਾਸੇ ਉਹ ਤੱਕ ਕੇ ਵੇਖ ਲਏ, ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿੱਸਦਾ ਹੈ।5।

("ਸਚ ਘਰ" ਵਿਚ ਬੈਠਣ ਵਾਲਾ) ਉਹ ਮਨੁੱਖ ਮਾਇਆ (ਦੇ ਪ੍ਰਭਾਵ) ਤੋਂ ਨਿਰਲੇਪ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ। ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਹਉਮੈ ਵਾਲੀ ਉਸ ਦੀ ਭਟਕਣਾ ਮੁੱਕ ਜਾਂਦੀ ਹੈ।6।

("ਸਚ ਘਰ" ਵਿਚ ਬੈਠੇ ਰਹਿਣ ਦੀ) ਇਸ ਵਿਧੀ ਨੇ ਕਿਸ ਕਿਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾਇਆ? ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਘਾ ਦਿੱਤਾ ਹੈ। ਜਿਸ ਜਿਸ ਨੇ ਜਸ ਕੀਤਾ, ਉਸ ਨੂੰ ਪ੍ਰਭੂ ਜੀ ਮਿਲ ਪਏ। (ਮੈਂ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦਾ ਹਾਂ ਤੇ) ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਭਾਲਦਾ।7।

ਸਦਾ-ਥਿਰ ਪ੍ਰਭੂ ਦੇ ਮਹਲ ਵਿਚ (ਅਪੜਾ ਕੇ) ਗੁਰੂ ਨੇ ਜਿਸ ਮਨੁੱਖ ਨੂੰ ਅਲੱਖ ਪ੍ਰਭੂ ਦਾ ਸਰੂਪ (ਹਿਰਦੇ ਵਿਚ) ਪ੍ਰਤੱਖ ਕਰ ਦਿੱਤਾ ਹੈ, ਉਸ ਨੂੰ ਉਹ ਅਚੱਲ ਟਿਕਾਣਾ (ਸਦਾ ਲਈ ਪ੍ਰਾਪਤ ਹੋ ਜਾਂਦਾ ਹੈ) ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਜੇਹੜੇ ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਮਾਇਆ ਵਲੋਂ ਰੱਜ ਜਾਂਦੇ ਹਨ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ।8।

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਉਹਨਾਂ ਦੀ ਸੰਗਤਿ ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਹੁੰਦੀ ਹੈ, ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਸਾਫ਼ ਕਰ ਲੈਂਦਾ ਹੈ।9।15।

TOP OF PAGE

Sri Guru Granth Darpan, by Professor Sahib Singh