ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 239

ਗਉੜੀ ਮਹਲਾ ੫ ॥ ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥ ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥ ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥ ਕਾਗ ਬਤਨ ਬਿਸਟਾ ਮਹਿ ਵਾਸ ॥੨॥ ਬਿਨੁ ਸਿਮਰਨ ਭਏ ਕੂਕਰ ਕਾਮ ॥ ਸਾਕਤ ਬੇਸੁਆ ਪੂਤ ਨਿਨਾਮ ॥੩॥ ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥ ਬਿਨੁ ਸਿਮਰਨ ਗਰਧਭ ਕੀ ਨਿਆਈ ॥ ਸਾਕਤ ਥਾਨ ਭਰਿਸਟ ਫਿਰਾਹੀ ॥੫॥ ਬਿਨੁ ਸਿਮਰਨ ਕੂਕਰ ਹਰਕਾਇਆ ॥ ਸਾਕਤ ਲੋਭੀ ਬੰਧੁ ਨ ਪਾਇਆ ॥੬॥ ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥ ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥ ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥ {ਪੰਨਾ 239}

ਪਦ ਅਰਥ: ਜੈਸੇ = ਜਿਵੇਂ। ਆਰਜਾਰੀ = ਉਮਰ। ਸਰਪ = ਸੱਪ। ਜੀਵਹਿ = ਜੀਊਂਦੇ ਹਨ। ਬਿਸਾਰੀ = ਬਿਸਾਰਿ, ਵਿਸਾਰ ਕੇ।1।

ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਜੋ = ਜੇਹੜਾ। ਜੀਆ = ਜੀਵਿਆ ਗਿਆ, ਗੁਜ਼ਾਰਿਆ। ਕੋਟਿ = ਕ੍ਰੋੜਾਂ। ਥਿਰੁ = ਕਾਇਮ। ਥੀਆ = ਹੋ ਗਿਆ।1। ਰਹਾਉ।

ਧ੍ਰਿਗੁ = ਫਿਟਕਾਰ-ਜੋਗ। ਕਾਗ = ਕਾਂ। ਬਤਨ = ਮੂੰਹ {vdn}। ਬਿਸਟਾ = ਗੰਦ, ਗੂੰਹ।2।

ਕੂਕਰ ਕਾਮ = ਕੁੱਤਿਆਂ ਦੇ ਕੰਮਾਂ ਵਾਲੇ। ਸਾਕਤ = ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ। ਨਿਨਾਮ = ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ।3।

ਸੀਙ = ਸਿੰਗ। ਛਤਾਰਾ = ਛੱਤਰਾ, ਭੇਡੂ। ਕੂਰੁ = ਕੂੜ, ਝੂਠ। ਕਾਰਾ = ਕਾਲਾ।4।

ਗਰਧਭ = {gdLB} ਖੋਤਾ। ਨਿਆਈ = ਵਾਂਗ। ਭਰਿਸਟ = ਗੰਦੇ, ਵਿਕਾਰੀ। ਫਿਰਾਹੀ = ਫਿਰਹਿ, ਫਿਰਦੇ ਹਨ।5।

ਹਰਕਾਇਆ = ਹਲਕਾ ਹੋਇਆ ਹੋਇਆ। ਬੰਧੁ = ਰੋਕ।6।

ਆਤਮਘਾਤੀ = ਆਤਮਕ ਜੀਵਨ ਦਾ ਨਾਸ ਕਰਨ ਵਾਲਾ। ਜਾਤੀ = ਜਾਤਿ।7।

ਗੁਰਿ = ਗੁਰੂ ਦੀ ਰਾਹੀਂ।8।

ਅਰਥ: (ਹੇ ਭਾਈ!) ਜੇਹੜਾ ਇਕ ਅੱਖ ਝਮਕਣ ਜਿਤਨਾ ਸਮਾ ਭੀ ਪਰਮਾਤਮਾ ਦੇ ਸਿਮਰਨ ਵਿਚ ਗੁਜ਼ਾਰਿਆ ਜਾਏ, ਉਹ, ਮਾਨੋ, ਲੱਖਾਂ ਕ੍ਰੋੜਾਂ ਦਿਨ (ਜੀਊ ਲਿਆ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਆਤਮਕ ਜੀਵਨ) ਸਦਾ ਲਈ ਅਡੋਲ ਹੋ ਜਾਂਦਾ ਹੈ।1। ਰਹਾਉ।

(ਹੇ ਭਾਈ!) ਜਿਵੇਂ ਸੱਪ ਦੀ ਉਮਰ ਹੈ (ਉਮਰ ਤਾਂ ਲੰਮੀ ਹੈ, ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ) ਇਸੇ ਤਰ੍ਹਾਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾ (ਵਿਅਰਥ ਜੀਵਨ ਹੀ) ਜੀਊਂਦੇ ਹਨ (ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ) ।1।

(ਹੇ ਭਾਈ!) ਪ੍ਰਭੂ-ਸਿਮਰਨ ਤੋਂ ਖੁੰਝ ਕੇ ਹੋਰ ਹੋਰ ਕੰਮ ਕਰਨੇ ਫਿਟਕਾਰ-ਜੋਗ ਹੀ ਹਨ, ਜਿਵੇਂ ਕਾਂ ਦੀ ਚੁੰਝ ਗੰਦ ਵਿਚ ਹੀ ਰਹਿੰਦੀ ਹੈ, ਤਿਵੇਂ ਸਿਮਰਨ-ਹੀਨ ਮਨੁੱਖਾਂ ਦੇ ਮੂੰਹ (ਨਿੰਦਾ ਆਦਿਕ ਦੇ) ਗੰਦ ਵਿਚ ਹੀ ਰਹਿੰਦੇ ਹਨ।2।

(ਹੇ ਭਾਈ!) ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ਵੇਸਵਾ ਇਸਤ੍ਰੀਆਂ ਦੇ ਪੁੱਤਰਾਂ ਵਾਂਗ (ਨਿਲੱਜ) ਹੋ ਜਾਂਦੇ ਹਨ ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ। ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ (ਲੋਭ ਤੇ ਕਾਮਾਦਿਕ ਵਿਚ ਫਸ ਕੇ) ਕੁੱਤਿਆਂ ਵਰਗੇ ਕੰਮਾਂ ਵਿਚ ਪ੍ਰਵਿਰਤ ਰਹਿੰਦੇ ਹਨ।3।

(ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਸਦਾ) ਝੂਠ ਬੋਲਦੇ ਹਨ, ਹਰ ਥਾਂ ਮੁਕਾਲਖ ਹੀ ਖੱਟਦੇ ਹਨ। ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ (ਧਰਤੀ ਉਤੇ ਭਾਰ ਹੀ ਹਨ, ਜਿਵੇਂ) ਛੱਤਰਿਆਂ ਦੇ ਸਿਰ ਤੇ ਸਿੰਗ।4।

(ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਕੁਕਰਮਾਂ ਵਾਲੇ) ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ, ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਹੀ (ਮਲੀਨ ਜੀਵਨ ਗੁਜ਼ਾਰਦੇ ਹਨ, ਜਿਵੇਂ ਖੋਤਾ ਸਦਾ ਸੁਆਹ ਮਿੱਟੀ ਵਿਚ ਲੇਟ ਕੇ ਖ਼ੁਸ਼ ਹੁੰਦਾ ਹੈ) ।5।

(ਹੇ ਭਾਈ!) ਰੱਬ ਨਾਲੋਂ ਟੁੱਟੇ ਹੋਏ ਮਨੁੱਖ ਲੋਭ ਵਿਚ ਗ੍ਰਸੇ ਰਹਿੰਦੇ ਹਨ (ਉਹਨਾਂ ਦੇ ਰਾਹ ਵਿਚ, ਲੱਖਾਂ ਰੁਪਏ ਕਮਾ ਕੇ ਭੀ) ਰੋਕ ਨਹੀਂ ਪੈ ਸਕਦੀ, ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ (ਜਿਸ ਨਾਲ ਭੀ ਸੰਗ ਕਰਦੇ ਹਨ, ਉਸ ਨੂੰ ਲੋਭ ਦਾ ਹਲਕ ਚੰਬੋੜ ਦੇਂਦੇ ਹਨ) ।6।

(ਹੇ ਭਾਈ!) ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ।7।

ਹੇ ਨਾਨਕ! ਆਖ– ਜਿਸ ਮਨੁੱਖ ਉਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤਿ ਵਿਚ ਲਿਆ ਰਲਾਂਦਾ ਹੈ, ਤੇ ਇਸ ਤਰ੍ਹਾਂ ਜਗਤ ਨੂੰ ਗੁਰੂ ਦੀ ਰਾਹੀਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾਂਦਾ ਹੈ।8।7।

ਗਉੜੀ ਮਹਲਾ ੫ ॥ ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥ ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥ ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥ ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ ॥ ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥ ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥ ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥ ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥ ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥ ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥ ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥ ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥ ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥ ਤਿਸ ਕੀ ਕਟੀਐ ਜਮ ਕੀ ਫਾਸਾ ॥੭॥ ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥ ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥ {ਪੰਨਾ 239}

ਪਦ ਅਰਥ: ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ। ਮੋਹਿ = ਮੈਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਗੁਰਿ = ਗੁਰੂ ਨੇ। ਪੈਜ = ਲਾਜ।1।

ਮੋਹਿ ਮਿਲਿਆ = ਮੈਨੂੰ ਮਿਲਿਆ। ਥਾਉ = ਥਾਂ, ਟਿਕਾਣਾ।1। ਰਹਾਉ।

ਸੁਣਿ = ਸੁਣ ਕੇ। ਰਸਨ = ਜੀਭ (ਨਾਲ) । ਵਖਾਣੀ = ਮੈਂ ਵਖਾਣਦਾ ਹਾਂ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ। ਮੇਰੀ = ਮੇਰੀ (ਰਾਸ-ਪੂੰਜੀ ਬਣ ਗਈ ਹੈ) ।2।

ਆਪੁ = ਆਪਾ-ਭਾਵ, ਹਉਮੈ। ਤੇ = ਤੋਂ, ਨਾਲ।3।

ਭਰਮੁ = ਭਟਕਣਾ। ਪੇਖਿਓ = ਮੈਂ ਵੇਖ ਲਿਆ ਹੈ। ਸਭੁ = ਹਰ ਥਾਂ। ਬ੍ਰਹਮੁ = ਪਰਮਾਤਮਾ।4।

ਰਾਜੁ ਜੋਗੁ = ਰਾਜ ਭੀ ਤੇ ਜੋਗ ਭੀ, ਗ੍ਰਿਹਸਤ ਵਿਚ ਰਹਿੰਦਿਆਂ ਪਰਮਾਤਮਾ ਨਾਲ ਮਿਲਾਪ। ਲੋਗੁ = ਲੋਕ, ਜਗਤ।5।

ਸਿਧਿ = ਸਿੱਧੀ, ਸਫਲਤਾ, ਕਾਮਯਾਬੀ। ਨਿਧਿ = ਖ਼ਜ਼ਾਨਾ।6।

ਜਿਨਿ = ਜਿਸ ਨੇ। ਕੀਨੀ = ਕੀਤੀ, ਬਣਾਈ, ਧਾਰੀ। ਕਟੀਐ = ਕੱਟੀ ਜਾਂਦੀ ਹੈ।7।

ਕਰਮੁ = ਕਿਸਮਤਿ, ਭਾਗ। ਭੇਟਿਆ = ਮਿਲ ਪਿਆ।8।

ਅਰਥ: (ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ, ਤੇ, ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ।1। ਰਹਾਉ।

ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ, (ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।1।

(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹਾਂ, ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ।2।

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ, ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ।3।

ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ।4।

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ। (ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।5।

(ਹੇ ਭਾਈ!) ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ, ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ।6।

(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ, ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ।7।

ਹੇ ਨਾਨਕ! (ਆਖ–) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ, ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ।8। 8।

ਗਉੜੀ ਮਹਲਾ ੫ ॥ ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥ ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥ ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥ ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥ ਗੁਰ ਕੀ ਰੇਣੁ ਨਿਤ ਮਜਨੁ ਕਰਉ ॥ ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥ ਤਿਸੁ ਗੁਰ ਕਉ ਝੂਲਾਵਉ ਪਾਖਾ ॥ ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥ ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥ ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥ ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥ ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥ ਜਿਨਿ ਗੁਰਿ ਮੋ ਕਉ ਦੀਨਾ ਜੀਉ ॥ ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ ਆਪੇ ਲਾਇਓ ਅਪਨਾ ਪਿਆਰੁ ॥ ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ {ਪੰਨਾ 239-240}

ਪਦ ਅਰਥ: ਕਉ = ਨੂੰ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਨਾਲ। ਪ੍ਰਾਣ = ਜਿੰਦ, ਜਿੰਦ ਦਾ ਆਸਰਾ। ਰਾਸਿ = ਪੂੰਜੀ, ਸਰਮਾਇਆ।1। ਰਹਾਉ।

ਦੇਖਿ ਦੇਖਿ = ਮੁੜ ਮੁੜ ਵੇਖ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਹਾਂ।1।

ਰੇਣੁ = ਚਰਨ-ਧੂੜ। ਮਜਨੁ = ਇਸ਼ਨਾਨ। ਕਰਉ = ਕਰਉਂ, ਮੈਂ ਕਰਦਾ ਹਾਂ। ਮਲੁ = ਮੈਲ। ਹਰਉ = ਮੈਂ ਦੂਰ ਕਰਦਾ ਹਾਂ।2।

ਝੂਲਾਵਉ = ਮੈਂ ਝੱਲਦਾ ਹਾਂ। ਤੇ = ਤੋਂ। ਦੇ = ਦੇ ਕੇ।3।

ਕੈ ਗ੍ਰਿਹਿ = ਦੇ ਘਰ ਵਿਚ। ਢੋਵਉ = ਢੋਵਉਂ, ਮੈਂ ਢੋਂਦਾ ਹਾਂ। ਤੇ = ਤੋਂ। ਅਕਲ = ਕਲ-ਰਹਿਤ, ਜਿਸ ਦੇ ਟੋਟੇ ਨਹੀਂ ਹੋ ਸਕਦੇ, ਜੋ ਘਟਦਾ ਵਧਦਾ ਨਹੀਂ ਜਿਵੇਂ ਚੰਦ੍ਰਮਾ ਦੀਆਂ ਕਲਾ ਘਟਦੀਆਂ ਵਧਦੀਆਂ ਹਨ। ਗਤਿ = ਅਵਸਥਾ, ਹਾਲਤ।4।

ਪੀਸਉ = ਮੈਂ (ਚੱਕੀ) ਪੀਸਦਾ ਹਾਂ। ਨੀਤਿ = ਨਿੱਤ, ਸਦਾ। ਪਰਸਾਦਿ = ਕਿਰਪਾ ਨਾਲ।5।

ਜਿਨਿ ਗੁਰਿ = ਜਿਸ ਗੁਰੂ ਨੇ। ਜੀਉ = ਆਤਮਕ ਜੀਵਨ। ਦਾਸਰਾ = ਨਿੱਕਾ ਜਿਹਾ ਦਾਸ। ਮੁਲਿ = ਮੁੱਲ ਨਾਲ।6।

ਕਰੀ = ਕਰੀਂ, ਮੈਂ ਕਰਦਾ ਹਾਂ।7।

ਕਲਿ = ਝਗੜੇ। ਭੈ = {'ਭਉ' ਤੋਂ ਬਹੁ-ਵਚਨ}। ਨਾਨਕ = ਹੇ ਨਾਨਕ! ਸਮਰਾਥਾ = ਸਭ ਤਾਕਤਾਂ ਵਾਲਾ।8।

ਅਰਥ: (ਹੇ ਭਾਈ!) ਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ (ਆਤਮਕ ਜੀਵਨ ਦੀ) ਰਾਸਿ-ਪੂੰਜੀ (ਦਾ ਰਾਖਾ) ਹੈ, ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ।1। ਰਹਾਉ।

(ਹੇ ਭਾਈ!) ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ।1।

ਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ, ਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ।2।

(ਹੇ ਭਾਈ!) ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ, ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ।3।

(ਹੇ ਭਾਈ!) ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ, ਮੈਂ ਉਸ ਗੁਰੂ ਦੇ ਘਰ ਵਿਚ (ਸਦਾ) ਪਾਣੀ ਢੋਂਦਾ ਹਾਂ।4।

(ਹੇ ਭਾਈ!) ਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ, ਉਸ ਗੁਰੂ ਦੇ ਘਰ ਵਿਚ ਮੈਂ ਸਦਾ ਚੱਕੀ ਪੀਂਹਦਾ ਹਾਂ।5।

(ਹੇ ਭਾਈ!) ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ, ਜਿਸ ਨੇ ਮੈਨੂੰ ਆਪਣਾ ਨਿੱਕਾ ਜਿਹਾ ਦਾਸ ਬਣਾ ਕੇ ਆਪ ਹੀ ਮੁੱਲ ਲੈ ਲਿਆ ਹੈ (ਮੇਰੇ ਨਾਲ ਡੂੰਘੀ ਅਪਣੱਤ ਬਣਾ ਲਈ ਹੈ,) ਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ, ਉਸ ਗੁਰੂ ਨੂੰ ਮੈਂ ਸਦਾ ਹੀ ਸਦਾ ਹੀ ਸਿਰ ਨਿਵਾਂਦਾ ਰਹਿੰਦਾ ਹਾਂ। 6, 7।

ਹੇ ਨਾਨਕ! ਆਖ– ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ, ਉਸ ਦੀ ਸਰਨ ਪਿਆਂ (ਮੇਰੇ ਅੰਦਰੋਂ) ਝਗੜੇ ਕਲੇਸ਼ ਸਹਮ ਭਟਕਣਾ ਤੇ ਸਾਰੇ ਦੁੱਖ ਦੂਰ ਹੋ ਗਏ ਹਨ।8।9।

TOP OF PAGE

Sri Guru Granth Darpan, by Professor Sahib Singh