ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 240

ਗਉੜੀ ਮਹਲਾ ੫ ॥ ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥ ਨਾਮ ਬਿਨਾ ਜੋ ਪਹਿਰੈ ਖਾਇ ॥ ਜਿਉ ਕੂਕਰੁ ਜੂਠਨ ਮਹਿ ਪਾਇ ॥੧॥ ਨਾਮ ਬਿਨਾ ਜੇਤਾ ਬਿਉਹਾਰੁ ॥ ਜਿਉ ਮਿਰਤਕ ਮਿਥਿਆ ਸੀਗਾਰੁ ॥੨॥ ਨਾਮੁ ਬਿਸਾਰਿ ਕਰੇ ਰਸ ਭੋਗ ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥ ਨਾਮੁ ਤਿਆਗਿ ਕਰੇ ਅਨ ਕਾਜ ॥ ਬਿਨਸਿ ਜਾਇ ਝੂਠੇ ਸਭਿ ਪਾਜ ॥੪॥ ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥ ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥ ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥੭॥ ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥ {ਪੰਨਾ 240}

ਪਦ ਅਰਥ: ਗੋਬਿੰਦ = ਹੇ ਗੋਬਿੰਦ! ਅਸਨੇਹੁ = {Ônyh} ਪਿਆਰ, ਮੋਹ।1। ਰਹਾਉ।

ਪਹਿਰੈ = ਪਹਿਨਦਾ ਹੈ। ਖਾਇ = ਖਾਂਦਾ ਹੈ। ਜੂਠਨ ਮਹਿ = ਜੂਠੀਆਂ ਚੀਜ਼ਾਂ ਵਿਚ।1।

ਜੇਤਾ = ਜਿਤਨਾ ਭੀ। ਮਿਰਤਕ = ਮੁਰਦਾ। ਮਿਥਿਆ = ਝੂਠਾ।2।

ਬਿਸਾਰਿ = ਵਿਸਾਰ ਕੇ।3।

ਅਨ ਕਾਜ = ਹੋਰ ਹੋਰ ਕੰਮ। ਸਭਿ = ਸਾਰੇ। ਪਾਜ = ਵਿਖਾਵੇ।4।

ਮਨਿ = ਮਨ ਵਿਚ। ਸੰਗਿ = ਨਾਲ। ਕੋਟਿ = ਕ੍ਰੋੜਾਂ। ਨਰਕਿ = ਨਰਕ ਵਿਚ।5।

ਜਿਨਿ = ਜਿਸ ਨੇ। ਮਨਿ = ਮਨ ਵਿਚ। ਜਮਪੁਰਿ = ਜਮ ਦੀ ਪੁਰੀ ਵਿਚ।6।

ਅਡੰਬਰ = ਵਿਖਾਵੇ ਦੇ ਸਾਮਾਨ। ਬਿਸਥਾਰਾ = ਖਿਲਾਰਾ।7।

ਲੇਇ = ਲੈਂਦਾ ਹੈ। ਦੇਇ = ਦੇਂਦਾ ਹੈ।8।

ਅਰਥ: ਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ। (ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ (ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ।1।

(ਹੇ ਭਾਈ!) ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ, (ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ।2।

(ਹੇ ਭਾਈ! ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ ਉਸ ਨੂੰ (ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ।3।

(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ, ਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ।4।

(ਹੇ ਭਾਈ! ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ, ਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ।5।

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ।6।

(ਹੇ ਭਾਈ! ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ = ਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ।7।

(ਪਰ,) ਹੇ ਨਾਨਕ! ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ।8।10।

ਗਉੜੀ ਮਹਲਾ ੫ ॥ ਆਦਿ ਮਧਿ ਜੋ ਅੰਤਿ ਨਿਬਾਹੈ ॥ ਸੋ ਸਾਜਨੁ ਮੇਰਾ ਮਨੁ ਚਾਹੈ ॥੧॥ ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥ ਬਿਨਸਤ ਨਾਹੀ ਛੋਡਿ ਨ ਜਾਇ ॥ ਜਹ ਪੇਖਾ ਤਹ ਰਹਿਆ ਸਮਾਇ ॥੨॥ ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥ ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥ ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥ ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥ ਮਾਇਆ ਸਿਲਕ ਕਾਟੀ ਗੋਪਾਲਿ ॥ ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥ ਸਿਮਰਿ ਸਿਮਰਿ ਕਾਟੇ ਸਭਿ ਰੋਗ ॥ ਚਰਣ ਧਿਆਨ ਸਰਬ ਸੁਖ ਭੋਗ ॥੬॥ ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥ ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥ ਕਹੁ ਨਾਨਕ ਹਰਿ ਹਰਿ ਪਦੁ ਚੀਨ ॥ ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥ {ਪੰਨਾ 240}

ਪਦ ਅਰਥ: ਆਦਿ = ਸ਼ੁਰੂ ਵਿਚ। ਮਧਿ = (ਜ਼ਿੰਦਗੀ ਦੇ) ਵਿਚਕਾਰ। ਅੰਤਿ = (ਜੀਵਨ ਦੇ) ਅਖ਼ੀਰ ਵਿਚ। ਨਿਬਾਹੈ– ਸਾਥ ਦੇਂਦਾ ਹੈ।1।

ਸੰਗਿ = ਨਾਲ। ਦਇਆਲ = ਦਇਆ ਦਾ ਘਰ। ਪੁਰਖ = ਸਰਬ-ਵਿਆਪਕ। ਪੂਰਨ = ਸਭ ਗੁਣਾਂ ਦਾ ਮਾਲਕ।1। ਰਹਾਉ।

ਛੋਡਿ = ਛੱਡ ਕੇ। ਜਹ = ਜਿਥੇ (ਭੀ) । ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਤਹ = ਉਥੇ (ਹੀ) ।2।

ਸੁਘੜ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਜੀਅ ਦਾਤਾ = ਜਿੰਦ ਦੇਣ ਵਾਲਾ।3।

ਅਧਾਰ = ਆਸਰਾ। ਕਰਿ = ਕਰ ਕੇ। ਰਿਦੈ = ਨਿਵਾਸਿ = ਹਿਰਦੇ ਦਾ ਨਿਵਾਸੀ।4।

ਸਿਲਕ = ਫਾਹੀ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਪਾਲਣਹਾਰੇ ਨੇ। ਨਿਹਾਲਿ = ਵੇਖ ਕੇ।5।

ਸਿਮਰ = ਸਿਮਰ ਕੇ। ਕਾਟੇ = ਕੱਟੇ ਜਾਂਦੇ ਹਨ। ਸਭਿ = ਸਾਰੇ।6।

ਨਵਤਨੁ = ਨਵਾਂ। ਨਿਤ = ਸਦਾ। ਬਾਲਾ = ਜਵਾਨ।7।

ਹਰਿ ਪਦੁ = ਪ੍ਰਭੂ-ਮਿਲਾਪ ਦਾ ਦਰਜਾ। ਪਦੁ = ਦਰਜਾ। ਕਉ = ਨੂੰ। ਸਰਬਸੁ = {svLÔv [ svL = ਸਾਰਾ। Ôv = ਸ੍ਵ, ਧਨ} ਸਾਰਾ ਹੀ ਧਨ-ਪਦਾਰਥ, ਸਭ ਕੁਝ।8।

ਅਰਥ: (ਹੇ ਭਾਈ!) ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ। ਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ (ਆਪਣੇ ਸੇਵਕ-ਭਗਤ ਦੀ ਸਦਾ) ਪਾਲਣਾ ਕਰਦਾ ਹੈ।1। ਰਹਾਉ।

(ਹੇ ਭਾਈ!) ਮੇਰਾ ਮਨ ਉਸ ਸੱਜਣ-ਪ੍ਰਭੂ ਨੂੰ (ਮਿਲਣਾ) ਲੋਚਦਾ ਹੈ ਜੇਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ।1।

(ਹੇ ਭਾਈ!) ਮੈਂ ਤਾਂ ਜਿਧਰ ਵੇਖਦਾ ਹਾਂ, ਓਧਰ ਹੀ ਹਰ ਥਾਂ ਪਰਮਾਤਮਾ ਮੌਜੂਦ ਹੈ। ਨਾਹ ਉਹ ਪਰਮਾਤਮਾ ਕਦੇ ਮਰਦਾ ਹੈ, ਤੇ ਨਾਹ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ।2।

(ਹੇ ਭਾਈ!) ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ, ਉਹੀ ਸਾਡਾ (ਅਸਲ ਭਰਾ) ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ।3।

(ਹੇ ਭਾਈ!) ਪਰਮਾਤਮਾ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ। ਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ।4।

(ਹੇ ਭਾਈ!) ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ। (ਮੇਰੇ ਵਲ) ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ।5।

(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ। ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਨੀ ਹੀ (ਦੁਨੀਆ ਦੇ) ਸਾਰੇ ਸੁਖ ਹਨ, ਸਾਰੇ ਪਦਾਰਥਾਂ ਦੇ ਭੋਗ ਹਨ।6।

(ਹੇ ਭਾਈ!) ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਸਾਰੇ ਜਗਤ ਵਿਚ ਹਰ ਥਾਂ ਵੱਸਦਾ ਹੈ, ਹਰੇਕ ਜੀਵ ਦੇ ਨਾਲ ਹੈ, ਤੇ ਸਭ ਜੀਵਾਂ ਦਾ ਰਾਖਾ ਹੈ। ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਨਵਾਂ ਹੈ, ਸਦਾ ਜਵਾਨ ਹੈ (ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਤੇ ਕਦੇ ਥੱਕਦਾ ਨਹੀਂ) ।7।

ਹੇ ਨਾਨਕ! ਆਖ– ਪਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦੇਂਦਾ ਹੈ, (ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ) ਸਾਰਾ ਧਨ-ਪਦਾਰਥ ਹੈ (ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਹ) ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ।8।11।

TOP OF PAGE

Sri Guru Granth Darpan, by Professor Sahib Singh