ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 241

ਰਾਗੁ ਗਉੜੀ ਮਾਝ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥ ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥ ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥ ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥ ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥ ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥ ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥ ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥ ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥ ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥ ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥ ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥ ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥ ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥ {ਪੰਨਾ 241}

ਪਦ ਅਰਥ: ਖੋਜਤ = ਢੂੰਢਤੇ। ਅਸੰਖ = ਅਣਗਿਣਤ, ਜਿਨ੍ਹਾਂ ਦੀ ਸੰਖਿਆ (ਗਿਣਤੀ) ਨਾਹ ਹੋ ਸਕੇ। ਪਾਰੀਆ = ਪਾਇਆ, ਲੱਭਾ। ਸੇਈ = ਉਹੀ ਬੰਦੇ। ਭਗਤ = {ਬਹੁ-ਵਚਨ}।1।

ਵਾਰੀਆ = ਕੁਰਬਾਨ।1। ਰਹਾਉ।

ਸੁਣਿ = ਸੁਣ ਕੇ। ਪੰਥੁ = ਰਸਤਾ। ਡਰਾਉ = ਡਰਾਉਣਾ। ਭੈਹਾਰੀਆ = ਭੈ-ਭੀਤ। ਸੰਤਾਹ = ਸੰਤਾਂ ਦੀ। ਲੇਹੁ ਉਬਾਰੀਆ = ਬਚਾ ਲਵੋ।2।

ਮੋਹਨ– ਹੇ (ਮਨ ਨੂੰ) ਮੋਹਣ ਵਾਲੇ ਪ੍ਰਭੂ! ਅਨੂਪ = ਹੇ ਸੁੰਦਰ! ਸਰਬ ਸਾਧਾਰੀਆ = ਹੇ ਸਭ ਦੇ ਆਸਰੇ! ਨਿਵਿ = ਨਿਊਂ ਕੇ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਗੁਰ ਪਾਇ = ਗੁਰੂ ਦੇ ਪੈਰੀਂ। ਦੇਹੁ ਦਿਖਾਰੀਆ = ਦਿਖਾਰਿ ਦੇਹੁ।3।

ਇਕਸੁ = ਇੱਕ ਤੋਂ। ਕਿਸ ਹੀ = {ਲਫ਼ਜ਼ 'ਕਿਸੁ' ਦਾ ੁ ਲਫ਼ਜ਼ 'ਹੀ' ਦੇ ਕਾਰਨ ਉੱਡ ਗਿਆ ਹੈ}। ਪੂਰ = ਭਰੇ ਹੋਏ। ਭੰਡਾਰੀਆ = ਖ਼ਜ਼ਾਨੇ।4।

ਚਹੁ ਦਿਸਿ = ਚੌਹੀਂ ਪਾਸੀਂ। ਦਿਸ = ਪਾਸਾ। ਸੂਖਿ = ਸੁਖ ਵਿਚ। ਆਹੀ = ਚਾਹੀ ਹੈ। ਓੜਿ = ਓਟ, ਆਸਰਾ। ਤੁਹਾਰਿ = ਤੁਹਾਰੀ, ਤੇਰੀ।5।

ਗੁਰਿ = ਗੁਰੂ ਨੇ। ਭੁਜਾ = ਬਾਂਹ। ਪਸਾਰਿ = ਖਿਲਾਰ ਕੇ। ਕੂਪ = ਖੂਹ। ਬਹੁਰਿ = ਮੁੜ।6।

ਸਰਬ ਨਿਧਾਨੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਅਕਥੁ = ਜਿਸ ਨੂੰ ਬਿਆਨ ਨਾਹ ਕੀਤਾ ਜਾ ਸਕੇ। ਬਾਹ ਲੁਡਾਰੀਆ = ਬਾਹ ਹੁਲਾਰਦੇ ਹਨ।7।

ਅਮੋਲੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਅਪਾਰੀਆ = ਬੇਅੰਤ। ਭਉਜਲੁ = ਸੰਸਾਰ-ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕਹਉ = ਕਹਉਂ, ਮੈਂ ਆਖਦਾ ਹਾਂ। ਪੁਕਾਰੀਆ = ਪੁਕਾਰ ਕੇ।8।

ਅਰਥ: ਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ।1। ਰਹਾਉ।

ਅਣਗਿਣਤ ਜੀਵ ਢੂੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ। ਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ।1।

ਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ) ; ਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ।2।

ਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ।3।

ਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ) । ਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ।4।

ਹੇ ਨਾਨਕ! (ਆਖ– ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ। (ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ, ਮੈਂ ਤੈਥੋਂ ਸਦਕੇ ਹਾਂ।5।

(ਹੇ ਭਾਈ!) ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ, (ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ।6।

(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤਿ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। (ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ।7।

ਹੇ ਦਾਸ ਨਾਨਕ! (ਆਖ– ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ। (ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ।8।12।

ਗਉੜੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਨਾਰਾਇਣ ਹਰਿ ਰੰਗ ਰੰਗੋ ॥ ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥ ਤਜਿ ਹਉਮੈ ਗੁਰ ਗਿਆਨ ਭਜੋ ॥ ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥ ਜੋ ਦੀਸੈ ਸੋ ਸੰਗਿ ਨ ਗਇਓ ॥ ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥ ਮੋਹਨ ਨਾਮੁ ਸਦਾ ਰਵਿ ਰਹਿਓ ॥ ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥ ਹਰਿ ਸੰਤਨ ਕਰਿ ਨਮੋ ਨਮੋ ॥ ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥ ਨੈਨ ਅਲੋਵਉ ਸਾਧ ਜਨੋ ॥ ਹਿਰਦੈ ਗਾਵਹੁ ਨਾਮ ਨਿਧੋ ॥੫॥ ਕਾਮ ਕ੍ਰੋਧ ਲੋਭੁ ਮੋਹੁ ਤਜੋ ॥ ਜਨਮ ਮਰਨ ਦੁਹੁ ਤੇ ਰਹਿਓ ॥੬॥ ਦੂਖੁ ਅੰਧੇਰਾ ਘਰ ਤੇ ਮਿਟਿਓ ॥ ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥ ਜਿਨਿ ਸੇਵਿਆ ਸੋ ਪਾਰਿ ਪਰਿਓ ॥ ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥ {ਪੰਨਾ 241}

ਪਦ ਅਰਥ: ਰੰਗੋ = ਰੰਗਹੁ, ਰੰਗ ਚਾੜ੍ਹੋ।1। ਰਹਾਉ।

ਤਜਿ = ਤਜ ਕੇ। ਭਜੋ = ਭਜਹੁ, ਯਾਦ ਕਰੋ। ਮਿਲਿ = ਮਿਲ ਕੇ। ਧੁਰਿ = ਪ੍ਰਭੂ ਦੀ ਦਰਗਾਹ ਤੋਂ। ਕਰਮ = ਬਖ਼ਸ਼ਸ਼।1।

ਸੰਗਿ = ਨਾਲ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਲਗੇ = ਲਗਿ, ਲੱਗ ਕੇ। ਪਚਿ = ਖ਼ੁਆਰ ਹੋ ਕੇ।2।

ਮੋਹਨ ਨਾਮੁ = ਮੋਹਨ ਦਾ ਨਾਮ। ਰਵਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ। ਲਹਿਓ = ਲੱਭਾ।3।

ਨਮੋ = ਨਮਸਕਾਰ। ਪਾਵਹਿ = ਤੂੰ ਪਾਏਂਗਾ। ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ।4।

ਅਲੋਵਉ = ਮੈਂ ਵੇਖਦਾ ਹਾਂ, ਅਲੋਵਉਂ। ਨਿਧੋ = ਨਿਧਿ, ਖ਼ਜ਼ਾਨਾ।5।

ਤਜੋ = ਤਿਆਗੋ। ਦੁਹੁ ਤੇ = ਦੋਹਾਂ ਤੋਂ। ਰਹਿਓ = ਬਚ ਜਾਂਦਾ ਹੈ।6।

ਘਰਿ ਤੇ = ਹਿਰਦੇ-ਘਰ ਤੋਂ। ਗੁਰਿ = ਗੁਰੂ ਨੇ। ਦ੍ਰਿੜਾਇਓ = ਪੱਕਾ ਕਰ ਦਿੱਤਾ। ਦੀਪ = ਦੀਵਾ।7।

ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।8।

ਅਰਥ: (ਹੇ ਭਾਈ!) ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ, ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ, ਹਰੀ-ਪਰਮਾਤਮਾ ਦੇ ਪਿਆਰ-ਰੰਗ ਵਿਚ ਆਪਣੇ ਮਨ ਨੂੰ ਰੰਗ।1। ਰਹਾਉ।

(ਹੇ ਭਾਈ!) ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰ। ਜਿਸ ਮਨੁੱਖ ਦੇ ਮੱਥੇ ਉਤੇ ਧੁਰ ਦਰਗਾਹੋਂ ਬਖ਼ਸ਼ਸ਼ ਦਾ ਲੇਖ ਲਿਖਿਆ ਜਾਂਦਾ ਹੈ, ਉਹ ਸਾਧ ਸੰਗਤਿ ਵਿਚ ਮਿਲ ਕੇ (ਹਉਮੈ ਦੂਰ ਕਰਦਾ ਹੈ ਤੇ ਹਰਿ-ਨਾਮ ਜਪਦਾ ਹੈ) ।1।

(ਹੇ ਭਾਈ! ਜਗਤ ਵਿਚ ਅੱਖੀਂ) ਜੋ ਕੁਝ ਦਿੱਸ ਰਿਹਾ ਹੈ, ਇਹ ਕਿਸੇ ਦੇ ਭੀ ਨਾਲ ਨਹੀਂ ਜਾਂਦਾ, ਪਰ ਮੂਰਖ ਮਾਇਆ-ਵੇੜ੍ਹਿਆ ਮਨੁੱਖ (ਇਸ ਦਿੱਸਦੇ ਪਿਆਰ ਵਿਚ) ਲੱਗ ਕੇ ਖ਼ੁਆਰ ਹੋ ਕੇ ਆਤਮਕ ਮੌਤ ਸਹੇੜਦਾ ਹੈ।2।

(ਹੇ ਭਾਈ!) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਮੋਹਨ-ਪ੍ਰਭੂ ਦਾ ਨਾਮ ਪ੍ਰਾਪਤ ਕੀਤਾ ਹੈ ਜੋ ਸਦਾ ਹਰ ਥਾਂ ਵਿਆਪ ਰਿਹਾ ਹੈ।3।

(ਹੇ ਭਾਈ!) ਪਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਸਦਾ ਨਮਸਕਾਰ ਕਰਦਾ ਰਹੁ, ਤੂੰ ਬੇਅੰਤ ਸੁਖ ਪਾਏਂਗਾ , ਤੈਨੂੰ ਉਹ ਨਾਮ ਮਿਲ ਜਾਏਗਾ ਜੋ, ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨੇ ਹੈ।4।

ਹੇ ਸਾਧ ਜਨੋ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ) ।5।

(ਹੇ ਭਾਈ! ਆਪਣੇ ਮਨ ਵਿਚੋਂ) ਕਾਮ, ਕ੍ਰੋਧ, ਲੋਭ ਤੇ ਮੋਹ ਦੂਰ ਕਰੋ। (ਜੇਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾਂਦਾ ਹੈ) ਉਹ ਜਨਮ ਅਤੇ ਮਰਨ ਦੋਹਾਂ (ਦੇ ਗੇੜ) ਤੋਂ ਬਚ ਜਾਂਦਾ ਹੈ।6।

(ਹੇ ਭਾਈ!) ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੱਕੀ ਕਰ ਦਿੱਤੀ, ਉਸ ਦੇ ਅੰਦਰ (ਆਤਮਕ ਸੂਝ ਦਾ) ਦੀਵਾ ਜਗ ਪੈਂਦਾ ਹੈ, ਉਸ ਦੇ ਹਿਰਦੇ-ਘਰ ਵਿਚੋਂ ਦੁਖ ਤੇ ਹਨੇਰਾ ਮਿਟ ਜਾਂਦਾ ਹੈ।7।

ਹੇ ਦਾਸ ਨਾਨਕ! (ਆਖ–) ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ। ਗੁਰੂ ਦੀ ਸਰਨ ਪੈ ਕੇ ਜਗਤ (ਸੰਸਾਰ-ਸਮੁੰਦਰ ਨੂੰ) ਤਰ ਜਾਂਦਾ ਹੈ।8।1।13।

ਮਹਲਾ ੫ ਗਉੜੀ ॥ ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥ ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥ ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥ ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥ ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥ ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥ ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥ ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥ ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥ ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥ {ਪੰਨਾ 241}

ਪਦ ਅਰਥ: ਕਰਤੁ = ਕਰਦਿਆਂ, ਜਪਦਿਆਂ। ਭਰਮ = ਸਭ ਭਟਕਣਾਂ। ਮੇਰੈ ਮਨਿ = ਮੇਰੇ ਮਨ ਨੇ। ਸਭਿ = ਸਾਰੇ।1। ਰਹਾਉ।

ਬਲਤੋ = ਬਲਦਾ। ਤਉਕਿਆ = ਛਿਣਕਿਆ। ਗੁਰ ਚੰਦਨੁ = ਗੁਰੂ ਦਾ ਸ਼ਬਦ-ਚੰਦਨ।1।

ਦੀਪਾਇਓ = ਜਗ ਪਿਆ, ਰੌਸ਼ਨ ਹੋ ਗਿਆ।2।

ਪਾਵਕੁ = ਅੱਗ। ਸਾਗਰੁ = ਸਮੁੰਦਰ। ਗਹਰੋ = ਡੂੰਘਾ। ਚਰਿ = ਚੜ੍ਹ ਕੇ। ਨਾਵ = ਬੇੜੀ।3।

ਸੁਚ = ਪਵਿਤ੍ਰਤਾ। ਪ੍ਰਭਿ = ਪ੍ਰਭੂ ਨੇ। ਗਹਿ = ਫੜ ਕੇ। ਭੁਜਾ = ਬਾਂਹ। ਆਪਾਇਓ = ਆਪਣਾ ਬਣਾ ਲਿਆ।4।

ਭਉ ਖੰਡਨੁ = ਡਰ ਨਾਸ ਕਰਨ ਵਾਲਾ। ਭਗਤਿ ਵਛਲ ਹਰਿ ਨਾਇਓ = ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਨਾਮ।5।

ਸੰਮ੍ਰਿਥ = ਸਭ ਤਾਕਤਾਂ ਦਾ ਮਾਲਕ। ਓਟਾਇਓ = ਆਸਰਾ।6।

ਹਰਿ ਰਾਇਓ = ਹੇ ਪ੍ਰਭੂ ਪਾਤਸ਼ਾਹ।7।

ਠਾਕੁਰ = ਹੇ ਠਾਕੁਰ।8।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ, ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ।1। ਰਹਾਉ।

(ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ।1।

(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ।2।

(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ।3।

(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ।4।

(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ।5।

ਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ। 6,7।

ਹੇ ਨਾਨਕ! (ਅਰਦਾਸ ਕਰ, ਤੇ ਆਖ–) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ।8।2।14।

TOP OF PAGE

Sri Guru Granth Darpan, by Professor Sahib Singh