ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 242 ਗਉੜੀ ਮਹਲਾ ੫ ॥ ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥ ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥ ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥ ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥ ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥ ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥ ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥ ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥ ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ {ਪੰਨਾ 242} ਪਦ ਅਰਥ: ਰੰਗ ਸੰਗਿ = ਮੌਜਾਂ ਨਾਲ। ਬਿਖਿਆ = ਮਾਇਆ। ਇਨ ਸੰਗਿ = ਇਹਨਾਂ ਨਾਲ।1। ਸੰਚਉ = ਮੈਂ ਇਕੱਠੀ ਕਰਦਾ ਹਾਂ। ਹਉ = ਮੈਂ। ਸਗਲੀ = ਸਾਰੀ। ਅਵਧ = ਉਮਰ। ਰਹਾਉ। ਸੂਰਾ = ਸੂਰਮਾ। ਪਰਧਾਨੁ = ਚੌਧਰੀ। ਸਮਾਨੀ = ਵਰਗਾ, ਬਰਾਬਰ ਦਾ।2। ਅਚਾਰ = ਆਚਰਨ। ਕੁਲੀਨਾ = ਚੰਗੀ ਕੁਲ ਵਾਲਾ। ਜੋਬਨਵੰਤ = ਜੋਬਨ ਦਾ ਮਾਲਕ, ਸੋਹਣਾ। ਗੁਮਾਨੀ = ਅਹੰਕਾਰੀ।3। ਉਲਝਾਇਓ = ਉਲਝਿਆ ਹੋਇਆ। ਬਾਧ ਬੁਧਿਕਾ = ਮਾਰੀ ਹੋਈ ਮਤਿ ਵਾਲਾ।4। ਬੰਧਪ = ਰਿਸ਼ਤੇਦਾਰ। ਸਖੇ = ਮਿੱਤਰ, ਸਾਥੀ। ਸੰਪਾਨੀ = ਸੌਂਪੀ।5। ਜਿਤੁ ਬਾਸਨਾ = ਜੇਹੜੀ ਵਾਸਨਾ ਵਿਚ। ਅੰਤਿ = ਅਖ਼ੀਰ ਵੇਲੇ। ਸਾਈ = ਉਹ (ਵਾਸਨਾ) ।6। ਅਹੰਬੁਧਿ = ਹਉਮੈ ਦੇ ਆਸਰੇ। ਸੁਚਿ = ਸਰੀਰਕ ਪਵਿਤ੍ਰਤਾ।7। ਦਾਸ ਦਸਾਨੀ = ਦਾਸਾਂ ਦਾ ਦਾਸ।8। ਅਰਥ: ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ = (ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ। ਰਹਾਉ। ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ) , (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ।1। ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ, ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ = (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ। 2,3। (ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ; ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ = ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ। 4,5। ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ।6। ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ।7। ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ।8।3।15। 44। ਜੁਮਲਾ = ਕੁੱਲ ਜੋੜ
ਅਸਟਪਦੀਆਂ ਮਹਲਾ 1 . 18 ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥ ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥ ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥ ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥ ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥ ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥ ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥ {ਪੰਨਾ 242} ਪਦ ਅਰਥ: ਮੁੰਧ = {muÀDw = A young girl attractive by her youthful simplicity (not yet acquainted with love} ਜਵਾਨ ਇਸਤ੍ਰੀ। ਰੈਣਿ = ਰਾਤ। ਦੁਹੇਲੜੀ = ਦੁਖੀ, ਔਖੀ। ਸਾਧਨ = ਜੀਵ-ਇਸਤ੍ਰੀ। ਦੁਬਲੀ = ਕਮਜ਼ੋਰ। ਹਾਵੈ = ਹਹੁਕੇ ਵਿਚ। ਧਨ = ਜੀਵ-ਇਸਤ੍ਰੀ। ਥੀਈ = ਹੋ ਜਾਂਦੀ ਹੈ। ਕੇਵ = ਕਿਸ ਤਰ੍ਹਾਂ? ਲੇਖਏ = ਲੇਖੈ, ਲੇਖੇ ਵਿਚ। ਮੈ ਮਤ = ਸ਼ਰਾਬ ਵਿਚ ਮਸਤ। ਜੋਬਨਿ = ਜੁਆਨੀ ਵਿਚ। ਗਰਬਿ = ਗਰਬ ਨੇ, ਅਹੰਕਾਰ ਨੇ। ਗਾਲੀ = ਗਾਲ ਦਿੱਤਾ, ਨਾਸ ਕਰ ਦਿੱਤਾ। ਦੁਧਾਥਣੀ = ਇਸਤ੍ਰੀ ਦੀ ਉਹ ਅਵਸਥਾ ਜਦੋਂ ਉਸ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਸੁਹਾਗ ਭਾਗ ਵਾਲੀ ਹਾਲਤ, ਪਤੀ ਦਾ ਮਿਲਾਪ। ਨ ਆਵਏ = ਨ ਆਵੈ, ਨਹੀਂ ਆਉਂਦੀ। ਮਿਲਾਈ = (ਜੇ ਗੁਰੂ) ਮਿਲਾ ਦੇਵੇ।1। ਅਰਥ: ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ) , ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ। ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ (ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ। ਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ = ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ। ਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ। ਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ।1। ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥ ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥ ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥ ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥ ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥ ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥ {ਪੰਨਾ 242} ਪਦ ਅਰਥ: ਧਨੀ = ਖਸਮ। ਉਰ = ਛਾਤੀ, ਹਿਰਦਾ। ਨਾਹ = {nwQ} ਖਸਮ। ਘਰ ਵਾਸੁ = ਘਰ ਦਾ ਵਸੇਬਾ। ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਮਨਿ = ਮਨ ਵਿਚ। ਸਜਨ ਮੇਲਾ = ਸੱਜਣ ਦਾ ਮਿਲਾਪ। ਸੰਤੋਖਿ = ਸੰਤੋਖ ਵਿਚ। ਨਾਮਿ = ਨਾਮ ਦੀ ਰਾਹੀਂ। ਸਹਿਜ = ਆਤਮਕ ਅਡੋਲਤਾ ਵਿਚ। ਅਰਥ: ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ। ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ। ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ) । (ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ। ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ। ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ। ਗੁਰੂ ਦੀ ਮਤਿ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ। ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।2। ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥ ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥ ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥ ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥ ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥ ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥ {ਪੰਨਾ 242} ਪਦ ਅਰਥ: ਪਿਰੁ = ਪਤੀ-ਪ੍ਰਭੂ। ਰਾਵੇਹਾ = ਅਸੀਂ ਸਿਮਰੀਏ। ਲਿਖਉਗੀ = ਮੈਂ ਲਿਖਾਂਗੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਗੁਰਿ = ਗੁਰੂ ਨੇ। ਮਨਮੁਖੀ = ਆਪਣੇ ਮਨ ਦੇ ਪਿਛੇ ਤੁਰਨ ਵਾਲੀ। ਨਿਕਸਿ = ਨਿਕਲ ਕੇ। ਜਾਤਉ = ਜਾਂਦਾ, ਭਟਕਦਾ (ਮਨ) । ਅਸਥਿਰੁ = {iÔQr} ਟਿਕਿਆ ਹੋਇਆ। ਜਾਮਿ = ਜਦੋਂ। ਨਉਤਨ = ਨਵੀਂ। ਨੇਹੁ = ਪਿਆਰ। ਨਵੇਲਓ = ਨਵਾਂ।3। ਅਰਥ: ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ। (ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ) । (ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ। (ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤਿ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ। ਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ) । ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ।3। ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥ ਮਿਲਿ ਵਰੁ ਨਾਰੀ ਮੰਗਲੁ ਗਾਇਆ ॥ ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥ ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥ ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥ ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥ {ਪੰਨਾ 242} ਪਦ ਅਰਥ: ਇਛ = ਇੱਛਾ, ਖ਼ਾਹਸ਼। ਪੁਨੀ = ਪੁੰਨੀ, ਪੂਰੀ ਹੋ ਗਈ। ਜੀਉ = ਹੇ ਜੀ! ਘਰਿ = ਹਿਰਦੇ-ਘਰ ਵਿਚ। ਮਿਲਿ = ਮਿਲੈ, ਜਦੋਂ ਮਿਲਦਾ ਹੈ। ਵਰੁ = ਖਸਮ। ਨਾਰੀ = ਨਾਰੀਆਂ ਨੇ, ਗਿਆਨ-ਇੰਦ੍ਰੀਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ। ਰਹਸੀ = ਪ੍ਰਸੰਨ ਹੋਈ। ਮਨਿ = ਮਨ ਵਿਚ। ਓਮਾਹਓ = ਉਮਾਹ, ਚਾਉ। ਰਹੰਸੇ = ਖ਼ੁਸ਼ ਹੋਏ। ਵਿਆਪੇ = ਦਬਾਏ ਗਏ, ਦੁਖੀ ਹੋਏ। ਲਾਹਓ = ਲਾਭ। ਕਰ = ਹੱਥ {ਬਹੁ-ਵਚਨ}। ਰਸਿ = ਰਸ ਵਿਚ, ਅਨੰਦ ਵਿਚ। ਰਲੀਆਂ = ਖ਼ੁਸ਼ੀਆਂ, ਮੌਜਾਂ।4। ਅਰਥ: ਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ। ਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ। ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ। ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ। ਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ। ਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ।4।1। |
![]() |
![]() |
![]() |
![]() |
Sri Guru Granth Darpan, by Professor Sahib Singh |