ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 243

ਗਉੜੀ ਛੰਤ ਮਹਲਾ ੧ ॥ ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥ ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥ ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥ ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥ ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥ ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥ ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥ ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥ ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥ ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥ ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥ ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥ {ਪੰਨਾ 243}

ਪਦ ਅਰਥ: ਨਾਹ = ਹੇ ਨਾਥ! ਹੇ ਖਸਮ! ਬਨ = ਸੰਸਾਰ-ਜੰਗਲ। ਮਾਹੇ = ਮਾਹਿ ਵਿਚ। ਧਨ = ਜੀਵ-ਇਸਤ੍ਰੀ। ਬਿਖਮ = ਔਖੀ। ਰੈਣਿ = ਜ਼ਿੰਦਗੀ ਦੀ ਰਾਤ। ਘਣੇਰੀਆ = ਬਹੁਤ। ਸਾਰੇ = ਸੰਭਾਲਦਾ, ਵਾਤ ਪੁੱਛਦਾ। ਕੁਰਲਾਏ = ਤਰਲੇ ਲੈਂਦੀ ਹੈ, ਕੂਕਦੀ ਹੈ। ਸਾਧਨ = ਜੀਵ-ਇਸਤ੍ਰੀ।1।

ਪਿਰਿ = ਪਿਰ ਨੇ, ਪਤੀ ਨੇ। ਰਸਿ = ਨਾਮ-ਰਸ ਵਿਚ। ਸੁਹਾਵੈ = ਸੋਭਦੀ ਹੈ। ਪਤਿ = ਇੱਜ਼ਤ। ਦੀਪਕ = ਦੀਵਾ। ਦੇਹ = ਸਰੀਰ। ਉਜਾਰੈ = ਚਾਨਣ ਕਰਦਾ ਹੈ। ਸਾਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ) । ਰਾਵੀ = ਮਾਣੀ, ਆਪਣੇ ਨਾਲ ਮਿਲਾਈ। ਬਿਗਸੀ = ਖਿੜ ਪਈ, ਪ੍ਰਸੰਨ ਹੋਈ। ਜਾ = ਜਦੋਂ। ਤਾ = ਤਦੋਂ। ਮਨਿ = ਮਨ ਵਿਚ। ਭਾਣੀ = ਪਿਆਰੀ ਲੱਗੀ।2।

ਅਰਥ: ਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ। (ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ। ਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ। ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ। ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।

ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ, (ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ।1।

ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ? ਹੇ ਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ। ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ। ਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ। ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ। ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ।2।

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥ ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥ ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥ ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥ ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥ ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥ ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥ ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥ ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥ ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥ ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥ {ਪੰਨਾ 243}

ਪਦ ਅਰਥ: ਨੀਘਰੀਆ = ਬੇ-ਘਰ। ਮੁਠੀ = ਮੁੱਠੀ, ਲੁੱਟੀ ਗਈ। ਜੇਵੜੀਆ = ਫਾਹੀ। ਸਬਦਿ = ਸ਼ਬਦ ਦੀ ਰਾਹੀਂ। ਸੋ = ਉਹ ਜੀਵ। ਅੰਤਰ ਮਲੁ = ਅੰਦਰ ਦੀ ਮੈਲ। ਗਤਿ = ਉੱਚੀ ਆਤਮਕ ਅਵਸਥਾ। ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰੀਆਂ ਨੂੰ ਰੋਕਣ ਨਾਲ। ਬੇਬਾਣੈ = ਜੰਗਲ ਵਿਚ। ਦੁਬਿਧਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਕਿ = ਕੋਣ?।3।

ਸਚਾ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ। ਅਨਦਿਨੋ = ਹਰ ਰੋਜ਼। ਵਖਰੁ = ਸੌਦਾ। ਖਿਨੁ ਖਿਨੋ = ਹਰ ਪਲ, ਹਰ ਘੜੀ। ਪਰਖਿ = ਪਰਖ ਕੇ। ਕਰਮਿ ਪੂਰੈ = ਪੂਰੀ ਬਖ਼ਸ਼ਸ਼ ਨਾਲ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।4।

ਅਰਥ: ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ। (ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ।

ਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ। (ਸਿਮਰਨ ਤੋਂ ਬਿਨਾ ਸਿਫ਼ਤਿ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ।

ਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ।3।

ਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ। ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ।

ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ। ਹੇ ਭਾਈ! ਸਦਾ ਖਿਨ ਖਿਨ, ਪਲ ਪਲ ਨਾਮ ਜਪੋ।

ਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ। ਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ।4।2।

ਰਾਗੁ ਗਉੜੀ ਪੂਰਬੀ ਛੰਤ ਮਹਲਾ ੩ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥ ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥ ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥ ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥ ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥ ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥ ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥ ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥ ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥ ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥ ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥ {ਪੰਨਾ 243}

ਪਦ ਅਰਥ: ਸਾਧਨ = ਜੀਵ-ਇਸਤ੍ਰੀ। ਬਿਨਉ = ਬੇਨਤੀ। ਸਾਰੇ = ਸੰਭਾਲਦੀ ਹੈ, ਚੇਤੇ ਕਰਦੀ ਹੈ। ਮਹਲੁ = ਪਰਮਾਤਮਾ ਦਾ ਟਿਕਾਣਾ। ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਤਿਸਨਾ ਅਗਨਿ = ਤ੍ਰਿਸ਼ਨਾ ਦੀ ਅੱਗ। ਸਾਚਾ = ਸਦਾ-ਥਿਰ ਰਹਿਣ ਵਾਲਾ।1।

ਧਨ = ਜੀਵ-ਇਸਤ੍ਰੀ। ਰੈਣਿ = ਰਾਤ। ਸਿਉ = ਨਾਲ। ਭਾਉ = ਪ੍ਰੇਮ। ਕਰੇ = ਕਰਿ, ਕਰ ਕੇ। ਆਪੁ = ਆਪਾ-ਭਾਵ। ਅਨਦਿਨੁ = ਹਰ ਰੋਜ਼, ਹਰ ਵੇਲੇ। ਭਾਓ = ਭਾਉ, ਪਿਆਰ। ਜੀਅ ਕੀ ਮੇਲੀ = ਜਿੰਦ ਦਾ ਮੇਲ ਰੱਖਣ ਵਾਲੀ, ਦਿਲੀ ਪਿਆਰ ਵਾਲੀ। ਸਾਰੀ = ਸੰਭਾਲੇ। ਨਾਮੇ = ਨਾਮ ਵਿਚ ਹੀ। ਕਾਮਣਿ = ਇਸਤ੍ਰੀ। ਨਾਹ ਪਿਆਰੀ = ਖਸਮ ਦੀ ਪਿਆਰੀ। ਗਲਿ = ਗਲਿ ਵਿਚ।2।

ਅਰਥ: (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ।

ਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ। ਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ।1।

ਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ, ਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ। ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ। ਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ।

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ।2।

TOP OF PAGE

Sri Guru Granth Darpan, by Professor Sahib Singh