ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 278

ਕਬਹੂ ਸਾਧਸੰਗਤਿ ਇਹੁ ਪਾਵੈ ॥ ਉਸੁ ਅਸਥਾਨ ਤੇ ਬਹੁਰਿ ਨ ਆਵੈ ॥ ਅੰਤਰਿ ਹੋਇ ਗਿਆਨ ਪਰਗਾਸੁ ॥ ਉਸੁ ਅਸਥਾਨ ਕਾ ਨਹੀ ਬਿਨਾਸੁ ॥ ਮਨ ਤਨ ਨਾਮਿ ਰਤੇ ਇਕ ਰੰਗਿ ॥ ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥ ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ {ਪੰਨਾ 278}

ਪਦ ਅਰਥ: ਬਹੁਰਿ = ਮੁੜ, ਵਾਪਸ। ਗਿਆਨ ਪਰਗਾਸੁ = ਗਿਆਨ ਦਾ ਪ੍ਰਕਾਸ਼, ਗਿਆਨ ਦਾ ਜਲਵਾ। ਇਕ ਰੰਗਿ = ਇਕ ਪ੍ਰਭੂ ਦੇ ਪਿਆਰ ਵਿਚ। ਖਟਾਨਾ = ਮਿਲਦਾ ਹੈ। ਗਵਨ = ਭਟਕਣਾ, ਜਨਮ ਮਰਨ ਵਿਚ ਫੇਰੇ। ਬਿਸ੍ਰਾਮ = ਟਿਕਾਣਾ, ਆਰਾਮ।

ਅਰਥ: (ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;

(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ (ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;

(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।

(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ ਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;

ਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ। ਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ।8।11।

ਸਲੋਕੁ ॥ ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥ {ਪੰਨਾ 278}

ਪਦ ਅਰਥ: ਮਸਕੀਨੀਆ = ਮਸਕੀਨ ਮਨੁੱਖ, ਗ਼ਰੀਬੀ ਸੁਭਾਉ ਵਾਲਾ ਬੰਦਾ। ਆਪੁ = ਆਪਾ-ਭਾਵ, ਅਪਣਤ, ਹਉਮੈ। ਨਿਵਾਰਿ = ਦੂਰ ਕਰ ਕੇ। ਤਲੇ = ਹੇਠਾਂ, ਨੀਵਾਂ (ਹੋ ਕੇ) । ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਲੇ = ਗਲ ਗਏ।

ਅਰਥ: ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ, (ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ।1।

ਅਸਟਪਦੀ ॥ ਜਿਸ ਕੈ ਅੰਤਰਿ ਰਾਜ ਅਭਿਮਾਨੁ ॥ ਸੋ ਨਰਕਪਾਤੀ ਹੋਵਤ ਸੁਆਨੁ ॥ ਜੋ ਜਾਨੈ ਮੈ ਜੋਬਨਵੰਤੁ ॥ ਸੋ ਹੋਵਤ ਬਿਸਟਾ ਕਾ ਜੰਤੁ ॥ ਆਪਸ ਕਉ ਕਰਮਵੰਤੁ ਕਹਾਵੈ ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥ ਧਨ ਭੂਮਿ ਕਾ ਜੋ ਕਰੈ ਗੁਮਾਨੁ ॥ ਸੋ ਮੂਰਖੁ ਅੰਧਾ ਅਗਿਆਨੁ ॥ ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥ {ਪੰਨਾ 278}

ਪਦ ਅਰਥ: ਰਾਜ ਅਭਿਮਾਨੁ = ਰਾਜ ਦਾ ਮਾਣ। ਸੁਆਨੁ = ਕੁੱਤਾ। ਨਰਕਪਾਤੀ = ਨਰਕਾਂ ਵਿਚ ਪੈਣ ਦਾ ਅਧਿਕਾਰੀ। ਜੋਬਨਵੰਤੁ = ਜੋਬਨ ਵਾਲਾ, ਜੁਆਨੀ ਦਾ ਮਾਲਕ, ਬੜਾ ਸੋਹਣਾ। ਬਿਸਟਾ = ਗੂੰਹ। ਜੰਤੁ = ਕੀੜਾ। ਕਰਮਵੰਤੁ = (ਚੰਗੇ) ਕੰਮ ਕਰਨ ਵਾਲਾ। ਜਨਮਿ = ਜਨਮ ਲੈ ਕੇ, ਜੰਮ ਕੇ। ਭ੍ਰਮਾਵੈ = ਭਟਕਦਾ ਹੈ। ਭੂਮਿ = ਧਰਤੀ। ਅਗਿਆਨੁ = ਜਾਹਿਲ। ਈਹਾ = ਏਥੇ, ਇਸ ਜ਼ਿੰਦਗੀ ਵਿਚ। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਆਗੈ = ਪਰਲੋਕ ਵਿਚ।

ਅਰਥ: ਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ, ਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ।

ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ, ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ) ।

ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ।

ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ, ਉਹ ਮੂਰਖ ਹੈ, ਬੜਾ ਜਾਹਿਲ ਹੈ।

ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ, ਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ।1।

ਧਨਵੰਤਾ ਹੋਇ ਕਰਿ ਗਰਬਾਵੈ ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥ ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥ ਪਲ ਭੀਤਰਿ ਤਾ ਕਾ ਹੋਇ ਬਿਨਾਸ ॥ ਸਭ ਤੇ ਆਪ ਜਾਨੈ ਬਲਵੰਤੁ ॥ ਖਿਨ ਮਹਿ ਹੋਇ ਜਾਇ ਭਸਮੰਤੁ ॥ ਕਿਸੈ ਨ ਬਦੈ ਆਪਿ ਅਹੰਕਾਰੀ ॥ ਧਰਮ ਰਾਇ ਤਿਸੁ ਕਰੇ ਖੁਆਰੀ ॥ ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥ ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥ {ਪੰਨਾ 278}

ਪਦ ਅਰਥ: ਧਨਵੰਤਾ = ਧਨ ਵਾਲਾ, ਧਨਾਢ। ਗਰਬਾਵੈ = ਗਰਬ (ਮਾਣ) ਕਰਦਾ ਹੈ। ਤ੍ਰਿਣ = ਘਾਹ ਦਾ ਤੀਲਾ। ਸਮਾਨਿ = ਬਰਾਬਰ। ਸੰਗਿ = ਨਾਲ। ਭੀਤਰਿ = ਵਿਚ। ਆਪ = ਆਪਣੇ ਆਪ ਨੂੰ। ਬਲਵੰਤੁ = ਬਲ ਵਾਲਾ, ਬਲੀ, ਤਾਕਤ ਵਾਲਾ। ਭਸਮੰਤੁ = ਸੁਆਹ। ਬਦੈ = ਬਦਦਾ ਹੈ, ਪਰਵਾਹ ਕਰਦਾ ਹੈ।

ਅਰਥ: ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ, (ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ।

ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ, (ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ) ।

ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ, (ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ।

(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ, ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।

ਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ, ਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ।2।

ਕੋਟਿ ਕਰਮ ਕਰੈ ਹਉ ਧਾਰੇ ॥ ਸ੍ਰਮੁ ਪਾਵੈ ਸਗਲੇ ਬਿਰਥਾਰੇ ॥ ਅਨਿਕ ਤਪਸਿਆ ਕਰੇ ਅਹੰਕਾਰ ॥ ਨਰਕ ਸੁਰਗ ਫਿਰਿ ਫਿਰਿ ਅਵਤਾਰ ॥ ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥ ਹਰਿ ਦਰਗਹ ਕਹੁ ਕੈਸੇ ਗਵੈ ॥ ਆਪਸ ਕਉ ਜੋ ਭਲਾ ਕਹਾਵੈ ॥ ਤਿਸਹਿ ਭਲਾਈ ਨਿਕਟਿ ਨ ਆਵੈ ॥ ਸਰਬ ਕੀ ਰੇਨ ਜਾ ਕਾ ਮਨੁ ਹੋਇ ॥ ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥ {ਪੰਨਾ 278}

ਪਦ ਅਰਥ: ਕੋਟਿ = ਕਰੋੜ। ਹਉ = ਅਹੰਕਾਰ। ਸ੍ਰਮੁ = ਥਕੇਵਾਂ। ਸਗਲੇ = ਸਾਰੇ (ਕਰਮ) । ਬਿਰਥਾਰੇ = ਵਿਅਰਥ, ਬੇਫ਼ਾਇਦਾ। ਤਪਸਿਆ = ਤਪ ਦੇ ਸਾਧਨ। ਅਵਤਾਰ = ਜਨਮ। ਦ੍ਰਵੈ = ਦ੍ਰਵਦਾ, ਨਰਮ ਹੁੰਦਾ। ਗਵੈ = ਜਾਵੇ, ਪਹੁੰਚੇ। ਆਪਸ ਕਉ = ਆਪਣੇ ਆਪ ਨੂੰ। ਤਿਸਹਿ = ਉਸ ਨੂੰ। ਨਿਕਟਿ = ਨੇੜੇ। ਰੇਨ = ਚਰਨਾਂ ਦੀ ਧੂੜ। ਸੋਇ = ਸੋਭਾ।

ਅਰਥ: (ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ ਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ।

ਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ, (ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ) ।

ਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ, ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ?

ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ।

ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ।3।

ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥ ਤਬ ਇਸ ਕਉ ਸੁਖੁ ਨਾਹੀ ਕੋਇ ॥ ਜਬ ਇਹ ਜਾਨੈ ਮੈ ਕਿਛੁ ਕਰਤਾ ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥ ਜਬ ਧਾਰੈ ਕੋਊ ਬੈਰੀ ਮੀਤੁ ॥ ਤਬ ਲਗੁ ਨਿਹਚਲੁ ਨਾਹੀ ਚੀਤੁ ॥ ਜਬ ਲਗੁ ਮੋਹ ਮਗਨ ਸੰਗਿ ਮਾਇ ॥ ਤਬ ਲਗੁ ਧਰਮ ਰਾਇ ਦੇਇ ਸਜਾਇ ॥ ਪ੍ਰਭ ਕਿਰਪਾ ਤੇ ਬੰਧਨ ਤੂਟੈ ॥ ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥ {ਪੰਨਾ 278}

ਪਦ ਅਰਥ: ਜਬ ਲਗੁ = ਜਦੋਂ ਤਕ। ਮੁਝ ਤੇ = ਮੇਰੇ ਪਾਸੋਂ। ਕਛੁ = ਕੁਝ। ਧਾਰੈ = ਮਿਥਦਾ ਹੈ, ਖ਼ਿਆਲ ਕਰਦਾ ਹੈ। ਨਿਹਚਲੁ = ਅਡੋਲ, ਟਿਕਾਣੇ, ਥਾਂ ਸਿਰ। ਚੀਤੁ = ਚਿੱਤ। ਮੋਹ ਮਗਨ ਸੰਗਿ ਮਾਇ = ਮਾਇ ਮੋਹ ਸੰਗਿ ਮਗਨ, ਮਾਇਆ ਦੇ ਮੋਹ ਵਿਚ ਡੁੱਬਾ ਹੋਇਆ। ਮਗਨ = ਗ਼ਰਕ, ਡੁੱਬਾ ਹੋਇਆ। ਦੇਇ = ਦੇਂਦਾ ਹੈ। ਹਉ = ਅਹੰਕਾਰ, ਵੱਖਰਾ-ਪਨ। ਛੂਟੈ = ਮੁੱਕਦਾ ਹੈ।

ਅਰਥ: ਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ, ਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ।

ਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ, ਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ।

ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ, ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।

ਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ, ਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।

(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ, ਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ।4।

TOP OF PAGE

Sri Guru Granth Darpan, by Professor Sahib Singh