ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 279 ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥ ਅਨਿਕ ਭੋਗ ਬਿਖਿਆ ਕੇ ਕਰੈ ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥ ਬਿਨਾ ਸੰਤੋਖ ਨਹੀ ਕੋਊ ਰਾਜੈ ॥ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥ ਨਾਮ ਰੰਗਿ ਸਰਬ ਸੁਖੁ ਹੋਇ ॥ ਬਡਭਾਗੀ ਕਿਸੈ ਪਰਾਪਤਿ ਹੋਇ ॥ ਕਰਨ ਕਰਾਵਨ ਆਪੇ ਆਪਿ ॥ ਸਦਾ ਸਦਾ ਨਾਨਕ ਹਰਿ ਜਾਪਿ ॥੫॥ {ਪੰਨਾ 279} ਪਦ ਅਰਥ: ਸਹਸ = ਹਜ਼ਾਰਾਂ (ਰੁਪਏ) । ਖਟੇ = ਕਮਾਉਂਦਾ ਹੈ। ਲਖ ਕਉ = ਲੱਖਾਂ (ਰੁਪਇਆਂ) ਦੀ ਖ਼ਾਤਰ। ਧਾਵੈ = ਦੌੜਦਾ ਹੈ। ਤ੍ਰਿਪਤਿ = ਰਜੇਵਾਂ। ਪਾਛੈ ਪਾਵੈ = ਜਮ੍ਹਾ ਕਰਦਾ ਹੈ। ਬਿਖਿਆ = ਮਾਇਆ। ਤ੍ਰਿਪਤਾਵੈ = ਰੱਜਦਾ ਹੈ। ਖਪਿ ਖਪਿ = ਦੁੱਖੀ ਹੋ ਹੋ ਕੇ। ਮਨੋਰਥ = ਮਨ ਦੇ ਰਥ, ਮਨ ਦੀਆਂ ਦੌੜਾਂ, ਮਨ ਦੇ ਫੁਰਨੇ, ਖ਼ਾਹਸ਼ਾਂ। ਬ੍ਰਿਥੇ = ਵਿਅਰਥ। ਅਰਥ: (ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ; ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ। ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ, ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ। ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ, ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ। ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ, (ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ। (ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ, ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ।5। ਕਰਨ ਕਰਾਵਨ ਕਰਨੈਹਾਰੁ ॥ ਇਸ ਕੈ ਹਾਥਿ ਕਹਾ ਬੀਚਾਰੁ ॥ ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥ ਆਪੇ ਆਪਿ ਆਪਿ ਪ੍ਰਭੁ ਸੋਇ ॥ ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥ ਸਭ ਤੇ ਦੂਰਿ ਸਭਹੂ ਕੈ ਸੰਗਿ ॥ ਬੂਝੈ ਦੇਖੈ ਕਰੈ ਬਿਬੇਕ ॥ ਆਪਹਿ ਏਕ ਆਪਹਿ ਅਨੇਕ ॥ ਮਰੈ ਨ ਬਿਨਸੈ ਆਵੈ ਨ ਜਾਇ ॥ ਨਾਨਕ ਸਦ ਹੀ ਰਹਿਆ ਸਮਾਇ ॥੬॥ {ਪੰਨਾ 279} ਪਦ ਅਰਥ: ਕਹਾ = ਕਿਥੇ? ਕੀਹ? ਬੀਚਾਰੁ = ਵਿਚਾਰ ਕਰ, ਵਿਚਾਰ ਕੇ ਵੇਖ। ਦ੍ਰਿਸਟਿ = ਨਜ਼ਰ। ਅਪਨੈ ਰੰਗਿ = ਆਪਣੀ ਮੌਜ ਵਿਚ। ਸਭਹੂ ਕੈ = ਸਾਰਿਆਂ ਦੇ ਹੀ। ਸੰਗਿ = ਨਾਲ। ਬਿਬੇਕ = ਪਛਾਣ, ਪਰਖ। ਆਪਹਿ = ਆਪ ਹੀ। ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ; ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਦ ਹੀ = ਸਦਾ ਹੀ। ਰਹਿਆ ਸਮਾਇ = ਸਮਾਇ ਰਹਿਆ, ਆਪਣੇ ਆਪ ਵਿਚ ਟਿਕਿਆ ਹੋਇਆ ਹੈ। ਅਰਥ: ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ; ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ। ਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ, ਉਹ ਪ੍ਰਭੂ ਆਪ ਹੀ ਆਪ ਹੈ। ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ; ਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ। ਪ੍ਰਭੂ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ; ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ। ਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ; ਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ।6। ਆਪਿ ਉਪਦੇਸੈ ਸਮਝੈ ਆਪਿ ॥ ਆਪੇ ਰਚਿਆ ਸਭ ਕੈ ਸਾਥਿ ॥ ਆਪਿ ਕੀਨੋ ਆਪਨ ਬਿਸਥਾਰੁ ॥ ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥ ਉਸ ਤੇ ਭਿੰਨ ਕਹਹੁ ਕਿਛੁ ਹੋਇ ॥ ਥਾਨ ਥਨੰਤਰਿ ਏਕੈ ਸੋਇ ॥ ਅਪੁਨੇ ਚਲਿਤ ਆਪਿ ਕਰਣੈਹਾਰ ॥ ਕਉਤਕ ਕਰੈ ਰੰਗ ਆਪਾਰ ॥ ਮਨ ਮਹਿ ਆਪਿ ਮਨ ਅਪੁਨੇ ਮਾਹਿ ॥ ਨਾਨਕ ਕੀਮਤਿ ਕਹਨੁ ਨ ਜਾਇ ॥੭॥ {ਪੰਨਾ 279} ਪਦ ਅਰਥ: ਰਚਿਆ = ਮਿਲਿਆ ਹੋਇਆ। ਬਿਸਥਾਰੁ = ਖਿਲਾਰਾ। ਆਪਨ = ਆਪਣਾ। ਕਰਨੈਹਾਰੁ = ਕਰਨ ਜੋਗਾ। ਭਿੰਨ = ਵੱਖਰਾ। ਕਹਹੁ = ਦੱਸੋ। ਕਿਛੁ = ਕੁਝ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਚਲਿਤ = ਚਰਿਤ੍ਰ, ਤਮਾਸ਼ੇ, ਖੇਡਾਂ। ਆਪਾਰ = ਬੇਅੰਤ। ਕੀਮਤਿ = ਮੁੱਲ। ਅਰਥ: ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ, (ਸੋ ਉਹ) ਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ। ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ, (ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ। ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ? ਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ। ਆਪਣੇ ਖੇਲ ਆਪ ਹੀ ਕਰਨ ਜੋਗਾ ਹੈ, ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ। (ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ; ਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।7। ਸਤਿ ਸਤਿ ਸਤਿ ਪ੍ਰਭੁ ਸੁਆਮੀ ॥ ਗੁਰ ਪਰਸਾਦਿ ਕਿਨੈ ਵਖਿਆਨੀ ॥ ਸਚੁ ਸਚੁ ਸਚੁ ਸਭੁ ਕੀਨਾ ॥ ਕੋਟਿ ਮਧੇ ਕਿਨੈ ਬਿਰਲੈ ਚੀਨਾ ॥ ਭਲਾ ਭਲਾ ਭਲਾ ਤੇਰਾ ਰੂਪ ॥ ਅਤਿ ਸੁੰਦਰ ਅਪਾਰ ਅਨੂਪ ॥ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥ ਘਟਿ ਘਟਿ ਸੁਨੀ ਸ੍ਰਵਨ ਬਖ੍ਯ੍ਯਾਣੀ ॥ ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥ ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥ {ਪੰਨਾ 279} ਪਦ ਅਰਥ: ਸਤਿ = ਸਦਾ ਕਾਇਮ ਰਹਿਣ ਵਾਲਾ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ = ਕਿਸੇ ਵਿਰਲੇ ਨੇ। ਵਖਿਆਨੀ = ਬਿਆਨ ਕੀਤੀ ਹੈ। ਸਚੁ = ਸਦਾ ਟਿਕਿਆ ਰਹਿਣ ਵਾਲਾ, ਮੁਕੰਮਲ। ਚੀਨਾ = ਪਛਾਣਿਆ ਹੈ। ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ। ਸ੍ਰਵਨ = ਕੰਨਾਂ (ਦੀ ਰਾਹੀਂ) । ਬਖ੍ਯ੍ਯਾਣੀ = (ਜੀਭ ਨਾਲ) ਉਚਾਰੀ ਜਾਂਦੀ ਹੈ। ਪੁਨੀਤ = ਪਵਿਤ੍ਰ। ਅਰਥ: (ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ– ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ। ਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ) ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ। ਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ! ਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ! ਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ, ਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ) । ਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ, ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ।8।12। ਸਲੋਕੁ ॥ ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥ {ਪੰਨਾ 279} ਪਦ ਅਰਥ: ਜਨੁ = ਮਨੁੱਖ। ਪਰੈ = ਪੈਂਦਾ ਹੈ। ਉਧਰਨਹਾਰੁ = (ਮਾਇਆ ਦੇ ਹੱਲੇ ਤੋਂ) ਬਚਣ ਜੋਗਾ। ਬਹੁਰਿ ਬਹੁਰਿ = ਮੁੜ ਮੁੜ, ਫੇਰ ਫੇਰ। ਅਵਤਾਰ = ਜਨਮ। ਅਰਥ: ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ; (ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ।1। ਅਸਟਪਦੀ ॥ ਸੰਤ ਕੈ ਦੂਖਨਿ ਆਰਜਾ ਘਟੈ ॥ ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥ ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥ ਸੰਤ ਕੈ ਦੂਖਨਿ ਨਰਕ ਮਹਿ ਪਾਇ ॥ ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥ ਸੰਤ ਕੈ ਦੂਖਨਿ ਸੋਭਾ ਤੇ ਹੀਨ ॥ ਸੰਤ ਕੇ ਹਤੇ ਕਉ ਰਖੈ ਨ ਕੋਇ ॥ ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥ ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥ ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥ {ਪੰਨਾ 279} ਪਦ ਅਰਥ: ਦੂਖਨਿ = ਦੂਖਨ ਨਾਲ, ਨਿੰਦਿਆ ਨਾਲ। ਆਰਜਾ = ਉਮਰ। ਛੁਟੈ = ਬਚ ਸਕਦਾ। ਮਲੀਨ = ਮੈਲੀ, ਭੈੜੀ। ਮਤਿ = ਅਕਲਿ, ਸਮਝ। ਹੀਨ = ਸੱਖਣਾ। ਹਤੇ ਕਉ = ਮਾਰੇ ਨੂੰ, ਫਿਟਕਾਰੇ ਨੂੰ। ਰਖੈ = ਰੱਖ ਸਕਦਾ, ਸਹੈਤਾ ਕਰਦਾ। ਥਾਨ = (ਹਿਰਦਾ-ਰੂਪ) ਥਾਂ। ਭ੍ਰਸਟੁ = ਗੰਦਾ। ਅਰਥ: ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ, (ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ। ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ, ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ। ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ, ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ। ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ, (ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ। (ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ, ਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ।1। ਸੰਤ ਕੇ ਦੂਖਨ ਤੇ ਮੁਖੁ ਭਵੈ ॥ ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥ ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥ ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥ ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥ ਸੰਤ ਕੈ ਦੂਖਨਿ ਸਭੁ ਕੋ ਛਲੈ ॥ ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥ ਸੰਤ ਕੈ ਦੂਖਨਿ ਨੀਚੁ ਨੀਚਾਇ ॥ ਸੰਤ ਦੋਖੀ ਕਾ ਥਾਉ ਕੋ ਨਾਹਿ ॥ ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ {ਪੰਨਾ 279-280} ਪਦ ਅਰਥ: ਦੂਖਨ ਤੇ = ਨਿੰਦਿਆ ਕਰਨ ਨਾਲ। ਮੁਖੁ ਭਵੈ = ਮੂੰਹ ਭਉਂ ਜਾਂਦਾ ਹੈ, ਮੂੰਹ ਫਿਟਕਾਰਿਆ ਜਾਂਦਾ ਹੈ। ਕਾਗ ਜਿਉ = ਕਾਂ ਵਾਂਗ। ਲਵੈ = ਲਉਂ ਲਉਂ ਕਰਦਾ ਹੈ, ਭਾਵ, ਨਿੰਦਿਆ ਕਰਨ ਦੀ ਆਦਤ ਪੈ ਜਾਂਦੀ ਹੈ। ਸਰਪ = ਸੱਪ। ਤ੍ਰਿਗਦ = {Skt. iqXLc`} ਪਸ਼ੂ ਪੰਛੀ ਜੋਨਿ। ਕਿਰਮਾਇ = ਕਿਰਮ ਆਦਿਕ। ਤ੍ਰਿਸਨਾ = ਲਾਲਚ। ਜਲੈ = ਸੜਦਾ ਹੈ। ਸਭੁ ਕੋ = ਹਰੇਕ ਪ੍ਰਾਣੀ ਨੂੰ। ਛਲੈ = ਧੋਖਾ ਦੇਂਦਾ ਹੈ। ਨੀਚੁ ਨੀਚਾਇ = ਨੀਚਾਂ ਤੋਂ ਨੀਚ, ਬਹੁਤ ਭੈੜਾ। ਦੋਖੀ = ਨਿੰਦਕ। ਓਇ = ਨਿੰਦਾ ਕਰਨ ਵਾਲੇ। ਪਾਹਿ = ਪਾ ਲੈਂਦੇ ਹਨ। ਅਰਥ: ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ, (ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ) । ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ, ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ) । ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ, ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ। ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ। ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ; (ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ।2। |
Sri Guru Granth Darpan, by Professor Sahib Singh |