ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 280 ਸੰਤ ਕਾ ਨਿੰਦਕੁ ਮਹਾ ਅਤਤਾਈ ॥ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥ ਸੰਤ ਕਾ ਨਿੰਦਕੁ ਮਹਾ ਹਤਿਆਰਾ ॥ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ ਸੰਤ ਕੇ ਨਿੰਦਕ ਕਉ ਸਰਬ ਰੋਗ ॥ ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ {ਪੰਨਾ 280} ਪਦ ਅਰਥ: ਅਤਤਾਈ = ਅੱਤ ਚੁੱਕੀ ਰੱਖਣ ਵਾਲਾ, ਸਦਾ ਕੋਈ ਨ ਕੋਈ ਵਧੀਕੀ ਕਰਦੇ ਰਹਿਣ ਵਾਲਾ। ਟਿਕਨੁ = ਟਿਕਾਉ। ਹਤਿਆਰਾ = ਜ਼ਾਲਮ। ਪਰਮੇਸੁਰਿ = ਰੱਬ ਵਲੋਂ। ਮਾਰਾ = ਫਿਟਕਿਆ ਹੋਇਆ। ਹੀਨੁ = ਵਾਂਜਿਆ ਹੋਇਆ। ਦੀਨੁ = ਕੰਗਾਲ, ਆਤੁਰ। ਬਿਜੋਗ = (ਰੱਬ ਨਾਲੋਂ) ਵਿਛੋੜਾ। ਦੋਖ ਮਹਿ ਦੋਖੁ = ਵੱਡਾ ਮਾੜਾ ਕੰਮ। ਮੋਖੁ = ਮੁਕਤੀ, (ਨਿੰਦਾ ਤੋਂ) ਛੁਟਕਾਰਾ। ਅਰਥ: ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ, ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ। ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ, ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ। ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ (ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ। ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ (ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ। ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ। ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ।3। ਸੰਤ ਕਾ ਦੋਖੀ ਸਦਾ ਅਪਵਿਤੁ ॥ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ ਸੰਤ ਕੇ ਦੋਖੀ ਕਉ ਡਾਨੁ ਲਾਗੈ ॥ ਸੰਤ ਕੇ ਦੋਖੀ ਕਉ ਸਭ ਤਿਆਗੈ ॥ ਸੰਤ ਕਾ ਦੋਖੀ ਮਹਾ ਅਹੰਕਾਰੀ ॥ ਸੰਤ ਕਾ ਦੋਖੀ ਸਦਾ ਬਿਕਾਰੀ ॥ ਸੰਤ ਕਾ ਦੋਖੀ ਜਨਮੈ ਮਰੈ ॥ ਸੰਤ ਕੀ ਦੂਖਨਾ ਸੁਖ ਤੇ ਟਰੈ ॥ ਸੰਤ ਕੇ ਦੋਖੀ ਕਉ ਨਾਹੀ ਠਾਉ ॥ ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥ {ਪੰਨਾ 280} ਪਦ ਅਰਥ: ਅਪਵਿਤੁ = ਮੈਲੇ ਮਨ ਵਾਲਾ, ਖੋਟਾ। ਡਾਨੁ = ਡੰਨ (ਧਰਮਰਾਜ ਦਾ) । ਸਭ ਤਿਆਗੈ = ਸਾਰੇ ਸਾਥ ਛੱਡ ਜਾਂਦੇ ਹਨ। ਬਿਕਾਰੀ = ਮੰਦ-ਕਰਮੀ। ਦੂਖਨਾ = ਨਿੰਦਿਆ। ਟਰੈ = ਟਲੈ, ਵਾਂਜਿਆ ਜਾਂਦਾ ਹੈ। ਠਾਉ = ਥਾਂ, ਸਹਾਰਾ। ਅਰਥ: ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ (ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ। (ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ। ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ ਤੇ ਸਦਾ ਮੰਦੇ ਕੰਮ ਕਰਦਾ ਹੈ। (ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ, ਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ। ਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ, (ਪਰ ਹਾਂ) , ਹੇ ਨਾਨਕ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ।4। ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥ ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ ਸੰਤ ਕਾ ਦੋਖੀ ਉਝੜਿ ਪਾਈਐ ॥ ਸੰਤ ਕਾ ਦੋਖੀ ਅੰਤਰ ਤੇ ਥੋਥਾ ॥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥ ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ ਆਪਨ ਬੀਜਿ ਆਪੇ ਹੀ ਖਾਹਿ ॥ ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥ {ਪੰਨਾ 280} ਪਦ ਅਰਥ: ਅਧ ਬੀਚ ਤੇ = ਅੱਧ ਵਿਚੋਂ। ਕਿਤੈ ਕਾਜਿ = ਕਿਸੇ ਕੰਮ ਕਾਜ ਵਿਚ। ਉਦਿਆਨ = ਜੰਗਲ। ਭ੍ਰਮਾਈਐ = ਭਟਕਾਈਦਾ ਹੈ। ਉਝੜਿ = ਔਝੜ ਵਿਚ, ਕੁਰਾਹੇ। ਥੋਥਾ = ਖ਼ਾਲੀ। ਮਿਰਤਕ = ਮੁਰਦਾ। ਜੜ = ਪੱਕੀ ਨੀਂਹ, ਪਾਂਇਆਂ। ਬੀਜਿ = ਬੀਜ ਕੇ, ਕਮਾਈ ਕਰ ਕੇ। ਖਾਹਿ = ਖਾਂਦੇ ਹਨ। ਸੰਤ ਭਾਵੈ = ਸੰਤ ਨੂੰ ਚੰਗਾ ਲੱਗੇ। ਲਏ ਉਬਾਰਿ = ਉਬਾਰਿ ਲਏ, ਬਚਾ ਲੈਂਦਾ ਹੈ। ਅਰਥ: ਸੰਤ ਦੀ ਨਿੰਦਿਆ ਕਰਨ ਵਾਲਾ ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ, ਅੱਧ ਵਿਚੋਂ ਹੀ ਰਹਿ ਜਾਂਦਾ ਹੈ। ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ ਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ। ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ, ਤਿਵੇਂ ਹੀ ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ। ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ, ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ। ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ, (ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ।5। ਸੰਤ ਕਾ ਦੋਖੀ ਇਉ ਬਿਲਲਾਇ ॥ ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥ ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ ਸੰਤ ਕਾ ਦੋਖੀ ਛੁਟੈ ਇਕੇਲਾ ॥ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ ਸੰਤ ਕਾ ਦੋਖੀ ਧਰਮ ਤੇ ਰਹਤ ॥ ਸੰਤ ਕਾ ਦੋਖੀ ਸਦ ਮਿਥਿਆ ਕਹਤ ॥ ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥ {ਪੰਨਾ 280} ਪਦ ਅਰਥ: ਬਿਲਲਾਇ = ਵਿਲਕਦਾ ਹੈ। ਬਿਹੂਨ = ਬਿਨਾ। ਤੜਫੜਾਇ = ਤੜਫ਼ਦੀ ਹੈ। ਭੂਖਾ = ਤ੍ਰਿਸ਼ਨਾਲੂ, ਤ੍ਰਿਸ਼ਨਾ ਦਾ ਮਾਰਿਆ ਹੋਇਆ। ਰਾਜੈ = ਰੱਜਦਾ ਹੈ। ਪਾਵਕੁ = ਅੱਗ। ਧ੍ਰਾਪੈ = ਰੱਜਦੀ। ਈਧਨਿ = ਈਂਧਨ (ਬਾਲਣ) ਨਾਲ। ਛੁਟੈ = ਪਿਆ ਰਹਿੰਦਾ ਹੈ। ਬੂਆੜੁ = {Skt. ÊXuÕt Burnt} ਸੜਿਆ ਹੋਇਆ, ਜਿਸ ਦੀ ਫਲੀ ਵਿਚੋਂ ਸੜੀ ਹੋਈ ਹੋਵੇ। ਦੁਹੇਲਾ = ਦੁਖੀ। ਮਿਥਿਆ = ਝੂਠ। ਕਿਰਤੁ = {Skt. øq} ਕੀਤੇ ਹੋਏ ਕੰਮ ਦਾ ਫਲ। ਧੁਰਿ ਹੀ = ਮੁੱਢ ਤੋਂ ਹੀ (ਜਦੋਂ ਤੋਂ ਕੋਈ ਕੰਮ ਕੀਤਾ ਗਿਆ ਹੈ) । ਤਿਸੁ = ਉਸ ਪ੍ਰਭੂ ਨੂੰ। ਅਰਥ: ਸੰਤ ਦਾ ਨਿੰਦਕ ਇਉਂ ਵਿਲਕਦਾ ਹੈ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ। ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ) । ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ, ਤਿਵੇਂ ਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ) । ਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ ਤੇ ਸਦਾ ਝੂਠ ਬੋਲਦਾ ਹੈ। (ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ?) ਹੇ ਨਾਨਕ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।6। ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥ ਸੰਤ ਕਾ ਦੋਖੀ ਸਦਾ ਸਹਕਾਈਐ ॥ ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥ ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥ ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ ਜੈਸਾ ਭਾਵੈ ਤੈਸਾ ਕੋਈ ਹੋਇ ॥ ਪਇਆ ਕਿਰਤੁ ਨ ਮੇਟੈ ਕੋਇ ॥ ਨਾਨਕ ਜਾਨੈ ਸਚਾ ਸੋਇ ॥੭॥ {ਪੰਨਾ 280} ਪਦ ਅਰਥ: ਬਿਗੜਰੂਪੁ = ਵਿਗੜੇ ਹੋਏ ਰੂਪ ਵਾਲਾ, ਭ੍ਰਿਸ਼ਟਿਆ ਹੋਇਆ। ਸਹਕਾਈਐ = ਸਹਕਦਾ ਹੈ, ਤਰਲੇ ਲੈਂਦਾ ਹੈ, ਆਤੁਰ ਹੁੰਦਾ ਹੈ। ਪੁਜੈ ਨ = ਸਿਰੇ ਨਹੀਂ ਚੜ੍ਹਦੀ। ਤ੍ਰਿਸਟੈ = ਰੱਜਦਾ। ਜੈਸਾ ਭਾਵੈ = ਜਿਹੋ ਜਿਹੀ ਭਾਵਨਾ ਵਾਲਾ ਹੁੰਦਾ ਹੈ। ਪਇਆ ਕਿਰਤੁ = ਪਿਛਲੇ ਕੀਤੇ (ਮੰਦੇ) ਕੰਮਾਂ ਦਾ ਇਕੱਠਾ ਹੋਇਆ ਫਲ। ਅਰਥ: ਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ, ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ। ਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ, ਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ। ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ, ਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ?) । ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ (ਇਸ ਵਾਸਤੇ) ਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ। (ਬਚੇ ਭੀ ਕਿਵੇਂ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ। ਹੇ ਨਾਨਕ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ।7। ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ ਸਦਾ ਸਦਾ ਤਿਸ ਕਉ ਨਮਸਕਾਰੁ ॥ ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ ਸਾਸਿ ਗਿਰਾਸਿ ॥ ਸਭੁ ਕਛੁ ਵਰਤੈ ਤਿਸ ਕਾ ਕੀਆ ॥ ਜੈਸਾ ਕਰੇ ਤੈਸਾ ਕੋ ਥੀਆ ॥ ਅਪਨਾ ਖੇਲੁ ਆਪਿ ਕਰਨੈਹਾਰੁ ॥ ਦੂਸਰ ਕਉਨੁ ਕਹੈ ਬੀਚਾਰੁ ॥ ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ ਬਡਭਾਗੀ ਨਾਨਕ ਜਨ ਸੇਇ ॥੮॥੧੩॥ {ਪੰਨਾ 280-281} ਪਦ ਅਰਥ: ਘਟ = ਸਰੀਰ। ਤਿਸ ਕੇ = ਉਸ ਪ੍ਰਭੂ ਦੇ। ਓਹੁ = ਓਹ ਪ੍ਰਭੂ। ਉਸਤਤਿ = ਵਡਿਆਈ। ਸਾਸਿ ਗਿਰਾਸਿ = ਸਾਹ ਅੰਦਰ ਬਾਹਰ ਲੈਂਦਿਆਂ। ਥੀਆ = ਹੋ ਜਾਂਦਾ ਹੈ। ਦੂਸਰੁ = ਦੂਜਾ। ਬੀਚਾਰੁ = ਖ਼ਿਆਲ। ਜਨ ਸੇਇ = ਸੇਇ ਜਨ, ਉਹ ਮਨੁੱਖ (Pl.) । ਕੋ = ਕੋਈ, ਹਰੇਕ ਜੀਵ। ਅਰਥ: ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ, ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ। ਦਿਨ ਰਾਤਿ ਪ੍ਰਭੂ ਦੇ ਗੁਣ ਗਾਓ, ਦਮ-ਬ-ਦਮ ਉਸੇ ਨੂੰ ਯਾਦ ਕਰੋ। (ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ, ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ। (ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ। ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ? ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ; (ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।8।13। |
Sri Guru Granth Darpan, by Professor Sahib Singh |