ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 281

ਸਲੋਕੁ ॥ ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ {ਪੰਨਾ 281}

ਪਦ ਅਰਥ: ਸਿਆਨਪ = ਚਤੁਰਾਈ, ਅਕਲ ਦਾ ਮਾਣ। ਸੁਰਿ ਜਨਹੁ = ਹੇ ਭਲੇ ਪੁਰਸ਼ੋ! ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ। ਮਨਿ = ਮਨ ਵਿਚ। ਭਰਮੁ = ਭੁਲੇਖਾ। ਭਉ = ਡਰ। ਜਾਇ = ਦੂਰ ਹੋ ਜਾਂਦਾ ਹੈ।

ਅਰਥ: ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ; ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ।1।

ਅਸਟਪਦੀ ॥ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥ ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ ਨਾਨਕ ਬਿਘਨੁ ਨ ਲਾਗੈ ਕੋਇ ॥੧॥ {ਪੰਨਾ 281}

ਪਦ ਅਰਥ: ਟੇਕ = ਆਸਰਾ। ਬ੍ਰਿਥੀ = ਬੇ-ਫ਼ਾਇਦਾ। ਜਾਨੁ = ਸਮਝ। ਏਕੈ = ਇਕੋ ਹੀ। ਰਹੈ ਅਘਾਇ = ਅਘਾਇ ਰਹੈ, ਰੱਜਿਆ ਰਹਿੰਦਾ ਹੈ। ਬਹੁਰਿ = ਫੇਰ। ਹਾਥਿ = ਹੱਥ ਵਿਚ, ਵੱਸ ਵਿਚ। ਬੂਝਿ = ਸਮਝ ਕੇ। ਕੰਠਿ = ਕੰਠ (ਗਲੇ) ਵਿਚ। ਰਖੁ ਕੰਠਿ ਪਰੋਇ = ਹਰ ਵੇਲੇ ਯਾਦ ਕਰ। ਬਿਘਨੁ = ਰੁਕਾਵਟ।

ਅਰਥ: (ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;

ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।

ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁਝ ਨਹੀਂ ਹੈ।

(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ। (ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।

ਉਸ ਪ੍ਰਭੂ ਨੂੰ ਸਦਾ ਸਿਮਰ। ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।1।

ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ਕਰਿ ਮਨ ਮੇਰੇ ਸਤਿ ਬਿਉਹਾਰ ॥ ਨਿਰਮਲ ਰਸਨਾ ਅੰਮ੍ਰਿਤੁ ਪੀਉ ॥ ਸਦਾ ਸੁਹੇਲਾ ਕਰਿ ਲੇਹਿ ਜੀਉ ॥ ਨੈਨਹੁ ਪੇਖੁ ਠਾਕੁਰ ਕਾ ਰੰਗੁ ॥ ਸਾਧਸੰਗਿ ਬਿਨਸੈ ਸਭ ਸੰਗੁ ॥ ਚਰਨ ਚਲਉ ਮਾਰਗਿ ਗੋਬਿੰਦ ॥ ਮਿਟਹਿ ਪਾਪ ਜਪੀਐ ਹਰਿ ਬਿੰਦ ॥ ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ਹਰਿ ਦਰਗਹ ਨਾਨਕ ਊਜਲ ਮਥਾ ॥੨॥ {ਪੰਨਾ 281}

ਪਦ ਅਰਥ: ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ। ਸਤਿ = ਸੱਚਾ। ਬਿਉਹਾਰ = ਵਿਹਾਰ। ਰਸਨਾ = ਜੀਭ ਨਾਲ। ਸੁਹੇਲਾ = ਸੌਖਾ, ਸੁਖੀ। ਜੀਉ = ਜਿੰਦ। ਨੈਨਹੁ = ਅੱਖਾਂ ਨਾਲ। ਰੰਗੁ = ਤਮਾਸ਼ਾ, ਖੇਲ। ਸਾਧ ਸੰਗਿ = ਸਾਧਾਂ ਦੀ ਸੰਗਤਿ ਵਿਚ। ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ। ਚਲਉ = ਚਲੋ। ਮਾਰਗਿ = ਰਸਤੇ ਤੇ। ਬਿੰਦ = ਰਤਾ ਭਰ, ਥੋੜਾ ਚਿਰ। ਕਰ = ਹੱਥਾਂ ਨਾਲ। ਕਰਮ = ਕੰਮ। ਸ੍ਰਵਨਿ = ਕੰਨਾਂ ਨਾਲ।

ਅਰਥ: ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ। ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।

ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ, (ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।

ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ, ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।

ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ। ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।

ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ); (ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ।2।

ਬਡਭਾਗੀ ਤੇ ਜਨ ਜਗ ਮਾਹਿ ॥ ਸਦਾ ਸਦਾ ਹਰਿ ਕੇ ਗੁਨ ਗਾਹਿ ॥ ਰਾਮ ਨਾਮ ਜੋ ਕਰਹਿ ਬੀਚਾਰ ॥ ਸੇ ਧਨਵੰਤ ਗਨੀ ਸੰਸਾਰ ॥ ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ ਸਦਾ ਸਦਾ ਜਾਨਹੁ ਤੇ ਸੁਖੀ ॥ ਏਕੋ ਏਕੁ ਏਕੁ ਪਛਾਨੈ ॥ ਇਤ ਉਤ ਕੀ ਓਹੁ ਸੋਝੀ ਜਾਨੈ ॥ ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ {ਪੰਨਾ 281}

ਪਦ ਅਰਥ: ਤੇ ਜਨ = ਉਹ ਬੰਦੇ। ਗਾਹਿ = ਗਾਉਂਦੇ ਹਨ। ਸੋ = ਉਹ ਮਨੁੱਖ। ਗਨੀ = ਗ਼ਨੀ, ਧਨਾਢ। ਮੁਖੀ = ਚੋਣਵੇਂ ਚੰਗੇ ਬੰਦੇ। ਤੇ = ਉਹਨਾਂ ਨੂੰ। ਇਤ ਉਤ ਕੀ = ਲੋਕ ਪਰਲੋਕ ਦੀ। ਮਾਨਿਆ = ਪਤੀਜਿਆ। ਤਿਨਹਿ = ਤਿਨਿ ਹੀ, ਉਸੇ ਨੇ। ਜਾਨਿਆ = ਸਮਝਿਆ ਹੈ।

ਅਰਥ: (ਜੋ ਮਨੁੱਖ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ।

ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ।

ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ, ਉਹਨਾਂ ਨੂੰ ਸਦਾ ਸੁਖੀ ਜਾਣੋ।

ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ, ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।

ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ, ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ।3।

ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ ਸਾਧਸੰਗਿ ਹਰਿ ਹਰਿ ਜਸੁ ਕਹਤ ॥ ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥ ਗ੍ਰਿਹਸਤ ਮਹਿ ਸੋਈ ਨਿਰਬਾਨੁ ॥ ਏਕ ਊਪਰਿ ਜਿਸੁ ਜਨ ਕੀ ਆਸਾ ॥ ਤਿਸ ਕੀ ਕਟੀਐ ਜਮ ਕੀ ਫਾਸਾ ॥ ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ ਨਾਨਕ ਤਿਸਹਿ ਨ ਲਾਗਹਿ ਦੂਖ ॥੪॥ {ਪੰਨਾ 281}

ਪਦ ਅਰਥ: ਸੁਝੈ = ਸੁੱਝ ਜਾਏ, ਸਮਝ ਆ ਜਾਏ। ਬੁਝੈ = ਮਿਟ ਜਾਂਦੀ ਹੈ। ਜਸੁ = ਵਡਿਆਈ। ਹਰਿ ਜਨੁ = ਪ੍ਰਭੂ ਦਾ ਸੇਵਕ। ਸਰਬ ਰੋਗ ਤੇ ਰਹਤ = ਸਾਰੇ ਰੋਗਾਂ ਤੋਂ ਬਚਿਆ ਹੋਇਆ। ਅਨਦਿਨੁ = ਹਰ ਰੋਜ਼। ਬਖ੍ਯ੍ਯਾਨੁ = ਉੱਚਾਰਨ। ਨਿਰਬਾਨੁ = ਵਾਸਨਾ ਤੋਂ ਰਹਿਤ। ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ। ਤਿਸਹਿ = ਤਿਸ ਮਨੁੱਖ ਨੂੰ।

ਅਰਥ: ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ, ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।

ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ, ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।

ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ, ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।

ਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ, ਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ।4।

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ਸੋਧਤ ਸੋਧਤ ਸੋਧਤ ਸੀਝਿਆ ॥ ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ {ਪੰਨਾ 281}

ਪਦ ਅਰਥ: ਸੁਹੇਲਾ = ਸੁਖੀ। ਕਿਸ ਤੇ = ਕਿਸ ਤੋਂ? ਦ੍ਰਿਸਟਾਇਆ = ਦ੍ਰਿਸ਼ਟੀ ਆਇਆ, ਨਜ਼ਰੀਂ ਆਇਆ, ਦਿੱਸਿਆ। ਸੋਧਤ = ਵਿਚਾਰ ਕਰਦਿਆਂ। ਸੀਝਿਆ = ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ। ਤਤੁ = ਅਸਲੀਅਤ {Skt. qÄvz = The real nature of the human soul or the material world as being indentical with the Supreme Spirit pervading the Universe. 2. The Supreme being.} ਸੂਖਮੁ = {Skt. su™mz The subtle all-pervading spirit, the Supreme Soul} ਸਰਬ-ਵਿਆਪਕ ਜੋਤਿ। ਅਸਥੂਲੁ = ਦ੍ਰਿਸ਼ਟਮਾਨ ਜਗਤ {Skt. ÔQul = Gross, coarse, rough}। ਕਾਰਜ = ਕੀਤਾ ਹੋਇਆ ਜਗਤ।

ਅਰਥ: ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ, ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।

ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ, ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?

(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ, (ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;

ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ, (ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।

ਹੇ ਨਾਨਕ! (ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ), ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ।5।

ਨਹ ਕਿਛੁ ਜਨਮੈ ਨਹ ਕਿਛੁ ਮਰੈ ॥ ਆਪਨ ਚਲਿਤੁ ਆਪ ਹੀ ਕਰੈ ॥ ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ ਆਪੇ ਆਪਿ ਸਗਲ ਮਹਿ ਆਪਿ ॥ ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥ ਅਬਿਨਾਸੀ ਨਾਹੀ ਕਿਛੁ ਖੰਡ ॥ ਧਾਰਣ ਧਾਰਿ ਰਹਿਓ ਬ੍ਰਹਮੰਡ ॥ ਅਲਖ ਅਭੇਵ ਪੁਰਖ ਪਰਤਾਪ ॥ ਆਪਿ ਜਪਾਏ ਤ ਨਾਨਕ ਜਾਪ ॥੬॥ {ਪੰਨਾ 281-282}

ਪਦ ਅਰਥ: ਚਲਿਤੁ = ਤਮਾਸ਼ਾ, ਖੇਲ। ਆਵਨੁ ਜਾਵਨੁ = ਜਨਮ ਮਰਣ। ਦ੍ਰਿਸਟਿ = ਦਿੱਸਦਾ ਜਗਤ, ਅਸਥੂਲ ਸੰਸਾਰ। ਅਨਦ੍ਰਿਸਟਿ = ਨਾਹ ਦਿੱਸਦਾ ਸੰਸਾਰ, ਸੂਖਮ ਜਗਤ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਧਾਰੀ = ਟਿਕਾਈ ਹੈ। ਜੁਗਤਿ = ਤਰੀਕਿਆਂ ਨਾਲ। ਉਥਾਪਿ = ਨਾਸ ਕਰਦਾ ਹੈ। ਖੰਡ = ਟੋਟਾ, ਨਾਸ। ਧਾਰਣ...ਬ੍ਰਹਮੰਡ = ਬ੍ਰਹਮੰਡ (ਦੀ) ਧਾਰਣ ਧਾਰਿ ਰਹਿਓ। ਅਲਖ = ਜੋ ਬਿਆਨ ਨ ਹੋ ਸਕੇ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਤ = ਤਾਂ।

ਅਰਥ: ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ; (ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;

ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ = ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।

ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ, ਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ।

ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ, ਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ।

ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ; ਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ।6।

TOP OF PAGE

Sri Guru Granth Darpan, by Professor Sahib Singh