ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 282

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥ ਸਗਲ ਸੰਸਾਰੁ ਉਧਰੈ ਤਿਨ ਮੰਤ ॥ ਪ੍ਰਭ ਕੇ ਸੇਵਕ ਸਗਲ ਉਧਾਰਨ ॥ ਪ੍ਰਭ ਕੇ ਸੇਵਕ ਦੂਖ ਬਿਸਾਰਨ ॥ ਆਪੇ ਮੇਲਿ ਲਏ ਕਿਰਪਾਲ ॥ ਗੁਰ ਕਾ ਸਬਦੁ ਜਪਿ ਭਏ ਨਿਹਾਲ ॥ ਉਨ ਕੀ ਸੇਵਾ ਸੋਈ ਲਾਗੈ ॥ ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥ ਨਾਮੁ ਜਪਤ ਪਾਵਹਿ ਬਿਸ੍ਰਾਮੁ ॥ ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥ {ਪੰਨਾ 282}

ਪਦ ਅਰਥ: ਜਿਨ = ਜਿਨ੍ਹਾਂ ਮਨੁੱਖਾਂ ਨੇ। ਤਿਨ ਮੰਤ = ਉਹਨਾਂ ਦੇ ਉਪਦੇਸ਼ਾਂ ਨਾਲ। ਸਗਲ ਉਧਾਰਨ = ਸਾਰਿਆਂ ਨੂੰ ਬਚਾਉਣ ਵਾਲੇ। ਦੂਖ ਬਿਸਾਰਨ = ਦੁੱਖਾਂ ਦਾ ਨਾਸ ਕਰਨ ਵਾਲੇ। ਜਪਿ = ਜਪ ਕੇ। ਨਿਹਾਲ = (ਫੁੱਲਾਂ ਵਾਂਗ) ਖਿੜੇ ਹੋਏ। ਕਰਹਿ = ਤੂੰ ਕਰਦਾ ਹੈਂ। ਬਡਭਾਗੈ = ਵੱਡੀ ਕਿਸਮਤ ਵਾਲੇ ਨੂੰ। ਬਿਸਰਾਮੁ = ਟਿਕਾਣਾ, ਦੁੱਖਾਂ ਤੋਂ ਬਚਾਉ। ਮਾਨੁ = ਸਮਝ, ਜਾਣ ਲੈ।

ਅਰਥ: ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ; ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ।

ਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ, (ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ।

(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ, ਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ।

ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ, ਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ।

(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ; ਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ।7।

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥ ਸਦਾ ਸਦਾ ਬਸੈ ਹਰਿ ਸੰਗਿ ॥ ਸਹਜ ਸੁਭਾਇ ਹੋਵੈ ਸੋ ਹੋਇ ॥ ਕਰਣੈਹਾਰੁ ਪਛਾਣੈ ਸੋਇ ॥ ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥ ਜੈਸਾ ਸਾ ਤੈਸਾ ਦ੍ਰਿਸਟਾਨਾ ॥ ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥ ਓਇ ਸੁਖ ਨਿਧਾਨ ਉਨਹੂ ਬਨਿ ਆਏ ॥ ਆਪਸ ਕਉ ਆਪਿ ਦੀਨੋ ਮਾਨੁ ॥ ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥ {ਪੰਨਾ 282}

ਪਦ ਅਰਥ: ਰੰਗਿ = ਮੌਜ ਵਿਚ, ਰਜ਼ਾ ਵਿਚ। ਸਹਜ ਸੁਭਾਇ = ਸੁਤੇ ਹੀ, ਸੁਭਾਵਕ ਹੀ। ਜਨ = ਸੇਵਕਾਂ ਨੂੰ। ਮੀਠ ਲਗਾਨਾ = ਮਿੱਠਾ ਲੱਗਦਾ ਹੈ। ਦ੍ਰਿਸਟਾਨਾ = ਦ੍ਰਿਸ਼ਟੀ ਆਉਂਦਾ ਹੈ। ਉਪਜੇ = ਪੈਦਾ ਹੋਏ। ਓਇ = ਪ੍ਰਭੂ ਦੇ ਉਹ ਸੇਵਕ। ਸੁਖ ਨਿਧਾਨ = ਸੁਖਾਂ ਦੇ ਖ਼ਜ਼ਾਨੇ। ਉਨਹੂ = ਉਹਨਾਂ ਨੂੰ ਹੀ। ਬਨਿ ਆਏ = ਫੱਬਦੀ ਹੈ। ਆਪਸ ਕਉ = ਆਪਣੇ ਆਪ ਨੂੰ।

ਅਰਥ: (ਪ੍ਰਭੂ ਦਾ ਸੇਵਕ) ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ ਤੇ ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ।

ਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ, ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।

(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ, (ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।

ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ, ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।

ਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ, (ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ) ।8।14।

ਸਲੋਕੁ ॥ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥ ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥ {ਪੰਨਾ 282}

ਪਦ ਅਰਥ: ਕਲਾ = ਤਾਕਤ, ਸ਼ਕਤੀ। ਭਰਪੂਰ = ਭਰਿਆ ਹੋਇਆ। ਬਿਰਥਾ = {Skt. ÒXQw = Pain} ਦੁੱਖ, ਦਰਦ। ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ। ਉਧਰੀਐ = (ਵਿਕਾਰਾਂ ਤੋਂ) ਬਚ ਜਾਈਦਾ ਹੈ।

ਅਰਥ: ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ। ਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ।1।

ਅਸਟਪਦੀ ॥ ਟੂਟੀ ਗਾਢਨਹਾਰ ਗੋੁਪਾਲ ॥ ਸਰਬ ਜੀਆ ਆਪੇ ਪ੍ਰਤਿਪਾਲ ॥ ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥ ਤਿਸ ਤੇ ਬਿਰਥਾ ਕੋਈ ਨਾਹਿ ॥ ਰੇ ਮਨ ਮੇਰੇ ਸਦਾ ਹਰਿ ਜਾਪਿ ॥ ਅਬਿਨਾਸੀ ਪ੍ਰਭੁ ਆਪੇ ਆਪਿ ॥ ਆਪਨ ਕੀਆ ਕਛੂ ਨ ਹੋਇ ॥ ਜੇ ਸਉ ਪ੍ਰਾਨੀ ਲੋਚੈ ਕੋਇ ॥ ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥ ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥ {ਪੰਨਾ 282}

ਪਦ ਅਰਥ: ਗੋੁਪਾਲ = {ਨੋਟ: ਅੱਖਰ 'ਗ' ਨਾਲ ਦੋ 'ਲਗਾਂ' ਵਰਤੀਆਂ ਗਈਆਂ ਹਨ। ਅਸਲੀ ਲਫ਼ਜ਼ 'ਗੋਪਾਲ' ਹੈ, ਪਰ ਛੰਦ ਦੀ ਚਾਲ ਤਾਂ ਹੀ ਪੂਰੀ ਰਹਿ ਸਕਦੀ ਹੈ ਜੇ 'ਗੁਰੂ' ਮਾਤ੍ਰਾ' (ੋ) ਦੇ ਥਾਂ 'ਲਘੂ' ਮਾਤ੍ਰਾ (ੁ) ਵਰਤੀ ਜਾਏ। ਸੋ, ਪਾਠ ਵਿਚ ਲਫ਼ਜ਼ 'ਗੁਪਾਲ' ਪੜ੍ਹਨਾ ਹੈ}। ਚਿੰਤਾ = ਫ਼ਿਕਰ। ਬਿਰਥਾ = ਖ਼ਾਲੀ, ਨਾ-ਉਮੈਦ। ਆਪਨ ਕੀਆ = ਮਨੁੱਖ ਦੇ ਆਪਣੇ ਬਲ ਨਾਲ ਕੀਤਾ ਹੋਇਆ। ਸਉ = ਸੌ ਵਾਰੀ। ਲੋਚੈ = ਚਾਹੇ। ਗਤਿ = ਮੁਕਤੀ, ਚੰਗੀ ਆਤਮਕ ਹਾਲਤ।

ਅਰਥ: ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਗੋਪਾਲ ਪ੍ਰਭੂ ਆਪ ਹੈ, (ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ (ਭੀ ਆਪ) ਹੈ।

ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ, ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ) ।

ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ, ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।

ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ ਤਾਂ ਭੀ ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ।

ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ।1।

ਰੂਪਵੰਤੁ ਹੋਇ ਨਾਹੀ ਮੋਹੈ ॥ ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥ ਧਨਵੰਤਾ ਹੋਇ ਕਿਆ ਕੋ ਗਰਬੈ ॥ ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥ ਅਤਿ ਸੂਰਾ ਜੇ ਕੋਊ ਕਹਾਵੈ ॥ ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥ ਜੇ ਕੋ ਹੋਇ ਬਹੈ ਦਾਤਾਰੁ ॥ ਤਿਸੁ ਦੇਨਹਾਰੁ ਜਾਨੈ ਗਾਵਾਰੁ ॥ ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥ ਨਾਨਕ ਸੋ ਜਨੁ ਸਦਾ ਅਰੋਗੁ ॥੨॥ {ਪੰਨਾ 282}

ਪਦ ਅਰਥ: ਮੋਹੈ ਨਾਹੀ = ਮੋਹ ਨਾਹ ਕਰੇ, ਮਸਤ ਨਾਹ ਹੋਵੇ, ਮਾਣ ਨਾਹ ਕਰੇ। ਸਗਲ ਘਟ = ਸਾਰੇ ਸਰੀਰਾਂ ਵਿਚ। ਗਰਬੈ = ਅਹੰਕਾਰ ਕਰੇ। ਜਾ = ਜਦੋਂ। ਦਰਬੈ = ਧਨ। ਸੂਰਾ = ਸੂਰਮਾ, ਬਹਾਦੁਰ। ਕਹਾਵੈ = ਅਖਵਾਏ। ਕਹ = ਕਿਥੇ? ਧਾਵੈ = ਦੌੜੇ। ਹੋਇ ਬਹੈ– ਬਣ ਬੈਠੇ। ਗਾਵਾਰੁ = ਗੰਵਾਰ, ਮੂਰਖ। ਹਉ ਰੋਗੁ = ਅਹੰਕਾਰੀ-ਰੂਪੀ ਬੀਮਾਰੀ। ਅਰੋਗੁ = ਨਿਰੋਆ।

ਅਰਥ: ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ, (ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ।

ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ, ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ?

ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ (ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ।

ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ, ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ।

ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ।2।

ਜਿਉ ਮੰਦਰ ਕਉ ਥਾਮੈ ਥੰਮਨੁ ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥ ਜਿਉ ਪਾਖਾਣੁ ਨਾਵ ਚੜਿ ਤਰੈ ॥ ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥ ਜਿਉ ਅੰਧਕਾਰ ਦੀਪਕ ਪਰਗਾਸੁ ॥ ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥ ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥ ਤਿਨ ਸੰਤਨ ਕੀ ਬਾਛਉ ਧੂਰਿ ॥ ਨਾਨਕ ਕੀ ਹਰਿ ਲੋਚਾ ਪੂਰਿ ॥੩॥ {ਪੰਨਾ 282}

ਪਦ ਅਰਥ: ਮੰਦਰ = ਘਰ। ਥਾਮੈ = ਥੰਮ੍ਹਦਾ ਹੈ, ਸਹਾਰਾ ਦੇਈ ਰੱਖਦਾ ਹੈ। ਮਨਹਿ = ਮਨ ਵਿਚ। ਅਸਥੰਮਨੁ = ਥੰਮ੍ਹ, ਸਹਾਰਾ। ਪਾਖਾਣੁ = ਪੱਥਰ। ਨਾਵ = ਬੇੜੀ। ਲਗਤੁ = ਲੱਗਾ ਹੋਇਆ। ਅੰਧਕਾਰ = ਹਨੇਰਾ। ਦੀਪਕ = ਦੀਵਾ। ਪਰਗਾਸੁ = ਚਾਨਣ। ਗੁਰ ਦਰਸਨੁ = ਗੁਰੂ ਦਾ ਦਰਸਨ। ਦੇਖਿ = ਵੇਖ ਕੇ। ਮਨਿ = ਮਨ ਵਿਚ। ਬਿਗਾਸੁ = ਖਿੜਾਉ। ਉਦਿਆਨ = ਜੰਗਲ। ਮਾਰਗੁ = ਰਸਤਾ। ਬਾਛਉ = ਚਾਹੁੰਦਾ ਹਾਂ। ਧੂਰਿ = ਧੂੜ। ਲੋਚਾ = ਖ਼ਾਹਸ਼। ਪੂਰਿ = ਪੂਰੀ ਕਰ।

ਅਰਥ: ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ, ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।

ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।

ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ, ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।

ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।

ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ।3।

TOP OF PAGE

Sri Guru Granth Darpan, by Professor Sahib Singh