ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 283

ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ ਦੂਖ ਸੂਖ ਪ੍ਰਭ ਦੇਵਨਹਾਰੁ ॥ ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥ ਜੋ ਕਛੁ ਕਰੈ ਸੋਈ ਸੁਖੁ ਮਾਨੁ ॥ ਭੂਲਾ ਕਾਹੇ ਫਿਰਹਿ ਅਜਾਨ ॥ ਕਉਨ ਬਸਤੁ ਆਈ ਤੇਰੈ ਸੰਗ ॥ ਲਪਟਿ ਰਹਿਓ ਰਸਿ ਲੋਭੀ ਪਤੰਗ ॥ ਰਾਮ ਨਾਮ ਜਪਿ ਹਿਰਦੇ ਮਾਹਿ ॥ ਨਾਨਕ ਪਤਿ ਸੇਤੀ ਘਰਿ ਜਾਹਿ ॥੪॥ {ਪੰਨਾ 283}

ਪਦ ਅਰਥ: ਕਾਹੇ = ਕਿਉਂ? ਬਿਲਲਾਈਐ = ਵਿਲਕੀਏ, ਵਿਰਲਾਪ ਕਰੀਏ। ਪੁਰਬ = ਪਹਿਲੇ। ਪੁਰਬ ਲਿਖੇ ਕਾ = ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਹੁਣ ਤੋਂ ਪਹਿਲੇ ਸਮੇ ਦੇ ਬੀਜੇ ਦਾ। ਲਿਖਿਆ = ਸੰਸਕਾਰ-ਰੂਪ ਲੇਖ, ਸੁਭਾਉ-ਰੂਪ ਬੀਜ। ਅਜਾਨ = ਹੇ ਅੰਵਾਣ! ਬਸਤੁ = ਚੀਜ਼। ਰਸਿ = ਰਸ ਵਿਚ, ਸੁਆਦ ਵਿਚ। ਲੋਭੀ ਪਤੰਗ = ਹੇ ਲੋਭੀ ਭੰਬਟ! ਪਤਿ ਸੇਤੀ = ਇੱਜ਼ਤ ਨਾਲ।

ਅਰਥ: ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ? ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।

ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ, (ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।

ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ? ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।

ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ, (ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।

ਹੇ ਨਾਨਕ! ਹਿਰਦੇ ਵਿਚ ਪ੍ਰਭੂ ਦਾ ਨਾਮ ਜਪ, (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ।4।

ਜਿਸੁ ਵਖਰ ਕਉ ਲੈਨਿ ਤੂ ਆਇਆ ॥ ਰਾਮ ਨਾਮੁ ਸੰਤਨ ਘਰਿ ਪਾਇਆ ॥ ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥ ਲਾਦਿ ਖੇਪ ਸੰਤਹ ਸੰਗਿ ਚਾਲੁ ॥ ਅਵਰ ਤਿਆਗਿ ਬਿਖਿਆ ਜੰਜਾਲ ॥ ਧੰਨਿ ਧੰਨਿ ਕਹੈ ਸਭੁ ਕੋਇ ॥ ਮੁਖ ਊਜਲ ਹਰਿ ਦਰਗਹ ਸੋਇ ॥ ਇਹੁ ਵਾਪਾਰੁ ਵਿਰਲਾ ਵਾਪਾਰੈ ॥ ਨਾਨਕ ਤਾ ਕੈ ਸਦ ਬਲਿਹਾਰੈ ॥੫॥ {ਪੰਨਾ 283}

ਪਦ ਅਰਥ: ਵਖਰ = ਸੌਦਾ। ਤਜਿ = ਛੱਡ ਦੇਹ। ਮਨ ਮੋਲਿ = ਮਨ ਦੇ ਮੁੱਲ ਤੋਂ, ਮਨ ਦੇ ਵਟਾਂਦਰੇ, ਮਨ ਦੇ ਕੇ। ਤੋਲਿ = ਜਾਂਚ। ਖੇਪ = {Skt. ˜yp} ਵਾਪਾਰ ਵਾਸਤੇ ਨਾਲ ਲੈ ਜਾਣ ਵਾਲਾ ਸੌਦਾ। ਬਿਖਿਆ = ਮਾਇਆ। ਜੰਜਾਲ = ਧੰਧੇ। ਧੰਨਿ = ਮੁਬਾਰਿਕ, ਸ਼ਲਾਘਾ-ਯੋਗ।

ਅਰਥ: (ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ, ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।

(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ, ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।

ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ, ਮਾਇਆ ਦੇ ਹੋਰ ਧੰਧੇ ਛੱਡ ਦੇਹ।

(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ, ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।

(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ। ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ।5।

ਚਰਨ ਸਾਧ ਕੇ ਧੋਇ ਧੋਇ ਪੀਉ ॥ ਅਰਪਿ ਸਾਧ ਕਉ ਅਪਨਾ ਜੀਉ ॥ ਸਾਧ ਕੀ ਧੂਰਿ ਕਰਹੁ ਇਸਨਾਨੁ ॥ ਸਾਧ ਊਪਰਿ ਜਾਈਐ ਕੁਰਬਾਨੁ ॥ ਸਾਧ ਸੇਵਾ ਵਡਭਾਗੀ ਪਾਈਐ ॥ ਸਾਧਸੰਗਿ ਹਰਿ ਕੀਰਤਨੁ ਗਾਈਐ ॥ ਅਨਿਕ ਬਿਘਨ ਤੇ ਸਾਧੂ ਰਾਖੈ ॥ ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥ ਓਟ ਗਹੀ ਸੰਤਹ ਦਰਿ ਆਇਆ ॥ ਸਰਬ ਸੂਖ ਨਾਨਕ ਤਿਹ ਪਾਇਆ ॥੬॥ {ਪੰਨਾ 283}

ਪਦ ਅਰਥ: ਅਰਪਿ = ਹਵਾਲੇ ਕਰ ਦੇਹ। ਜੀਉ = ਜਿੰਦ। ਧੂਰਿ = ਚਰਨ-ਧੂੜ। ਕੁਰਬਾਨੁ = ਸਦਕੇ। ਵਡਭਾਗੀ = ਵੱਡੇ ਭਾਗਾਂ ਨਾਲ। ਗਾਈਐ = ਗਾਇਆ ਜਾ ਸਕਦਾ ਹੈ। ਰਾਖੈ = ਬਚਾ ਲੈਂਦਾ ਹੈ। ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ। ਓਟ = ਆਸਰਾ। ਗਹੀ = ਪਕੜੀ, ਫੜੀ। ਤਿਹ = ਉਸ ਨੇ।

ਅਰਥ: (ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ, ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।

ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ, ਗੁਰਮੁਖ ਤੋਂ ਸਦਕੇ ਹੋਹੁ।

ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ, ਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ।

ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ, ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।

(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ।6।

ਮਿਰਤਕ ਕਉ ਜੀਵਾਲਨਹਾਰ ॥ ਭੂਖੇ ਕਉ ਦੇਵਤ ਅਧਾਰ ॥ ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥ ਪੁਰਬ ਲਿਖੇ ਕਾ ਲਹਣਾ ਪਾਹਿ ॥ ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥ ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥ ਜਪਿ ਜਨ ਸਦਾ ਸਦਾ ਦਿਨੁ ਰੈਣੀ ॥ ਸਭ ਤੇ ਊਚ ਨਿਰਮਲ ਇਹ ਕਰਣੀ ॥ ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥ ਨਾਨਕ ਸੋ ਜਨੁ ਨਿਰਮਲੁ ਥੀਆ ॥੭॥ {ਪੰਨਾ 283}

ਪਦ ਅਰਥ: ਮਿਰਤਕ = ਮੋਇਆ ਹੋਇਆ, ਆਤਮਕ ਜ਼ਿੰਦਗੀ ਵਲੋਂ ਮੁਰਦਾ। ਭੂਖੇ = ਲਾਲਚੀ, ਤ੍ਰਿਸਨਾ-ਅਧੀਨ ਮਨੁੱਖ। ਅਧਾਰ = ਆਸਰਾ। ਨਿਧਾਨ = ਖ਼ਜ਼ਾਨੇ। ਪੁਰਬ ਲਿਖੇ ਕਾ = ਪਿਛਲੇ ਸਮੇ ਦੇ ਕੀਤੇ ਕੰਮਾਂ ਦਾ। ਲਹਣਾ = ਫਲ। ਪਾਹਿ = ਪਾਉਂਦੇ ਹਨ। ਹੋਗੁ = ਹੋਵੇਗਾ। ਰੈਣੀ = ਰਾਤ। ਕਰਣੀ = ਆਚਰਣ।

ਅਰਥ: (ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ, ਭੁੱਖੇ ਨੂੰ ਭੀ ਆਸਰਾ ਦੇਂਦਾ ਹੈ।

ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ, (ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।

ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ; ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।

ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ, ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।

ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ, ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।7।

ਜਾ ਕੈ ਮਨਿ ਗੁਰ ਕੀ ਪਰਤੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਭਗਤੁ ਭਗਤੁ ਸੁਨੀਐ ਤਿਹੁ ਲੋਇ ॥ ਜਾ ਕੈ ਹਿਰਦੈ ਏਕੋ ਹੋਇ ॥ ਸਚੁ ਕਰਣੀ ਸਚੁ ਤਾ ਕੀ ਰਹਤ ॥ ਸਚੁ ਹਿਰਦੈ ਸਤਿ ਮੁਖਿ ਕਹਤ ॥ ਸਾਚੀ ਦ੍ਰਿਸਟਿ ਸਾਚਾ ਆਕਾਰੁ ॥ ਸਚੁ ਵਰਤੈ ਸਾਚਾ ਪਾਸਾਰੁ ॥ ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥ ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥ {ਪੰਨਾ 283}

ਪਦ ਅਰਥ: ਪਰਤੀਤਿ = ਯਕੀਨ, ਸਰਧਾ। ਚੀਤਿ = ਚਿੱਤ ਵਿਚ। ਸੁਨੀਐ = ਸੁਣਿਆ ਜਾਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਤ੍ਰਿਲੋਕੀ ਵਿਚ, ਸਾਰੇ ਜਗਤ ਵਿਚ। ਕਰਣੀ = ਅਮਲੀ ਜ਼ਿੰਦਗੀ, ਚਾਲ ਚਲਨ। ਰਹਤ = ਜ਼ਿੰਦਗੀ ਦੇ ਅਸੂਲ। ਸਤਿ = ਸੱਚ, ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਤੋਂ। ਦ੍ਰਿਸਟਿ = ਨਜ਼ਰ। ਆਕਾਰੁ = ਦ੍ਰਿਸ਼ਟ-ਮਾਨ ਜਗਤ, ਸਰੂਪ। ਵਰਤੈ = ਮੌਜੂਦ ਹੈ। ਪਾਸਾਰੁ = ਖਿਲਾਰਾ।

ਅਰਥ: ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।

ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ, ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;

ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ, ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;

ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ, ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।

ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ, ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ।8।15।

ਸਲੋਕੁ ॥ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283}

ਪਦ ਅਰਥ: ਰੇਖ = {Skt. ryKw) ਚਿਹਨ-ਚੱਕ੍ਰ। ਤ੍ਰਿਹੁ ਗੁਣ ਤੇ = (ਮਾਇਆ ਦੇ) ਤਿੰਨ ਗੁਣਾਂ ਤੋਂ। ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼। ਤਿਸਹਿ = ਉਸ ਨੂੰ ਹੀ। ਬੁਝਾਏ = ਸਮਝ ਦੇਂਦਾ ਹੈ (ਆਪਣੇ ਸਰੂਪ ਦੀ) । ਸੁਪ੍ਰਸੰਨ = ਖ਼ੁਸ਼।

ਅਰਥ: ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ। ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤੱ੍ਰੁਠਦਾ ਹੈ।1।

ਅਸਟਪਦੀ ॥ ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥ ਤਿਸ ਤੇ ਪਰੈ ਨਾਹੀ ਕਿਛੁ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥ ਆਪੇ ਬੀਨਾ ਆਪੇ ਦਾਨਾ ॥ ਗਹਿਰ ਗੰਭੀਰੁ ਗਹੀਰੁ ਸੁਜਾਨਾ ॥ ਪਾਰਬ੍ਰਹਮ ਪਰਮੇਸੁਰ ਗੋਬਿੰਦ ॥ ਕ੍ਰਿਪਾ ਨਿਧਾਨ ਦਇਆਲ ਬਖਸੰਦ ॥ ਸਾਧ ਤੇਰੇ ਕੀ ਚਰਨੀ ਪਾਉ ॥ ਨਾਨਕ ਕੈ ਮਨਿ ਇਹੁ ਅਨਰਾਉ ॥੧॥ {ਪੰਨਾ 283-284}

ਪਦ ਅਰਥ: ਤਿਆਗੁ = ਛੱਡ ਦੇਹ। ਨਿਰੰਤਰਿ = ਇਕ-ਰਸ ਅੰਦਰ। ਬੀਨਾ = ਪਛਾਣਨ ਵਾਲਾ। ਦਾਨਾ = ਸਮਝਣ ਵਾਲਾ। ਗਹੀਰੁ = ਡੂੰਘਾ। ਸੁਜਾਨਾ = ਸਿਆਣਾ। ਕ੍ਰਿਪਾਨਿਧਾਨ = ਦਇਆ ਦਾ ਖ਼ਜ਼ਾਨਾ। ਬਖਸੰਦ = ਬਖ਼ਸ਼ਣ ਵਾਲਾ। ਪਾਉ = ਮੈਂ ਪਵਾਂ। ਮਨਿ = ਮਨ ਵਿਚ। ਅਨੁਰਾਉ = ਅਨੁਰਾਗ, ਤਾਂਘ, ਖਿੱਚ।

ਅਰਥ: (ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ।

ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ, ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ।

ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ, ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ।

ਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ! ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ!

ਨਾਨਕ ਦੇ ਮਨ ਵਿਚ ਇਹ ਤਾਂਘ ਹੈ ਕਿ ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ।1।

TOP OF PAGE

Sri Guru Granth Darpan, by Professor Sahib Singh