ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 284

ਮਨਸਾ ਪੂਰਨ ਸਰਨਾ ਜੋਗ ॥ ਜੋ ਕਰਿ ਪਾਇਆ ਸੋਈ ਹੋਗੁ ॥ ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥ ਅਨਦ ਰੂਪ ਮੰਗਲ ਸਦ ਜਾ ਕੈ ॥ ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥ ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ ਧਿਆਇ ਧਿਆਇ ਭਗਤਹ ਸੁਖੁ ਪਾਇਆ ॥ ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ {ਪੰਨਾ 284}

ਪਦ ਅਰਥ: ਮਨਸਾ = ਮਨ ਦਾ ਫੁਰਨਾ, ਖ਼ਾਹਸ਼। ਸਰਨਾ ਜੋਗ = ਸਰਨ ਦੇਣ ਜੋਗਾ, ਸਰਨ ਆਏ ਦੀ ਸਹਾਇਤਾ ਕਰਨ ਦੇ ਲਾਇਕ। ਕਰਿ = ਹੱਥ ਤੇ, ਜੀਵ ਦੇ ਹੱਥ ਤੇ। ਪਾਇਆ = ਪਾ ਦਿੱਤਾ ਹੈ, ਲਿਖ ਦਿੱਤਾ ਹੈ। ਹੋਗੁ = ਹੋਵੇਗਾ। ਨੇਤ੍ਰ ਫੋਰੁ = ਅੱਖ ਦਾ ਫਰਕਣਾ। ਹਰਨ = ਨਾਸ ਕਰਨਾ। ਭਰਨ = ਪਾਲਣਾ। ਮੰਤ੍ਰ = ਗੁੱਝਾ ਭੇਤ। ਮੰਗਲ = ਖ਼ੁਸ਼ੀਆਂ। ਸੁਨੀਅਹਿ = ਸੁਣੇ ਜਾਂਦੇ ਹਨ। ਤਪੀਸੁਰ = ਵੱਡਾ ਤਪੀ। ਭੋਗੀ = ਭੋਗਣਵਾਲਾ, ਗ੍ਰਿਹਸਤੀ।

ਅਰਥ: ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ। ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।

ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ, ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।

ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, (ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।

ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ, ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।

ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ। ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ।2।

ਜਾ ਕੀ ਲੀਲਾ ਕੀ ਮਿਤਿ ਨਾਹਿ ॥ ਸਗਲ ਦੇਵ ਹਾਰੇ ਅਵਗਾਹਿ ॥ ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ ਸੂਤਿ ॥ ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ ਜਨ ਦਾਸ ਨਾਮੁ ਧਿਆਵਹਿ ਸੇਇ ॥ ਤਿਹੁ ਗੁਣ ਮਹਿ ਜਾ ਕਉ ਭਰਮਾਏ ॥ ਜਨਮਿ ਮਰੈ ਫਿਰਿ ਆਵੈ ਜਾਏ ॥ ਊਚ ਨੀਚ ਤਿਸ ਕੇ ਅਸਥਾਨ ॥ ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥ {ਪੰਨਾ 284}

ਪਦ ਅਰਥ: ਲੀਲਾ = (ਜਗਤ ਰੂਪ) ਖੇਡ। ਮਿਤਿ = ਮਿਣਤੀ, ਅੰਦਾਜ਼ਾ। ਅਵਗਾਹਿ = ਚੁੱਭੀ ਲਾ ਕੇ, ਖੋਜ ਖੋਜ ਕੇ। ਸਗਲ = ਸਾਰੀ (ਸ੍ਰਿਸ਼ਟੀ) । ਸੂਤਿ = ਸੂਤ੍ਰ ਵਿਚ, ਧਾਗੇ ਵਿਚ, (ਜਿਵੇਂ ਮਾਲਾ ਦੇ ਮਣਕੇ) । ਗਿਆਨੁ = ਉਚੀ ਸਮਝ। ਧਿਆਨੁ = (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਨੀ। ਜਿਨ ਦੇਇ = ਜਿਨ੍ਹਾਂ ਨੂੰ ਦੇਂਦਾ ਹੈ। ਸੇਇ = ਉਹ ਹੀ। ਭਰਮਾਏ = ਭਟਕਾਉਂਦਾ ਹੈ। ਊਚ ਅਸਥਾਨ = ਸੁਮਤਿ ਗਿਆਨ ਧਿਆਨ ਵਾਲੇ ਜੀਵ। ਨੀਚ ਅਸਥਾਨ = ਤਿੰਨ ਗੁਣਾਂ ਵਿਚ ਭਟਕਣ ਵਾਲੇ ਜੀਵ। ਜਨਾਵੈ = ਸਮਝ ਦੇਂਦਾ ਹੈ।

ਅਰਥ: ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ, ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;

(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ? (ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।

ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤਿ ਜੋੜਨ ਦੀ ਦਾਤਿ ਦੇਂਦਾ ਹੈ, ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ।

(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ, ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।

ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ = ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ) । ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ।3।

ਨਾਨਾ ਰੂਪ ਨਾਨਾ ਜਾ ਕੇ ਰੰਗ ॥ ਨਾਨਾ ਭੇਖ ਕਰਹਿ ਇਕ ਰੰਗ ॥ ਨਾਨਾ ਬਿਧਿ ਕੀਨੋ ਬਿਸਥਾਰੁ ॥ ਪ੍ਰਭੁ ਅਬਿਨਾਸੀ ਏਕੰਕਾਰੁ ॥ ਨਾਨਾ ਚਲਿਤ ਕਰੇ ਖਿਨ ਮਾਹਿ ॥ ਪੂਰਿ ਰਹਿਓ ਪੂਰਨੁ ਸਭ ਠਾਇ ॥ ਨਾਨਾ ਬਿਧਿ ਕਰਿ ਬਨਤ ਬਨਾਈ ॥ ਅਪਨੀ ਕੀਮਤਿ ਆਪੇ ਪਾਈ ॥ ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥ {ਪੰਨਾ 284}

ਪਦ ਅਰਥ: ਨਾਨਾ = ਕਈ ਕਿਸਮ ਦੇ। ਇਕ ਰੰਗ = ਇਕੋ ਕਿਸਮ ਦਾ, ਇਕ ਰੰਗ ਵਾਲਾ। ਕਰਹਿ = ਤੂੰ ਕਰਦਾ ਹੈਂ। ਨਾਨਾ ਬਿਧਿ = ਕਈ ਤਰੀਕਿਆਂ ਨਾਲ। ਚਲਿਤ = ਕੌਤਕ, ਤਮਾਸ਼ੇ।

ਅਰਥ: ਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ, ਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ।

ਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ, ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ।

ਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ, ਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ।

ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ, ਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ।

ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ। ਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ।4।

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ {ਪੰਨਾ 284}

ਪਦ ਅਰਥ = ਨਾਮ = ਅਕਾਲ ਪੁਰਖ। ਧਾਰੇ = ਟਿਕਾਏ ਹੋਏ, ਆਸਰੇ। ਬ੍ਰਹਮੰਡ = {Skt. bRHÏwzf = The egg of Brahman, the primordial egg from which the universe sprang, the world, universe} ਸ੍ਰਿਸ਼ਟੀ, ਜਗਤ। ਖੰਡ = ਹਿੱਸੇ, ਟੋਟੇ। ਆਗਾਸ = ਆਕਾਸ਼। ਆਕਾਰ = ਸਰੂਪ, ਸਰੀਰ। ਪੁਰੀਆ = ਸ਼ਹਿਰ, ਸਰੀਰ, 14 ਲੋਕ। ਭਵਨ = {Skt.Buvn = A world, the number of worlds is either three, as in i>BuvB, or fourteen} ਲੋਕ, ਜਗਤ। ਸ੍ਰਵਨ = ਕੰਨਾਂ ਨਾਲ। ਚਉਥੇ ਪਦ ਮਹਿ = ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ ਉਤਲੇ ਦਰਜੇ ਵਿਚ, ਮਾਇਆ ਦੇ ਅਸਰ ਤੋਂ ਉਪਰਲੀ ਹਾਲਤ ਵਿਚ।

ਅਰਥ: ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ, ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।

ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤਿ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।

ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।

ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ, ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।

ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ, ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ।5।

ਨੋਟ: ਲਫ਼ਜ਼ 'ਨਾਮ' ਦਾ ਅਰਥ "ਅਕਾਲ ਪੁਰਖ" ਹੈ, ਤੇ "ਅਕਾਲ ਪੁਰਖ ਦਾ ਨਾਮ" ਭੀ।

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥ ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥ ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥ ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥ ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ {ਪੰਨਾ 284}

ਪਦ ਅਰਥ: ਸਤਿ = 1. ਸ਼ਦਾ-ਥਿਰ ਰਹਿਣ ਵਾਲਾ, 2. ਮੁਕੰਮਲ, ਜੋ ਅਧੂਰਾ ਨਹੀਂ, ਨਾਹ ਖੁੰਝਣ ਵਾਲਾ, ਅਟੱਲ। ਪਰਧਾਨੁ = ਮੰਨਿਆ ਪ੍ਰਮੰਨਿਆ, ਸਭ ਦੇ ਸਿਰ ਤੇ। ਕਰਤੂਤਿ = ਕੰਮ। ਉਤਪਤਿ = ਪੈਦਾਇਸ਼, ਰਚਨਾ। ਨਿਰਮਲ ਨਿਰਮਲੀ = ਨਿਰਮਲ ਤੋਂ ਨਿਰਮਲ, ਮਹਾ ਪਵਿਤ੍ਰ। ਭਲੀ = ਸੁਖਦਾਈ। ਬਿਸ੍ਵਾਸੁ = ਸਰਧਾ। ਕਰਮੁ = ਬਖ਼ਸ਼ਸ਼। ਕਰਣੀ = ਕੰਮ, ਰਜ਼ਾ।

ਅਰਥ: ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ, ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ।

ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ (ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ।

ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ) , ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ।

ਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ, ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ) ।

ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ। ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ।6।

ਸਤਿ ਬਚਨ ਸਾਧੂ ਉਪਦੇਸ ॥ ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ ਸਤਿ ਨਿਰਤਿ ਬੂਝੈ ਜੇ ਕੋਇ ॥ ਨਾਮੁ ਜਪਤ ਤਾ ਕੀ ਗਤਿ ਹੋਇ ॥ ਆਪਿ ਸਤਿ ਕੀਆ ਸਭੁ ਸਤਿ ॥ ਆਪੇ ਜਾਨੈ ਅਪਨੀ ਮਿਤਿ ਗਤਿ ॥ ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥ ਅਵਰ ਨ ਬੂਝਿ ਕਰਤ ਬੀਚਾਰੁ ॥ ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥ {ਪੰਨਾ 284-285}

ਪਦ ਅਰਥ: ਨਿਰਤਿ = {Skt. inriq Strong attachment, fondness, devotion.) ਪਿਆਰ। ਮਿਤਿ = ਮਿਣਤੀ, ਅੰਦਾਜ਼ਾ। ਗਤਿ = ਪਹੁੰਚ, ਅਵਸਥਾ। ਕੀਆ = ਪੈਦਾ ਕੀਤਾ ਹੋਇਆ ਜੀਵ। ਵਰਤੀਆ = ਵਰਤਦਾ ਹੈ।

ਅਰਥ: ਗੁਰੂ ਦਾ ਉਪਦੇਸ਼ ਅਟੱਲ ਬਚਨ ਹਨ, ਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ।

ਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ, ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ।

ਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ) ਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ।

ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ, ਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।

ਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ। ਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।7।

TOP OF PAGE

Sri Guru Granth Darpan, by Professor Sahib Singh