ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 285 ਬਿਸਮਨ ਬਿਸਮ ਭਏ ਬਿਸਮਾਦ ॥ ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥ ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥ ਗੁਰ ਕੈ ਬਚਨਿ ਪਦਾਰਥ ਲਹੇ ॥ ਓਇ ਦਾਤੇ ਦੁਖ ਕਾਟਨਹਾਰ ॥ ਜਾ ਕੈ ਸੰਗਿ ਤਰੈ ਸੰਸਾਰ ॥ ਜਨ ਕਾ ਸੇਵਕੁ ਸੋ ਵਡਭਾਗੀ ॥ ਜਨ ਕੈ ਸੰਗਿ ਏਕ ਲਿਵ ਲਾਗੀ ॥ ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥ ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥ {ਪੰਨਾ 285} ਪਦ ਅਰਥ: ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ। ਬਿਸਮਾਦ = ਹੈਰਾਨ। ਸ੍ਵਾਦ = ਆਨੰਦ। ਰਾਚਿ ਰਹੇ = ਮਸਤ ਰਹਿੰਦੇ ਹਨ। ਓਇ = ਉਹ ਮਨੁੱਖ (ਜਿਨ੍ਹਾਂ ਨੂੰ ਨਾਮ-ਪਦਾਰਥ ਮਿਲਦਾ ਹੈ) । ਅਰਥ: ਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ, (ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ। ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ। ਉਹ (ਸੇਵਕ ਖ਼ੁਦ) ਨਾਮ ਦੀ ਦਾਤਿ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ, ਉਹਨਾਂ ਦੀ ਸੰਗਤਿ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ। ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ, ਉਹਨਾਂ ਦੀ ਸੰਗਤਿ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤਿ ਜੁੜਦੀ ਹੈ। (ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤਿ-ਸਾਲਾਹ ਕਰਦਾ ਹੈ। ਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ।8। 16। ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥ {ਪੰਨਾ 285} ਪਦ ਅਰਥ: ਸਚੁ = ਸਦਾ-ਥਿਰ ਰਹਿਣ ਵਾਲਾ, ਹਸਤੀ ਵਾਲਾ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਤੋਂ। ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ। ਅਰਥ: ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ। ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ।1। ਅਸਟਪਦੀ ॥ ਚਰਨ ਸਤਿ ਸਤਿ ਪਰਸਨਹਾਰ ॥ ਪੂਜਾ ਸਤਿ ਸਤਿ ਸੇਵਦਾਰ ॥ ਦਰਸਨੁ ਸਤਿ ਸਤਿ ਪੇਖਨਹਾਰ ॥ ਨਾਮੁ ਸਤਿ ਸਤਿ ਧਿਆਵਨਹਾਰ ॥ ਆਪਿ ਸਤਿ ਸਤਿ ਸਭ ਧਾਰੀ ॥ ਆਪੇ ਗੁਣ ਆਪੇ ਗੁਣਕਾਰੀ ॥ ਸਬਦੁ ਸਤਿ ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ ਸਤਿ ਜਸੁ ਸੁਨਤਾ ॥ ਬੁਝਨਹਾਰ ਕਉ ਸਤਿ ਸਭ ਹੋਇ ॥ ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥ {ਪੰਨਾ 285} ਪਦ ਅਰਥ: ਸਤਿ = ਸਦਾ-ਥਿਰ ਰਹਿਣ ਵਾਲੇ, ਅਟੱਲ। ਪਰਸਨਹਾਰ = (ਚਰਨਾਂ ਨੂੰ) ਛੋਹਣ ਵਾਲੇ। ਸੇਵਦਾਰ = ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ। ਪੇਖਨਹਾਰ = ਵੇਖਣ ਵਾਲੇ। ਸਭ = ਸਾਰੀ ਸ੍ਰਿਸ਼ਟੀ। ਧਾਰੀ = ਟਿਕਾਈ ਹੋਈ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ। ਬਕਤਾ = ਉੱਚਾਰਨ ਵਾਲਾ, ਆਖਣ ਵਾਲਾ। ਸੁਰਤਿ = ਧਿਆਨ। ਜਸੁ = ਸਿਫ਼ਤਿ। ਅਰਥ: ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ; ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ। ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ; ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ। ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ; ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ। (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ, ਪ੍ਰਭੂ ਵਿਚ ਸੁਰਤਿ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ। (ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ) ; ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ।1। ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥ ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ ਭੈ ਤੇ ਨਿਰਭਉ ਹੋਇ ਬਸਾਨਾ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥ ਬਸਤੁ ਮਾਹਿ ਲੇ ਬਸਤੁ ਗਡਾਈ ॥ ਤਾ ਕਉ ਭਿੰਨ ਨ ਕਹਨਾ ਜਾਈ ॥ ਬੂਝੈ ਬੂਝਨਹਾਰੁ ਬਿਬੇਕ ॥ ਨਾਰਾਇਨ ਮਿਲੇ ਨਾਨਕ ਏਕ ॥੨॥ {ਪੰਨਾ 285} ਪਦ ਅਰਥ: ਸਤਿ ਸਰੂਪ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ। ਜਿਨਿ = ਜਿਸ (ਮਨੁੱਖ) ਨੇ। ਮੂਲੁ = ਮੁੱਢ, ਕਾਰਣ। ਬਿਸ੍ਵਾਸੁ = ਸਰਧਾ। ਬਸਤੁ = ਚੀਜ਼। ਗਡਾਈ = ਮਿਲਾਈ। ਭਿੰਨ = ਵੱਖਰੀ। ਬਿਬੇਕ = ਵਿਚਾਰ, ਪਰਖ। ਨਾਰਾਇਨ = ਅਕਾਲ ਪੁਰਖ। ਅਰਥ: ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ, ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ, ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ; (ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ, (ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ; (ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ, ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ। (ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ। ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ।2। ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥ ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ ਠਾਕੁਰ ਕਉ ਸੇਵਕੁ ਜਾਨੈ ਸੰਗਿ ॥ ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥ ਸੇਵਕ ਕਉ ਪ੍ਰਭ ਪਾਲਨਹਾਰਾ ॥ ਸੇਵਕ ਕੀ ਰਾਖੈ ਨਿਰੰਕਾਰਾ ॥ ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥ ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥ {ਪੰਨਾ 285} ਪਦ ਅਰਥ: ਆਗਿਆਕਾਰੀ = ਹੁਕਮ ਮੰਨਣ ਵਾਲਾ। ਪੂਜਾਰੀ = ਪੂਜਾ ਕਰਨ ਵਾਲਾ। ਸੇਵਕ ਕੈ ਮਨਿ = ਸੇਵਕ ਦੇ ਮਨ ਵਿਚ। ਪਰਤੀਤਿ = ਸਰਧਾ, ਸਿਦਕ। ਰੀਤਿ = ਰਹੁ-ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ। ਕਉ = ਨੂੰ। ਸੰਗਿ = (ਆਪਣੇ) ਨਾਲ। ਰੰਗਿ = ਪਿਆਰ ਵਿਚ, ਮੌਜ ਵਿਚ। ਰਾਖੈ = (ਇੱਜ਼ਤ) ਰੱਖਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ। ਸਮਾਰੈ = ਯਾਦ ਕਰਦਾ ਹੈ। ਅਰਥ: ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ ਤੇ ਸਦਾ ਉਸ ਦੀ ਪੂਜਾ ਕਰਦਾ ਹੈ। ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ, (ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ। ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ। ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ, ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ। (ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ; ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ।3। ਅਪੁਨੇ ਜਨ ਕਾ ਪਰਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥ ਅਪਨੇ ਦਾਸ ਕਉ ਦੇਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥ ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥ ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥ ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥ ਪ੍ਰਭ ਕੇ ਸੇਵਕ ਊਚ ਤੇ ਊਚੇ ॥ ਜੋ ਪ੍ਰਭਿ ਅਪਨੀ ਸੇਵਾ ਲਾਇਆ ॥ ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥ {ਪੰਨਾ 285} ਪਦ ਅਰਥ: ਪਰਦਾ ਢਾਕੈ = ਲਾਜ ਰੱਖਦਾ ਹੈ, ਔਗੁਣਾਂ ਤੇ ਪਰਦਾ ਪਾਂਦਾ ਹੈ। ਸਰਪਰ = ਜ਼ਰੂਰ। ਰਾਖੈ = (ਲਾਜ) ਰੱਖਦਾ ਹੈ। ਵਡਾਈ = ਵਡਿਆਈ, ਮਾਣ। ਪਤਿ = ਇੱਜ਼ਤ। ਗਤਿ = ਹਾਲਤ, ਅਵਸਥਾ। ਮਿਤਿ = ਮਿਣਤੀ, (ਵਡੱਪਣ ਦਾ) ਅੰਦਾਜ਼ਾ। ਨ ਲਾਖੈ = ਨਹੀਂ ਸਮਝ ਸਕਦਾ। ਕੋ ਨ = ਕੋਈ ਮਨੁੱਖ ਨਹੀਂ। ਪ੍ਰਭਿ = ਪ੍ਰਭੂ ਨੇ। ਦਹ = ਦਸ। ਦਿਸਿ = ਪਾਸੇ। ਅਰਥ: ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ, ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ। ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ। ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ, ਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ, (ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ। (ਪਰ) ਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ, ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ।4। |
Sri Guru Granth Darpan, by Professor Sahib Singh |