ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 286 ਨੀਕੀ ਕੀਰੀ ਮਹਿ ਕਲ ਰਾਖੈ ॥ ਭਸਮ ਕਰੈ ਲਸਕਰ ਕੋਟਿ ਲਾਖੈ ॥ ਜਿਸ ਕਾ ਸਾਸੁ ਨ ਕਾਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥ ਮਾਨਸ ਜਤਨ ਕਰਤ ਬਹੁ ਭਾਤਿ ॥ ਤਿਸ ਕੇ ਕਰਤਬ ਬਿਰਥੇ ਜਾਤਿ ॥ ਮਾਰੈ ਨ ਰਾਖੈ ਅਵਰੁ ਨ ਕੋਇ ॥ ਸਰਬ ਜੀਆ ਕਾ ਰਾਖਾ ਸੋਇ ॥ ਕਾਹੇ ਸੋਚ ਕਰਹਿ ਰੇ ਪ੍ਰਾਣੀ ॥ ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥ {ਪੰਨਾ 286} ਪਦ ਅਰਥ: ਨੀਕੀ = ਨਿੱਕੀ, ਛੋਟੀ। ਕੀਰੀ = ਕੀੜੀ। ਕਲ = ਤਾਕਤ। ਭਸਮ = ਸੁਆਹ। ਕੋਟਿ = ਕਰੋੜ। ਦੇ ਕਰਿ = ਦੇ ਕੇ। ਮਾਨਸ = ਮਨੁੱਖ। ਬਹੁ ਭਾਤਿ = ਬਹੁਤ ਕਿਸਮ ਦੇ। ਕਰਤਬ = ਕੰਮ। ਬਿਰਥੇ = ਵਿਅਰਥ। ਅਵਰੁ = ਹੋਰ। ਸਰਬ = ਸਾਰੇ। ਕਾਹੇ = ਕਿਉਂ? ਕਿਸ ਲਾਭ ਹਿਤ? ਕਰਹਿ = ਤੂੰ ਕਰਦਾ ਹੈਂ। ਅਲਖ = ਜਿਸ ਦਾ ਬਿਆਨ ਨ ਹੋ ਸਕੇ। ਵਿਡਾਣੀ = ਅਚਰਜ। ਅਰਥ: (ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ, (ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ। ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ, ਉਸ ਨੂੰ ਹੱਥ ਦੇ ਕੇ ਰੱਖਦਾ ਹੈ। ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ (ਪਰ ਜੇ ਪ੍ਰਭੂ ਸਹਾਇਤਾ ਨਾਹ ਕਰੇ ਤਾਂ) ਉਸ ਦੇ ਕੰਮ ਵਿਅਰਥ ਜਾਂਦੇ ਹਨ। (ਪ੍ਰਭੂ ਤੋਂ ਬਿਨਾ ਜੀਵਾਂ ਨੂੰ) ਨਾਹ ਕੋਈ ਮਾਰ ਸਕਦਾ ਹੈ, ਨਾਹ ਰੱਖ ਸਕਦਾ ਹੈ, (ਪ੍ਰਭੂ ਜੇਡਾ) ਹੋਰ ਕੋਈ ਨਹੀਂ ਹੈ; ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ। ਹੇ ਪ੍ਰਾਣੀ! ਤੂੰ ਕਿਉਂ ਫ਼ਿਕਰ ਕਰਦਾ ਹੈਂ? ਹੇ ਨਾਨਕ! ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ।5। ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥ ਊਠਤ ਬੈਠਤ ਸੋਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ ॥੬॥ {ਪੰਨਾ 286} ਪਦ ਅਰਥ: ਪੀ = ਪੀ ਕੇ। ਧ੍ਰਪੀਐ = ਰਜਾਵੀਏ, ਤ੍ਰਿਪਤ ਕਰੀਏ। ਤਨੁ = (ਭਾਵ,) ਸਰੀਰਕ ਇੰਦ੍ਰੇ। ਜਿਨਿ = ਜਿਸ ਨੇ। ਗੁਰਮੁਖਿ = ਜਿਸ ਦਾ ਮੁਖ ਗੁਰੂ ਵੱਲ ਹੈ। ਦ੍ਰਿਸਟਾਇਆ = ਵੇਖਿਆ। ਨਾਮੋ = ਨਾਮ ਹੀ। ਨਾਮ ਰਸਿ = ਨਾਮ ਦੇ ਸੁਆਦ ਵਿਚ। ਤ੍ਰਿਪਤਾਨੇ = ਰੱਜ ਗਏ ਹਨ। ਨਾਮਹਿ ਨਾਮਿ = ਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ। ਸਮਾਨੇ = ਜੁੜੇ ਰਹਿੰਦੇ ਹਨ। ਸਦ = ਸਦਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਕਾਮ = ਕੰਮ, ਆਹਰ। ਅਰਥ: (ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਤੇ (ਨਾਮ-) ਅੰਮ੍ਰਿਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦ੍ਰਿਆਂ ਨੂੰ ਰਜਾ ਦੇਵੀਏ। ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ, ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ; ਨਾਮ (ਉਸ ਗੁਰਮੁਖ ਦਾ) ਧਨ ਹੈ, ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ। ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ, ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ। ਹੇ ਨਾਨਕ! ਆਖ ਕਿ ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ।6। ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰਭਿ ਅਪਨੈ ਜਨ ਕੀਨੀ ਦਾਤਿ ॥ ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰਹਹਿ ਸਮਾਇ ॥ ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ ਤਿਸ ਕੀ ਮਹਿਮਾ ਕਉਨ ਬਖਾਨਉ ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ ਆਠ ਪਹਰ ਪ੍ਰਭ ਬਸਹਿ ਹਜੂਰੇ ॥ ਕਹੁ ਨਾਨਕ ਸੇਈ ਜਨ ਪੂਰੇ ॥੭॥ {ਪੰਨਾ 286} ਪਦ ਅਰਥ: ਜਿਹਬਾ = ਜੀਭ ਨਾਲ। ਜਸੁ = ਵਡਿਆਈ। ਪ੍ਰਭਿ = ਪ੍ਰਭੂ ਨੇ। ਅਪਨੈ ਜਨ = ਆਪਣੇ ਸੇਵਕਾਂ ਨੂੰ। ਕੀਨੀ = ਕੀਤੀ ਹੈ। ਕਰਹਿ = ਕਰਦੇ ਹਨ। ਚਾਇ = ਚਾਉ ਨਾਲ, ਉਤਸ਼ਾਹ ਨਾਲ। ਸਿਉ = ਨਾਲ। ਮਹਿਮਾ = ਵਡਿਆਈ। ਬਖਾਨਉ = ਮੈਂ ਦੱਸਾਂ। ਕਹਿ ਨ ਜਾਨਉ = ਆਖਣਾ ਨਹੀਂ ਜਾਣਦਾ। ਬਸਹਿ = ਵੱਸਦੇ ਹਨ। ਅਰਥ: (ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ, ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ; (ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ। (ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ, ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ; ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ? ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ। ਹੇ ਨਾਨਕ! ਆਖ– ਉਹ ਮਨੁੱਖ ਪੂਰੇ ਭਾਂਡੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।7। ਮਨ ਮੇਰੇ ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ ਤਿਨ ਜਨ ਦੇਹਿ ॥ ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਸੋ ਜਨੁ ਸਰਬ ਥੋਕ ਕਾ ਦਾਤਾ ॥ ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥ ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥ ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ {ਪੰਨਾ 286} ਪਦ ਅਰਥ: ਤਿਨ ਕੀ = ਉਹਨਾਂ ਮਨੁੱਖਾਂ ਦੀ। ਓਟ = ਆਸਰਾ। ਤਿਨ ਜਨ = ਉਹਨਾਂ ਸੇਵਕਾਂ ਨੂੰ। ਜਿਨਿ ਜਨਿ = ਜਿਸ ਮਨੁੱਖ ਨੇ। ਥੋਕ = ਪਦਾਰਥ, ਚੀਜ਼। ਦਾਤਾ = ਦੇਣ ਵਾਲਾ, ਦੇਣ ਦੇ ਸਮਰੱਥ। ਪਾਵਹਿ = ਤੂੰ ਪਾਵਹਿਂਗਾ। ਦਰਸਿ = ਦੀਦਾਰ ਕਰਨ ਨਾਲ। ਸਿਆਨਪ = ਚਤੁਰਾਈ। ਆਵਨੁ ਜਾਨੁ = ਜਨਮ ਤੇ ਮਰਨ। ਨਾ ਹੋਵੀ = ਨਹੀਂ ਹੋਵੇਗਾ। ਅਰਥ: ਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ। ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ; (ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ। ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ; ਹੋਰ ਚੁਤਰਾਈ ਛੱਡ ਦੇਹ, ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ; ਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ, (ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ।8। 17। ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286} ਪਦ ਅਰਥ: ਸਤਿ = ਸਦਾ ਕਾਇਮ ਰਹਿਣ ਵਾਲਾ, ਹੋਂਦ ਵਾਲਾ। ਪੁਰਖੁ = ਸਭ ਵਿਚ ਵਿਆਪਕ ਆਤਮਾ। ਸਤਿ ਪੁਰਖੁ = ਉਹ ਜੋਤਿ ਜੋ ਸਦਾ-ਥਿਰ ਤੇ ਸਭ ਵਿਚ ਵਿਆਪਕ ਹੈ। ਜਿਨਿ = ਜਿਸ ਨੇ। ਤਿਸ ਕੈ ਸੰਗਿ = ਉਸ (ਸਤਿਗੁਰੂ) ਦੀ ਸੰਗਤਿ ਵਿਚ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਅਰਥ = ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ, ਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ।1। ਅਸਟਪਦੀ ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ {ਪੰਨਾ 286} ਪਦ ਅਰਥ: ਪ੍ਰਤਿਪਾਲ = ਰੱਖਿਆ। ਕਉ = ਨੂੰ, ਉਤੇ। ਦੁਰਮਤਿ = ਭੈੜੀ ਮਤਿ। ਹਿਰੈ = ਦੂਰ ਕਰਦਾ ਹੈ। ਗੁਰਬਚਨੀ = ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ। ਹਾਟੈ = ਹਟ ਜਾਂਦਾ ਹੈ। ਦੇਇ = ਦੇਂਦਾ ਹੈ। ਵਡਭਾਗੀ = ਵੱਡੇ ਭਾਗਾਂ ਵਾਲਾ। ਹੇ = ਹੈ। ਹਲਤੁ = {Skt.A> = in this place, here} ਇਹ ਲੋਕ। ਪਲਤੁ = {pr> in another world} ਪਰ ਲੋਕ। ਜੀਅ ਨਾਲ = ਜਿੰਦ ਨਾਲ। ਅਰਥ: ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ, ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ। ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ, ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ। ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ (ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ; (ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ (ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ। ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ।1। ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥ {ਪੰਨਾ 286-287} ਪਦ ਅਰਥ: ਗ੍ਰਿਹਿ = ਘਰ ਵਿਚ। ਗੁਰ ਕੈ ਗ੍ਰਿਹਿ = ਗੁਰੂ ਦੇ ਘਰ ਵਿਚ। ਸਹੈ– ਸਹਾਰਦਾ ਹੈ। ਆਪਸ ਕਉ = ਆਪਣੇ ਆਪ ਨੂੰ। ਜਨਾਵੈ = ਜਣਾਉਂਦਾ, ਜਤਾਉਂਦਾ। ਰਾਸਿ = ਸਫਲ, ਸਿੱਧ। ਨਿਹਕਾਮੀ = ਕਾਮਨਾ-ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾ। ਸੁਆਮੀ = ਮਾਲਿਕ, ਪ੍ਰਭੂ। ਅਰਥ: ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ, ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ; ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ; ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ) ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ, ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ। ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ।2। |
Sri Guru Granth Darpan, by Professor Sahib Singh |