ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 287 ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥ ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਾਉ ॥ ਸਰਬ ਨਿਧਾਨ ਜੀਅ ਕਾ ਦਾਤਾ ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥ ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ ਆਪਿ ਨਹੀ ਕਛੁ ਭਰਮੁ ॥ ਸਹਸ ਸਿਆਨਪ ਲਇਆ ਨ ਜਾਈਐ ॥ ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥ {ਪੰਨਾ 287} ਪਦ ਅਰਥ: ਬੀਸ ਬਿਸਵੇ = ਵੀਹ ਵਿਸਵੇ, ਪੂਰੇ ਤੌਰ ਤੇ। ਮਾਨੈ = ਪਤਿਆ ਲਏ, ਯਕੀਨ ਦਿਵਾ ਲਏ। ਅਨਿਕ ਬਾਰ = ਕਈ ਵਾਰੀ। ਨਿਧਾਨ = ਖ਼ਜ਼ਾਨੇ। ਜੀਅ = ਜਿੰਦ, ਆਤਮਕ ਜੀਵਨ। ਪਾਰਬ੍ਰਹਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ। ਜਨੁ = ਸੇਵਕ। ਭਰਮੁ = ਭੁਲੇਖਾ। ਸਹਸ = ਹਜ਼ਾਰਾਂ। ਅਰਥ: ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ, ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, (ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ। (ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ, (ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ। (ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ) , ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ। ਹੇ ਨਾਨਕ! ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ, ਵੱਡੇ ਭਾਗਾਂ ਨਾਲ ਮਿਲਦਾ ਹੈ।3। ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥ ਭੇਟਤ ਸੰਗਿ ਰਾਮ ਗੁਨ ਰਵੇ ॥ ਪਾਰਬ੍ਰਹਮ ਕੀ ਦਰਗਹ ਗਵੇ ॥ ਸੁਨਿ ਕਰਿ ਬਚਨ ਕਰਨ ਆਘਾਨੇ ॥ ਮਨਿ ਸੰਤੋਖੁ ਆਤਮ ਪਤੀਆਨੇ ॥ ਪੂਰਾ ਗੁਰੁ ਅਖ੍ਯ੍ਯਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥ ਗੁਣ ਬਿਅੰਤ ਕੀਮਤਿ ਨਹੀ ਪਾਇ ॥ ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥ {ਪੰਨਾ 287} ਪਦ ਅਰਥ: ਸਫਲ = ਫਲ ਦੇਣ ਵਾਲਾ। ਪੇਖਤ = ਵੇਖਦਿਆਂ। ਪੁਨੀਤ = ਪਵਿਤ੍ਰ। ਪਰਸਤ = ਛੋਹਿਆਂ। ਗਤਿ ਨਿਰਮਲ ਰੀਤਿ = ਨਿਰਮਲ ਗਤਿ ਤੇ ਨਿਰਮਲ ਰੀਤਿ, ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ। ਭੇਟਤ = ਮਿਲਿਆਂ। ਰਵੇ = ਗਾਏ ਜਾਂਦੇ ਹਨ। ਗਵੇ = ਪਹੁੰਚ ਹੋ ਜਾਂਦੀ ਹੈ। ਕਰਨ = ਕੰਨ। ਆਘਾਨੇ = ਰੱਜ ਜਾਂਦੇ ਹਨ। ਪਤੀਆਨੇ = ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ। ਅਖ੍ਯ੍ਯਉ = ਨਾਸ ਨਾਹ ਹੋਣ ਵਾਲਾ, ਸਦਾ ਕਾਇਮ। ਪੇਖੈ = ਵੇਖਦਾ ਹੈ। ਮੰਤ੍ਰ = ਉਪਦੇਸ਼। ਅਰਥ: ਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ, ਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ। ਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ। ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ, ਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ। ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ, (ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ। ਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ। ਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ।4। ਜਿਹਬਾ ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥ ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥ ਨਿਰਾਹਾਰ ਨਿਰਵੈਰ ਸੁਖਦਾਈ ॥ ਤਾ ਕੀ ਕੀਮਤਿ ਕਿਨੈ ਨ ਪਾਈ ॥ ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ ॥ ਸਦ ਬਲਿਹਾਰੀ ਸਤਿਗੁਰ ਅਪਨੇ ॥ ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥ {ਪੰਨਾ 287} ਪਦ ਅਰਥ: ਉਸਤਤਿ = ਵਡਿਆਈ, ਗੁਣ। ਬਿਬੇਕ = ਪਰਖ, ਵਿਚਾਰ। ਕਾਹੂ ਬੋਲ = ਕਿਸੇ ਗੱਲੇ। ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਹੀਂ। ਨਿਰਬਾਨੀ = ਵਾਸਨਾ-ਰਹਿਤ। ਨਿਰਾਹਾਰ = ਨਿਰ-ਆਹਾਰ, ਖ਼ੁਰਾਕ ਤੋਂ ਬਿਨਾ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਬੰਦਨ = ਨਮਸਕਾਰ, ਪ੍ਰਣਾਮ। ਜਿਸ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਅਰਥ: (ਮਨੁੱਖ ਦੀ) ਜੀਭ ਇੱਕ ਹੈ, ਪਰ ਪੂਰਨ ਪੁਰਖ ਵਾਲੇ ਸਦਾ-ਥਿਰ ਵਿਆਪਕ ਪ੍ਰਭੂ ਦੇ ਅਨੇਕਾਂ ਗੁਣ ਹਨ; ਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ, ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ। ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ, ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ। ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ, ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ। ਹੇ ਨਾਨਕ! (ਆਖ–) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ।5। ਇਹੁ ਹਰਿ ਰਸੁ ਪਾਵੈ ਜਨੁ ਕੋਇ ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥ ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨਤਾਸ ॥ ਆਠ ਪਹਰ ਹਰਿ ਕਾ ਨਾਮੁ ਲੇਇ ॥ ਸਚੁ ਉਪਦੇਸੁ ਸੇਵਕ ਕਉ ਦੇਇ ॥ ਮੋਹ ਮਾਇਆ ਕੈ ਸੰਗਿ ਨ ਲੇਪੁ ॥ ਮਨ ਮਹਿ ਰਾਖੈ ਹਰਿ ਹਰਿ ਏਕੁ ॥ ਅੰਧਕਾਰ ਦੀਪਕ ਪਰਗਾਸੇ ॥ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥ {ਪੰਨਾ 287} ਪਦ ਅਰਥ: ਜਨੁ ਕੋਇ = ਕੋਈ ਵਿਰਲਾ ਮਨੁੱਖ। ਗੁਨਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ। ਲੇਪੁ = ਲਗਾਉ, ਜੋੜ। ਅੰਧਕਾਰ = ਹਨੇਰਾ। ਤਹ ਤੇ = ਉਸ (ਮਨੁੱਖ) ਤੋਂ। ਅਰਥ: ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ, (ਤੇ ਜੋ ਮਾਣਦਾ ਹੈ) ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ। ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ, ਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ) । (ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ, ਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ। ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ, ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ। ਹੇ ਨਾਨਕ! (ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ, ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ।6। ਤਪਤਿ ਮਾਹਿ ਠਾਢਿ ਵਰਤਾਈ ॥ ਅਨਦੁ ਭਇਆ ਦੁਖ ਨਾਠੇ ਭਾਈ ॥ ਜਨਮ ਮਰਨ ਕੇ ਮਿਟੇ ਅੰਦੇਸੇ ॥ ਸਾਧੂ ਕੇ ਪੂਰਨ ਉਪਦੇਸੇ ॥ ਭਉ ਚੂਕਾ ਨਿਰਭਉ ਹੋਇ ਬਸੇ ॥ ਸਗਲ ਬਿਆਧਿ ਮਨ ਤੇ ਖੈ ਨਸੇ ॥ ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥ ਸਾਧਸੰਗਿ ਜਪਿ ਨਾਮੁ ਮੁਰਾਰੀ ॥ ਥਿਤਿ ਪਾਈ ਚੂਕੇ ਭ੍ਰਮ ਗਵਨ ॥ ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥ {ਪੰਨਾ 287} ਪਦ ਅਰਥ: ਤਪਤਿ = ਤਪਸ਼, ਵਿਕਾਰਾਂ ਦਾ ਜੋਸ਼। ਠਾਢਿ = ਠੰਢ। ਭਇਆ = ਹੋ ਗਿਆ। ਅੰਦੇਸੇ = ਫ਼ਿਕਰ, ਚਿੰਤਾ। ਸਾਧੂ = ਗੁਰੂ। ਬਿਆਪਿ = {Skt. ÒXwiD} ਸਰੀਰਕ ਰੋਗ। ਖੈ = ਨਾਸ ਹੋ ਕੇ। ਜਪਿ = ਜਪ ਕੇ, ਜਪਣ ਨਾਲ। ਥਿਤਿ = ਟਿਕਾਉ, ਸ਼ਾਂਤੀ। ਚੂਕੇ = ਮੁੱਕ ਗਏ। ਭ੍ਰਮ = ਭਰਮ, ਭੁਲੇਖੇ। ਸੁਨਿ = ਸੁਣ ਕੇ। ਅਰਥ: ਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ, ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ ਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ। (ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ। ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ; ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ, ਤੇ ਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।7। ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ ॥ ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥ ਅਪੁਨੀ ਕੀਮਤਿ ਆਪੇ ਪਾਏ ॥ ਹਰਿ ਬਿਨੁ ਦੂਜਾ ਨਾਹੀ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥ ਓਤਿ ਪੋਤਿ ਰਵਿਆ ਰੂਪ ਰੰਗ ॥ ਭਏ ਪ੍ਰਗਾਸ ਸਾਧ ਕੈ ਸੰਗ ॥ ਰਚਿ ਰਚਨਾ ਅਪਨੀ ਕਲ ਧਾਰੀ ॥ ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ {ਪੰਨਾ 287-288} ਪਦ ਅਰਥ: ਨਿਰਗੁਨੁ = ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ। ਸਰਗੁਨੁ = ਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ, ਸਾਰਾ ਦ੍ਰਿਸ਼ਟਮਾਨ ਜਗਤ-ਰੂਪ। ਮੋਹੀ = ਮੋਹ ਲਈ ਹੈ। ਓਤਿ ਪੋਤਿ = ਤਾਣੇ ਪੇਟੇ ਵਾਂਗ। ਰਵਿਆ = ਵਿਆਪਕ ਹੈ। ਕਲ = ਤਾਕਤ, ਕਲਾ। ਅਰਥ: ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ, ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ। ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ, ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ। ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ, ਸਭ ਦੇ ਅੰਦਰ ਪ੍ਰਭੂ ਆਪ ਹੀ (ਮੌਜੂਦ) ਹੈ। ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ; ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ। ਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ।8। 18। |
Sri Guru Granth Darpan, by Professor Sahib Singh |