ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 288

ਸਲੋਕੁ ॥ ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥ ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥ {ਪੰਨਾ 288}

ਪਦ ਅਰਥ: ਬਿਖਿਆ = ਮਾਇਆ। ਸਗਲੀ = ਸਾਰੀ। ਛਾਰੁ = ਸੁਆਹ। ਸਾਰੁ = ਸ੍ਰੇਸ਼ਟ, ਚੰਗਾ।

ਅਰਥ: (ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ। ਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ।1।

ਅਸਟਪਦੀ ॥ ਸੰਤ ਜਨਾ ਮਿਲਿ ਕਰਹੁ ਬੀਚਾਰੁ ॥ ਏਕੁ ਸਿਮਰਿ ਨਾਮ ਆਧਾਰੁ ॥ ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥ ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ ਸੰਤ ਜਨਾ ਕਾ ਨਿਰਮਲ ਮੰਤ ॥ ਏਕ ਆਸ ਰਾਖਹੁ ਮਨ ਮਾਹਿ ॥ ਸਰਬ ਰੋਗ ਨਾਨਕ ਮਿਟਿ ਜਾਹਿ ॥੧॥ {ਪੰਨਾ 288}

ਪਦ ਅਰਥ: ਆਧਾਰੁ = ਆਸਰਾ। ਅਵਰਿ = ਹੋਰ (Pl.) । ਉਪਾਵ = ਇਲਾਜ, ਹੀਲੇ। ਸਭਿ = ਸਾਰੇ। ਮੀਤ = ਹੇ ਮਿਤ੍ਰ! ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ। ਉਰਿਧਾਰਹੁ = ਅੰਦਰ ਟਿਕਾਵੋ। ਦ੍ਰਿੜੁ = ਪੱਕਾ। ਗਹਹੁ = ਫੜੋ। ਵਥੁ = ਚੀਜ਼। ਸੰਚਹੁ = ਇਕੱਠਾ ਕਰਹੁ। ਭਗਵੰਤ = ਭਾਗਾਂ ਵਾਲੇ। ਮੰਤ = ਉਪਦੇਸ਼, ਸਿੱਖਿਆ। ਮਨ ਮਾਹਿ = ਮਨ ਵਿਚ। ਉਰਿ = ਹਿਰਦੇ ਵਿਚ।

ਅਰਥ: ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ, ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ) ।

ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।

ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ, ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।

(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ, ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।

ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ, ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ।1।

ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ ਸੋ ਧਨੁ ਹਰਿ ਸੇਵਾ ਤੇ ਪਾਵਹਿ ॥ ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ਸੋ ਸੁਖੁ ਸਾਧੂ ਸੰਗਿ ਪਰੀਤਿ ॥ ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ ਸਾ ਸੋਭਾ ਭਜੁ ਹਰਿ ਕੀ ਸਰਨੀ ॥ ਅਨਿਕ ਉਪਾਵੀ ਰੋਗੁ ਨ ਜਾਇ ॥ ਰੋਗੁ ਮਿਟੈ ਹਰਿ ਅਵਖਧੁ ਲਾਇ ॥ ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ ਜਪਿ ਨਾਨਕ ਦਰਗਹਿ ਪਰਵਾਨੁ ॥੨॥ {ਪੰਨਾ 288}

ਪਦ ਅਰਥ: ਜਿਸੁ ਧਨ ਕਉ = ਜਿਸ ਧਨ ਦੀ ਖ਼ਾਤਰ। ਕੁੰਟ = ਪਾਸੇ, ਤਰਫ਼। ਧਾਵਹਿ = ਦੌੜਦਾ ਹੈਂ। ਬਾਛਹਿ = ਚਾਹੁੰਦਾ ਹੈਂ। ਮੀਤ = ਹੇ ਮਿਤ੍ਰ! ਪਰੀਤਿ = ਪਿਆਰ (ਕਰਨ ਨਾਲ) । ਕਰਨੀ = ਕੰਮ। ਭਜੁ = ਜਾਹ, ਪਉ। ਉਪਾਵੀ = ਉਪਾਵਾਂ ਨਾਲ, ਹੀਲਿਆਂ ਨਾਲ। ਅਵਖਧੁ = ਦਵਾਈ। ਨਿਧਾਨ = ਖ਼ਜ਼ਾਨੇ।

ਅਰਥ: (ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।

ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ, ਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ) ।

ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ, ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ।

(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ।

ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ। ਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ।2।

ਮਨੁ ਪਰਬੋਧਹੁ ਹਰਿ ਕੈ ਨਾਇ ॥ ਦਹ ਦਿਸਿ ਧਾਵਤ ਆਵੈ ਠਾਇ ॥ ਤਾ ਕਉ ਬਿਘਨੁ ਨ ਲਾਗੈ ਕੋਇ ॥ ਜਾ ਕੈ ਰਿਦੈ ਬਸੈ ਹਰਿ ਸੋਇ ॥ ਕਲਿ ਤਾਤੀ ਠਾਂਢਾ ਹਰਿ ਨਾਉ ॥ ਸਿਮਰਿ ਸਿਮਰਿ ਸਦਾ ਸੁਖ ਪਾਉ ॥ ਭਉ ਬਿਨਸੈ ਪੂਰਨ ਹੋਇ ਆਸ ॥ ਭਗਤਿ ਭਾਇ ਆਤਮ ਪਰਗਾਸ ॥ ਤਿਤੁ ਘਰਿ ਜਾਇ ਬਸੈ ਅਬਿਨਾਸੀ ॥ ਕਹੁ ਨਾਨਕ ਕਾਟੀ ਜਮ ਫਾਸੀ ॥੩॥ {ਪੰਨਾ 288}

ਪਦ ਅਰਥ: ਪਰਬੋਧਹੁ = ਜਗਾਉ। ਨਾਇ = ਨਾਮ ਨਾਲ। ਦਹ ਦਿਸਿ = ਦਸੀਂ ਪਾਸੀਂ। ਧਾਵਤ = ਦੌੜਦਾ। ਠਾਇ = ਟਿਕਾਣੇ ਤੇ। ਤਾ ਕਉ = ਉਸ ਨੂੰ। ਬਿਘਨੁ = ਰੁਕਾਵਟ। ਤਾਤੀ = ਤੱਤੀ (ਅੱਗ) । ਠਾਢਾ = ਠੰਡਾ, ਸੀਤਲ। ਬਿਨਸੈ = ਨਾਸ ਹੋ ਜਾਂਦਾ ਹੈ। ਭਗਤਿ ਭਾਇ = ਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ। ਤਿਤੁ ਘਰਿ = ਉਸ (ਹਿਰਦੇ) ਘਰ ਵਿਚ।

ਅਰਥ: (ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ, (ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ।

ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ।

ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ, ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ;

(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ) (ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ। (ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ। ਹੇ ਨਾਨਕ! ਆਖ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।3।

ਤਤੁ ਬੀਚਾਰੁ ਕਹੈ ਜਨੁ ਸਾਚਾ ॥ ਜਨਮਿ ਮਰੈ ਸੋ ਕਾਚੋ ਕਾਚਾ ॥ ਆਵਾ ਗਵਨੁ ਮਿਟੈ ਪ੍ਰਭ ਸੇਵ ॥ ਆਪੁ ਤਿਆਗਿ ਸਰਨਿ ਗੁਰਦੇਵ ॥ ਇਉ ਰਤਨ ਜਨਮ ਕਾ ਹੋਇ ਉਧਾਰੁ ॥ ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥ ਅਨਿਕ ਉਪਾਵ ਨ ਛੂਟਨਹਾਰੇ ॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ ਹਰਿ ਕੀ ਭਗਤਿ ਕਰਹੁ ਮਨੁ ਲਾਇ ॥ ਮਨਿ ਬੰਛਤ ਨਾਨਕ ਫਲ ਪਾਇ ॥੪॥ {ਪੰਨਾ 288}

ਪਦ ਅਰਥ: ਤਤੁ {Skt. qÄv} ਅਕਾਲ ਪੁਰਖ। ਸਾਚਾ = ਸੱਚਾ, ਸਚ ਮੁਚ (ਸੇਵਕ) । ਜਨਮਿ ਮਰੈ = ਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ। ਕਾਚੋ ਕਾਚਾ = ਕੱਚਾ ਹੀ ਕੱਚਾ। ਆਵਾਗਵਨੁ = ਜਨਮ ਮਰਨ ਦਾ ਗੇੜ। ਸੇਵ = ਸੇਵਾ। ਆਪੁ = ਆਪਾ-ਭਾਵ। ਰਤਨ ਜਨਮ = ਕੀਮਤੀ ਮਨੁੱਖਾ ਜਨਮ। ਮਨਿ ਬੰਛਤ = ਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ। ਮਨਿ = ਮਨ ਵਿਚ।

ਅਰਥ: ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ, ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ।

ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;

ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ (ਤਾਂ ਤੇ, ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।

ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਤੇ ਇਹੋ ਜਿਹੇ) ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;

ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ। (ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ।4।

ਸੰਗਿ ਨ ਚਾਲਸਿ ਤੇਰੈ ਧਨਾ ॥ ਤੂੰ ਕਿਆ ਲਪਟਾਵਹਿ ਮੂਰਖ ਮਨਾ ॥ ਸੁਤ ਮੀਤ ਕੁਟੰਬ ਅਰੁ ਬਨਿਤਾ ॥ ਇਨ ਤੇ ਕਹਹੁ ਤੁਮ ਕਵਨ ਸਨਾਥਾ ॥ ਰਾਜ ਰੰਗ ਮਾਇਆ ਬਿਸਥਾਰ ॥ ਇਨ ਤੇ ਕਹਹੁ ਕਵਨ ਛੁਟਕਾਰ ॥ ਅਸੁ ਹਸਤੀ ਰਥ ਅਸਵਾਰੀ ॥ ਝੂਠਾ ਡੰਫੁ ਝੂਠੁ ਪਾਸਾਰੀ ॥ ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ {ਪੰਨਾ 288}

ਪਦ ਅਰਥ: ਕਿਆ ਲਪਟਾਵਹਿ = ਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ? ਸੁਤ = ਪੁੱਤਰ। ਕੁਟੰਬ = ਪਰਵਾਰ। ਬਨਿਤਾ = ਇਸਤ੍ਰੀ। ਇਨ ਤੇ = ਇਹਨਾਂ ਵਿਚੋਂ। ਸਨਾਥਾ = ਖਸਮ ਵਾਲਾ। ਛੁਟਕਾਰ = ਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ। ਕਹਹੁ = ਦੱਸੋ। ਅਸੁ = ਘੋੜੇ। ਹਸਤੀ = ਹਾਥੀ। ਡੰਫੁ = ਦਿਖਾਵਾ। ਪਾਸਾਰੀ = (ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ। ਬਿਗਾਨਾ = ਬੇ-ਗਿਆਨਾ, ਮੂਰਖ।

ਅਰਥ: ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ?

ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ?

ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ = ਦੱਸੋ, ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ?

ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ = ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ।

ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਤੇ, ਨਾਮ ਨੂੰ ਭੁਲਾ ਕੇ, ਹੇ ਨਾਨਕ! (ਆਖ਼ਰ) ਪਛੁਤਾਉਂਦਾ ਹੈ।5।

ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥ ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥ ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥ ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥ {ਪੰਨਾ 288-289}

ਪਦ ਅਰਥ: ਇਆਨੇ = ਹੇ ਅੰਞਾਣ! ਬਹੁ ਸਿਆਨੇ = ਕਈ ਸਿਆਣੇ ਬੰਦੇ। ਕਿਲਬਿਖ = ਪਾਪ। ਸੁਨਤ = ਸੁਣਦਿਆਂ। ਰਹਤ = ਰਹਿੰਦਿਆਂ, ਭਾਵ ਉੱਤਮ ਜ਼ਿੰਦਗੀ ਬਣਾ ਕੇ। ਗਤਿ = ਉੱਚੀ ਅਵਸਥਾ। ਸਾਰ = ਸ੍ਰੇਸ਼ਟ, ਸਭ ਤੋਂ ਚੰਗੀ। ਭੂਤ = ਪਦਾਰਥ, ਚੀਜ਼। ਸਹਜਿ = ਆਤਮਕ ਅਡੋਲਤਾ ਵਿਚ। ਸੁਬਾਇ = ਪ੍ਰੇਮ ਨਾਲ।

ਅਰਥ: ਹੇ ਅੰਞਾਣ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ) ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ।

ਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ, ਇਸ ਤਰ੍ਹਾਂ ਤੇਰੀ ਸੁਰਤਿ ਪਵਿਤ੍ਰ ਹੋਵੇਗੀ।

(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ, ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ;

(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ, (ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।

ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ; (ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ।6।

TOP OF PAGE

Sri Guru Granth Darpan, by Professor Sahib Singh