ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 289 ਗੁਨ ਗਾਵਤ ਤੇਰੀ ਉਤਰਸਿ ਮੈਲੁ ॥ ਬਿਨਸਿ ਜਾਇ ਹਉਮੈ ਬਿਖੁ ਫੈਲੁ ॥ ਹੋਹਿ ਅਚਿੰਤੁ ਬਸੈ ਸੁਖ ਨਾਲਿ ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥ ਛਾਡਿ ਸਿਆਨਪ ਸਗਲੀ ਮਨਾ ॥ ਸਾਧਸੰਗਿ ਪਾਵਹਿ ਸਚੁ ਧਨਾ ॥ ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥ ਈਹਾ ਸੁਖੁ ਦਰਗਹ ਜੈਕਾਰੁ ॥ ਸਰਬ ਨਿਰੰਤਰਿ ਏਕੋ ਦੇਖੁ ॥ ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥ {ਪੰਨਾ 289} ਪਦ ਅਰਥ: ਬਿਖੁ = ਜ਼ਹਰ, ਵਿਹੁ। ਫੈਲੁ = ਖਿਲਾਰਾ, ਫੈਲਾਉ। ਅਚਿੰਤੁ = ਬੇ-ਫ਼ਿਕਰ। ਸਾਸਿ = ਸਾਹ ਦੇ ਨਾਲ। ਗ੍ਰਾਸਿ = ਗ੍ਰਾਹੀ ਦੇ ਨਾਲ। ਸਚੁ ਧਨਾ = ਸੱਚਾ ਧਨ, ਸਦਾ ਨਿਭਣ ਵਾਲਾ ਧਨ। ਸੰਚਿ = ਇਕੱਠੀ ਕਰ। ਬਿਉਹਾਰੁ = ਵਪਾਰ। ਈਹਾ = ਇਸ ਜਨਮ ਵਿਚ। ਜੈਕਾਰੁ = ਸਦਾ ਦੀ ਜਿੱਤ, ਜੀ-ਆਇਆਂ, ਆਦਰ। ਸਰਬ ਨਿਰੰਤਰਿ = ਸਭ ਦੇ ਅੰਦਰ। ਜਾ ਕੈ ਮਸਤਕਿ = ਜਿਸ ਦੇ ਮੱਥੇ ਤੇ। ਅਰਥ: (ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ, ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ। ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ, ਬੇਫ਼ਿਕਰ ਹੋ ਜਾਹਿਂਗਾ ਤੇ ਸੁਖੀ ਜੀਵਨ ਬਿਤੀਤ ਹੋਵੇਗਾ। ਹੇ ਮਨ! ਸਾਰੀ ਚਤੁਰਾਈ ਛੱਡ ਦੇਹ, ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ। ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ। ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ। ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ, (ਪਰ) ਹੇ ਨਾਨਕ! ਆਖ– (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ।7। ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥ ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥ ਏਕੋ ਏਕੁ ਏਕੁ ਹਰਿ ਆਪਿ ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥ ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥ ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥ {ਪੰਨਾ 289} ਪਦ ਅਰਥ: ਏਕੋ = ਇਕ ਪ੍ਰਭੂ ਨੂੰ ਹੀ। ਮਨ = ਹੇ ਮਨ! ਆਹਿ = ਚਾਹ ਕਰ, ਤਾਂਘ ਰੱਖ। ਅਨੰਤ = ਬੇਅੰਤ। ਭਗਵੰਤ = ਭਗਵਾਨ। ਬਿਆਪਿ ਰਹਿਓ = ਸਭ ਵਿਚ ਵੱਸ ਰਿਹਾ ਹੈ। ਪਰਾਛਤ = ਪਾਪ। ਰਾਤਾ = ਰੱਤਾ ਹੋਇਆ, ਰਸਿਆ ਹੋਇਆ। ਅਰਥ: ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ, ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ। ਇਕ ਪ੍ਰਭੂ ਦੇ ਹੀ ਗੁਣ ਗਾ, ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ। (ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ, ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ। (ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ, ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ। ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ, ਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ।8। 19। ਸਲੋਕੁ ॥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥ ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥ {ਪੰਨਾ 289} ਪਦ ਅਰਥ: ਪ੍ਰਭ = ਹੇ ਪ੍ਰਭੂ! ਪਰਿਆ = ਪਿਆ ਹਾਂ। ਤਉ ਸਰਨਾਇ = ਤੇਰੀ ਸਰਨ। ਪ੍ਰਭ = ਹੇ ਪ੍ਰਭ! ਲਾਇ = ਜੋੜ। ਅਰਥ: ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ। ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ।1। ਅਸਟਪਦੀ ॥ ਜਾਚਕ ਜਨੁ ਜਾਚੈ ਪ੍ਰਭ ਦਾਨੁ ॥ ਕਰਿ ਕਿਰਪਾ ਦੇਵਹੁ ਹਰਿ ਨਾਮੁ ॥ ਸਾਧ ਜਨਾ ਕੀ ਮਾਗਉ ਧੂਰਿ ॥ ਪਾਰਬ੍ਰਹਮ ਮੇਰੀ ਸਰਧਾ ਪੂਰਿ ॥ ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥ ਚਰਨ ਕਮਲ ਸਿਉ ਲਾਗੈ ਪ੍ਰੀਤਿ ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥ ਏਕ ਓਟ ਏਕੋ ਆਧਾਰੁ ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥ {ਪੰਨਾ 289} ਪਦ ਅਰਥ: ਜਾਚਕ ਜਨੁ = ਮੰਗਤਾ ਮਨੁੱਖ। ਜਾਚੈ = ਮੰਗਦਾ ਹੈ। ਧੂਰਿ = ਧੂੜ। ਮਾਗਉ = ਮੈਂ ਮੰਗਦਾ ਹਾਂ। ਪਾਰਬ੍ਰਹਮ = ਹੇ ਪਾਰਬ੍ਰਹਮ! ਸਰਧਾ = ਇੱਛਾ। ਪੂਰਿ = ਪੂਰੀ ਕਰ। ਗਾਵਉ = ਮੈਂ ਗਾਵਾਂ। ਨਿਤ ਨੀਤਿ = ਸਦਾ ਹੀ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਨਾਮੁ ਪ੍ਰਭ ਸਾਰੁ = ਪ੍ਰਭ ਸਾਰੁ ਨਾਮੁ, ਪ੍ਰਭੂ ਦਾ ਸ੍ਰੇਸ਼ਟ ਨਾਮ। ਅਰਥ: ਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ; ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ। ਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ, ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ। ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ। ਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ। ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ। (ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ, ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ।1। ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥ ਹਰਿ ਰਸੁ ਪਾਵੈ ਬਿਰਲਾ ਕੋਇ ॥ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥ ਪੂਰਨ ਪੁਰਖ ਨਹੀ ਡੋਲਾਨੇ ॥ ਸੁਭਰ ਭਰੇ ਪ੍ਰੇਮ ਰਸ ਰੰਗਿ ॥ ਉਪਜੈ ਚਾਉ ਸਾਧ ਕੈ ਸੰਗਿ ॥ ਪਰੇ ਸਰਨਿ ਆਨ ਸਭ ਤਿਆਗਿ ॥ ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥ ਬਡਭਾਗੀ ਜਪਿਆ ਪ੍ਰਭੁ ਸੋਇ ॥ ਨਾਨਕ ਨਾਮਿ ਰਤੇ ਸੁਖੁ ਹੋਇ ॥੨॥ {ਪੰਨਾ 289} ਪਦ ਅਰਥ: ਤ੍ਰਿਪਤਾਨੇ = ਰੱਜੇ ਹੋਏ, ਮਾਇਆ ਵਲੋਂ ਬੇ-ਪਰਵਾਹ। ਸੁਭਰ = ਨਕਾ-ਨਕ। ਪ੍ਰੇਮ ਰਸ ਰੰਗਿ = ਪ੍ਰੇਮ ਦੇ ਸੁਆਦ ਦੀ ਮੌਜ ਵਿਚ। ਆਨ = ਹੋਰ। ਤਿਆਗਿ = ਛੱਡ ਕੇ। ਪ੍ਰਗਾਸ = ਚਾਨਣ। ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਮਿ ਰਤੇ = ਨਾਮ ਵਿਚ ਰੰਗੇ ਹੋਏ ਨੂੰ। ਅਰਥ: ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ, (ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ। ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ, ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ; ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ, ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ; ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ। ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ। ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ।2। ਸੇਵਕ ਕੀ ਮਨਸਾ ਪੂਰੀ ਭਈ ॥ ਸਤਿਗੁਰ ਤੇ ਨਿਰਮਲ ਮਤਿ ਲਈ ॥ ਜਨ ਕਉ ਪ੍ਰਭੁ ਹੋਇਓ ਦਇਆਲੁ ॥ ਸੇਵਕੁ ਕੀਨੋ ਸਦਾ ਨਿਹਾਲੁ ॥ ਬੰਧਨ ਕਾਟਿ ਮੁਕਤਿ ਜਨੁ ਭਇਆ ॥ ਜਨਮ ਮਰਨ ਦੂਖੁ ਭ੍ਰਮੁ ਗਇਆ ॥ ਇਛ ਪੁਨੀ ਸਰਧਾ ਸਭ ਪੂਰੀ ॥ ਰਵਿ ਰਹਿਆ ਸਦ ਸੰਗਿ ਹਜੂਰੀ ॥ ਜਿਸ ਕਾ ਸਾ ਤਿਨਿ ਲੀਆ ਮਿਲਾਇ ॥ ਨਾਨਕ ਭਗਤੀ ਨਾਮਿ ਸਮਾਇ ॥੩॥ {ਪੰਨਾ 289} ਪਦ ਅਰਥ: ਮਨਸਾ = ਮਨ ਦੀ ਇੱਛਾ। ਮਤਿ = ਸਿੱਖਿਆ। ਜਨ ਕਉ = ਆਪਣੇ ਸੇਵਕ ਨੂੰ। ਨਿਹਾਲੁ = ਪ੍ਰਸੰਨ, ਖ਼ੁਸ਼। ਭ੍ਰਮੁ = ਭਰਮ, ਭੁਲੇਖਾ, ਸਹਸਾ। ਰਵਿ ਰਹਿਆ = ਸਭ ਥਾਈਂ ਮੌਜੂਦ। ਸਦ = ਸਦਾ। ਸੰਗਿ = ਨਾਲ। ਹਜੂਰੀ = ਅੰਗ-ਸੰਗ। ਸਾ = ਸੀ, ਬਣਿਆ। ਤਿਨਿ = ਉਸ ਪ੍ਰਭੂ ਨੇ। ਅਰਥ: (ਜਦੋਂ ਸੇਵਕ) ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ (ਤਦੋਂ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ, ਭਾਵ, ਮਾਇਆ ਵਾਲੀ ਦੌੜ ਮੁੱਕ ਜਾਂਦੀ ਹੈ) ; ਪ੍ਰਭੂ ਆਪਣੇ (ਅਜੇਹੇ) ਸੇਵਕ ਉਤੇ ਮੇਹਰ ਕਰਦਾ ਹੈ, ਤੇ, ਸੇਵਕ ਨੂੰ ਸਦਾ ਖਿੜੇ-ਮੱਥੇ ਰੱਖਦਾ ਹੈ; ਸੇਵਕ (ਮਾਇਆ ਵਾਲੇ) ਜ਼ੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ, ਉਸ ਦਾ ਜਨਮ ਮਰਨ (ਦੇ ਗੇੜ) ਦਾ ਦੁੱਖ ਤੇ ਸਹਸਾ ਮੁੱਕ ਜਾਂਦਾ ਹੈ। ਸੇਵਕ ਦੀ ਇੱਛਾ ਤੇ ਸਰਧਾ ਸਭ ਸਿਰੇ ਚੜ੍ਹ ਜਾਂਦੀ ਹੈ, ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਆਪਣੇ ਨਾਲ ਅੰਗ-ਸੰਗ ਦਿੱਸਦਾ ਹੈ। ਹੇ ਨਾਨਕ! ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ, ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਸੇਵਕ ਭਗਤੀ ਕਰ ਕੇ ਨਾਮ ਵਿਚ ਟਿਕਿਆ ਰਹਿੰਦਾ ਹੈ।3। |
Sri Guru Granth Darpan, by Professor Sahib Singh |