ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 290 ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ ਸੋ ਕਿਉ ਬਿਸਰੈ ਜਿ ਕੀਆ ਜਾਨੈ ॥ ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ ਸੋ ਕਿਉ ਬਿਸਰੈ ਜਿ ਜੀਵਨ ਜੀਆ ॥ ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥ ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ ਜਨਮ ਜਨਮ ਕਾ ਟੂਟਾ ਗਾਢੈ ॥ ਗੁਰਿ ਪੂਰੈ ਤਤੁ ਇਹੈ ਬੁਝਾਇਆ ॥ ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥ {ਪੰਨਾ 290} ਪਦ ਅਰਥ: ਸੋ = ਉਹ ਪ੍ਰਭੂ। ਘਾਲ = ਮੇਹਨਤ। ਨ ਭਾਨੈ = ਨਹੀਂ ਭੰਨਦਾ, ਅਜਾਈਂ ਨਹੀਂ ਜਾਣ ਦੇਂਦਾ। ਕੀਆ = ਕੀਤਾ, ਕੀਤੀ ਹੋਈ ਕਮਾਈ। ਜਾਨੈ = ਚੇਤੇ ਰੱਖਦਾ ਹੈ। ਜੀਵਨ ਜੀਆ = (ਜੀਵਾਂ ਦੀ) ਜ਼ਿੰਦਗੀ ਦਾ ਆਸਰਾ। ਅਗਨਿ = (ਮਾਂ ਦੇ ਪੇਟ ਦੀ) ਅੱਗ। ਲਾਖੈ = ਸਮਝਦਾ ਹੈ। ਬਿਖੁ = ਮਾਇਆ ਦੀ ਵਿਹੁ। ਗੁਰਿ ਪੂਰੈ = ਪੂਰੇ ਗੁਰੂ ਨੇ। ਤਤੁ = ਅਸਲੀਅਤ। ਜਨ = ਜਨਾਂ ਨੇ, ਸੇਵਕਾਂ ਨੇ। ਅਰਥ: (ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ? ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ, ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ? ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ? (ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ। ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ? (ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ, ਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ।4। ਸਾਜਨ ਸੰਤ ਕਰਹੁ ਇਹੁ ਕਾਮੁ ॥ ਆਨ ਤਿਆਗਿ ਜਪਹੁ ਹਰਿ ਨਾਮੁ ॥ ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥ ਭਗਤਿ ਭਾਇ ਤਰੀਐ ਸੰਸਾਰੁ ॥ ਬਿਨੁ ਭਗਤੀ ਤਨੁ ਹੋਸੀ ਛਾਰੁ ॥ ਸਰਬ ਕਲਿਆਣ ਸੂਖ ਨਿਧਿ ਨਾਮੁ ॥ ਬੂਡਤ ਜਾਤ ਪਾਏ ਬਿਸ੍ਰਾਮੁ ॥ ਸਗਲ ਦੂਖ ਕਾ ਹੋਵਤ ਨਾਸੁ ॥ ਨਾਨਕ ਨਾਮੁ ਜਪਹੁ ਗੁਨਤਾਸੁ ॥੫॥ {ਪੰਨਾ 290} ਪਦ ਅਰਥ: ਆਨ = ਹੋਰ। ਤਿਆਗਿ = ਛੱਡ ਕੇ। ਅਵਰਹ = ਹੋਰਨਾਂ ਨੂੰ। ਭਗਤਿ ਭਾਇ = ਭਗਤੀ ਦੇ ਪਿਆਰ ਨਾਲ। ਛਾਰੁ = ਸੁਆਹ, ਵਿਅਰਥ। ਕਲਿਆਣ = ਭਲੇ ਭਾਗ। ਨਿਧਿ = ਖ਼ਜ਼ਾਨਾ। ਬੂਡਤ ਜਾਤ = ਡੁੱਬਦਾ ਜਾਂਦਾ। ਬਿਸ੍ਰਾਮੁ = ਟਿਕਾਣਾ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ। ਅਰਥ: ਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ, ਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ; ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ; ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ। ਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ, ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ। ਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ; (ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। (ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ।5। ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ ਮਨ ਤਨ ਅੰਤਰਿ ਇਹੀ ਸੁਆਉ ॥ ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ ਮਨੁ ਬਿਗਸੈ ਸਾਧ ਚਰਨ ਧੋਇ ॥ ਭਗਤ ਜਨਾ ਕੈ ਮਨਿ ਤਨਿ ਰੰਗੁ ॥ ਬਿਰਲਾ ਕੋਊ ਪਾਵੈ ਸੰਗੁ ॥ ਏਕ ਬਸਤੁ ਦੀਜੈ ਕਰਿ ਮਇਆ ॥ ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥ ਤਾ ਕੀ ਉਪਮਾ ਕਹੀ ਨ ਜਾਇ ॥ ਨਾਨਕ ਰਹਿਆ ਸਰਬ ਸਮਾਇ ॥੬॥ {ਪੰਨਾ 290} ਪਦ ਅਰਥ: ਉਪਜੀ = ਪੈਦਾ ਹੋਈ। ਪ੍ਰੇਮ ਰਸੁ = ਪ੍ਰੇਮ ਦਾ ਸੁਆਦ। ਸੁਆਉ = ਸੁਆਰਥ, ਚਾਹ। ਨੇਤ੍ਰਹੁ = ਅੱਖਾਂ ਨਾਲ। ਪੇਖਿ = ਵੇਖ ਕੇ। ਦਰਸੁ = ਦਰਸਨ। ਬਿਗਸੈ = ਖਿੜ ਪੈਂਦਾ ਹੈ। ਰੰਗੁ = ਮੌਜ, ਪਿਆਰ। ਸੰਗੁ = ਸੰਗਤਿ, ਸਾਥ। ਬਸਤੁ = ਚੀਜ਼। ਮਇਆ = ਮੇਹਰ। ਉਪਮਾ = ਵਡਿਆਈ। ਅਰਥ: (ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ, ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤਿ ਮਿਲੇ) । ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ, ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ। ਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ, (ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤਿ ਨਸੀਬ ਹੁੰਦੀ ਹੈ। (ਹੇ ਪ੍ਰਭੂ!) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ, (ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ। ਹੇ ਨਾਨਕ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।6। ਪ੍ਰਭ ਬਖਸੰਦ ਦੀਨ ਦਇਆਲ ॥ ਭਗਤਿ ਵਛਲ ਸਦਾ ਕਿਰਪਾਲ ॥ ਅਨਾਥ ਨਾਥ ਗੋਬਿੰਦ ਗੁਪਾਲ ॥ ਸਰਬ ਘਟਾ ਕਰਤ ਪ੍ਰਤਿਪਾਲ ॥ ਆਦਿ ਪੁਰਖ ਕਾਰਣ ਕਰਤਾਰ ॥ ਭਗਤ ਜਨਾ ਕੇ ਪ੍ਰਾਨ ਅਧਾਰ ॥ ਜੋ ਜੋ ਜਪੈ ਸੁ ਹੋਇ ਪੁਨੀਤ ॥ ਭਗਤਿ ਭਾਇ ਲਾਵੈ ਮਨ ਹੀਤ ॥ ਹਮ ਨਿਰਗੁਨੀਆਰ ਨੀਚ ਅਜਾਨ ॥ ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥ {ਪੰਨਾ 290} ਪਦ ਅਰਥ: ਪ੍ਰਭ ਬਖਸੰਦ = ਹੇ ਬਖ਼ਸ਼ਨਹਾਰ ਪ੍ਰਭੂ! ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਪ੍ਰਤਿਪਾਲ = ਪਾਲਨਾ। ਅਧਾਰ = ਆਸਰਾ। ਪੁਨੀਤ = ਪਵਿੱਤ੍ਰ। ਹੀਤ = ਹਿਤ, ਪਿਆਰ। ਨਿਰਗੁਨੀਆਰ = ਗੁਣ-ਹੀਨ। ਅਰਥ: ਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ! ਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ! ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ! ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ! ਜੋ ਜੋ ਮਨੁੱਖ ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ ਤੇ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ। ਹੇ ਨਾਨਕ! (ਬੇਨਤੀ ਕਰ ਤੇ ਆਖ–) ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ, ਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ।7। ਸਰਬ ਬੈਕੁੰਠ ਮੁਕਤਿ ਮੋਖ ਪਾਏ ॥ ਏਕ ਨਿਮਖ ਹਰਿ ਕੇ ਗੁਨ ਗਾਏ ॥ ਅਨਿਕ ਰਾਜ ਭੋਗ ਬਡਿਆਈ ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ ਬਹੁ ਭੋਜਨ ਕਾਪਰ ਸੰਗੀਤ ॥ ਰਸਨਾ ਜਪਤੀ ਹਰਿ ਹਰਿ ਨੀਤ ॥ ਭਲੀ ਸੁ ਕਰਨੀ ਸੋਭਾ ਧਨਵੰਤ ॥ ਹਿਰਦੈ ਬਸੇ ਪੂਰਨ ਗੁਰ ਮੰਤ ॥ ਸਾਧਸੰਗਿ ਪ੍ਰਭ ਦੇਹੁ ਨਿਵਾਸ ॥ ਸਰਬ ਸੂਖ ਨਾਨਕ ਪਰਗਾਸ ॥੮॥੨੦॥ {ਪੰਨਾ 290} ਪਦ ਅਰਥ: ਏਕ ਨਿਮਖ = ਅੱਖ ਦਾ ਇਕ ਫੋਰ। ਬੈਕੁੰਠ = ਸੁਰਗ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਕਾਪਰ = ਕੱਪੜੇ। ਸੰਗੀਤ = ਰਾਗ-ਰੰਗ। ਰਸਨਾ = ਜੀਭ। ਨੀਤ = ਨਿੱਤ, ਸਦਾ। ਕਰਨੀ = ਆਚਰਨ। ਗੁਰਮੰਤ = ਗੁਰੂ ਦਾ ਉਪਦੇਸ਼। ਅਰਥ: ਜਿਸ ਮਨੁੱਖ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ, ਉਸ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ, ਉਸ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ। ਜਿਸ ਮਨੁੱਖ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ, ਉਸ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ। ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ, ਉਸੇ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ। ਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ। ਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ।8। 20। ਸਲੋਕੁ ॥ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ {ਪੰਨਾ 290} ਪਦ ਅਰਥ: ਸਰਗੁਨ = ਤ੍ਰਿਗੁਣੀ ਮਾਇਆ ਦਾ ਰੂਪ। ਨਿਰਗੁਨ = ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਨਿਰੰਕਾਰ = ਆਕਾਰ-ਰਹਿਤ। ਸੁੰਨ = ਸੁੰਞ, ਜਿਥੇ ਕੁਝ ਨਾਹ ਹੋਵੇ। ਸੁੰਨ ਸਮਾਧੀ = ਟਿਕਾਉ ਦੀ ਉਹ ਅਵਸਥਾ ਜਿਥੇ ਸੁੰਞ ਹੋਵੇ, ਕੋਈ ਫੁਰਨਾ ਨਾਹ ਉਠੇ। ਕੀਆ = ਪੈਦਾ ਕੀਤਾ ਹੋਇਆ। ਜਾਪਿ = ਜਾਪੈ, ਜਪ ਰਿਹਾ ਹੈ, ਯਾਦ ਕਰ ਰਿਹਾ ਹੈ। ਅਰਥ: ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ। ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ।1। ਅਸਟਪਦੀ ॥ ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥ ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ ਜਬ ਆਪਨ ਆਪ ਆਪਿ ਪਾਰਬ੍ਰਹਮ ॥ ਤਬ ਮੋਹ ਕਹਾ ਕਿਸੁ ਹੋਵਤ ਭਰਮ ॥ ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ ॥੧॥ {ਪੰਨਾ 290-291} ਪਦ ਅਰਥ: ਅਕਾਰੁ = ਸਰੂਪ, ਸ਼ਕਲ। ਦ੍ਰਿਸਟੇਤਾ = ਦਿੱਸਦਾ। ਕਹ ਤੇ = ਕਿਸ (ਜੀਵ) ਤੋਂ? ਕਿਸੁ ਸੰਗਿ = ਕਿਸ ਦੇ ਨਾਲ? ਬਰਨੁ = ਵਰਣ, ਰੰਗ। ਚਿਹਨੁ = ਨਿਸ਼ਾਨ। ਨ ਜਾਪਤ = ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ। ਹਰਖ = ਖ਼ੁਸ਼ੀ। ਸੋਗ = ਚਿੰਤਾ। ਬਿਆਪਤ = ਪੋਹ ਸਕਦਾ ਸੀ। ਵਰਤੀਜਾ = ਵਰਤਾਇਆ। ਅਰਥ: ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ, ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ? ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ) ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ? ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ, ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ? ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ, ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ? ਹੇ ਨਾਨਕ! (ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ, (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ।1। |
Sri Guru Granth Darpan, by Professor Sahib Singh |