ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 291 ਜਬ ਹੋਵਤ ਪ੍ਰਭ ਕੇਵਲ ਧਨੀ ॥ ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥ ਜਬ ਏਕਹਿ ਹਰਿ ਅਗਮ ਅਪਾਰ ॥ ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥ ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥ ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥ ਤਬ ਕਵਨ ਨਿਡਰੁ ਕਵਨ ਕਤ ਡਰੈ ॥ ਆਪਨ ਚਲਿਤ ਆਪਿ ਕਰਨੈਹਾਰ ॥ ਨਾਨਕ ਠਾਕੁਰ ਅਗਮ ਅਪਾਰ ॥੨॥ {ਪੰਨਾ 291} ਪਦ ਅਰਥ: ਧਨੀ = ਮਾਲਕ। ਬੰਧ = (ਮਾਇਆ ਦੇ) ਬੰਧਨ। ਮੁਕਤਿ = ਮਾਇਆ ਤੋਂ ਖ਼ਲਾਸੀ। ਗਨੀ = ਸਮਝੀਏ। ਅਗਮ = ਜਿਸ ਤਕ ਪਹੁੰਚ ਨ ਹੋ ਸਕੇ। ਅਪਾਰ = ਬੇਅੰਤ। ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ। ਸਿਵ = ਜੀਵਾਤਮਾ। ਸਕਤਿ = ਮਾਇਆ। ਕਿਤੁ ਠਾਇ = ਕਿਥੇ? ਚਲਿਤ = ਤਮਾਸ਼ੇ। ਅਰਥ: ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ, ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ? ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ, ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ? ਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ) ਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ? ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ, ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ? ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ; ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ।2। ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ ਜਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥ ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥ ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥ ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥ {ਪੰਨਾ 291} ਪਦ ਅਰਥ: ਆਸਨ = ਤਖ਼ਤ, ਸਰੂਪ। ਤਹ = ਓਥੇ। ਤ੍ਰਾਸ = ਡਰ। ਜਮ = {Skt. Xm} = ਮੌਤ। ਅਬਿਗਤ = {Skt.AÒX#q} = ਅਦ੍ਰਿਸ਼ਟ ਪ੍ਰਭੂ। ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ। ਚਿਤ੍ਰ ਗੁਪਤ = ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ। ਅਗਾਧ = ਅਥਾਹ। ਅਚਰਜਾ = ਹੈਰਾਨ ਕਰਨ ਵਾਲਾ। ਉਪਰਜਾ = ਪੈਦਾ ਕੀਤਾ ਹੈ। ਅਰਥ: ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ, ਤਦੋਂ ਦੱਸੋ, ਜੰਮਣਾ ਮਰਨਾ ਤੇ ਮੌਤ ਕਿਥੇ ਸਨ? ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ, ਤਦੋਂ ਦੱਸੋ, ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ? ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ? ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ, ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ? ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ। ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ।3। ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥ ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥ ਜਹ ਨਿਰੰਜਨ ਨਿਰੰਕਾਰ ਨਿਰਬਾਨ ॥ ਤਹ ਕਉਨ ਕਉ ਮਾਨ ਕਉਨ ਅਭਿਮਾਨ ॥ ਜਹ ਸਰੂਪ ਕੇਵਲ ਜਗਦੀਸ ॥ ਤਹ ਛਲ ਛਿਦ੍ਰ ਲਗਤ ਕਹੁ ਕੀਸ ॥ ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥ ਕਰਨ ਕਰਾਵਨ ਕਰਨੈਹਾਰੁ ॥ ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥ {ਪੰਨਾ 291} ਪਦ ਅਰਥ: ਪੁਰਖੁ = ਆਕਾਲ ਪੁਰਖ। ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ। ਨਿਰਬਾਨ = ਵਾਸ਼ਨਾ-ਰਹਿਤ। ਜਗਦੀਸ = ਜਗਤ ਦਾ (ਈਸ਼) ਮਾਲਕ। ਛਲ = ਧੋਖਾ। ਛਿਦ੍ਰ = ਐਬ। ਕੀਸ = ਕਿਸ ਨੂੰ? ਤ੍ਰਿਪਤਾਵੈ = ਰੱਜਦਾ ਹੈ। ਸੁਮਾਰੁ = ਅੰਦਾਜ਼ਾ। ਅਰਥ: ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ? ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ, ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ? ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ? ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ, ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ? ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ। ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ।4। ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ ਜਹ ਸਰਬ ਕਲਾ ਆਪਹਿ ਪਰਬੀਨ ॥ ਤਹ ਬੇਦ ਕਤੇਬ ਕਹਾ ਕੋਊ ਚੀਨ ॥ ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥ ਜਹ ਆਪਨ ਊਚ ਆਪਨ ਆਪਿ ਨੇਰਾ ॥ ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥ ਬਿਸਮਨ ਬਿਸਮ ਰਹੇ ਬਿਸਮਾਦ ॥ ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥ {ਪੰਨਾ 291} ਪਦ ਅਰਥ: ਸੁਤ = ਪੁਤ੍ਰ। ਭਾਈ = ਭਰਾ। ਕਲਾ = ਤਾਕਤ। ਪਰਬੀਨ = ਸਿਆਣਾ। ਚੀਨ੍ਹ੍ਹ = ਜਾਣਦਾ, ਪਛਾਣਦਾ। ਆਪਨ ਆਪੁ = ਆਪਣੇ ਆਪ ਨੂੰ। ਉਰਿਧਾਰੈ = ਹਿਰਦੇ ਵਿਚ ਟਿਕਾਉਂਦਾ ਹੈ। ਠਾਕੁਰੁ = ਮਾਲਕ। ਚੇਰਾ = ਸੇਵਕ। ਕਹਾ ਬੀਚਾਰੈ = ਕਿਥੇ ਕੋਈ ਵਿਚਾਰਦਾ ਹੈ? ਬਿਸਮਨ ਬਿਸਮ = ਅਚਰਜ ਤੋਂ ਅਚਰਜ। ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ) ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ? ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ, ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ? ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ, ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ? ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ? ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ, ਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ।5। ਜਹ ਅਛਲ ਅਛੇਦ ਅਭੇਦ ਸਮਾਇਆ ॥ ਊਹਾ ਕਿਸਹਿ ਬਿਆਪਤ ਮਾਇਆ ॥ ਆਪਸ ਕਉ ਆਪਹਿ ਆਦੇਸੁ ॥ ਤਿਹੁ ਗੁਣ ਕਾ ਨਾਹੀ ਪਰਵੇਸੁ ॥ ਜਹ ਏਕਹਿ ਏਕ ਏਕ ਭਗਵੰਤਾ ॥ ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥ ਜਹ ਆਪਨ ਆਪੁ ਆਪਿ ਪਤੀਆਰਾ ॥ ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥ ਬਹੁ ਬੇਅੰਤ ਊਚ ਤੇ ਊਚਾ ॥ ਨਾਨਕ ਆਪਸ ਕਉ ਆਪਹਿ ਪਹੂਚਾ ॥੬॥ {ਪੰਨਾ 291} ਪਦ ਅਰਥ: ਅਛਲ = ਜੋ ਛਲਿਆ ਨਾਹ ਜਾ ਸਕੇ, ਜਿਸ ਨੂੰ ਧੋਖਾ ਨਾਹ ਦਿੱਤਾ ਜਾ ਸਕੇ। ਅਛੇਦ = ਜੋ ਛੇਦਿਆ ਨਾਹ ਜਾਹ ਸਕੇ, ਨਾਸ-ਰਹਿਤ। ਅਭੇਦ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਊਹਾ = ਓਥੇ। ਕਿਸਹਿ = ਕਿਸ ਨੂੰ? ਆਪਸ ਕਉ = ਆਪਣੇ ਆਪ ਨੂੰ। ਆਪਹਿ = ਆਪ ਹੀ। ਆਦੇਸੁ = ਨਮਸਕਾਰ, ਪ੍ਰਣਾਮ। ਪਰਵੇਸੁ = ਦਖ਼ਲ, ਪ੍ਰਭਾਵ। ਅਚਿੰਤੁ = ਬੇ-ਫ਼ਿਕਰ। ਆਪਨ ਆਪੁ = ਆਪਣੇ ਆਪ ਨੂੰ। ਪਤੀਆਰਾ = ਪਤਿਆਉਣ ਵਾਲਾ। ਪਹੂਚਾ = ਪਹੁੰਚਿਆ ਹੋਇਆ ਹੈ। ਅਰਥ: ਜਿਸ ਅਵਸਥਾ ਵਿਚ ਅਛੱਲ ਅਬਿਨਾਸੀ ਤੇ ਅਭੇਦ ਪ੍ਰਭੂ (ਆਪਣੇ ਆਪ ਵਿਚ) ਟਿਕਿਆ ਹੋਇਆ ਹੈ, ਓਥੇ ਕਿਸ ਨੂੰ ਮਾਇਆ ਪੋਹ ਸਕਦੀ ਹੈ? (ਤਦੋਂ) ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ, (ਮਾਇਆ ਦੇ) ਤਿੰਨ ਗੁਣਾਂ ਦਾ (ਉਸ ਉਤੇ) ਅਸਰ ਨਹੀਂ ਪੈਂਦਾ। ਜਦੋਂ ਭਗਵਾਨ ਕੇਵਲ ਇਕ ਆਪ ਹੀ ਸੀ, ਤਦੋਂ ਕੌਣ ਬੇ-ਫ਼ਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ। ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ, ਤਦੋਂ ਕੌਣ ਬੋਲਦਾ ਸੀ, ਤੇ ਕੌਣ ਸੁਣਨ ਵਾਲਾ ਸੀ? ਹੇ ਨਾਨਕ! ਪ੍ਰਭੂ ਬੜਾ ਬੇਅੰਤ ਹੈ, ਸਭ ਤੋਂ ਉੱਚਾ ਹੈ, ਆਪਣੇ ਆਪ ਤਕ ਆਪ ਹੀ ਅੱਪੜਨ ਵਾਲਾ ਹੈ।6। |
Sri Guru Granth Darpan, by Professor Sahib Singh |