ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 292

ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥ ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥ ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥ ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਯ੍ਯਾਨ ॥ ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥ {ਪੰਨਾ 292}

ਪਦ ਅਰਥ: ਪਰਪੰਚੁ = {Skt. pRpzc} ਦ੍ਰਿਸ਼ਟਮਾਨ ਸੰਸਾਰ। ਬਿਸਥਾਰੁ = ਪਸਾਰਾ। ਕਹਾਵਤ = ਗੱਲ। ਬੰਛਾਵਤ = ਚਾਹੁਣ ਵਾਲਾ। ਆਲ ਜਾਲ = ਘਰਾਂ ਦਾ ਬੰਧਨ। ਮਾਨ = ਆਦਰ। ਅਪਮਾਨ = ਨਿਰਾਦਰੀ। ਕੀਓ ਬਖ੍ਯ੍ਯਾਨ = ਦੱਸੇ ਗਏ। ਸੰਕੋਚੈ = ਇਕੱਠਾ ਕਰਦਾ ਹੈ, ਸਮੇਟਦਾ ਹੈ।

ਅਰਥ: ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ, ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ;

ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ, ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ;

ਘਰਾਂ ਦੇ ਧੰਧੇ, ਮਾਇਆ ਦੇ ਬੰਧਨ, ਅਹੰਕਾਰ, ਮੋਹ, ਭੁਲੇਖੇ, ਡਰ, ਦੁੱਖ, ਸੁਖ, ਆਦਰ ਨਿਰਾਦਰੀ = ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ।

ਹੇ ਨਾਨਕ! ਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ। ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ।7।

ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ ਉਨਹੂ ਬਨੀ ॥ ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥ ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ {ਪੰਨਾ 292}

ਪਦ ਅਰਥ: ਅਬਿਗਤੁ = {Skt. AÒX#q} ਅਦ੍ਰਿਸ਼ਟ ਪ੍ਰਭੂ। ਸੰਤ ਪਰਤਾਪਿ = ਸੰਤਾਂ ਦੇ ਪਰਤਾਪ ਵਾਸਤੇ, ਸੰਤਾਂ ਦੀ ਮਹਿਮਾ ਵਧਾਉਣ ਲਈ। ਧਨੀ = ਮਾਲਕ। ਦੁਹੂ ਪਾਖ ਕਾ = (ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਰੂਪ) ਦੋਹਾਂ ਪਾਸਿਆਂ ਦਾ। ਬਨੀ = ਫਬਦੀ ਹੈ। ਨਿਰਜੋਗ = ਨਿਰਲੇਪ। ਆਪਨ ਨਾਇ = ਆਪਣੇ ਨਾਮ ਵਿਚ। ਖੇਲ = ਮਾਇਆ ਦੀਆਂ ਖੇਡਾਂ ਵਿਚ। ਬੇਸੁਮਾਰ = ਹੇ ਬੇਅੰਤ!

ਅਰਥ: ਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ। ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।

ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ, (ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ = ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।

ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ, ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ।

ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ, ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।

ਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ! ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ।8। 21।

ਨੋਟ: ਇਸ ਅਸ਼ਟਪਦੀ ਵਿਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾਹ ਕੋਈ ਜੀਵ ਸਨ, ਨਾਹ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿਚ ਆ ਹੀ ਗਿਆ।

ਸਲੋਕੁ ॥ ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥ {ਪੰਨਾ 292}

ਪਦ ਅਰਥ: ਵਰਤਣਹਾਰ = ਸਭ ਥਾਈਂ ਮੌਜੂਦ। ਪਸਰਿਆ = ਸਭ ਥਾਈਂ ਹਾਜ਼ਰ ਹੈਂ। ਕਹੁ = ਕਿਥੇ? ਦ੍ਰਿਸਟਾਰ = ਵੇਖਣ ਵਿਚ ਆਉਂਦਾ ਹੈ।

ਅਰਥ: ਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ। ਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ?।1।

ਅਸਟਪਦੀ ॥ ਆਪਿ ਕਥੈ ਆਪਿ ਸੁਨਨੈਹਾਰੁ ॥ ਆਪਹਿ ਏਕੁ ਆਪਿ ਬਿਸਥਾਰੁ ॥ ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥ ਆਪਨੈ ਭਾਣੈ ਲਏ ਸਮਾਏ ॥ ਤੁਮ ਤੇ ਭਿੰਨ ਨਹੀ ਕਿਛੁ ਹੋਇ ॥ ਆਪਨ ਸੂਤਿ ਸਭੁ ਜਗਤੁ ਪਰੋਇ ॥ ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥ ਸਚੁ ਨਾਮੁ ਸੋਈ ਜਨੁ ਪਾਏ ॥ ਸੋ ਸਮਦਰਸੀ ਤਤ ਕਾ ਬੇਤਾ ॥ ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥ {ਪੰਨਾ 292}

ਪਦ ਅਰਥ: ਕਥੈ = ਬੋਲਦਾ ਹੈ। ਸੁਨਨੈਹਾਰੁ = ਸੁਣਨ ਵਾਲਾ। ਆਪਹਿ = ਆਪ ਹੀ। ਬਿਸਥਾਰੁ = ਖਿਲਾਰਾ, ਪਸਾਰਾ। ਉਪਾਏ = ਪੈਦਾ ਕਰਦਾ ਹੈ। ਲਏ ਸਮਾਏ = ਸਮੇਟ ਲੈਂਦਾ ਹੈ। ਭਿੰਨ = ਵੱਖਰਾ। ਸੂਤਿ = ਧਾਗੇ ਵਿਚ। ਬੁਝਾਏ = ਸੂਝ ਦੇਂਦਾ ਹੈ। ਸਮਦਰਸੀ = ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ। ਜੇਤਾ = ਜਿੱਤਣ ਵਾਲਾ। ਤਤ = ਅਸਲੀਅਤ। ਬੇਤਾ = ਜਾਣਨ ਵਾਲਾ।

ਅਰਥ: (ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ, ਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ) , ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।

(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ, ਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ।

ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ, ਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।

ਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ। ਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ।1।

ਜੀਅ ਜੰਤ੍ਰ ਸਭ ਤਾ ਕੈ ਹਾਥ ॥ ਦੀਨ ਦਇਆਲ ਅਨਾਥ ਕੋ ਨਾਥੁ ॥ ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥ ਸੋ ਮੂਆ ਜਿਸੁ ਮਨਹੁ ਬਿਸਾਰੈ ॥ ਤਿਸੁ ਤਜਿ ਅਵਰ ਕਹਾ ਕੋ ਜਾਇ ॥ ਸਭ ਸਿਰਿ ਏਕੁ ਨਿਰੰਜਨ ਰਾਇ ॥ ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥ ਅੰਤਰਿ ਬਾਹਰਿ ਜਾਨਹੁ ਸਾਥਿ ॥ ਗੁਨ ਨਿਧਾਨ ਬੇਅੰਤ ਅਪਾਰ ॥ ਨਾਨਕ ਦਾਸ ਸਦਾ ਬਲਿਹਾਰ ॥੨॥ {ਪੰਨਾ 292}

ਪਦ ਅਰਥ: ਹਾਥ = ਵੱਸ ਵਿਚ। ਕੋ = ਦਾ। ਨਾਥੁ = ਮਾਲਕ। ਮਨਹੁ = ਮਨ ਤੋਂ। ਬਿਸਾਰੈ = ਭੁਲਾ ਦੇਂਦਾ ਹੈ। ਤਜਿ = ਛੱਡ ਕੇ। ਅਵਰ ਕਹਾ = ਹੋਰ ਕਿਥੇ? ਕੋ = ਕੋਈ ਮਨੁੱਖ। ਸਭ ਸਿਰਿ = ਸਾਰਿਆਂ ਦੇ ਸਿਰ ਉਤੇ। ਨਿਰੰਜਨ ਰਾਇ = ਉਹ ਰਾਜਾ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

ਅਰਥ: ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ, ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ।

ਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ। ਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ।

ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ? ਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ, ਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ।

ਹੇ ਨਾਨਕ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ।2।

ਪੂਰਨ ਪੂਰਿ ਰਹੇ ਦਇਆਲ ॥ ਸਭ ਊਪਰਿ ਹੋਵਤ ਕਿਰਪਾਲ ॥ ਅਪਨੇ ਕਰਤਬ ਜਾਨੈ ਆਪਿ ॥ ਅੰਤਰਜਾਮੀ ਰਹਿਓ ਬਿਆਪਿ ॥ ਪ੍ਰਤਿਪਾਲੈ ਜੀਅਨ ਬਹੁ ਭਾਤਿ ॥ ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਭਗਤਿ ਕਰਹਿ ਹਰਿ ਕੇ ਗੁਣ ਗਾਇ ॥ ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥ ਕਰਨਹਾਰੁ ਨਾਨਕ ਇਕੁ ਜਾਨਿਆ ॥੩॥ {ਪੰਨਾ 292}

ਪਦ ਅਰਥ: ਪੂਰਿ ਰਹੇ = ਸਭ ਥਾਈਂ ਵਿਆਪਕ ਹਨ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਜੀਅਨ = ਜੀਵਾਂ ਨੂੰ। ਬਹੁ ਭਾਤਿ = ਕਈ ਤਰੀਕਿਆਂ ਨਾਲ। ਬਿਸ੍ਵਾਸੁ = ਯਕੀਨ,ਸ਼ਰਧਾ।

ਅਰਥ: ਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ, ਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।

ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ।

ਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ, ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ।

ਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ, (ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ।

ਹੇ ਨਾਨਕ! ਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ, ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ।3।

ਜਨੁ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥ ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥ ਇਸ ਤੇ ਊਪਰਿ ਨਹੀ ਬੀਚਾਰੁ ॥ ਜਾ ਕੈ ਮਨਿ ਬਸਿਆ ਨਿਰੰਕਾਰੁ ॥ ਬੰਧਨ ਤੋਰਿ ਭਏ ਨਿਰਵੈਰ ॥ ਅਨਦਿਨੁ ਪੂਜਹਿ ਗੁਰ ਕੇ ਪੈਰ ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥ {ਪੰਨਾ 292}

ਪਦ ਅਰਥ: ਨਾਇ = ਨਾਮ ਵਿਚ। ਬੂਝਿ = ਸਮਝ ਕੇ। ਪਰਮ ਪਦੁ = ਉੱਚਾ ਦਰਜਾ। ਇਸ ਤੇ ਊਪਰਿ = ਇਸ ਤੋਂ ਉਤਾਂਹ, ਇਸ ਤੋਂ ਚੰਗੀ। ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ। ਆਪਹਿ = ਆਪ ਹੀ।

ਅਰਥ: (ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ, ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।

ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ। ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।

ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;

(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ;

ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ (ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ।4।

TOP OF PAGE

Sri Guru Granth Darpan, by Professor Sahib Singh