ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 293 ਸਾਧਸੰਗਿ ਮਿਲਿ ਕਰਹੁ ਅਨੰਦ ॥ ਗੁਨ ਗਾਵਹੁ ਪ੍ਰਭ ਪਰਮਾਨੰਦ ॥ ਰਾਮ ਨਾਮ ਤਤੁ ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥ ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ ਇਹੈ ਸੁਆਉ ॥ ਆਠ ਪਹਰ ਪ੍ਰਭ ਪੇਖਹੁ ਨੇਰਾ ॥ ਮਿਟੈ ਅਗਿਆਨੁ ਬਿਨਸੈ ਅੰਧੇਰਾ ॥ ਸੁਨਿ ਉਪਦੇਸੁ ਹਿਰਦੈ ਬਸਾਵਹੁ ॥ ਮਨ ਇਛੇ ਨਾਨਕ ਫਲ ਪਾਵਹੁ ॥੫॥ {ਪੰਨਾ 293} ਪਦ ਅਰਥ: ਅਨੰਦ = ਖ਼ੁਸ਼ੀਆਂ। ਪ੍ਰਭ ਗੁਨ = ਪ੍ਰਭੂ ਦੇ ਗੁਣ। ਪਰਮਾਨੰਦ = ਸਭ ਤੋਂ ਉਚੀ ਖ਼ੁਸ਼ੀ ਵਾਲਾ। ਉਧਾਰੁ = ਬਚਾਉ। ਸੁਆਉ = ਵਸੀਲਾ। ਤਰਨ = ਬਚਾਉਣਾ। ਅਰਥ: ਪਰਮ ਖ਼ੁਸ਼ੀਆਂ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, ਸਤਸੰਗ ਵਿਚ ਮਿਲ ਕੇ ਇਹ (ਆਤਮਕ) ਅਨੰਦ ਮਾਣਹੁ। ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰਹੁ ਤੇ ਇਸ (ਮਨੁੱਖਾ-) ਸਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ, ਜ਼ਿੰਦਗੀ ਨੂੰ (ਵਿਕਾਰਾਂ ਤੋਂ) ਬਚਾਉਣ ਦਾ ਇਹੀ ਵਸੀਲਾ ਹੈ। ਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਹੁ (ਇਸ ਤਰ੍ਹਾਂ) ਅਗਿਆਨਤਾ ਮਿਟ ਜਾਏਗੀ ਤੇ (ਮਾਇਆ ਵਾਲਾ) ਹਨੇਰਾ ਨਾਸ ਹੋ ਜਾਏਗਾ। ਹੇ ਨਾਨਕ! (ਸਤਿਗੁਰੂ ਦਾ) ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ (ਇਸ ਤਰ੍ਹਾਂ) ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ।5। ਹਲਤੁ ਪਲਤੁ ਦੁਇ ਲੇਹੁ ਸਵਾਰਿ ॥ ਰਾਮ ਨਾਮੁ ਅੰਤਰਿ ਉਰਿ ਧਾਰਿ ॥ ਪੂਰੇ ਗੁਰ ਕੀ ਪੂਰੀ ਦੀਖਿਆ ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥ ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥ ਦੂਖੁ ਦਰਦੁ ਮਨ ਤੇ ਭਉ ਜਾਇ ॥ ਸਚੁ ਵਾਪਾਰੁ ਕਰਹੁ ਵਾਪਾਰੀ ॥ ਦਰਗਹ ਨਿਬਹੈ ਖੇਪ ਤੁਮਾਰੀ ॥ ਏਕਾ ਟੇਕ ਰਖਹੁ ਮਨ ਮਾਹਿ ॥ ਨਾਨਕ ਬਹੁਰਿ ਨ ਆਵਹਿ ਜਾਹਿ ॥੬॥ {ਪੰਨਾ 293} ਪਦ ਅਰਥ: ਹਲਤੁ = {Skt. A>} ਇਹ ਲੋਕ। ਪਲਤੁ = {Skt. pr>} ਪਰਲੋਕ। ਉਰਿ ਧਾਰਿ = ਹਿਰਦੇ ਵਿਚ ਟਿਕਾਓ। ਦੀਖਿਆ = ਸਿੱਖਿਆ। ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਤਿਸੁ = ਉਸ ਨੂੰ। ਪਰੀਖਿਆ = ਪਰਖ, ਸਮਝ। ਵਾਪਾਰੀ = ਹੇ ਵਣਜਾਰੇ ਜੀਵ! ਨਿਬਹੈ– ਸਿਰੇ ਚੜ੍ਹ ਜਾਏ। ਖੇਪ = ਸੌਦਾ। ਬਹੁਰਿ = ਫੇਰ, ਮੁੜ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਅਰਥ = ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ, (ਇਸ ਤਰ੍ਹਾਂ) ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ। ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ, ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ। ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ, ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ; ਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ, (ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ। ਹੇ ਨਾਨਕ! ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ, ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ।6। ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥ ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥ ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥ ਨਾਮੁ ਜਪਤ ਮਨਿ ਹੋਵਤ ਸੂਖ ॥ ਚਿੰਤਾ ਜਾਇ ਮਿਟੈ ਅਹੰਕਾਰੁ ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥ ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥੭॥ {ਪੰਨਾ 293} ਪਦ ਅਰਥ: ਤਿਸ ਤੇ = ਉਸ ਪ੍ਰਭੂ ਤੋਂ। ਕਹਾ = ਕਿਥੇ? ਉਬਰੈ = ਬਚਦਾ ਹੈ। ਨ ਪਹੁਚਨਹਾਰੁ = ਬਰਾਬਰੀ ਨਹੀਂ ਕਰ ਸਕਦਾ। ਠਾਢਾ = ਖਲੋਤਾ। ਸੂਰਾ = ਸੂਰਮਾ। ਤਾ ਕੈ = ਉਸ ਦੇ ਅੰਦਰ। ਅਰਥ: ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ? ਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ। ਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ, (ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ। ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ; (ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ, ਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ। ਹੇ ਨਾਨਕ! ਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ, ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ।7। ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥ ਦਰਸਨੁ ਪੇਖਤ ਉਧਰਤ ਸ੍ਰਿਸਟਿ ॥ ਚਰਨ ਕਮਲ ਜਾ ਕੇ ਅਨੂਪ ॥ ਸਫਲ ਦਰਸਨੁ ਸੁੰਦਰ ਹਰਿ ਰੂਪ ॥ ਧੰਨੁ ਸੇਵਾ ਸੇਵਕੁ ਪਰਵਾਨੁ ॥ ਅੰਤਰਜਾਮੀ ਪੁਰਖੁ ਪ੍ਰਧਾਨੁ ॥ ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ ਨ ਆਵਤ ਕਾਲੁ ॥ ਅਮਰ ਭਏ ਅਮਰਾ ਪਦੁ ਪਾਇਆ ॥ ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥ {ਪੰਨਾ 293} ਪਦ ਅਰਥ: ਜਾ ਕੀ ਦ੍ਰਿਸਟਿ = ਜਿਸ ਦੀ ਨਜ਼ਰ ਵਿਚ। ਦਰਸਨੁ ਪੇਖਤ = ਦੀਦਾਰ ਕਰ ਕੇ। ਅਨੂਪ = ਲਾ-ਸਾਨੀ, ਬੇ-ਮਿਸਾਲ, ਅੱਤ ਸੋਹਣੇ। ਸਫਲ ਦਰਸਨੁ = ਜਿਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਧੰਨੁ = ਮੁਬਾਰਿਕ। ਪਰਵਾਨੁ = ਕਬੂਲ। ਪ੍ਰਧਾਨੁ = ਸਭ ਤੋਂ ਵੱਡਾ। ਤਾ ਕੈ ਨਿਕਟਿ = ਉਸ ਦੇ ਨੇੜੇ। ਅਮਰਾ ਪਦੁ = ਸਦਾ ਕਾਇਮ ਰਹਿਣ ਵਾਲਾ ਦਰਜਾ। ਅਰਥ: ਜਿਸ ਪ੍ਰਭੂ ਦੀ ਸਮਝ ਪੂਰਨ (infallible, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ, ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ। ਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ, ਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ, ਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ। ਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ, ਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ) । ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ। ਸਲੋਕੁ ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥ {ਪੰਨਾ 293} ਪਦ ਅਰਥ: ਅੰਜਨੁ = ਸੁਰਮਾ। ਗੁਰਿ = ਗੁਰੂ ਨੇ। ਅੰਧੇਰ ਬਿਨਾਸੁ = ਹਨੇਰੇ ਦਾ ਨਾਸ। ਸੰਤ ਭੇਟਿਆ = ਗੁਰੂ ਨੂੰ ਮਿਲਿਆ। ਮਨਿ = ਮਨ ਵਿਚ। ਪਰਗਾਸੁ = ਚਾਨਣ। ਅਰਥ: (ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ।1। ਅਸਟਪਦੀ ॥ ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥ ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥ ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥ ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ ॥ ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥ ਨਾਨਕ ਤਿਸੁ ਜਨ ਸੋਝੀ ਪਾਏ ॥੧॥ {ਪੰਨਾ 293} ਪਦ ਅਰਥ: ਅੰਤਰਿ = (ਆਪਣੇ) ਅੰਦਰ। ਨਾਨਾ = ਕਈ ਕਿਸਮ ਦੇ। ਦ੍ਰਿਸਟਾਹਿ = ਵੇਖਣ ਵਿਚ ਆਉਂਦੇ ਹਨ। ਸਮਿਗ੍ਰੀ = ਪਦਾਰਥ। ਏਕਸੁ = ਇਕੋ ਹੀ। ਘਟ ਮਾਹਿ = ਘਟ ਵਿਚ। ਏਕਸੁ ਘਟ ਮਾਹਿ = ਇਕ (ਪ੍ਰਭੂ) ਵਿਚ ਹੀ! ਬਿਸ੍ਰਾਮੁ = ਟਿਕਾਣਾ। ਸੁੰਨ ਸਮਾਧਿ = ਉਹ ਸਮਾਧੀ ਜਿਸ ਵਿਚ ਕੋਈ ਫੁਰਨਾ ਨਾਹ ਉਠੇ। ਅਨਹਦ = ਇਕ-ਰਸ, ਲਗਾਤਾਰ। ਤਹ = ਓਥੇ, ਉਸ ਸਰੀਰ ਵਿਚ। ਨਾਦ = ਆਵਾਜ਼, ਰਾਗ। ਬਿਸਮਾਦ = ਅਚਰਜ। ਅਰਥ: (ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ, ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ) , (ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ; (ਉਸ ਮਨੁੱਖ ਦੇ) ਸਰੀਰ ਵਿਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ) ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ; ਉਸ ਮਨੁੱਖ ਦੇ ਅੰਦਰ ਅਫੁਰ ਸੁਰਤਿ ਜੁੜੀ ਰਹਿੰਦੀ ਹੈ, ਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ। (ਪਰ) ਹੇ ਨਾਨਕ! ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ (ਕਿਉਂੁਕਿ) ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ।1। ਸੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥ ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥ ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥ {ਪੰਨਾ 293-294} ਪਦ ਅਰਥ: ਧਰਨਿ = ਧਰਤੀ। ਪਇਆਲ = ਪਤਾਲ। ਸਰਬ ਲੋਕ = ਸਾਰੇ ਭਵਨਾਂ ਵਿਚ। ਬਨਿ = ਜੰਗਲ ਵਿਚ। ਤਿਨਿ = ਤ੍ਰਿਣ ਵਿਚ, ਘਾਹ ਆਦਿਕ ਵਿਚ। ਪਰਬਤਿ = ਪਰਬਤ ਵਿਚ। ਆਗਿਆ = ਹੁਕਮ। ਕਰਮੁ = ਕੰਮ। ਬੈਸੰਤਰ = ਅੱਗ। ਕੁੰਟ = ਕੂਟ। ਦਿਸ = ਤਰਫ਼, ਪਾਸਾ। ਭਿੰਨ = ਵੱਖਰਾ। ਅਰਥ: ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ) ਹਰੇਕ ਸਰੀਰ ਵਿਚ ਮੌਜੂਦ ਹੈ; ਧਰਤੀ ਅਕਾਸ਼ ਤੇ ਪਤਾਲ ਵਿਚ ਹੈ, ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ; ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ; ਜਿਹੋ ਜਿਹਾ ਉਹ ਹੁਕਮ (ਕਰਦਾ ਹੈ) , ਉਹੋ ਜਿਹਾ (ਜੀਵ) ਕੰਮ ਕਰਦਾ ਹੈ; ਪਉਣ ਵਿਚ, ਪਾਣੀ ਵਿਚ, ਅੱਗ ਵਿਚ, ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ; ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ; (ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।2। |
Sri Guru Granth Darpan, by Professor Sahib Singh |