ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 294 ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖ੍ਯ੍ਯਤ੍ਰ ਮਹਿ ਏਕੁ ॥ ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥ ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥ ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥ ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥ {ਪੰਨਾ 294} ਪਦ ਅਰਥ = ਸਸੀਅਰੁ = {Skt. __Dr} ਚੰਦ੍ਰਮਾ। ਸੂਰ = {Skt. suXL} ਸੂਰਜ। ਨਖ੍ਯ੍ਯਤ੍ਰ = {Skt. n˜>} ਤਾਰੇ। ਸਭੁ ਕੋ = ਹਰੇਕ ਜੀਵ। ਕਲਾ = ਤਾਕਤਾਂ। ਕਰਿ = ਰਚ ਕੇ। ਮੋਲਿ = ਮੁੱਲ ਤੋਂ। ਗੁਣਹ ਅਮੋਲ = ਅਮੋਲਕ ਗੁਣਾਂ ਵਾਲਾ ਹੈ। ਧਾਰਿ ਰਹਿਓ = ਆਸਰਾ ਦੇ ਰਿਹਾ ਹੈ। ਓਤਿ ਪੋਤਿ = ਤਾਣੇ ਪੇਟੇ ਵਾਂਗ। ਬਿਸਾਸੁ = ਵਿਸ਼ਵਾਸ, ਯਕੀਨ। ਅਰਥ: ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ; ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ; ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ; (ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ। ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ, (ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ; ਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ) ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ; (ਪਰ) ਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਮਨੁੱਖਾਂ ਦੇ ਅੰਦਰ ਬਣਦਾ ਹੈ ਜਿਨ੍ਹਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ।3। ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥ ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥ ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥ ਜੋ ਜੋ ਹੋਇ ਸੋਈ ਸੁਖੁ ਮਾਨੈ ॥ ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥ ਅੰਤਰਿ ਬਸੇ ਬਾਹਰਿ ਭੀ ਓਹੀ ॥ ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥ {ਪੰਨਾ 294} ਪਦ ਅਰਥ: ਪੇਖਨੁ = ਵੇਖਣਾ। ਸਭੁ = ਸਾਰਾ, ਹਰ ਥਾਂ। ਸਭਿ = ਸਾਰੇ। ਧਰਮ = ਧਰਮ ਦੇ ਖ਼ਿਆਲ। ਸੁਭ = ਚੰਗੇ। ਜਿਨਿ = ਜਿਸ (ਸਾਧੂ) ਨੇ। ਰਹਤ = ਰਹਣੀ। ਸਭਿ ਸਤਿ ਬਚਨ = ਸਾਰੇ ਸੱਚੇ ਬਚਨ। ਮੋਹੀ = ਮਸਤ ਹੋ ਜਾਂਦੀ ਹੈ। ਸਭ = ਸਾਰੀ ਸ੍ਰਿਸ਼ਟੀ। ਅਰਥ: ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ) । ਸੰਤ ਜਨ ਭਲੇ ਬਚਨ ਹੀ ਸੁਣਦੇ ਹਨ ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ। ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ; (ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ, ਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ। (ਸਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ। ਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ।4। ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥ ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥ ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥ ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥੫॥ {ਪੰਨਾ 294} ਪਦ ਅਰਥ: ਸਤਿ = ਹੋਂਦ ਵਾਲਾ। ਉਤਪਤਿ = ਪੈਦਾਇਸ਼, ਸ੍ਰਿਸ਼ਟੀ। ਤਿਸੁ ਭਾਵੈ = ਜੇ ਉਸ ਪ੍ਰਭੂ ਨੂੰ ਚੰਗਾ ਲੱਗੇ। ਕਲਾ = ਤਾਕਤ। ਨਿਕਟਿ = ਨੇੜੇ। ਭਰਪੂਰਿ = ਵਿਆਪਕ। ਅੰਤਰਗਤਿ = ਅੰਦਰਲੀ ਉੱਚੀ ਅਵਸਥਾ। ਜਨਾਏ = ਸੁਝਾਉਂਦਾ ਹੈ। ਅਰਥ: ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ) ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ। ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ, ਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ। ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ; ਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ? ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ, ਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ।5। ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥ ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥ {ਪੰਨਾ 294} ਪਦ ਅਰਥ: ਭੂਤ = ਜੀਵ। ਵਰਤਾਰਾ = ਵਰਤ ਰਿਹਾ ਹੈ, ਮੌਜੂਦ ਹੈ। ਨੈਨ = ਅੱਖਾਂ। ਤਨਾ = ਸਰੀਰ। ਜਸੁ = ਸੋਭਾ। ਖੇਲੁ = ਤਮਾਸ਼ਾ। ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਮਧਿ = ਵਿਚ, ਅੰਦਰ। ਅਲਿਪਤੋ = ਨਿਰਲੇਪ। ਅਰਥ: ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ, (ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ। (ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ, (ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ। (ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ। ਹੇ ਨਾਨਕ! (ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ, ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ।6। ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥ ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥ ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥ ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥ ਤਿਸ ਕਾ ਕੀਆ ਸਭੁ ਪਰਵਾਨੁ ॥ ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥ {ਪੰਨਾ 294} ਪਦ ਅਰਥ: ਇਸ ਤੇ = ਇਸ (ਪ੍ਰਭੂ) ਤੋਂ। ਓਰੈ = (ਰੱਬ ਤੋਂ) ਉਰੇ, ਰੱਬ ਤੋਂ ਬਿਨਾ। ਕਿਨੈ = ਕਿਸੇ ਨੇ। ਕਰਤੂਤਿ = ਕੰਮ। ਨੀਕੀ = ਚੰਗੀ। ਜੀ ਕੀ = ਦਿਲ ਦੀ। ਸਾਚੁ = ਹੋਂਦ ਵਾਲਾ। ਸਭ = ਸਾਰੀ ਰਚਨਾ। ਓਤਿ ਪੋਤਿ = ਤਾਣੇ ਪੇਟੇ ਵਾਂਗ। ਮਿਤਿ = ਮਿਣਤੀ। ਅਰਥ: ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ; ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ? ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ, ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ। ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ, ਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ) , ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ। ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ– ਇਹ ਗੱਲ ਬਿਆਨ ਨਹੀਂ ਹੋ ਸਕਦੀ, ਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ। ਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ, (ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ।7। ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥ ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥ ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥ ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥ {ਪੰਨਾ 294-295} ਪਦ ਅਰਥ: ਕੁਲਵੰਤੁ = ਚੰਗੀ ਕੁਲ ਵਾਲਾ। ਪਤਿਵੰਤੁ = ਇੱਜ਼ਤ ਵਾਲਾ। ਜੀਵਨ ਮੁਕਤਿ = ਜਿਸ ਨੇ ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਮੁਕਤੀ ਪਾ ਲਈ ਹੈ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ। ਧੰਨੁ = ਮੁਬਾਰਿਕ। ਸੁਆਉ = ਪ੍ਰਯੋਜਨ, ਮਨੋਰਥ। ਚਿਤਿ = ਚਿਤ ਵਿਚ। ਅਰਥ: ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ, ਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ, ਉਹ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ। ਜਿਸ ਮਨੁੱਖ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ, ਉਸ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ। ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ। ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ; ਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ।8। 23। |
Sri Guru Granth Darpan, by Professor Sahib Singh |