ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 295 ਸਲੋਕੁ ॥ ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ {ਪੰਨਾ 295} ਪਦ ਅਰਥ: ਪੂਰਾ = ਮੁਕੰਮਲ, ਸਦਾ ਕਾਇਮ ਰਹਿਣ ਵਾਲਾ। ਪੂਰਾ ਜਾ ਕਾ ਨਾਉ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ। ਆਰਾਧਿਆ = (ਜਿਸ ਮਨੁੱਖ ਨੇ) ਸਿਮਰਿਆ ਹੈ। ਪੂਰਾ ਪਾਇਆ = (ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ। ਨਾਨਕ = ਹੇ ਨਾਨਕ! ਗਾਉ = (ਤੂੰ ਭੀ) ਗਾ। ਅਰਥ: (ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ।1। ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295} ਪਦ ਅਰਥ: ਨਿਕਟਿ = ਨੇੜੇ। ਕਰਿ = ਕਰ ਕੇ। ਪੇਖੁ = ਵੇਖ। ਮਨ ਅੰਤਰ ਕੀ = ਮਨ ਦੇ ਅੰਦਰ ਦੀ। ਚਿੰਦ = ਚਿੰਤਾ। ਅਨਿਤ = ਨਾਹ ਨਿੱਤ ਰਹਿਣ ਵਾਲੀਆਂ। ਤਰੰਗ = ਲਹਿਰਾਂ। ਮਨ = ਹੇ ਮਨ! ਆਪੁ ਛੋਡਿ = ਆਪਣਾ ਆਪ ਛੱਡ ਕੇ। ਅਗਨਿ ਸਾਗਰੁ = (ਵਿਕਾਰਾਂ ਦੀ) ਅੱਗ ਦਾ ਸਮੁੰਦਰ। ਭੰਡਾਰ = ਖ਼ਜ਼ਾਨੇ। ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ। (ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ। ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ। (ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ। ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1। ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥ ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥ ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥ ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥੨॥ {ਪੰਨਾ 295} ਪਦ ਅਰਥ: ਖੇਮ = {Skt.˜ym} ਅਟੱਲ ਸੁਖ। ਕੁਸਲ = {Skt. ku_l} ਸੁਖਸਾਂਦ, ਸੌਖਾ ਜੀਵਨ। ਸਹਜ = ਆਤਮਕ ਅਡੋਲਤਾ। ਨਿਵਾਰਿ = ਹਟਾ ਕੇ। ਉਧਾਰਹੁ = ਬਚਾ ਲੈ। ਜੀਉ = ਜਿੰਦ। ਚਿਤਿ = ਚਿਤ ਵਿਚ। ਚਿਤਵਹੁ = ਸੋਚੋ। ਦੁਖ ਭੰਜਨ = ਦੁਖਾਂ ਦਾ ਨਾਸ ਕਰਨ ਵਾਲਾ। ਜੀਅ ਕਾ = ਜਿੰਦ ਦਾ। ਅਧਾਰ = ਆਸਰਾ। ਅਰਥ: (ਹੇ ਭਾਈ!) ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ, (ਇਸ ਤਰ੍ਹਾਂ) ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ; ਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ, (ਇਸ ਤਰ੍ਹਾਂ) ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ; ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ, ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ। ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ; ਹੇ ਨਾਨਕ! ਉਸ ਦਾ ਨਾਮ ਮੁੜ ਮੁੜ ਯਾਦ ਕਰ, ਜਿੰਦ ਦਾ ਆਸਰਾ ਇਹ ਨਾਮ ਹੀ ਹੈ।2। ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥ ਸੁਨਤ ਕਮਾਵਤ ਹੋਤ ਉਧਾਰ ॥ ਆਪਿ ਤਰੈ ਲੋਕਹ ਨਿਸਤਾਰ ॥ ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥ ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਨਾਨਕ ਉਧਰੇ ਤਿਨ ਕੈ ਸਾਥੇ ॥੩॥ {ਪੰਨਾ 295} ਪਦ ਅਰਥ: ਸਲੋਕ = ਸਿਫ਼ਤਿ-ਸਾਲਾਹ ਹੀ ਬਾਣੀ। ਏਹਿ = ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ। ਅਮੁਲੀਕ = ਅਮੋਲਕ। ਲੋਕਹ ਨਿਸਤਾਰ = ਲੋਕਾਂ ਦਾ ਨਿਸਤਾਰਾ। ਸਫਲ = ਪੂਰੀਆਂ ਮੁਰਾਦਾਂ ਵਾਲਾ। ਹਰਿ ਰੰਗੁ = ਪ੍ਰਭੂ ਦਾ ਪਿਆਰ। ਜੈ ਜੈ ਸਬਦੁ = ਫ਼ਤਹ ਦੀ ਆਵਾਜ਼, ਚੜ੍ਹਦੀ ਕਲਾ ਦੀ ਰੌ। ਅਨਾਹਦੁ = ਇਕ-ਰਸ, ਸਦਾ। ਗਾਜੈ = ਗੱਜਦਾ ਹੈ, ਨੂਰ ਪਰਗਟ ਕਰਦਾ ਹੈ। ਮਹਾਂਤ = ਉੱਚੀ ਕਰਣੀ ਵਾਲਾ ਮਨੁੱਖ। ਅਰਥ: ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤਿ-ਸਾਲਾਹ ਦੀ ਬਾਣੀ ਹਨ, ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ; (ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ, (ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ, ਉਸ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ; (ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ। ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ, ਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ।3। ਸਰਨਿ ਜੋਗੁ ਸੁਨਿ ਸਰਨੀ ਆਏ ॥ ਕਰਿ ਕਿਰਪਾ ਪ੍ਰਭ ਆਪ ਮਿਲਾਏ ॥ ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥ ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥ ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥ ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥੪॥ {ਪੰਨਾ 295} ਪਦ ਅਰਥ: ਸਰਨਿ = {Skt. _r&X = fit to protect} ਦਰ ਢੱਠੇ ਦੀ ਰਾਖੀ ਕਰਨ ਜੋਗਾ। ਜੋਗੁ = ਸਮਰੱਥ। ਪ੍ਰਭ = ਹੇ ਪ੍ਰਭੂ! ਸਭ ਰੇਨ = ਸਭ ਦੇ ਪੈਰਾਂ ਦੀ ਖ਼ਾਕ। ਆਲ ਜੰਜਾਲ = ਘਰ ਦੇ ਧੰਧੇ। ਬਿਕਾਰ ਤੇ = ਵਿਕਾਰਾਂ ਤੋਂ। ਰਹਤੇ = ਬਚ ਗਏ ਹਾਂ। ਰਸਨਾ = ਜੀਭ ਨਾਲ। ਪ੍ਰਭਿ = ਪ੍ਰਭੂ ਨੇ। ਖੇਪ = ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ। ਨਿਬਹੀ = ਕਬੂਲ ਹੋ ਗਈ ਹੈ। ਅਰਥ: ਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ, ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ; (ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ (ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ। ਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ, ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ; (ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ, ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ। ਹੇ ਨਾਨਕ! ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ, ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ।4। ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥ ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥ ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥੫॥ {ਪੰਨਾ 295} ਪਦ ਅਰਥ: ਸਾਵਧਾਨ = ਅਵਧਾਨ ਸਹਿਤ, ਧਿਆਨ ਨਾਲ। ਏਕਾਗਰ = ਇਕ ਨਿਸ਼ਾਨੇ ਤੇ ਟਿਕਿਆ ਹੋਇਆ। ਸਹਜ = ਅਡੋਲ ਅਵਸਥਾ। ਗੋਬਿੰਦ ਗੁਨ = ਪ੍ਰਭੂ ਦੇ ਗੁਣ। ਨਿਧਾਨ = (ਗੁਣਾਂ ਦਾ) ਖ਼ਜ਼ਾਨਾ। ਪ੍ਰਧਾਨ = ਸਭ ਤੋਂ ਵੱਡਾ, ਤੁਰਨੇ-ਸਿਰ। ਲੋਇ = ਲੋਕਿ, ਲੋਕ ਵਿਚ, ਜਗਤ ਵਿਚ। ਪ੍ਰਗਟੁ = ਪ੍ਰਸਿੱਧ, ਉੱਘਾ। ਆਵਨ ਜਾਨੁ = ਆਉਣਾ ਜਾਣਾ, ਜੰਮਣਾ ਮਰਨਾ। ਜਿਸਹਿ = ਜਿਸ ਨੂੰ। ਪਰਾਪਤਿ ਹੋਇ = ਮਿਲਦਾ ਹੈ, ਦਾਤਿ ਹੁੰਦੀ ਹੈ। ਅਰਥ: ਹੇ ਸੰਤ ਮਿਤ੍ਰ! ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰੋ। ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ, ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ; ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ, ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ; ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ, ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ। ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤਿ ਮਿਲਦੀ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ।5। |
Sri Guru Granth Darpan, by Professor Sahib Singh |