ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 296 ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥ ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥ ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥ ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥ ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ {ਪੰਨਾ 296} ਪਦ ਅਰਥ: ਖੇਮ = ਅਟੱਲ ਸੁਖ। ਸਾਂਤਿ = ਮਨ ਦਾ ਟਿਕਾਉ। ਰਿਧਿ = ਜੋਗ ਦੀਆਂ ਤਾਕਤਾਂ। ਨਵ ਨਿਧਿ = ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ। ਸਿਧਿ = ਕਰਾਮਾਤਾਂ। ਤਹ = ਓਥੇ, ਉਸ ਮਨੁੱਖ ਵਿਚ। ਕਮਲ ਪ੍ਰਗਾਸ = ਹਿਰਦੇ ਰੂਪ ਕਉਲ ਫੁੱਲ ਦਾ ਖੇੜਾ। ਸਭ ਕੈ...ਉਦਾਸ = ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ। ਤਤ ਕਾ ਬੇਤਾ = ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ। ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ। ਇਹ ਫਲ = ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ) । ਮੁਖਿ = ਮੂੰਹ ਤੋਂ। ਭਨੇ = ਉਚਾਰਿਆਂ। ਅਰਥ: ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ, ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ) ; ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ, ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ; (ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ; ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ; ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ, ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ; ਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ; ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ।6। ਇਹੁ ਨਿਧਾਨੁ ਜਪੈ ਮਨਿ ਕੋਇ ॥ ਸਭ ਜੁਗ ਮਹਿ ਤਾ ਕੀ ਗਤਿ ਹੋਇ ॥ ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥ ਸਗਲ ਮਤਾਂਤ ਕੇਵਲ ਹਰਿ ਨਾਮ ॥ ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ਸਾਧ ਸਰਣਿ ਨਾਨਕ ਤੇ ਆਏ ॥੭॥ {ਪੰਨਾ 296} ਪਦ ਅਰਥ: ਜੁਗ = {Skt. Xug} ਜ਼ਿੰਦਗੀ ਦਾ ਸਮਾ। ਗਤਿ = ਉੱਚੀ ਅਵਸਥਾ। ਬਾਣੀ = (ਨਾਮ ਜਪਣ ਵਾਲੇ ਦੀ) ਬਾਣੀ, ਬਚਨ। ਗੁਣ ਗੋਬਿੰਦ = ਗੋਬਿੰਦ ਦੇ ਗੁਣ। ਨਾਮ ਧੁਨਿ = ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ। ਬਖਾਣੀ = ਕਹੀ ਹੈ। ਮਤਾਂਤ = ਮਤਾਂ ਦਾ ਅੰਤ, ਮਤਾਂ ਦਾ ਸਿੱਟਾ। ਕਰਮ = ਬਖ਼ਸ਼ਸ਼। ਪ੍ਰਭਿ = ਪ੍ਰਭੂ ਨੇ। ਕੋਇ = ਜੇ ਕੋਈ ਮਨੁੱਖ। ਅਰਥ: ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ, ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ; ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ, ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ। ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ, ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ। (ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ। (ਪਰ) ਹੇ ਨਾਨਕ! ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ, ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ।7। ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥ ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥ ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ {ਪੰਨਾ 296} ਪਦ ਅਰਥ: ਤਤਕਾਲ = {Skt. qd, kwlz, qÄkwlz = instantly 2. at that time} ਉਸ ਵੇਲੇ। ਤਾ ਕੀ ਬਾਨੀ = ਉਸ ਮਨੁੱਖ ਦੇ ਬਚਨ। ਕਰਮ = ਕੰਮ। ਇਹ ਗੁਣਿ = ਇਸ ਗੁਣ ਦੇ ਕਾਰਣ। ਸੁਖਮਨੀ = ਸੁਖਾਂ ਦੀ ਮਣੀ। ਦੇਹ = ਸਰੀਰ। ਅਰਥ: ਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ, ਉਸ ਨੂੰ ਪ੍ਰਭੂ ਚੇਤੇ ਆਉਦਾ ਹੈ; ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ, ਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ; ਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ, (ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ; ਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ, ਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ; ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ। ਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ।8। 24। ਥਿਤੀ ਗਉੜੀ ਮਹਲਾ ੫ ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥ ਪਉੜੀ ॥ ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥ ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥ ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥ ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥ ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥ ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥ ਗੋਬਿੰਦ ਜਸੁ ਗਾਈਐ ਹਰਿ ਨੀਤ ॥ ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥ {ਪੰਨਾ 296} ਪਦ ਅਰਥ: ਥਿਤੀ = {ਲਫ਼ਜ਼ 'ਥਿਤਿ' ਤੋਂ ਬਹੁ-ਵਚਨ; ਜਿਵੇਂ 'ਰਾਤਿ' ਤੋਂ 'ਰਾਤੀ', 'ਰੁਤਿ' ਤੋਂ 'ਰੁਤੀ'}। ਨੋਟ: ਮੱਸਿਆ ਤੋਂ ਪਿਛੋਂ ਚੰਦ੍ਰਮਾ ਸਹਜੇ ਸਹਜੇ ਇਕ ਇਕ 'ਕਲਾ' ਕਰ ਕੇ ਵਧਣਾ ਸ਼ੁਰੂ ਹੁੰਦਾ ਤੇ ਚੌਦਾਂ ਦਿਨਾਂ ਵਿਚ ਮੁਕੰਮਲ ਹੁੰਦਾ ਹੈ, ਜਿਸ ਨੂੰ ਪੂਰਨਮਾਸ਼ੀ ਆਖਦੇ ਹਨ। ਪੂਰਨਮਾਸ਼ੀ ਤੋਂ ਪਿਛੋਂ ਇਕ ਇਕ 'ਕਲਾ' ਕਰ ਕੇ ਘਟਣਾ ਸੁਰੂ ਹੋ ਜਾਂਦਾ ਹੈ, ਤੇ ਆਖ਼ਿਰ ਮੱਸਿਆ ਦੀ ਰਾਤ ਨੂੰ ਉੱਕਾ ਲੋਪ ਹੋ ਜਾਂਦਾ ਹੈ। 'ਥਿਤਿ' ਸੰਸਕ੍ਰਿਤ ਲਫ਼ਜ 'ਤਿਥਿ' ਹੈ, ਭਾਵ ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ਇਹਨਾਂ ਦੇ ਨਾਮ ਹਨ– ਏਕਮ, ਦੂਜ, ਤੀਜ, ਚੌਥ, ਪੰਚਮੀ, ਖਟ, ਸੱਤਮੀ, ਅਸ਼ਟਮੀ, ਨੌਮੀ, ਦਸਮੀ, ਏਕਾਦਸ਼ੀ, ਦੁਆਦਸ਼ੀ, ਤ੍ਰ੍ਹਿ੍ਹਓਦਸ਼ੀ, ਚੌਦਸ਼, ਪੂਰਨਮਾਸ਼ੀ। ਪੂਰਨਮਾਸ਼ੀ ਤੋਂ ਪਿਛੋਂ ਫਿਰ ਉਸੇ ਤਰ੍ਹਾਂ ਏਕਮ, ਦੂਜ, ਆਦਿਕ ਤੋਂ ਚੱਲ ਕੇ ਅਖ਼ੀਰ ਉਤੇ ਮੱਸਿਆ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਾਂਤਿ = ਤਰੀਕੇ। ਪਸਰਿਆ = ਖਿਲਰਿਆ ਹੋਇਆ। ਏਕੰਕਾਰੁ = ਇਕ ਅਕਾਲ ਪੁਰਖ।1। ਪਉੜੀ = ਏਕਮ = ਪੂਰਨਮਾਸ਼ੀ ਤੋਂ ਅਗਲੀ 'ਥਿਤਿ' ਜਦੋਂ ਚੰਦ੍ਰਮਾ ਦੀ ਇਕ ਕਲਾ ਘਟ ਜਾਂਦੀ ਹੈ ਜਦੋਂ ਚੰਦ੍ਰਮਾ ਦਾ ਆਕਾਰ ਪੂਰੇ ਆਕਾਰ ਨਾਲੋਂ ਚੌਧਵਾਂ ਹਿੱਸਾ ਰੌਸ਼ਨ ਨਹੀਂ ਰਹਿੰਦਾ। ਕਰਉ = ਕਰਉਂ, ਮੈਂ ਕਰਦਾ ਹਾਂ। ਬੰਦਨਾ = ਨਮਸਕਾਰ। ਪਰਉ = ਪਰਉਂ ਮੈਂ ਪੈਂਦਾ ਹਾਂ। ਤਾ ਕੀ = ਉਹ (ਪਰਮਾਤਮਾ) ਦੀ। ਜਾ ਤੇ = ਜਿਸ (ਪਰਮਾਤਮਾ) ਤੋਂ। ਕੁੰਟ = ਕੂਟ, ਪਾਸੇ। ਦਹ ਦਿਸਿ = ਦਸਾਂ ਦਿਸ਼ਾਂ ਵਿਚ = ਚੜ੍ਹਦਾ, ਲਹਿੰਦਾ ਦੱਖਣ, ਪਹਾੜ, ਚਾਰੇ ਗੁੱਠਾਂ, ਉੱਪਰ, ਹੇਠਾਂ। ਸੁਨੇ = ਸੁਨਿ, ਸੁਣ ਕੇ। ਪਤਤਿ ਉਧਾਰਨ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ ਬਚਾਣ ਵਾਲਾ। ਭੈ ਹਰਨ = (ਸਾਰੇ) ਡਰ ਦੂਰ ਕਰਨ ਵਾਲਾ। ਸਾਗਰ = ਸਮੁੰਦਰ। ਭੁਗਤਾ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਭੋਗਣ ਵਾਲਾ। ਜਾਇ = ਥਾਂ। ਚਾਹਹਿ = ਤੂੰ ਚਾਹੇਂਗਾ।1। ਜਸੁ = ਸਿਫ਼ਤਿ-ਸਾਲਾਹ। ਗਾਈਐ = ਗਾਣਾ ਚਾਹੀਦਾ ਹੈ। ਨੀਤ = ਸਦਾ। ਮਿਲਿ = ਮਿਲ ਕੇ। ਸਾਧ ਸੰਗਿ = ਸਾਧ ਸੰਗਤਿ ਵਿਚ। ਮੀਤ = ਹੇ ਮਿੱਤਰ!। ਰਹਾਉ। ਅਰਥ: ਸਲੋਕੁ: ਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ, ਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ।1। ਪਉੜੀ: (ਹੇ ਭਾਈ!) ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ (ਉਸ ਅੱਗੇ ਹੀ) ਨਮਸਕਾਰ ਕਰਦਾ ਹਾਂ, ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ। (ਹੇ ਭਾਈ!) ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ। ਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ। (ਹੇ ਭਾਈ!) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ (ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ) ਅਕਾਰ-ਰਹਿਤ ਪਰਮਾਤਮਾ ਹੀ (ਵਿਕਾਰਾਂ ਵਿਚ) ਡਿੱਗੇ ਹੋਏ ਜੀਵਾਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ (ਜੀਵਾਂ ਦੇ) ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ। ਹੇ ਨਾਨਕ! (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹੁ, (ਉਸ ਪਾਸੋਂ) ਜੋ ਕੁਝ ਤੂੰ ਚਾਹੇਂਗਾ ਉਹੀ ਮਿਲ ਜਾਂਦਾ ਹੈ। ਉਹ ਪਰਮਾਤਮਾ ਹੀ ਸਭ ਦਾਤਾਂ ਦੇਣ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਾਰੇ ਪਦਾਰਥ) ਭੋਗਣ ਵਾਲਾ ਹੈ, ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ, ਉਸ ਤੋਂ ਬਿਨਾ (ਜੀਵਾਂ ਵਾਸਤੇ) ਹੋਰ ਕੋਈ ਥਾਂ-ਆਸਰਾ ਨਹੀਂ ਹੈ।1। ਹੇ ਮੇਰੇ ਮਿੱਤਰ! ਸਦਾ ਹੀ ਗੋਬਿੰਦ-ਪ੍ਰਭੂ ਦੀ ਸਿਫਤਿ-ਸਾਲਾਹ ਗਾਂਦੇ ਰਹਿਣਾ ਚਾਹੀਦਾ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਦਾ) ਭਜਨ-ਸਿਮਰਨ ਕਰਨਾ ਚਾਹੀਦਾ ਹੈ। ਰਹਾਉ। ਸਲੋਕੁ ॥ ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥ ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥ ਪਉੜੀ ॥ ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥ ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥ ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥ ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥ ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥ ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥ ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥੨॥ {ਪੰਨਾ 296-297} ਪਦ ਅਰਥ: ਸਲੋਕੁ: ਕਰਉ = ਕਰਉਂੁ, ਮੈਂ ਕਰਦਾ ਹਾਂ। ਪਰਉ = ਪਰਉਂ, ਮੈਂ ਪੈਂਦਾ ਹਾਂ। ਹਰਿ ਰਾਇ = ਪ੍ਰਭੂ-ਪਾਤਿਸ਼ਾਹ (ਦੀ) । ਭ੍ਰਮੁ = ਭਟਕਣਾ। ਸਾਧ ਸੰਗਿ = ਸਾਧ-ਸੰਗ ਵਿਚ (ਰਿਹਾਂ) । ਦੁਤੀਆ = ਦੂਜਾ। ਭਾਉ = ਪਿਆਰ। ਮਿਟਾਇ = ਮਿਟਾ ਕੇ।2। ਪਉੜੀ: ਦੁਤੀਆ = ਦੂਜ ਦੀ ਥਿਤਿ। ਦੁਰਮਤਿ = ਖੋਟੀ ਮਤਿ। ਨੀਤ = ਨਿੱਤ, ਸਦਾ। ਮਨਿ = ਮਨ ਵਿਚ। ਤਨਿ ਹਿਰਦੇ ਵਿਚ। ਤਜਿ = ਦੂਰ ਕਰ। ਮੀਤ = ਹੇ ਮਿੱਤਰ! ਮਰਣੁ = ਆਤਮਕ ਮੌਤ। ਬਿਨਸਹਿ = ਨਾਸ ਹੋ ਜਾਂਦੇ ਹਨ। ਸਗਲ = ਸਾਰੇ। ਆਪੁ = ਆਪਾ-ਭਾਵ, ਹਉਮੈ। ਭਾਉ = ਪ੍ਰੇਮ। ਤੋਟਾ = (ਆਤਮਕ ਜੀਵਨ ਵਿਚ ਪੈ ਰਹੀ) ਘਾਟ। ਹਿਰੈ = ਦੂਰ ਹੋ ਜਾਂਦੀ ਹੈ। ਪਤਿਵੰਤ = ਇੱਜ਼ਤ ਵਾਲੇ। ਸੰਚਵੈ = ਇਕੱਠਾ ਕਰਦਾ ਹੈ। ਸਾਚ = ਸਦਾ ਕਾਇਮ ਰਹਿਣ ਵਾਲੇ। ਭਗਵੰਤ = ਭਾਗਾਂ ਵਾਲੇ। ਚੀਤਿ = ਚਿੱਤ ਵਿਚ।2। ਅਰਥ: ਸਲੋਕੁ: (ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ। ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।2। ਪਉੜੀ: (ਹੇ ਭਾਈ!) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤਰ੍ਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ। ਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ, (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵੱਸਦਾ ਹੈ। (ਹੇ ਮਿੱਤਰ! ਆਪਣੇ ਮਨ ਵਿਚੋਂ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ ਉਸ ਨੂੰ) ਆਤਮਕ ਜੀਵਨ ਮਿਲ ਜਾਂਦਾ ਹੈ, ਉਸ ਨੂੰ (ਸੁਚੱਜਾ ਪਵਿਤ੍ਰ) ਜੀਵਨ ਮਿਲ ਪੈਂਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਉਸ ਦੇ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ ਪ੍ਰਭੂ ਦੀ ਭਗਤੀ ਆ ਵੱਸਦੀ ਹੈ। (ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦਾ ਹੈ, ਉਹ ਸਭ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਲਈ ਸਾਹੂਕਾਰ ਬਣ ਜਾਂਦੇ ਹਨ, (ਆਤਮਕ ਜੀਵਨ ਵਿੱਚ ਉਹਨਾਂ ਨੂੰ) ਵਾਧਾ ਹੀ ਵਾਧਾ ਪੈਂਦਾ ਹੈ ਤੇ (ਆਤਮਕ ਜੀਵਨ ਵਿਚ ਪੈ ਰਹੀ) ਘਾਟ (ਉਹਨਾਂ ਦੇ ਅੰਦਰੋਂ) ਨਿਕਲ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ। (ਹੇ ਭਾਈ!) ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤਿ ਵਿਚ ਪ੍ਰੇਮ ਪੈਦਾ ਕਰੋ। ਹੇ ਨਾਨਕ! (ਜਿਸ ਮਨੁੱਖ ਨੇ ਇਹ ਉੱਦਮ ਕੀਤਾ ਉਸ ਦੀ) ਖੋਟੀ ਮਤਿ ਮੁੱਕ ਗਈ, ਪਰਮਾਤਮਾ ਸਦਾ ਲਈ ਉਸ ਦੇ ਚਿੱਤ ਵਿਚ ਆ ਵੱਸਿਆ।2। |
Sri Guru Granth Darpan, by Professor Sahib Singh |