ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 297

ਸਲੋਕੁ ॥ ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥ ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥ ਪਉੜੀ ॥ ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥ ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥ ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥ ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥ ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥ {ਪੰਨਾ 297}

ਪਦ ਅਰਥ: ਸਲੋਕੁ: ਤੀਨਿ = (ਮਾਇਆ ਦੇ) ਤਿੰਨ ਗੁਣ (ਰਜੋ, ਤਮੋ, ਸਤੋ) । ਬਿਆਪਹਿ = ਜ਼ੋਰ ਪਾਈ ਰੱਖਦੇ ਹਨ। ਤੁਰੀਆ = {qãrIX, quXL} ਚੌਥੀ। ਵੇਦਾਂਤ ਫ਼ਿਲਾਸਫ਼ੀ ਅਨੁਸਾਰ ਆਤਮਾ ਦੀ ਚੌਥੀ ਅਵਸਥਾ ਜਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ। ਕੋਇ = ਕੋਈ ਵਿਰਲਾ। ਮਨਿ = ਮਨ ਵਿਚ। ਸੋਇ = ਉਹ (ਪਰਮਾਤਮਾ) ਹੀ।3।

ਪਉੜੀ: ਤ੍ਰਿਤੀਆ = ਤੀਜੀ ਥਿਤਿ। ਬਿਖੈ ਫਲ = ਵਿਸ਼ੇ ਵਿਕਾਰਾਂ ਦੇ ਫਲ। ਭ੍ਰਮਤਉ = ਭਟਕਣਾ। ਘਣੋ = ਬਹੁਤ ਜੀਵ। ਸੰਘਾਰੈ = ਮਾਰਦੀ ਹੈ, ਆਤਮਕ ਮੌਤ ਲਿਆਉਂਦੀ ਹੈ। ਮੀਚੁ = ਮੌਤ, ਮੌਤ ਦਾ ਸਹਮ। ਹਰਖ = ਖ਼ੁਸ਼ੀ। ਸੋਗ = ਗ਼ਮੀ। ਸਹਸਾ = ਸਹਮ। ਹਉ ਹਉ ਕਰਤ = 'ਮੈਂ ਮੈਂ' ਕਰਦਿਆਂ, ਅਹੰਕਾਰ ਵਿਚ। ਜਿਨਿ = ਜਿਸ (ਪਰਮਾਤਮਾ) ਨੇ। ਤਿਸਹਿ = ਉਸ ਪ੍ਰਭੂ ਨੂੰ। ਜਾਣਨੀ = ਜਾਣਨਿ, ਜਾਣਦੇ, ਡੂੰਘੀ ਸਾਂਝ ਪਾਂਦੇ। ਉਪਾਇ = ਢੰਗ। ਆਧਿ = ਮਨਿ ਦੇ ਰੋਗ ਬਿਆਧਿ = ਸਰੀਰ ਦੇ ਰੋਗ। ਉਪਾਧਿ = ਝਗੜੇ ਠੱਗੀ ਫ਼ਰੇਬ ਆਦਿਕ। ਰਸ = ਚਸਕੇ। ਧਨੀ = ਮਾਲਕ। ਭਰਮ = ਭਟਕਣਾ। ਪ੍ਰਭ = ਹੇ ਪ੍ਰਭੂ!।3।

ਅਰਥ: ਸਲੋਕ: ਹੇ ਨਾਨਕ! ਜਗਤ (ਦੇ ਜੀਵਾਂ) ਉਤੇ (ਮਾਇਆ ਦੇ) ਤਿੰਨ ਗੁਣ ਆਪਣਾ ਜ਼ੋਰ ਪਾਈ ਰੱਖਦੇ ਹਨ। ਕੋਈ ਵਿਰਲਾ ਮਨੁੱਖ ਉਹ ਚੌਥੀ ਅਵਸਥਾ ਪ੍ਰਾਪਤ ਕਰਦਾ ਹੈ ਜਿੱਥੇ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਪਰਮਾਤਮਾ ਹੀ ਸਦਾ ਵੱਸਦਾ ਹੈ, ਉਹ ਸੰਤ ਜਨ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।3।

ਪਉੜੀ: ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ। ਜੀਵਾਂ ਨੂੰ ਨਰਕ ਸੁਰਗ (ਦੁੱਖ ਸੁਖ ਭੋਗਣੇ ਪੈਂਦੇ ਹਨ) ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਿਆ ਰਹਿੰਦਾ ਹੈ।

(ਤਿੰਨ ਗੁਣਾਂ ਦੇ ਅਧੀਨ ਜੀਵਾਂ ਦੀ ਉਮਰ) ਅਹੰਕਾਰ ਵਿਚ ਬੀਤਦੀ ਹੈ, ਕਦੇ ਖ਼ੁਸ਼ੀ ਕਦੇ ਗ਼ਮੀ ਕਦੇ ਸਹਮ = ਇਹ ਚੱਕਰ (ਉਹਨਾਂ ਵਾਸਤੇ ਸਦਾ ਬਣਿਆ ਰਹਿੰਦਾ ਹੈ) । ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦੇ ਤੇ (ਤੀਰਥ-ਇਸ਼ਨਾਨ ਆਦਿਕ) ਹੋਰ ਹੋਰ ਧਾਰਮਿਕ ਜਤਨ ਉਹ ਸਦਾ ਸੋਚਦੇ ਰਹਿੰਦੇ ਹਨ।

ਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ। (ਰਸਾਂ ਵਿਚ ਫਸਿਆ ਮਨੁੱਖ) ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ।

ਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ। (ਇਸ ਤੋਂ ਬਚਣ ਲਈ) ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ।3।

ਸਲੋਕੁ ॥ ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥ ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥ ਪਉੜੀ ॥ ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥ ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥ ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥ ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥ ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥ ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥ ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥ ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥ {ਪੰਨਾ 297}

ਪਦ ਅਰਥ: ਸਲੋਕੁ: ਚਤੁਰ = ਅਕਲਮੰਦ। ਸੁਘੜੁ = ਸੁਚੱਜਾ। ਸੋਇ = ਉਹ (ਮਨੁੱਖ) ਹੀ। ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) । ਅਸਟ = ਅੱਠ। ਸਿਧਿ = ਸਿੱਧੀਆਂ, ਕਰਾਮਾਤੀ ਤਾਕਤਾਂ। ਭਜੁ = ਸਿਮਰੁ, ਜਪ।4।

ਪਉੜੀ: ਚਤੁਰਥਿ = ਚੌਥੀ ਥਿਤਿ। ਸੁਣਿ = ਸੁਣ ਕੇ। ਸੋਧਿਓ = ਨਿਰਨਾ ਕੀਤਾ ਹੈ। ਤਤੁ = ਅਸਲ, ਨਚੋੜ। ਖੇਮ = ਖ਼ੁਸ਼ੀਆਂ, ਸੁਖ। ਨਿਧਿ = ਖ਼ਜ਼ਾਨਾ। ਸਾਰੁ = ਸ੍ਰੇਸ਼ਟ। ਜਪਿ = ਜਪ ਕੇ। ਨਿਵਾਰੈ = ਦੂਰ ਕਰਦਾ ਹੈ। ਹਰੈ = ਦੂਰ ਕਰਦਾ ਹੈ। ਤੂਟਹਿ = ਟੁੱਟ ਜਾਂਦੇ ਹਨ। ਮੀਚੁ = ਮੌਤ, ਆਤਮਕ ਮੌਤ। ਹੁਟੈ = ਮੁੱਕ ਜਾਂਦੀ ਹੈ, ਥੱਕ ਜਾਂਦੀ ਹੈ। ਤੇ = ਤੋਂ। ਰਸੈ = ਰਸਦਾ ਹੈ, ਰਚ-ਮਿਚ ਜਾਂਦਾ ਹੈ। ਰੰਗਿ = ਰੰਗ ਵਿਚ। ਦਾਰਿਦ = ਦਾਰਿਦ੍ਰ, ਗਰੀਬੀ। ਅਧਾਰ = ਆਸਰੇ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਊਜਲਾ = ਰੌਸ਼ਨ। ਰਵਾਲ = ਚਰਨਾਂ ਦੀ ਧੂੜ।4।

ਅਰਥ: ਸਲੋਕੁ: ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ। (ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਨੇ (ਆਪਣੇ ਮਨ ਵਿਚੋਂ) ਅਹੰਕਾਰ ਦੂਰ ਕਰ ਲਿਆ ਹੈ, ਉਹੀ ਹੈ ਅਕਲਮੰਦ ਸਿਆਣਾ ਤੇ ਸੁਚੱਜਾ।4।

ਪਉੜੀ: ਚਾਰੇ ਹੀ ਵੇਦ ਸੁਣ ਕੇ (ਅਸਾਂ ਤਾਂ ਇਹ) ਨਿਰਨਾ ਕੀਤਾ ਹੈ, (ਇਹੀ) ਅਸਲ ਵਿਚਾਰ (ਦੀ ਗੱਲ ਲੱਭੀ) ਹੈ ਕਿ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁਖ ਮਿਲ ਜਾਂਦੇ ਹਨ, ਸੁਖਾਂ ਦਾ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। (ਪਰਮਾਤਮਾ ਦਾ ਨਾਮ) ਨਰਕਾਂ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖ ਦੂਰ ਕਰ ਦੇਂਦਾ ਹੈ, (ਨਾਮ ਦੀ ਬਰਕਤਿ ਨਾਲ) ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਹਨ। (ਜਿਸ ਮਨੁੱਖ ਦੇ ਹਿਰਦੇ ਵਿੱਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵੇਸ਼ ਰਹਿੰਦਾ ਹੈ, ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ, ਉਹ ਜਮ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ।

ਜੇ ਨਿਰੰਕਾਰ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਾਂ (ਮਨ ਵਿਚੋਂ ਹਰੇਕ ਕਿਸਮ ਦਾ) ਡਰ ਨਾਸ ਹੋ ਜਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਿਰਦੇ ਵਿਚ) ਰਚ-ਮਿਚ ਜਾਂਦਾ ਹੈ। ਪਰਮਾਤਮਾ ਦੇ ਨਾਮ ਦੇ ਆਸਰੇ ਦੁੱਖ ਗਰੀਬੀ ਤੇ ਵਿਕਾਰਾਂ ਤੋਂ ਪੈਦਾ ਹੋਈ ਮਲੀਨਤਾ = ਇਹ ਸਭੇ ਨਾਸ ਹੋ ਜਾਂਦੇ ਹਨ।

ਹੇ ਨਾਨਕ! ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁਖਾਂ-ਦੇ-ਸਮੁੰਦਰ ਸ੍ਰਿਸ਼ਟੀ-ਦੇ-ਪਾਲਣਹਾਰ ਪ੍ਰਭੂ ਦੀ ਢੂੰਢ-ਭਾਲ ਕਰਦੇ ਹਨ, ਉਹ ਗੁਰੂ ਦੀ ਚਰਨ-ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ (ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦਾ) ਮਨ ਪਵਿਤ੍ਰ ਹੋ ਜਾਂਦਾ ਹੈ (ਲੋਕ ਪਰਲੋਕ ਵਿਚ ਉਸ ਦਾ) ਮੂੰਹ ਰੌਸ਼ਨ ਹੁੰਦਾ ਹੈ।4।

ਸਲੋਕੁ ॥ ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥ ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥ ਪਉੜੀ ॥ ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥ ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥ ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥ ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥ ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥ ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥ ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥ ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ ॥੫॥ {ਪੰਨਾ 297}

ਪਦ ਅਰਥ: ਸਲੋਕੁ: ਪੰਚ = (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਪੰਜ (ਵਿਕਾਰ) । ਮਹਿ = ਵਿਚ। ਰਾਚੇ = ਮਸਤ। ਸੰਗਿ = ਨਾਲ। ਸਾਧ ਸੰਗਿ = ਸਾਧ ਸੰਗਤਿ ਵਿਚ। ਰੰਗਿ = (ਪ੍ਰੇਮ-) ਰੰਗ ਵਿਚ।5।

ਪਉੜੀ: ਪੰਚਮਿ = ਪੰਜਵੀਂ ਥਿਤਿ। ਪੰਚ = ਸੰਤ ਜਨ। ਤੇ = ਉਹ ਮਨੁੱਖ {ਬਹੁ-ਵਚਨ}। ਜਿਹ = ਜਿਨ੍ਹਾਂ ਨੇ। ਪਰਪੰਚੁ = ਜਗਤ-ਪਸਾਰਾ। ਕੁਸਮ ਬਾਸ = ਫੁੱਲ ਦੀ ਸੁਗੰਧੀ। ਮਿਥਿਆ = ਨਾਸ-ਵੰਤ। ਬਲਬੰਚੁ = ਠੱਗੀ। ਜਾਪੈ = ਸੁੱਝਦਾ। ਕਰਤ = ਕਰਦਾ। ਬੇਧਿਓ = ਵਿੱਝਿਆ ਹੋਇਆ। ਅਗਿਆਨਿ = ਅਗਿਆਨ ਵਿਚ। ਭ੍ਰਮਣ = ਭਟਕਣਾ। ਰਚਨਹਾਰੁ = ਸਿਰਜਣਹਾਰ ਕਰਤਾਰ। ਮਨਿ = ਮਨ ਵਿਚ। ਬੀਚਾਰਿ = ਵਿਚਾਰ ਕੇ। ਬਿਬੇਕ = ਪਰਖ (ਦੀ ਤਾਕਤ) । ਭਾਉ = ਪ੍ਰੇਮ। ਰੰਚ = ਰਤਾ ਭਰ। ਪਾਈਅਹਿ = ਪਾਏ ਜਾਂਦੇ ਹਨ, ਲੱਭਦੇ ਹਨ। ਰਚਹਿ = ਰਚਦੇ, ਮਸਤ ਹੁੰਦੇ।5।

ਅਰਥ: ਸਲੋਕੁ: ਹੇ ਨਾਨਕ! ਜੇਹੜੇ ਮਨੁੱਖ ਮਾਇਆ (ਦੇ ਮੋਹ) ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਵਿਕਾਰ ਟਿਕੇ ਰਹਿੰਦੇ ਹਨ। ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।5।

ਪਉੜੀ: (ਜਗਤ ਵਿਚ) ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਇਸ ਜਗਤ-ਪਸਾਰੇ ਨੂੰ (ਇਉਂ) ਸਮਝ ਲਿਆ ਹੈ (ਕਿ ਇਹ) ਫੁੱਲਾਂ ਦੀ ਸੁਗੰਧੀ (ਵਰਗਾ ਹੈ, ਤੇ ਭਾਵੇਂ) ਅਨੇਕਾਂ ਰੰਗਾਂ ਵਾਲਾ ਹੈ (ਫਿਰ ਭੀ) ਸਾਰਾ ਨਾਸਵੰਤ ਹੈ ਤੇ ਠੱਗੀ ਹੀ ਹੈ।

ਜਗਤ (ਆਮ ਤੌਰ ਤੇ) ਅਗਿਆਨ ਵਿਚ ਮਸਤ ਰਹਿੰਦਾ ਹੈ, ਸੁਆਦਾਂ ਵਿਚ ਮੋਹ ਲੈਣ ਵਾਲੇ ਰਸਾਂ ਵਿਚ ਵਿੱਝਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਜੁਗਤਿ) ਸੁੱਝਦੀ ਨਹੀਂ, ਇਹ ਸਮਝਦਾ ਨਹੀਂ, ਤੇ (ਸਹੀ ਜੀਵਨ-ਜੁਗਤਿ ਬਾਰੇ) ਕੋਈ ਵਿਚਾਰ ਨਹੀਂ ਕਰਦਾ।

ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ, ਆਪਣੇ ਮਨ ਵਿਚ ਵਿਚਾਰ ਕੇ (ਭਲੇ ਬੁਰੇ ਕੰਮ ਦੀ) ਪਰਖ ਨਹੀਂ ਪੈਦਾ ਕੀਤੀ, ਤੇ ਹੋਰ ਹੋਰ ਅਨੇਕਾਂ ਕਰਮ ਕਰਦਾ ਰਿਹਾ, ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਿਹਾ, ਉਹ ਅਨੇਕਾਂ ਜੂਨਾਂ ਵਿਚ ਭਟਕਦਾ ਰਿਹਾ।

ਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ, ਜਿਨ੍ਹਾਂ ਉਤੇ ਮਾਇਆ ਆਪਣਾ ਰਤਾ ਭਰ ਭੀ ਪ੍ਰਭਾਵ ਨਹੀਂ ਪਾ ਸਕਦੀ, ਤੇ ਜੇਹੜੇ ਭਗਵਾਨ ਨਾਲ ਪ੍ਰੇਮ ਕਰਦੇ ਹਨ ਭਗਵਾਨ ਦੀ ਭਗਤੀ ਕਰਦੇ ਹਨ।5।

ਸਲੋਕੁ ॥ ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥ ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥ ਪਉੜੀ ॥ ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥ ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥ ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥ ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥ ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥ ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥ ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥ {ਪੰਨਾ 297}

ਪਦ ਅਰਥ: ਸਲੋਕੁ: ਖਟ = ਛੇ। ਖਟ ਸਾਸਤ੍ਰ = (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ) । ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ। ਸੋਹਹਿ = ਸੋਭਦੇ ਹਨ। ਕੈ ਦੁਆਰਿ = ਦੇ ਦਰ ਉਤੇ।6।

ਪਉੜੀ: ਖਸਟਮਿ = ਛੇਵੀਂ ਥਿਤਿ। ਕਥਹਿ = ਬਿਆਨ ਕਰਦੀਆਂ ਹਨ। ਸੇਖ = ਸ਼ੇਸ਼ਨਾਗ = ਸ਼ੇਸ਼ਨਾਗ ਆਪਣੇ ਹਜ਼ਾਰ ਮੂੰਹਾਂ ਦੀ ਰਾਹੀਂ ਪਰਮਾਤਮਾ ਦਾ ਨਿੱਤ ਨਵਾਂ ਨਾਮ ਉਚਾਰਦਾ ਦੱਸਿਆ ਗਿਆ ਹੈ। ਗੁਣ ਅੰਤੁ = ਗੁਣਾਂ ਦਾ ਅੰਤ। ਨਾਰਦ = {ਬ੍ਰਹਮਾ ਦੇ ਦਸ ਪੁੱਤ੍ਰਾਂ ਵਿਚੋਂ ਇਕ; ਉਸ ਦੇ ਪੱਟ ਵਿਚੋਂ ਜੰਮਿਆ। ਮਨੁੱਖਾਂ ਤੇ ਦੇਵਤਿਆਂ ਦੇ ਵਿਚਕਾਰ ਵਿਚੋਲਾ। ਇਹਨਾਂ ਵਿਚ ਝਗੜਾ ਪਾਣ ਵਿਚ ਖ਼ੁਸ਼ ਰਹਿੰਦਾ ਹੈ। 'ਵੀਣਾ' ਇਸੇ ਬਣਾਈ ਸੀ। ਇਕ ਸਿਮ੍ਰਿਤੀ ਦਾ ਭੀ ਕਰਤਾ ਹੈ}। ਸੁਕ = ਬਿਆਸ ਦਾ ਪੁੱਤਰ {ਜੰਮਦਾ ਹੀ ਗਿਆਨਵਾਨ ਸੀ, ਅਪੱਛਰਾ ਰੰਭਾ ਨੇ ਬਥੇਰਾ ਭਰਮਾਇਆ, ਪਰ ਡੋਲਿਆ ਨਹੀਂ। ਰਾਜਾ ਪਰੀਛਤ ਨੂੰ ਭਾਗਵਤ ਪੁਰਾਣ ਇਸ ਨੇ ਸੁਣਾਇਆ ਸੀ}।

ਗੀਧੇ = ਭਿੱਜੇ ਹੋਏ। ਬੀਧੇ = ਵਿੱਝੇ ਹੋਏ। ਭਗਵੰਤ = ਭਗਵਾਨ (ਦੀ ਭਗਤੀ ਵਿਚ) । ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਦੇਖਿ = ਦੇਖ ਕੇ। ਹਿਰੈ = ਦੂਰ ਹੋ ਜਾਂਦਾ ਹੈ। ਲਿਵ ਲਾਇ = ਲਿਵ ਲਾ ਕੇ, ਸੁਰਤਿ ਜੋੜ ਕੇ। ਖਾਟਿ = ਖੱਟ ਕੇ। ਗੁਣ ਨਿਧਿ = ਗੁਣਾਂ ਦਾ ਭੰਡਾਰ।6।

ਅਰਥ: ਸਲੋਕੁ: ਛੇ ਸ਼ਾਸਤ੍ਰ ਉੱਚੀ (ਪੁਕਾਰ ਕੇ) ਆਖਦੇ ਹਨ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ। ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਂਦੇ ਸੋਹਣੇ ਲੱਗਦੇ ਹਨ।6।

ਪਉੜੀ: ਛੇ ਸ਼ਾਸਤ੍ਰ (ਪਰਮਾਤਮਾ ਦਾ ਸਰੂਪ) ਬਿਆਨ ਕਰਦੇ ਹਨ, ਅਨੇਕਾਂ ਸਿਮ੍ਰਿਤੀਆਂ (ਭੀ) ਬਿਆਨ ਕਰਦੀਆਂ ਹਨ (ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ) । ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ) । ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ।

ਨਾਦਰ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤਿ-ਸਾਲਾਹ ਗਾਂਦੇ ਹਨ। ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ।

ਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ। ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ।

ਸਾਧ ਸੰਗਤਿ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ।6।

TOP OF PAGE

Sri Guru Granth Darpan, by Professor Sahib Singh