ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 298 ਸਲੋਕੁ ॥ ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥ ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥ ਪਉੜੀ ॥ ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥ ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥ ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥ ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥ ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥ ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥ ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥ ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥ {ਪੰਨਾ 298} ਪਦ ਅਰਥ: ਸਲੋਕੁ: ਮੰਡ = ਮੰਡਲੀਆਂ, ਸਮੂਹ। ਜਸੁ = ਸਿਫ਼ਤਿ-ਸਾਲਾਹ। ਸਤਿ = ਸਦਾ-ਥਿਰ ਪ੍ਰਭੂ (ਦੇ ਗੁਣ) । ਸੁਭਾਇ = ਪ੍ਰੇਮ ਵਿਚ। ਭਾਉ = ਪ੍ਰੇਮ। ਲਿਵ = ਲਗਨ।7। ਪਉੜੀ: ਸਪਤਮਿ = ਸਪਤਮੀ ਥਿਤਿ। ਸੰਚਹੁ = ਇਕੱਠਾ ਕਰੋ। ਨ ਜਾਹਿ = ਨਹੀਂ ਜਾਂਦੇ। ਭੰਡਾਰ = ਖ਼ਜ਼ਾਨੇ। ਮਹਿ = ਵਿਚ। ਪਾਈਐ = ਮਿਲਦਾ ਹੈ। ਆਪੁ = ਆਪਾ-ਭਾਵ। ਹਰੈ = ਦੂਰ ਕਰਦਾ ਹੈ। ਭਵਜਲੁ = ਸੰਸਾਰ-ਸਮੁੰਦਰ। ਚਿੰਦਿਆ = ਚਿਤਵਿਆ ਹੋਇਆ। ਮਨਿ = ਮਨ ਵਿਚ। ਸੰਗਿ = ਨਾਲ। ਪਛਾਣੂ = ਸਾਥੀ। ਸਖਾ = ਮਿੱਤਰ। ਦੇਇ = ਦੇਂਦਾ ਹੈ। ਜਪੇਇ = ਜਪਦਾ ਹੈ।7। ਅਰਥ: ਸਲੋਕੁ: ਹੇ ਨਾਨਕ! ਸੰਤ ਜਨ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੇ ਹਨ, ਪ੍ਰੇਮ ਵਿਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ (ਕਿਉਂਕਿ) ਇਕ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜੀ ਰੱਖਿਆਂ ਮਨ ਸ਼ਾਂਤ ਰਹਿੰਦਾ ਹੈ।7। ਪਉੜੀ: (ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ। ਨਾਮ-ਧਨ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ, (ਪਰ ਉਸ ਪਰਮਾਤਮਾ ਦਾ ਇਹ ਨਾਮ ਧਨ) ਸਾਧ ਸੰਗਤਿ ਵਿਚ ਰਿਹਾਂ ਹੀ ਮਿਲਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ। (ਹੇ ਭਾਈ!) ਆਪਾ-ਭਾਵ ਦੂਰ ਕਰੋ, ਪਰਮਾਤਮਾ ਦਾ ਭਜਨ ਕਰਦੇ ਰਹੁ, ਪ੍ਰਭੂ ਪਾਤਸ਼ਾਹ ਦੀ ਸਰਨ ਪਏ ਰਹੋ (ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪਣੇ ਸਾਰੇ) ਦੁਖ ਦੂਰ ਕਰ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਤੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ। (ਹੇ ਭਾਈ!) ਜੇਹੜਾ ਮਨੁੱਖ ਅੱਠੇ ਪਹਰ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਜੇਹੜਾ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਬਾਹਰ ਸਦਾ ਨਾਲ (ਵੱਸਦਾ) ਹੈ ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ। (ਹੇ ਭਾਈ!) ਜੇਹੜਾ ਮਨੁੱਖ (ਸਾਨੂੰ) ਪਰਮਾਤਮਾ (ਦਾ ਨਾਮ ਜਪਣ) ਦੀ ਮਤਿ ਦੇਂਦਾ ਹੈ, ਉਹੀ (ਸਾਡਾ ਅਸਲੀ) ਸੱਜਣ ਹੈ, ਸਾਥੀ ਹੈ, ਮਿੱਤਰ ਹੈ। ਹੇ ਨਾਨਕ! (ਆਖ–) ਜੇਹੜਾ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।7। ਸਲੋਕੁ ॥ ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥ ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥ ਪਉੜੀ ॥ ਅਸਟਮੀ ਅਸਟ ਸਿਧਿ ਨਵ ਨਿਧਿ ॥ ਸਗਲ ਪਦਾਰਥ ਪੂਰਨ ਬੁਧਿ ॥ ਕਵਲ ਪ੍ਰਗਾਸ ਸਦਾ ਆਨੰਦ ॥ ਨਿਰਮਲ ਰੀਤਿ ਨਿਰੋਧਰ ਮੰਤ ॥ ਸਗਲ ਧਰਮ ਪਵਿਤ੍ਰ ਇਸਨਾਨੁ ॥ ਸਭ ਮਹਿ ਊਚ ਬਿਸੇਖ ਗਿਆਨੁ ॥ ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥ ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥ {ਪੰਨਾ 298} ਪਦ ਅਰਥ: ਸਲੋਕੁ: ਗਾਈਅਹਿ = (ਜੇ) ਗਾਏ ਜਾਣ। ਤਜੀਅਹਿ = (ਜੇ) ਤਜੇ ਜਾਣ। ਅਵਰਿ = ਹੋਰ {ਬਹੁ-ਵਚਨ}। ਜੰਜਾਲ = (ਮਾਇਆ ਵਿਚ ਫਸਾਣ ਵਾਲੇ) ਬੰਧਨ। ਜਮ ਕੰਕਰੁ = {ਕਿੰਕਰੁ = ਨੌਕਰ} ਜਮ ਦਾ ਸੇਵਕ, ਜਮਦੂਤ। ਜੋਹਿ ਨ ਸਕਈ = ਤੱਕ ਨਹੀਂ ਸਕਦਾ।8। ਪਉੜੀ: ਅਸਟ = ਅੱਠ। ਸਿਧਿ = ਸਿੱਧੀਆਂ। ਨਵ = ਨੌ। ਨਿਧਿ = ਖ਼ਜ਼ਾਨੇ। ਪੂਰਨ = ਮੁਕੰਮਲ, ਜੋ ਕਦੇ ਉਕਾਈ ਨਾਹ ਖਾਏ। ਬੁਧਿ = ਅਕਲ। ਕਵਲ = (ਹਿਰਦੇ ਦਾ) ਕੌਲ-ਫੁੱਲ। ਰੀਤਿ = ਮਰਯਾਦਾ, ਜੀਵਨ-ਜੁਗਤਿ। ਨਿਰੋਧਰ = {in}D`} ਜਿਸ ਦਾ ਅਸਰ ਰੋਕਿਆ ਨਾਹ ਜਾ ਸਕੇ। ਮੰਤ = ਮੰਤਰ। ਬਿਸੇਖ = ਵਿਸ਼ੇਸ਼, ਉਚੇਚਾ। ਸੰਗਿ = ਨਾਲ, ਸੰਗਤਿ ਵਿਚ। ਜਪਿ = ਜਪ ਕੇ। ਰੰਗਿ = ਪ੍ਰੇਮ ਵਿਚ।8। ਅਰਥ: ਸਲੋਕੁ: ਹੇ ਨਾਨਕ! ਜੇ ਅੱਠੇ ਪਹਰ (ਪਰਮਾਤਮਾ ਦੇ) ਗੁਣ ਗਾਏ ਜਾਣ, ਤੇ ਹੋਰ ਸਾਰੇ ਬੰਧਨ ਛੱਡੇ ਜਾਣ, ਤਾਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਅਤੇ ਜਮਦੂਤ ਤੱਕ ਨਹੀਂ ਸਕਦਾ (ਮੌਤ ਦਾ ਡਰ ਨੇੜੇ ਨਹੀਂ ਢੁਕਦਾ, ਆਤਮਕ ਮੌਤ ਨੇੜੇ ਨਹੀਂ ਆ ਸਕਦੀ।8। ਪਉੜੀ: (ਪਰਮਾਤਮਾ ਦਾ ਨਾਮ ਇਕ ਐਸਾ) ਮੰਤ੍ਰ ਹੈ ਜਿਸ ਦਾ ਅਸਰ ਜ਼ਾਇਆ ਨਹੀਂ ਹੋ ਸਕਦਾ, (ਇਸ ਮੰਤ੍ਰ ਦੀ ਬਰਕਤਿ ਨਾਲ) ਜੀਵਨ-ਜੁਗਤਿ ਪਵਿਤ੍ਰ ਹੋ ਜਾਂਦੀ ਹੈ, (ਮਨ ਵਿਚ) ਸਦਾ ਚਾਉ ਹੀ ਚਾਉ ਟਿਕਿਆ ਰਹਿੰਦਾ ਹੈ, (ਹਿਰਦੇ ਦਾ) ਕੌਲ-ਫੁੱਲ ਖਿੜ ਜਾਂਦਾ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ-ਫੁੱਲ ਖਿੜਦਾ ਹੈ, ਤਿਵੇਂ ਨਾਮ-ਸਿਮਰਨ ਦੀ ਬਰਕਤਿ ਨਾਲ ਹਿਰਦਾ ਖਿੜਿਆ ਰਹਿੰਦਾ ਹੈ) । (ਨਾਮ ਦੇ ਪਰਤਾਪ ਵਿਚ ਹੀ) ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ, ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਉਕਾਈ ਨਹੀਂ ਖਾਂਦੀ। (ਹੇ ਭਾਈ! ਪਰਮਾਤਮਾ ਦਾ ਨਾਮ ਹੀ) ਸਾਰੇ ਧਰਮਾਂ (ਦਾ ਧਰਮ ਹੈ, ਸਾਰੇ ਤੀਰਥ-ਇਸ਼ਨਾਨਾਂ ਨਾਲੋਂ) ਪਵਿਤ੍ਰ-ਇਸ਼ਨਾਨ ਹੈ। (ਨਾਮ-ਸਿਮਰਨ ਹੀ ਸਾਰੇ ਸ਼ਾਸਤ੍ਰ ਆਦਿਕਾਂ ਦੇ ਦਿੱਤੇ ਗਿਆਨਾਂ ਨਾਲੋਂ) ਸਭ ਤੋਂ ਉੱਚਾ ਤੇ ਸ੍ਰੇਸ਼ਟ ਗਿਆਨ ਹੈ। ਹੇ ਨਾਨਕ! ਪੂਰੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਜੇ ਹਰਿ-ਨਾਮ ਦਾ ਭਜਨ ਕੀਤਾ ਜਾਏ, ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਹਰਿ-ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ।8। ਸਲੋਕੁ ॥ ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥ ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥ ਪਉੜੀ ॥ ਨਉਮੀ ਨਵੇ ਛਿਦ੍ਰ ਅਪਵੀਤ ॥ ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥ ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ ਕਰਨ ਨ ਸੁਨਹੀ ਹਰਿ ਜਸੁ ਬਿੰਦ ॥ ਹਿਰਹਿ ਪਰ ਦਰਬੁ ਉਦਰ ਕੈ ਤਾਈ ॥ ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ ਹਰਿ ਸੇਵਾ ਬਿਨੁ ਏਹ ਫਲ ਲਾਗੇ ॥ ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥ {ਪੰਨਾ 298} ਪਦ ਅਰਥ: ਸਲੋਕੁ: ਨਾਮਿ ਬਿਸਾਰਿਐ = ਜੇ (ਪਰਮਾਤਮਾ ਦਾ) ਨਾਮ ਵਿਸਾਰ ਦਿੱਤਾ ਜਾਏ। ਅਵਤਾਰ = ਜਨਮ।9। ਪਉੜੀ: ਨਵੇ = ਨੌ ਹੀ। ਛਿਦ੍ਰ = ਛੇਕ, ਗੋਲਕਾਂ (ਕੰਨ, ਨੱਕ ਆਦਿਕ) । ਅਪਵੀਤ = ਅਪਵਿਤ੍ਰ, ਗੰਦੇ। ਬਿਪਰੀਤਿ = ਉਲਟੀ ਰੀਤਿ। ਪਰ = ਪਰਾਈ। ਤ੍ਰਿਅ = ਇਸਤ੍ਰੀਆਂ। ਰਮਹਿ = ਭੋਗਦੇ ਹਨ। ਬਕਹਿ = ਬੋਲਦੇ ਹਨ। ਕਰਨ = ਕੰਨਾਂ ਨਾਲ। ਸੁਨਹੀ = ਸੁਨਹਿ, ਸੁਣਦੇ। ਬਿੰਦ = ਥੋੜਾ ਸਮਾ ਭੀ। ਹਿਰਹਿ = ਚੁਰਾਂਦੇ ਹਨ। ਪਰਦਰਬੁ = ਪਰਾਇਆ ਧਨ {dàÒX}। ਉਦਰ = ਪੇਟ। ਕੈ ਤਾਈ = ਦੀ ਖ਼ਾਤਰ। ਅਗਨਿ = ਲਾਲਚ ਦੀ ਅੱਗ। ਨਿਵਰੈ = ਦੂਰ ਹੁੰਦੀ। ਏਹ ਫਲ = {ਬਹੁ-ਵਚਨ}। ਮਰਿ = ਮਰ ਕੇ। ਜਮਹਿ = ਜੰਮਦੇ ਹਨ। ਅਭਾਗੇ = ਬਦ-ਨਸੀਬ, ਭਾਗ-ਹੀਣ।9। ਅਰਥ = ਸਲੋਕੁ: (ਜਿਸ ਮਨੁੱਖ ਨੇ ਕਦੇ) ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, (ਉਹ ਸਦਾ) ਵਿਕਾਰਾਂ ਵਿਚ (ਦੁਨੀਆ ਦੇ ਪਦਾਰਥਾਂ ਦੇ) ਸੁਆਦਾਂ ਵਿਚ ਫਸਿਆ ਰਹਿੰਦਾ ਹੈ। ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਨਰਕ ਸੁਰਗ (ਭੋਗਣ ਲਈ ਮੁੜ ਮੁੜ) ਜਨਮ ਲੈਣੇ ਪੈਂਦੇ ਹਨ।9। ਪਉੜੀ: ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ (ਇਸ ਵਾਸਤੇ ਉਹਨਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ। (ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ, ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ। (ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ। ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ, ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।9। ਸਲੋਕੁ ॥ ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥ ਪਉੜੀ ॥ ਦਸਮੀ ਦਸ ਦੁਆਰ ਬਸਿ ਕੀਨੇ ॥ ਮਨਿ ਸੰਤੋਖੁ ਨਾਮ ਜਪਿ ਲੀਨੇ ॥ ਕਰਨੀ ਸੁਨੀਐ ਜਸੁ ਗੋਪਾਲ ॥ ਨੈਨੀ ਪੇਖਤ ਸਾਧ ਦਇਆਲ ॥ ਰਸਨਾ ਗੁਨ ਗਾਵੈ ਬੇਅੰਤ ॥ ਮਨ ਮਹਿ ਚਿਤਵੈ ਪੂਰਨ ਭਗਵੰਤ ॥ ਹਸਤ ਚਰਨ ਸੰਤ ਟਹਲ ਕਮਾਈਐ ॥ ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥੧੦॥ {ਪੰਨਾ 298-299} ਪਦ ਅਰਥ: ਸਲੋਕੁ: ਦਿਸ = {id_} ਪਾਸੇ, ਤਰਫ਼ਾਂ। ਖੋਜਤ = ਢੂੰਡਦਾ। ਜਤ = {X>} ਜਿਥੇ। ਦੇਖਉ = ਦੇਖਉਂ, ਮੈਂ ਦੇਖਦਾ ਹਾਂ। ਤਤ = {q>} ਉਥੇ। ਸੋਇ = ਉਹ (ਪਰਮਾਤਮਾ) ਹੀ। ਬਸਿ = ਵੱਸ ਵਿਚ।10। ਪਉੜੀ: ਦਸ ਦੁਆਰ = ਦਸ ਦਰਵਾਜ਼ੇ {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਗੁਦਾ, ਲਿੰਗ, ਤੇ ਦਿਮਾਗ਼}। ਮਨਿ = ਮਨ ਵਿਚ। ਕਰਨੀ = ਕੰਨਾਂ ਨਾਲ। ਜਸੁ = ਸਿਫ਼ਤਿ-ਸਾਲਾਹ। ਨੈਨੀ = ਅੱਖਾਂ ਨਾਲ। ਸਾਧ = ਗੁਰੂ। ਰਸਨਾ = ਜੀਭ। ਭਗਵੰਤ = ਭਗਵਾਨ, ਪ੍ਰਭੂ। ਹਸਤ = ਹੱਥਾਂ (ਨਾਲ) । ਸੰਜਮੁ = ਜੀਵਨ-ਜੁਗਤਿ।10। ਅਰਥ: ਸਲੋਕੁ: ਹੇ ਨਾਨਕ! (ਆਖ– ਉਂਞ ਤਾਂ) ਮੈਂ ਜਿਧਰ ਵੇਖਦਾ ਹਾਂ, ਓਧਰ ਉਹ (ਪਰਮਾਤਮਾ) ਹੀ ਵੱਸ ਰਿਹਾ ਹੈ (ਪਰ ਘਰ ਛੱਡ ਕੇ) ਦਸੀਂ ਪਾਸੀਂ ਹੀ ਮੈਂ ਢੂੰਡ ਫਿਰਿਆ ਹਾਂ (ਜੰਗਲ ਆਦਿਕਾਂ ਵਿਚ ਕਿਤੇ ਭੀ ਮਨ ਵੱਸ ਵਿਚ ਨਹੀਂ ਆਉਂਦਾ) ; ਮਨ ਤਦੋਂ ਹੀ ਵੱਸ ਵਿਚ ਆਉਂਦਾ ਹੈ ਜੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੀ (ਆਪਣੀ) ਮਿਹਰ ਹੋਵੇ।10। ਪਉੜੀ: (ਜਦੋਂ ਪਰਮਾਤਮਾ ਦੀ ਕਿਰਪਾ ਨਾਲ ਮਨੁੱਖ) ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿਚ ਸੰਤੋਖ ਪੈਦਾ ਹੁੰਦਾ ਹੈ, ਦਸਾਂ ਹੀ ਇੰਦ੍ਰਿਆਂ ਨੂੰ ਮਨੁੱਖ ਆਪਣੇ ਕਾਬੂ ਵਿਚ ਕਰ ਲੈਂਦਾ ਹੈ। (ਪ੍ਰਭੂ ਦੀ ਕਿਰਪਾ ਰਾਹੀਂ) ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣੀਦੀ ਹੈ, ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸਨ ਕਰੀਦਾ ਹੈ, ਜੀਭ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ, ਤੇ ਮਨੁੱਖ ਆਪਣੇ ਮਨ ਵਿਚ ਸਰਬ-ਵਿਆਪਕ ਭਗਵਾਨ (ਦੇ ਗੁਣ) ਚੇਤੇ ਕਰਦਾ ਹੈ। ਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟਹਲ ਕੀਤੀ ਜਾਂਦੀ ਹੈ। ਹੇ ਨਾਨਕ! ਇਹ (ਉਪਰ ਦੱਸੀ) ਜੀਵਨ-ਜੁਗਤਿ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ।10। |
Sri Guru Granth Darpan, by Professor Sahib Singh |