ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 299

ਸਲੋਕੁ ॥ ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥ ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥੧੧॥ ਪਉੜੀ ॥ ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥ ਮਨਿ ਸੰਤੋਖੁ ਸਰਬ ਜੀਅ ਦਇਆ ॥ ਇਨ ਬਿਧਿ ਬਰਤੁ ਸੰਪੂਰਨ ਭਇਆ ॥ ਧਾਵਤ ਮਨੁ ਰਾਖੈ ਇਕ ਠਾਇ ॥ ਮਨੁ ਤਨੁ ਸੁਧੁ ਜਪਤ ਹਰਿ ਨਾਇ ॥ ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥ {ਪੰਨਾ 299}

ਪਦ ਅਰਥ: ਸਲੋਕੁ: ਏਕੋ ਏਕੁ = ਸਿਰਫ਼ ਇਕ ਪਰਮਾਤਮਾ। ਬਖਾਨੀਐ = ਬਿਆਨ ਕਰਨਾ ਚਾਹੀਦਾ ਹੈ, ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਸ੍ਵਾਦ = ਆਨੰਦ। ਗੁਣ = ਗੁਣਾਂ (ਦੇ ਬਿਆਨ ਕਰਨ) ਦੀ ਰਾਹੀਂ। ਨ ਜਾਣੀਐ = (ਪੂਰਨ ਤੌਰ ਤੇ) ਨਹੀਂ ਜਾਣਿਆ ਜਾ ਸਕਦਾ, ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਬਿਸਮਾਦੁ = ਅਸਚਰਜ।11।

ਪਉੜੀ: ਏਕਾਦਸੀ = (ਇਕ ਤੇ ਦਸ) ਗਿਆਰ੍ਹਵੀਂ ਥਿਤਿ {ਇਸ ਥਿਤਿ ਤੇ ਅਨੇਕਾਂ ਹਿੰਦੂ ਇਸਤ੍ਰੀਆਂ ਮਰਦ ਵਰਤ ਰੱਖਦੇ ਹਨ, ਸਾਰਾ ਦਿਨ ਅੰਨ ਨਹੀਂ ਖਾਂਦੇ}। ਨਿਕਟਿ = ਨੇੜੇ। ਪੇਖਹੁ = ਵੇਖਹੁ। ਬਸਿ ਕਰਿ = ਕਾਬੂ ਵਿਚ ਕਰ ਕੇ। ਮਨਿ = ਮਨ ਵਿਚ। ਸਰਬ ਜੀਅ = ਸਾਰੇ ਜੀਆਂ ਉਤੇ। ਇਨ ਬਿਧਿ = ਇਸ ਤਰੀਕੇ ਨਾਲ। ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਵਿਚ। ਸੁਧੁ = ਪਵਿਤ੍ਰ। ਨਾਇ = ਨਾਮ ਵਿਚ (ਜੁੜਿਆਂ) । ਅਟਲ = ਜਿਸ ਦਾ ਫਲ ਕਦੇ ਟਲਦਾ ਨਹੀਂ, ਜਿਸ ਦਾ ਫਲ ਜ਼ਰੂਰ ਮਿਲਦਾ ਹੈ।11।

ਅਰਥ: ਸਲੋਕੁ: (ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਸਿਫ਼ਤਿ-ਸਾਲਾਹ ਵਿਚ ਹੀ ਆਤਮਕ ਆਨੰਦ ਹੈ ਪਰ) ਇਸ ਆਤਮਕ ਅਨੰਦ ਨੂੰ ਕੋਈ ਵਿਰਲਾ ਮਨੁੱਖ ਮਾਣਦਾ ਹੈ। (ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਆਤਮਕ ਆਨੰਦ ਤਾਂ ਮਿਲਦਾ ਹੈ; ਪਰ) ਗੁਣਾਂ (ਦੇ ਬਿਆਨ ਕਰਨ) ਨਾਲ ਪਰਮਾਤਮਾ ਦਾ ਸਹੀ ਸਰੂਪ ਨਹੀਂ ਸਮਝਿਆ ਜਾ ਸਕਦਾ (ਕਿਉਂਕਿ) ਹੇ ਨਾਨਕ! ਉਹ ਤਾਂ ਸਾਰਾ ਅਸਚਰਜ ਰੂਪ ਹੈ।11।

ਪਉੜੀ: (ਹੇ ਭਾਈ!) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ, ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ = ਇਹੀ ਹੈ ਇਕਾਦਸ਼ੀ (ਦਾ ਵਰਤ) । (ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ, ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ) । (ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ, ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ।

ਹੇ ਨਾਨਕ! ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ, ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ।11।

ਸਲੋਕੁ ॥ ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥ ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥ ਪਉੜੀ ॥ ਦੁਆਦਸੀ ਦਾਨੁ ਨਾਮੁ ਇਸਨਾਨੁ ॥ ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥ ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥ ਕੋਮਲ ਬਾਣੀ ਸਭ ਕਉ ਸੰਤੋਖੈ ॥ ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥ ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥ {ਪੰਨਾ 299}

ਪਦ ਅਰਥ: ਸਲੋਕੁ: ਦੁਰਮਤਿ = ਖੋਟੀ ਮਤਿ। ਹਰੀ = ਦੂਰ ਕਰ ਲਈ। ਭੇਟੇ = ਮਿਲੇ। ਸਾਧ = ਗੁਰੂ। ਕ੍ਰਿਪਾਲ = {ਕ੍ਰਿਪਾ-ਆਲਯ} ਦਇਆ ਦਾ ਘਰ। ਸਿਉ = ਨਾਲ। ਜੰਜਾਲ = ਮਾਇਆ ਦੇ ਮੋਹ ਵਿਚ ਫਸਾਣ ਵਾਲੇ ਬੰਧਨ।12।

ਪਉੜੀ: ਦੁਆਦਸੀ = {ਦੋ ਤੇ ਦਸ} ਬਾਰ੍ਹਵੀਂ ਥਿਤਿ। ਦਾਨੁ = ਸੇਵਾ (ਧਨ ਆਦਿਕ ਨਾਲ) । ਇਸਨਾਨੁ = (ਮਨ ਤੇ ਸਰੀਰ ਦੀ) ਪਵਿਤ੍ਰਤਾ। ਤਜਿ = ਛੱਡ ਕੇ। ਮਾਨੁ = ਅਹੰਕਾਰ। ਪਾਨ ਕਰਹੁ = ਪੀਵੋ। ਸੰਗਿ = ਸੰਗਤਿ ਵਿਚ। ਤ੍ਰਿਪਤਾਸੈ = ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਰੰਗਿ = ਪ੍ਰੇਮ-ਰੰਗ ਵਿਚ। ਕੋਮਲ = ਕੂਲੀ, ਮਿੱਠੀ। ਸੰਤੋਖੈ = ਆਤਮਕ ਆਨੰਦ ਦੇਂਦੀ ਹੈ। ਪੰਚ ਭੂ = ਪੰਜ ਤੱਤ। ਪੰਚ ਭੂ ਆਤਮਾ = ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ। ਰਸਿ = ਰਸ ਵਿਚ। ਪੋਖੈ = ਪ੍ਰਫੁਲਤ ਹੁੰਦਾ ਹੈ। ਨਿਹਚਉ = ਯਕੀਨੀ ਤੌਰ ਤੇ। ਰਮਤ = ਸਿਮਰਦਿਆਂ।12।

ਅਰਥ: ਸਲੋਕੁ: ਜੇਹੜੇ ਵਡ-ਭਾਗੀ ਮਨੁੱਖ ਦਇਆ-ਦੇ-ਘਰ ਗੁਰੂ ਨੂੰ ਮਿਲ ਪਏ ਤੇ ਜਿਨ੍ਹਾਂ ਨੇ ਗੁਰੂ ਦੀ ਦੱਸੀ ਸੇਵਾ ਕੀਤੀ, ਉਹਨਾਂ ਨੇ (ਆਪਣੇ ਅੰਦਰੋਂ) ਖੋਟੀ ਮਤਿ ਦੂਰ ਕਰ ਲਈ। ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਨਾਸ ਹੋ ਜਾਂਦੇ ਹਨ।12।

ਪਉੜੀ: (ਹੇ ਭਾਈ! ਖ਼ਲਕਤਿ ਦੀ) ਸੇਵਾ ਕਰੋ, ਪਰਮਾਤਮਾ ਦਾ ਨਾਮ ਜਪੋ, ਤੇ, ਜੀਵਨ ਪਵਿਤ੍ਰ ਰੱਖੋ। (ਮਨ ਵਿਚੋਂ) ਅਹੰਕਾਰ ਛੱਡ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਸਾਧ ਸੰਗਤਿ ਵਿਚ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਰਸ ਪੀਂਦੇ ਰਹੋ। ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ ਵਿਕਾਰਾਂ ਵਲੋਂ) ਰੱਜਿਆ ਰਹਿੰਦਾ ਹੈ। (ਸਿਫ਼ਤਿ-ਸਾਲਾਹ ਦੀ) ਮਿੱਠੀ ਬਾਣੀ ਹਰੇਕ (ਇੰਦ੍ਰੇ) ਨੂੰ ਆਤਮਕ ਆਨੰਦ ਦੇਂਦੀ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਪੰਜ ਤੱਤਾਂ ਦੇ ਸਤੋ ਅੰਸ ਦੀ ਘਾੜਤ ਵਿਚ ਘੜਿਆ ਜਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਪ੍ਰਫੁੱਲਤ ਹੁੰਦਾ ਹੈ।

ਹੇ ਨਾਨਕ! ਪੂਰੇ ਗੁਰੂ ਪਾਸੋਂ ਇਹ ਦਾਤਿ ਯਕੀਨੀ ਤੌਰ ਤੇ ਮਿਲ ਜਾਂਦੀ ਹੈ। ਤੇ, ਪਰਮਾਤਮਾ ਦਾ ਨਾਮ ਸਿਮਰਿਆਂ ਫਿਰ ਜੂਨਾਂ ਵਿਚ ਨਹੀਂ ਆਵੀਦਾ।12।

ਸਲੋਕੁ ॥ ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥ ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥੧੩॥ ਪਉੜੀ ॥ ਤ੍ਰਉਦਸੀ ਤੀਨਿ ਤਾਪ ਸੰਸਾਰ ॥ ਆਵਤ ਜਾਤ ਨਰਕ ਅਵਤਾਰ ॥ ਹਰਿ ਹਰਿ ਭਜਨੁ ਨ ਮਨ ਮਹਿ ਆਇਓ ॥ ਸੁਖ ਸਾਗਰ ਪ੍ਰਭੁ ਨਿਮਖ ਨ ਗਾਇਓ ॥ ਹਰਖ ਸੋਗ ਕਾ ਦੇਹ ਕਰਿ ਬਾਧਿਓ ॥ ਦੀਰਘ ਰੋਗੁ ਮਾਇਆ ਆਸਾਧਿਓ ॥ ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ ॥ ਨੈਨੀ ਨੀਦ ਸੁਪਨ ਬਰੜਾਇਓ ॥ ਹਰਿ ਬਿਸਰਤ ਹੋਵਤ ਏਹ ਹਾਲ ॥ ਸਰਨਿ ਨਾਨਕ ਪ੍ਰਭ ਪੁਰਖ ਦਇਆਲ ॥੧੩॥ {ਪੰਨਾ 299}

ਪਦ ਅਰਥ: ਸਲੋਕੁ: ਤੀਨਿ = ਤਿੰਨ। ਤੀਨਿ ਗੁਣਾ ਮਹਿ = (ਮਾਇਆ ਦੇ ਤਮੋ ਰਜੋ ਸਤੋ) ਤਿੰਨ ਗੁਣਾਂ ਵਿਚ। ਬਿਆਪਿਆ = ਦਬਿਆ ਹੋਇਆ। ਕਾਮ = ਕਾਮਨਾ, ਵਾਸਨਾ। ਪਤਿਤ ਉਧਾਰਣੁ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ। ਮਨਿ = ਮਨ ਵਿਚ। ਛੁਟੈ = (ਮਾਇਆ ਦੇ ਪੰਜੇ ਤੋਂ) ਬਚਦਾ ਹੈ।13।

ਪਉੜੀ: ਤ੍ਰਉਦਸੀ = {ਤ੍ਰਯ ਤੇ ਦਸ} ਤੇਰ੍ਹਵੀਂ ਥਿਤਿ। ਤੀਨਿ ਤਾਪ = ਤਿੰਨ ਕਿਸਮ ਦੇ ਦੁੱਖ। ਅਵਤਾਰ = ਜਨਮ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹਰਖ = ਖ਼ੁਸ਼ੀ। ਸੋਗ = ਗ਼ਮੀ। ਦੇਹੁ = ਪਿੰਡ। ਕਰਿ = ਕਰ ਕੇ, ਬਣਾ ਕੇ। ਬਾਧਿਓ = ਬੰਨ੍ਹਿਆ ਹੈ, ਵਸਾਇਆ ਹੋਇਆ ਹੈ। ਆਸਾਧਿਓ = ਅਸਾਧ, ਕਾਬੂ ਵਿਚ ਨਾਹ ਆ ਸਕਣ ਵਾਲਾ। ਦਿਨਹਿ = ਦਿਨ ਵੇਲੇ। ਸ੍ਰਮੁ = ਥਕੇਵਾਂ। ਨੈਨੀ = ਅੱਖਾਂ ਵਿਚ।13।

ਅਰਥ: ਸਲੋਕੁ: ਜਗਤ ਮਾਇਆ ਦੇ ਤਿੰਨ ਗੁਣਾਂ ਦੇ ਦਬਾਉ ਹੇਠ ਆਇਆ ਰਹਿੰਦਾ ਹੈ (ਇਸ ਵਾਸਤੇ ਕਦੇ ਭੀ ਇਸ ਦੀਆਂ) ਵਾਸਨਾ ਪੂਰੀਆਂ ਨਹੀਂ ਹੁੰਦੀਆਂ। ਹੇ ਨਾਨਕ! ਉਹ ਮਨੁੱਖ (ਇਸ ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰਦਾ ਹੈ ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖਾਂ ਨੂੰ ਵਿਕਾਰਾਂ ਵਿਚੋਂ ਬਚਾਣ ਦੀ ਸਮਰੱਥਾ ਵਾਲਾ ਹੈ।13।

ਪਉੜੀ: (ਹੇ ਭਾਈ!) ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚੰਬੜੇ ਰਹਿੰਦੇ ਹਨ (ਜਿਸ ਕਰਕੇ ਇਹ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਦੁੱਖਾਂ ਵਿਚ ਹੀ ਜੰਮਦਾ ਰਹਿੰਦਾ ਹੈ। (ਤਿੰਨ ਤਾਪਾਂ ਦੇ ਕਾਰਨ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਭਜਨ ਨਹੀਂ ਟਿਕਦਾ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਭੀ ਮਨੁੱਖ ਸੁਖਾਂ-ਦੇ-ਸਮੁੰਦਰ ਪ੍ਰਭੂ ਦੀ ਸਿਫ਼ਿਤ-ਸਾਲਾਹ ਨਹੀਂ ਕਰਦਾ। ਮਨੁੱਖ ਆਪਣੇ ਆਪ ਨੂੰ ਖ਼ੁਸ਼ੀ ਗ਼ਮੀ ਦਾ ਪਿੰਡ ਬਣਾ ਕੇ ਵਸਾਈ ਬੈਠਾ ਹੈ, ਇਸ ਨੂੰ ਮਾਇਆ (ਦੇ ਮੋਹ) ਦਾ ਅਜੇਹਾ ਲੰਮਾ ਰੋਗ ਚੰਬੜਿਆ ਹੋਇਆ ਹੈ ਜੋ ਕਾਬੂ ਵਿਚ ਨਹੀਂ ਆ ਸਕਦਾ। (ਤਿੰਨਾਂ ਤਾਪਾਂ ਦੇ ਅਸਰ ਹੇਠ ਮਨੁੱਖ) ਸਾਰਾ ਦਿਨ ਵਿਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ, (ਰਾਤ ਨੂੰ ਜਦੋਂ) ਅੱਖਾਂ ਵਿਚ ਨੀਂਦ (ਆਉਂਦੀ ਹੈ, ਤਦੋਂ) ਸੁਪਨਿਆਂ ਵਿਚ ਭੀ (ਦਿਨ ਵੇਲੇ ਦੀ ਦੌੜ-ਭੱਜ ਦੀਆਂ) ਗੱਲਾਂ ਕਰਦਾ ਹੈ। ਪਰਮਾਤਮਾ ਨੂੰ ਭੁਲਾ ਦੇਣ ਦੇ ਕਾਰਨ ਮਨੁੱਖ ਦਾ ਇਹ ਹਾਲ ਹੁੰਦਾ ਹੈ।

ਹੇ ਨਾਨਕ! (ਆਖ– ਜੇ ਇਸ ਦੁਖਦਾਈ ਹਾਲਤ ਤੋਂ ਬਚਣਾ ਹੈ, ਤਾਂ) ਦਇਆ ਦੇ ਸੋਮੇ ਅਕਾਲ ਪੁਰਖ ਪ੍ਰਭੂ ਦੀ ਸਰਨ ਪਉ।13।

ਸਲੋਕੁ ॥ ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥ ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥੧੪॥ ਪਉੜੀ ॥ ਚਉਦਹਿ ਚਾਰਿ ਕੁੰਟ ਪ੍ਰਭ ਆਪ ॥ ਸਗਲ ਭਵਨ ਪੂਰਨ ਪਰਤਾਪ ॥ ਦਸੇ ਦਿਸਾ ਰਵਿਆ ਪ੍ਰਭੁ ਏਕੁ ॥ ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ ॥ ਜਲ ਥਲ ਬਨ ਪਰਬਤ ਪਾਤਾਲ ॥ ਪਰਮੇਸ੍ਵਰ ਤਹ ਬਸਹਿ ਦਇਆਲ ॥ ਸੂਖਮ ਅਸਥੂਲ ਸਗਲ ਭਗਵਾਨ ॥ ਨਾਨਕ ਗੁਰਮੁਖਿ ਬ੍ਰਹਮੁ ਪਛਾਨ ॥੧੪॥ {ਪੰਨਾ 299}

ਪਦ ਅਰਥ: ਕੁੰਟ = ਕੂਟ, ਪਾਸੇ। ਚਉਦਹ ਭਵਨ = ਸੱਤ ਆਕਾਸ਼ ਤੇ ਸੱਤ ਪਾਤਾਲ। ਸਗਲ = ਸਭਨਾਂ ਵਿਚ। ਬਿਆਪਤ = ਮੌਜੂਦ ਹੈ, ਵੱਸ ਰਿਹਾ ਹੈ। ਊਨ-ਘਾਟ, ਕਮੀ। ਤਾ ਕੇ = ਉਸ (ਪਰਮਾਤਮਾ) ਦੇ।14।

ਪਉੜੀ: ਚਉਦਹਿ = {ਚਉ = ਚਾਰ। ਦਹ = ਦਸ} ਚੌਧਵੀਂ ਥਿਤਿ। ਪਰਤਾਪ = ਤੇਜ, ਤਾਕਤ। ਦਸੇ ਦਿਸਾ = ਚਾਰ ਪਾਸੇ, ਚਾਰ ਗੁਠਾਂ, ਉਪਰ ਤੇ ਹੇਠ। ਧਰਨਿ = ਧਰਤੀ। ਪੇਖੁ = ਵੇਖੋ। ਥਲ = ਧਰਤੀ। ਬਨ = ਜੰਗਲ। ਪਰਬਤ = ਪਹਾੜ। ਤਹ = ਉਥੇ, ਉਹਨਾਂ ਵਿਚ। ਸੂਖਮ = ਅਦ੍ਰਿਸ਼ਟ। ਅਸਥੂਲ = ਦਿੱਸਦਾ ਸੰਸਾਰ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।14।

ਅਰਥ: ਸਲੋਕੁ: ਚਾਰ ਪਾਸੇ ਤੇ ਚੌਦਾਂ ਲੋਕ = ਸਭਨਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ। ਹੇ ਨਾਨਕ! (ਉਸ ਪਰਮਾਤਮਾ ਦੇ ਭੰਡਾਰਿਆਂ ਵਿਚ) ਕੋਈ ਕਮੀ ਨਹੀਂ ਵੇਖੀ ਜਾਂਦੀ, ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ।14।

ਪਉੜੀ: ਚੌਂਹੀਂ ਪਾਸੀਂ ਪਰਮਾਤਮਾ ਆਪ ਵੱਸ ਰਿਹਾ ਹੈ, ਸਾਰੇ ਭਵਨਾਂ ਵਿਚ ਉਸ ਦਾ ਤੇਜ-ਪਰਤਾਪ ਚਮਕਦਾ ਹੈ। ਸਿਰਫ਼ ਇਕ ਪ੍ਰਭੂ ਹੀ ਦਸੀਂ ਪਾਸੀਂ ਵੱਸਦਾ ਹੈ। (ਹੇ ਭਾਈ!) ਧਰਤੀ ਆਕਾਸ਼ ਸਭ ਵਿਚ ਵੱਸਦਾ ਪਰਮਾਤਮਾ ਵੇਖੋ। ਪਾਣੀ, ਧਰਤੀ, ਜੰਗਲ, ਪਹਾੜ, ਪਾਤਾਲ = ਇਹਨਾਂ ਸਭਨਾਂ ਵਿਚ ਹੀ ਦਇਆ-ਦੇ-ਘਰ ਪ੍ਰਭੂ ਜੀ ਵੱਸ ਰਹੇ ਹਨ। ਅਣਦਿੱਸਦੇ ਤੇ ਦਿੱਸਦੇ ਸਾਰੇ ਹੀ ਜਗਤ ਵਿਚ ਭਗਵਾਨ ਮੌਜੂਦ ਹੈ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਨੂੰ (ਸਭ ਥਾਂ ਵੱਸਦਾ) ਪਛਾਣ ਲੈਂਦਾ ਹੈ।14।

TOP OF PAGE

Sri Guru Granth Darpan, by Professor Sahib Singh