ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 300

ਸਲੋਕੁ ॥ ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥ ਪਉੜੀ ॥ ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥ ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥ ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥ ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥ ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥ ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥ ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥ {ਪੰਨਾ 300}

ਪਦ ਅਰਥ: ਸਲੋਕੁ: ਆਤਮੁ = ਆਪਣੇ ਆਪ ਨੂੰ। ਗੁਰਮਤੀ = ਗੁਰੂ ਦੀ ਸਿੱਖਿਆ ਨਾਲ। ਸੰਤ ਪ੍ਰਸਾਦੀ = ਸੰਤ ਪ੍ਰਸਾਦਿ, ਗੁਰੂ ਦੀ ਕਿਰਪਾ ਨਾਲ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਚਿੰਦ = ਚਿੰਤਾ, ਫ਼ਿਕਰ।15।

ਪਉੜੀ: ਅਮਾਵਸਿ = ਮੱਸਿਆ, ਜਿਸ ਰਾਤ ਚੰਦ ਬਿਲਕੁਲ ਨਹੀਂ ਦਿੱਸਦਾ। ਸੀਤਲੁ = ਠੰਢਾ। ਸਹਜ = ਆਤਮਕ ਅਡੋਲਤਾ। ਤਾ ਕੇ = ਉਸ ਦੇ। ਦੁਰਮਤਿ = ਭੈੜੀ ਮਤਿ। ਕੋ = ਦਾ। ਗਹੀ = ਫੜੀ। ਆਵਾ ਗਵਨ = ਆਉਣਾ ਜਾਣਾ, ਜਨਮ ਮਰਨ। ਕੁਟੰਬ ਸਿਉ = ਪਰਵਾਰ ਸਮੇਤ। ਰਵਨ = ਸਿਮਰਨ (ਨਾਲ) । ਤੇ = ਤੋਂ, ਪਾਸੋਂ। ਸੁਖ ਬਿਸ੍ਰਾਮ = ਸੁਖਾਂ-ਦਾ-ਟਿਕਾਣਾ ਪਰਮਾਤਮਾ।15।

ਅਰਥ: ਸਲੋਕੁ: ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਆਪਣੇ ਆਪ ਨੂੰ (ਆਪਣੇ ਮਨ ਨੂੰ) ਵੱਸ ਵਿਚ ਕੀਤਾ ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਗੁਰੂ ਦੀ ਕਿਰਪਾ ਨਾਲ ਉਸ ਦੇ ਸਾਰੇ ਡਰ ਦੂਰ ਹੋ ਗਏ ਅਤੇ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਨਾਸ ਹੋ ਗਿਆ।15।

ਪਉੜੀ: (ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖ਼ਸ਼ਿਆ ਉਸ ਦਾ ਆਤਮਾ ਸੁੱਖੀ ਹੋ ਗਿਆ, (ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।

(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆਂ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ, ਉਸ ਦੀ ਖੋਟੀ ਮਤਿ ਮੁੱਕ ਜਾਂਦੀ ਹੈ ਤੇ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।

(ਹੇ ਭਾਈ!) ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ। ਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

(ਹੇ ਭਾਈ!) ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ।15।

ਸਲੋਕੁ ॥ ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥ ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥ ਪਉੜੀ ॥ ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥ ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥ ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ ॥ ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥ ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥ ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ ॥ ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥ ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥ {ਪੰਨਾ 300}

ਪਦ ਅਰਥ: ਸਲੋਕੁ: ਪੂਰਨ = ਉਕਾਈ-ਹੀਣ ਜੀਵਨ ਵਾਲਾ। ਪ੍ਰਭ ਆਪਿ = ਪ੍ਰਭੂ ਨੇ ਆਪ। ਦਿਨੁ ਦਿਨੁ = ਦਿਨੋ ਦਿਨ। ਚੜੈ ਸਵਾਇਆ = ਵਧਦਾ ਹੈ, ਆਤਮਕ ਜੀਵਨ ਵਿਚ ਚਮਕਦਾ ਹੈ। ਘਾਟਿ = (ਆਤਮਕ ਜੀਵਨ ਵਿਚ) ਕਮੀ। 16।

ਪਉੜੀ: ਪੂਰਨਮਾ = ਪੂਰਨਮਾਸੀ, ਜਿਸ ਰਾਤ ਚੰਦ ਮੁਕੰਮਲ ਹੁੰਦਾ ਹੈ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਜਾ ਕਾ = ਜਿਸ ਦਾ। ਨਿਧਾਨ = ਖ਼ਜ਼ਾਨਾ। ਗੁਰ = ਵੱਡਾ। ਅੰਤਰਜਾਮੀ = (ਹਰੇਕ ਦੇ) ਅੰਦਰ ਦੀ ਜਾਣਨ ਵਾਲਾ। ਸੁਜਾਨੁ = ਸਿਆਣਾ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿੰਰਜਨ = {ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ}। ਸਭ ਬਿਧਿ = ਹਰੇਕ ਢੰਗ। ਸਰਨਿ ਜੋਗੁ = ਸਰਨ ਆਏ ਦੀ ਸਹਾਇਤਾ ਕਰਨ ਜੋਗਾ। ਅਕਬ = ਜਿਨ੍ਹਾਂ ਨੂੰ ਬਿਆਨ ਨਾਹ ਕੀਤਾ ਜਾ ਸਕੇ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। 16।

ਅਰਥ: ਸਲੋਕੁ: ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ, ਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ, ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ। 16।

ਪਉੜੀ: ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ। ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ।

ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ। ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

(ਹੇ ਭਾਈ!) ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ, ਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ– ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ।

ਹੇ ਨਾਨਕ! ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ। ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ। 16।

ਸਲੋਕੁ ॥ ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥ ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥ {ਪੰਨਾ 300}

ਪਦ ਅਰਥ: ਬਿਨਸੇ = ਨਾਸ ਹੋ ਗਏ। ਸਹਸਾ = ਸਹਮ। ਗਹੀ = ਫੜੀ। ਹਰਿ ਰਾਇ = ਪ੍ਰਭੂ ਪਾਤਿਸ਼ਾਹ। ਮਨਿ = ਮਨ ਵਿਚ। ਚਿੰਦੇ = ਚਿਤਵੇ ਹੋਏ। ਨਾਨਕ = ਹੇ ਨਾਨਕ! ਗਾਇ = ਗਾ ਕੇ।

ਅਰਥ: ਹੇ ਨਾਨਕ! (ਜਿਸ ਮਨੁੱਖ ਨੇ) ਪ੍ਰਭੂ ਪਾਤਿਸ਼ਾਹ ਦਾ ਆਸਰਾ ਲਿਆ, (ਉਸ ਦੇ) ਸਾਰੇ ਦੁੱਖ ਨਾਸ ਹੋ ਗਏ, (ਉਸ ਦੇ ਅੰਦਰੋਂ ਹਰੇਕ ਕਿਸਮ ਦਾ) ਸਹਮ ਦੂਰ ਹੋ ਗਿਆ। ਪਰਮਾਤਮਾ ਦੇ ਗੁਣ ਗਾ ਕੇ (ਉਸ ਨੇ ਆਪਣੇ) ਮਨ ਵਿਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ। 17।

ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ {ਪੰਨਾ 300}

ਪਦ ਅਰਥ: ਕੋਈ = ਜਿਹੜਾ ਕੋਈ ਮਨੁੱਖ। ਕੋ = ਜਿਹੜਾ ਕੋਈ ਮਨੁੱਖ। ਬੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ। ਉਪਦੇਸੈ = ਹੋਰਨਾਂ ਨੂੰ ਉਪਦੇਸ਼ ਕਰਦਾ ਹੈ। ਦ੍ਰਿੜੈ = (ਆਪਣੇ ਮਨ ਵਿਚ) ਪੱਕਾ ਕਰਦਾ ਹੈ। ਤਿਸ ਕਾ = {ਲਫ਼ਜ਼ 'ਤਿਸ' ਦਾ ਅਖ਼ੀਰਲਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਉਧਾਰੁ = (ਪਾਪਾਂ, ਕਿਲਬਿਖਾਂ ਤੋਂ) ਬਚਾਉ। ਕਿਲਬਿਖ = ਪਾਪ। ਕਾਟੈ = ਕੱਟ ਲੈਂਦਾ ਹੈ। ਨਿਰਮਲਾ = ਪਵਿਤ੍ਰ (ਜੀਵਨ ਵਾਲਾ) । ਮਲੁ = (ਕੀਤੇ ਵਿਕਾਰਾਂ ਦੀ) ਮੈਲ। ਜਾਇ = ਦੂਰ ਹੋ ਜਾਂਦੀ ਹੈ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਰੌਸ਼ਨ। ਪੋਹੈ– ਆਪਣਾ ਜ਼ੋਰ ਪਾ ਸਕਦੀ। ਮਾਇ = ਮਾਇਆ।

ਅਰਥ: ਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣ) ਗਾਂਦਾ ਹੈ, ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਦਾ ਹੈ, ਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ ਆਪਣੇ) ਮਨ ਵਿੱਚ ਵਸਾਂਦਾ ਹੈ, ਜੇਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਹੋਰਨਾਂ ਨੂੰ) ਉਪਦੇਸ਼ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤਿ-ਸਾਲਾਹ ਨੂੰ ਆਪਣੇ ਮਨ ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ। ਉਹ ਮਨੁੱਖ (ਆਪਣੇ ਅੰਦਰੋਂ) ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ (ਦੇ ਕੀਤੇ ਹੋਏ ਵਿਕਾਰਾਂ) ਦੀ ਮੈਲ (ਉਸ ਦੇ ਅੰਦਰੋਂ) ਦੂਰ ਹੋ ਜਾਂਦੀ ਹੈ। ਇਸ ਲੋਕ ਵਿਚ (ਭੀ ਉਸ ਦਾ) ਮੂੰਹ ਰੌਸ਼ਨ ਰਹਿੰਦਾ ਹੈ (ਕਿਉਂਕਿ) ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।

ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥ ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥ ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥ {ਪੰਨਾ 300}

ਪਦ ਅਰਥ: ਸੁਰਤਾ = ਜਿਸ ਨੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੋਈ ਹੈ। ਬੈਸਨੋ = ਸੁੱਚੇ ਆਚਰਨ ਵਾਲਾ ਭਗਤ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ। ਸੂਰਾ = (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ) ਸੂਰਮਾ। ਕੁਲਵੰਤੁ = ਉੱਚੀ ਕੁਲ ਵਾਲਾ। ਜਿਨਿ = ਜਿਸ (ਮਨੁੱਖ ਨੇ) । ਭਗਵੰਤੁ = ਭਗਵਾਨ। ਸੂਦੁ = ਸ਼ੂਦਰ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਿਮਰਿ = ਸਿਮਰ ਕੇ। ਜਾਨਿਓ = ਡੂੰਘੀ ਸਾਂਝ ਪਾਈ। ਤਿਸਹਿ ਰਵਾਲ = ਉਸ ਦੀ ਚਰਨ-ਧੂੜ (ਮੰਗਦਾ ਹੈ) ।

ਅਰਥ: (ਹੇ ਭਾਈ!) ਜਿਸ (ਮਨੁੱਖ) ਨੇ ਭਗਵਾਨ ਦਾ ਭਜਨ ਕੀਤਾ ਹੈ, ਉਹੀ ਉੱਚੀ ਕੁਲ ਵਾਲਾ ਹੈ; ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ ਅਸਲ) ਸੂਰਮਾ ਹੈ; ਉਹ (ਅਸਲ) ਧਨਾਢ ਹੈ; ਉਹ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਉਹ ਸੁੱਚੇ ਆਚਰਨ ਵਾਲਾ ਹੈ; ਉਹ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਣ ਵਾਲਾ ਹੈ।

(ਹੇ ਭਾਈ! ਕੋਈ) ਖੱਤਰੀ (ਹੋਵੇ, ਕੋਈ) ਬ੍ਰਾਹਮਣ (ਹੋਵੇ; ਕੋਈ) ਸ਼ੂਦਰ (ਹੋਵੇ; ਕੋਈ) ਵੈਸ਼ (ਹੋਵੇ; ਕੋਈ) ਚੰਡਾਲ (ਹੋਵੇ; ਕਿਸੇ ਭੀ ਵਰਨ ਦਾ ਹੋਵੇ; ਪਰਮਾਤਮਾ ਦਾ ਨਾਮ) ਸਿਮਰ ਕੇ (ਉਹ ਵਿਕਾਰਾਂ ਤੋਂ) ਬਚ ਜਾਂਦਾ ਹੈ। ਜਿਸ (ਭੀ ਮਨੁੱਖ) ਨੇ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ (ਮੰਗਦਾ ਹੈ) । 17।

ਗਉੜੀ ਕੀ ਵਾਰ ਮਹਲਾ 4

ਵਾਰ ਦਾ ਭਾਵ

ਪਉੜੀ-ਵਾਰ:

1. ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਕਾਰ ਕਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

2. ਜੋ ਮਨੁੱਖ ਇਕ-ਮਨ ਹੋ ਕੇ ਨਾਮ ਸਿਮਰਦੇ ਹਨ; ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਰਨ।

3. ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ ਮਨੁੱਖ ਨੂੰ ਇਹ ਯਕੀਨ ਬਣਦਾ ਜਾਂਦਾ ਹੈ ਕਿ ਪ੍ਰਭੂ ਸਿਰ ਉਤੇ ਰਾਖਾ ਹੈ, ਸਭ ਕੁਝ ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ। ਇਸ ਸ਼ਰਧਾ ਦੇ ਬਣਿਆਂ ਮਨੁੱਖ ਦੇ ਚਿੰਤਾ-ਝੋਰੇ ਨਾਸ ਹੋ ਜਾਂਦੇ ਹਨ।

4. ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਿਆਂ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਜਗਤ ਦਾ ਪ੍ਰਬੰਧ ਚਲਾਣ ਵਿਚ ਕੋਈ ਉਕਾਈ ਨਹੀਂ ਖਾਂਦਾ, ਜੋ ਕੁਝ ਕਰਦਾ ਹੈ ਜੀਵਾਂ ਦੇ ਭਲੇ ਲਈ ਕਰਦਾ ਹੈ। ਇਸ ਤਰ੍ਹਾਂ ਬੰਦਗੀ ਕਰਨ ਵਾਲੇ ਦੇ ਸਾਰੇ ਦੁੱਖ ਤੇ ਝੋਰੇ ਮਿਟ ਜਾਂਦੇ ਹਨ।

5. ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਉਂ ਜਿਉਂ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਉਸ ਨੂੰ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਇਸ ਪਿਆਰ ਦੀ ਖਿੱਚ ਨਾਲ ਉਹ ਪ੍ਰਭੂ ਵਿਚ ਆਪਾ ਲੀਨ ਕਰ ਦੇਂਦਾ ਹੈ।

6. ਨਾਮ ਸਿਮਰਨ ਦੀ ਬਰਕਤਿ ਨਾਲ ਮਨੁੱਖ ਨੂੰ ਮੌਤ ਦਾ ਡਰ ਨਹੀਂ ਪੋਹ ਸਕਦਾ, ਤੇ ਉਹ ਸਦਾ ਖਿੜੇ ਮੱਥੇ ਹੀ ਰਹਿੰਦਾ ਹੈ, ਪਰ ਜਿਸ ਦੇ ਅੰਦਰ ਨਿਰੀ ਮਾਇਆ ਦੀ ਲਗਨ ਹੈ, ਉਹਦੇ ਮਨ ਵਿਚ ਕੂੜ ਕਪਟ ਹੋਣ ਕਰਕੇ ਉਸ ਦਾ ਚਿਹਰਾ ਭਰਿਸ਼ਟਿਆ ਰਹਿੰਦਾ ਹੈ।

7. ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨੁੱਖ ਦੇ ਪਿਛਲੇ ਔਗੁਣ ਸੁਤੇ ਹੀ ਦੂਰ ਹੋ ਜਾਂਦੇ ਹਨ, ਕੋਈ ਖ਼ਾਸ ਉਚੇਚ ਨਹੀਂ ਕਰਨਾ ਪੈਂਦਾ।

8. ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪਰਮਾਤਮਾ ਮਿਲਦਾ ਹੈ, ਕਿਉਂਕਿ ਪੰਜੇ ਕਾਮਾਦਿਕਾਂ ਨੂੰ ਵੱਸ ਕਰਨ ਕਰਕੇ ਗੁਰੂ ਤੇ ਪਰਮਾਤਮਾ ਇੱਕ-ਰੂਪ ਹਨ। ਜੋ ਮਨੁੱਖ ਗੁਰੂ ਦੀ ਸ਼ਰਨ ਪੈਣ ਦੇ ਥਾਂ ਆਪਣੇ ਆਪ ਨੂੰ ਵੱਡਾ ਅਖਵਾਂਦੇ ਹਨ, ਉਹਨਾਂ ਭਰਿਸ਼ਟਿਆਂ ਹੋਇਆਂ ਨੂੰ ਸਦਾ ਫਿਟਕਾਰਾਂ ਹੀ ਪੈਂਦੀਆਂ ਹਨ।

9. ਪੂਰੇ ਸਤਿਗੁਰੂ ਦੀ ਬਾਣੀ ਤਾਂ 'ਸਤਿ ਸਰੂਪ' ਹੈ, ਇਸ ਬਾਣੀ ਦਾ ਆਸਰਾ ਲੈ ਕੇ 'ਸਤਿ ਸਰੂਪ' ਹੀ ਬਣ ਜਾਈਦਾ ਹੈ। ਪਰ ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਮਨੁੱਖ ਗੁਰੂ ਦੀ ਰੀਸ ਕਰ ਕੇ 'ਕਚੁ ਪਿਚੁ' ਬੋਲਦੇ ਹਨ, ਉਹਨਾਂ ਦਾ ਪਾਜ ਖੁਲ੍ਹ ਜਾਂਦਾ ਹੈ, ਕਿਉਂਕਿ ਉਹ ਤਾਂ ਮਾਇਆ ਦੀ ਖ਼ਾਤਰ ਹੀ ਝਖਾਂ ਮਰਦੇ ਹਨ।

10. ਤੇ, ਜੋ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਹੋਰ ਪਾਸੇ ਮਾਇਆ ਆਦਿਕ ਵਿਚ ਚਿੱਤ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ। ਉਹਨਾਂ ਦੀ ਕੋਈ ਪਾਂਇਆਂ ਨਹੀਂ, ਓਹ ਮੂਰਖ ਖ਼ੁਆਰ ਹੀ ਹੁੰਦੇ ਹਨ।

11. ਬੜੇ ਵਿਰਲੇ ਹਨ ਉਹ ਜੋ ਇਕ-ਮਨ ਹੋ ਕੇ ਨਾਮ ਸਿਮਰਦੇ ਹਨ, ਉਹਨਾਂ ਦਾ ਆਸਰਾ ਲੈ ਕੇ ਹੋਰ ਭੀ ਤਰ ਜਾਂਦੇ ਹਨ। ਪਰ ਜਿਨ੍ਹਾਂ ਨੂੰ ਨਿਰਾ ਖਾਣ ਪੀਣ ਪਹਿਨਣ ਦਾ ਚਸਕਾ ਹੈ, ਉਹ ਕੋਹੜ ਦੇ ਮਾਰੇ ਹੋਏ ਸਾਹਮਣੇ ਤਾਂ ਮਿੱਠੀਆਂ ਗੱਲਾਂ ਕਰਦੇ ਹਨ, ਪਰ ਪਿਛੋਂ ਰੱਜ ਕੇ ਨਿੰਦਾ ਕਰਦੇ ਹਨ, ਅਜੇਹੇ ਖੋਟੇ ਬੰਦੇ ਰੱਬ ਤੋਂ ਦੂਰ ਵਿੱਛੜੇ ਪਏ ਹਨ।

12. ਪ੍ਰਭੂ ਦੀ ਬੰਦਗੀ ਕਰਨ ਵਾਲੇ ਸੰਤ-ਜਨ ਤਾਂ ਸਾਰੇ ਜਗਤ ਵਿਚ ਸੋਭਾ ਪਾਂਦੇ ਹਨ। ਪਰ ਜੋ ਮੂਰਖ ਉਹਨਾਂ ਨਾਲ ਵੈਰ ਬਣਾ ਲੈਂਦੇ ਹਨ, ਉਹ ਕਦੇ ਸੁਖੀ ਨਹੀਂ ਹੁੰਦੇ, ਨਿਰਵੈਰ ਨਾਲ ਵੈਰ ਕਰਦੇ ਹਨ, ਅਹੰਕਾਰ ਤੇ ਈਰਖਾ ਦੀ ਅੱਗ ਵਿਚ ਸੜਦੇ ਹਨ। ਅਜੇਹੇ ਬੰਦੇ ਮੁੱਢੋਂ ਵੱਢੇ ਹੋਏ ਰੁੱਖ ਵਾਂਗ ਹਨ ਜਿਸ ਦੇ ਟਾਹਣੇ ਆਪੇ ਸੁੱਕ ਜਾਂਦੇ ਹਨ। ਇਹਨਾਂ ਗੁਰ-ਨਿੰਦਕਾਂ ਦੇ ਅੰਦਰ ਭੀ ਕੋਈ ਗੁਣ ਮੌਲ ਨਹੀਂ ਸਕਦਾ।

13. ਜ਼ਿੰਦਗੀ ਦੇ ਸਫ਼ਰ ਵਿਚ ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ-ਰੂਪ ਰਾਹਦਾਰੀ ਹੈ, ਉਹਨਾਂ ਦੇ ਰਾਹ ਵਿਚ ਕਾਮਾਦਿਕ ਵਿਕਾਰ ਰੋਕ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦਾ ਤਾਣ-ਤਕੀਆ ਹੁੰਦਾ ਹੈ ਪਰ ਇਹ ਦਾਤਿ ਸਤਿਗੁਰੂ ਤੋਂ ਹੀ ਮਿਲਦੀ ਹੈ।

14. ਇਹ ਜਗਤ, ਮਾਨੋ, ਵਪਾਰ ਦੀ ਮੰਡੀ ਹੈ, ਪਰਮਾਤਮਾ-ਸ਼ਾਹ ਨੇ ਜੀਵਾਂ ਨੂੰ ਏਥੇ ਵਣਜ ਕਰਨ ਭੇਜਿਆ ਹੈ। ਜੋ ਮਨੁੱਖ ਪ੍ਰਭੂ ਦੇ ਨਾਮ ਤੇ ਸਿਫ਼ਤਿ-ਸਾਲਾਹ ਦਾ ਵਪਾਰ ਕਰਦੇ ਹਨ ਉਹ ਸੁਰਖ਼ਰੂ ਹੋ ਕੇ ਉਸ ਪਾਸ ਅੱਪੜਦੇ ਹਨ ਪਰ ਇਹ ਵਪਾਰ ਸਤਿਗੁਰੂ ਦਾ ਆਸਰਾ ਲਿਆਂ ਹੀ ਹੋ ਸਕਦਾ ਹੈ।

15. ਪਰ ਇਹ 'ਨਾਮ'-ਵਪਾਰ ਕਿਤੇ ਬਾਹਰ ਜੰਗਲਾਂ ਵਿਚ ਜਾ ਕੇ ਨਹੀਂ ਕਰਨਾ, ਇਹ ਮੂਰਖਾਂ ਵਾਲੀ ਭਟਕਣਾ ਹੈ। ਇਹ ਮਨੁੱਖਾ-ਸਰੀਰ, ਮਾਨੋ, ਇਕ ਕਿਲ੍ਹਾ ਹੈ ਤੇ ਇਸ ਦੇ ਅੰਦਰ ਹੀ, ਮਾਨੋ, ਬਜ਼ਾਰ ਬਣੇ ਪਏ ਹਨ। ਮਨ ਨੂੰ ਗੁਰੂ ਦੀ ਸਹੈਤਾ ਨਾਲ ਅੰਦਰ ਵਲ ਹੀ ਮੋੜ ਕੇ ਪਰਮਾਤਮਾ ਦੇ ਨਾਮ ਤੇ ਸਿਫ਼ਤਿ-ਸਾਲਾਹ ਰੂਪ ਹੀਰੇ ਮੋਤੀਆਂ ਦਾ ਵਣਜ ਕਰਨਾ ਹੈ।

16. ਇਹ ਮਨੁੱਖਾ-ਸਰੀਰ ਹੀ 'ਧਰਮ' ਕਮਾਣ ਦੀ ਥਾਂ ਹੈ; ਇਸ ਵਿਚ ਮਾਨੋ, ਗੁੱਝੇ ਲਾਲ ਲੁਕੇ ਪਏ ਹਨ। ਜੋ ਮਨੁੱਖ ਸਤਿਗੁਰੂ ਦੀ ਸ਼ਰਨੀ ਪੈਂਦਾ ਹੈ, ਉਸ ਨੂੰ ਇਹ ਲਾਲ ਲੱਭਣ ਦੀ ਜਾਚ ਆ ਜਾਂਦੀ ਹੈ। ਫਿਰ ਜਿਉਂ ਜਿਉਂ ਉਹ ਨਾਮ ਸਿਮਰਦਾ ਹੈ ਉਸ ਨੂੰ ਹਰ ਥਾਂ ਤਾਣੇ-ਪੇਟੇ ਵਾਂਗ ਉਣਿਆ ਪ੍ਰੋਤਾ ਹੋਇਆ ਪਰਮਾਤਮਾ ਦਿੱਸਦਾ ਹੈ।

17. ਗੁਰੂ ਦੀ ਸ਼ਰਨ ਪਿਆਂ, ਗੁਰੂ ਦਾ ਦੀਦਾਰ ਕੀਤਿਆਂ, ਮਨ ਵਿਚ ਹੌਸਲਾ ਪੈਦਾ ਹੋ ਕੇ ਮਨੁੱਖ ਕਾਮਾਦਿਕ ਡਾਕੂਆਂ ਦਾ ਟਾਕਰਾ ਕਰਨ-ਜੋਗਾ ਹੋ ਜਾਂਦਾ ਹੈ, ਕਿਉਂਕਿ ਗੁਰੂ ਆਪ ਆਪਣੇ ਅੰਦਰੋਂ ਇਹਨਾਂ ਕਾਮਾਦਿਕਾਂ ਨੂੰ ਮਾਰ ਮੁਕਾ ਕੇ ਪਰਮਾਤਮਾ ਦਾ ਰੂਪ ਹੋ ਚੁਕਾ ਹੈ। ਗੁਰੂ ਦੇ ਸਨਮੁਖ ਹੋਇਆਂ ਹੀ ਇਹ ਬਾਜ਼ੀ ਜਿੱਤੀ ਜਾ ਸਕਦੀ ਹੈ।

18. ਸਤਿਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਵਿਚ ਸਿਮਰਨ ਦੇ ਆਨੰਦ ਦਾ ਇਤਨਾ ਡੂੰਘਾ ਅਸਰ ਪੈਂਦਾ ਹੈ ਕਿ ਦੁਨੀਆ ਵਾਲੇ ਸਾਰੇ ਸੁਆਦ ਇਸ ਦੇ ਸਾਹਮਣੇ ਫਿੱਕੇ ਜਾਪਦੇ ਹਨ, ਸੋ ਉਹ ਉਹਨਾਂ ਰਸਾਂ ਵਲ ਮੂੰਹ ਨਹੀਂ ਕਰਦਾ। ਉਂਝ ਇਸ ਆਤਮਕ ਆਨੰਦ ਦਾ ਸਰੂਪ ਲਫ਼ਜ਼ਾਂ ਦੀ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਗੁੰਗੇ ਦੇ ਮਿਠਿਆਈ ਖਾਣ ਵਾਂਗ ਹੀ ਹੈ।

19. ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ ਆਪ ਰਾਖਾ ਹੋ ਕੇ ਉਹਨਾਂ ਨੂੰ ਵਿਕਾਰਾਂ ਵਲੋਂ ਬਚਾਂਦਾ ਹੈ ਕਿਉਂਕਿ 'ਤੂੰ, ਤੂੰ' ਕਰਦਿਆਂ ਕਰਦਿਆਂ ਉਹ ਆਪਣੀ 'ਮੈਂ' ਨੂੰ 'ਤੂੰ' ਵਿਚ ਹੀ ਮੁਕਾ ਦੇਂਦੇ ਹਨ। ਪਰ ਬੰਦਗੀ ਤੋਂ ਖੁੰਝੇ ਹੋਏ ਆਪ-ਹੁਦਰੇ ਮਨੁੱਖ ਭਟਕਦੇ ਹਨ ਤੇ ਸ਼ਰਾਬੀਆਂ ਵਾਂਗ ਊਲ-ਜਲੂਲ ਬੋਲਦੇ ਹਨ।

20. ਜਿਉਂ ਜਿਉਂ ਸਿਫ਼ਤਿ-ਸਾਲਾਹ ਵਿਚ ਮਨ ਭਿੱਜਦਾ ਹੈ, ਸਿਮਰਨ ਵਲ ਹੋਰ ਵਧੀਕ ਖਿੱਚ ਬਣਦੀ ਜਾਂਦੀ ਹੈ, ਇਥੋਂ ਤਕ ਕਿ ਦੁਨੀਆਵੀ ਰਸ ਇੰਦ੍ਰਿਆਂ ਨੂੰ ਆਪਣੇ ਪਾਸੇ ਖਿੱਚ ਹੀ ਨਹੀਂ ਸਕਦੇ, ਐਸੇ ਮਨੁੱਖ ਲੋਕ ਪਰਲੋਕ ਦੋਹੀਂ ਥਾਈਂ 'ਸ਼ਾਬਾਸ਼ੇ' ਖੱਟਦੇ ਹਨ।

21. ਸਿਮਰਨ ਕਰਦਿਆਂ ਕਰਦਿਆਂ ਉਹਨਾਂ ਦਾ ਪਰਮਾਤਮਾ ਨਾਲ ਇਤਨਾ ਪਿਆਰ ਬਣ ਜਾਂਦਾ ਹੈ ਕਿ ਉਹ ਸੁੱਤੇ ਜਾਗਦੇ ਹਰ ਵੇਲੇ ਉਸ ਦੀ ਯਾਦ ਵਿਚ ਮਸਤ ਰਹਿੰਦੇ ਹਨ, ਇਹ ਪਿਆਰ ਕਦੇ ਭੀ ਫਿੱਕਾ ਨਹੀਂ ਪੈਂਦਾ। ਇਸ ਵਿੱਚ ਸ਼ੱਕ ਨਹੀਂ ਕਿ ਅਜੇਹੇ ਉਚੇ ਪਿਆਰ ਵਾਲੇ ਬੰਦੇ ਹੁੰਦੇ ਵਿਰਲੇ ਵਿਰਲੇ ਹੀ ਹਨ।

22. ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਤੇ ਪਰਮਾਤਮਾ ਦੀ ਭਾਲ ਕਰਦਾ ਹੈ, ਉਸ ਨੂੰ ਆਪਣੇ ਅੰਦਰੋਂ ਹੀ ਪ੍ਰਭੂ ਲੱਭ ਪੈਂਦਾ ਹੈ, ਉਸ ਦਾ ਮੌਤ ਦਾ ਡਰ ਭੀ ਮੁੱਕ ਜਾਂਦਾ ਹੈ, ਕਿਉਂਕਿ ਉਹ ਆਪਣਾ ਆਪ ਪਰਮਾਤਮਾ ਨਾਲ ਇਕ-ਮਿਕ ਕਰ ਲੈਂਦਾ ਹੈ।

23. ਜਿਉਂ ਜਿਉਂ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਉਸ ਨੂੰ ਪ੍ਰਭੂ ਦੀਆਂ ਵਡਿਆਈਆਂ ਪ੍ਰਤੱਖ ਤੌਰ ਤੇ ਉਸ ਦੀ ਬਣਾਈ ਹੋਈ ਕੁਦਰਤ ਵਿਚ ਦਿੱਸ ਪੈਂਦੀਆਂ ਹਨ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਸ ਮਨੁੱਖ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

24. ਸਭ ਜੀਵਾਂ ਦੇ ਅੰਦਰ, ਮਾਇਆ ਦੇ ਪ੍ਰਭਾਵ ਦੇ ਕਾਰਨ, ਚਿੰਤਾ ਆਦਿਕ ਦੇ ਫੁਰਨੇ ਉਠਦੇ ਰਹਿੰਦੇ ਹਨ। ਪਰ ਜੋ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਕਰਦੇ ਹਨ ਉਹਨਾਂ ਨੂੰ ਹਰ ਥਾਂ ਪ੍ਰਭੂ ਦੇ ਕੀਤੇ ਚੋਜ ਦਿੱਸਦੇ ਹਨ, ਇਸ ਲਈ ਮਾਇਆ ਦਾ ਕੋਈ ਅਡੰਬਰ ਉਹਨਾਂ ਨੂੰ ਪ੍ਰਭੂ ਦੀ ਯਾਦ ਵਲੋਂ ਥਿੜਕਾ ਨਹੀਂ ਸਕਦਾ।

25. ਜੋ ਮਨੁੱਖ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣ ਕੇ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ, ਉਸ ਦਾ ਚਿਹਰਾ ਖਿੜ ਆਉਂਦਾ ਹੈ। ਇਹ ਰਸਤਾ ਨਿਰਾਲਾ ਹੀ ਜਾਪਦਾ ਹੈ ਪਰ ਇਹ ਸੱਚ ਹੈ ਕਿ ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ ਪਰਮਾਤਮਾ ਦੇ ਪਿਆਰ ਵਿਚ ਭਿੱਜ ਸਕਦਾ ਹੈ।

26. ਪਰ ਜਿਨ੍ਹਾਂ ਮਨੁੱਖਾਂ ਦਾ ਮਨ ਮਾਇਆ ਵਿਚ ਪਤੀਜਿਆ ਹੋਇਆ ਹੈ, ਉਹਨਾਂ ਦੇ ਪਾਸ ਆਉਣ ਦਾ ਸੁਆਦ ਨਹੀਂ ਆਉਂਦਾ ਕਿਉਂਕਿ ਸੱਚ ਤੇ ਕੂੜ ਦਾ ਮੇਲ ਨਹੀਂ ਹੋ ਸਕਦਾ, ਕੂੜ ਦੇ ਵਣਜਾਰੇ ਕੂੜ ਦੇ ਵਪਾਰੀਆਂ ਪਾਸ ਹੀ ਜਾਣਾ ਪਸੰਦ ਕਰਦੇ ਹਨ।

27. ਚੋਰ ਰਾਤ ਦੇ ਹਨੇਰੇ ਵਿਚ ਇਹ ਸਮਝ ਕੇ ਕਿ ਹੁਣ ਕੋਈ ਨਹੀਂ ਵੇਖਦਾ ਚੋਰੀ ਕਰਨ ਤੁਰ ਪੈਂਦੇ ਹਨ, ਸੰਨ੍ਹਾਂ ਲਾਉਂਦੇ ਹਨ, ਪਰਾਈਆਂ ਇਸਤ੍ਰੀਆਂ ਵੱਲ ਵਿਕਾਰ ਦੀ ਨਜ਼ਰ ਨਾਲ ਤੱਕਦੇ ਹਨ, ਪਰ ਉਹਨਾਂ ਦੇ ਇਹ ਵਿਕਾਰ ਪਰਮਾਤਮਾ ਤੋਂ ਨਹੀਂ ਲੁਕ ਸਕਦੇ। ਆਖ਼ਰ ਉਸ ਦੇ ਬੱਧੇ ਨਿਯਮਾਂ ਅਨੁਸਾਰ ਵਿਕਾਰੀ ਬੰਦੇ ਦੁੱਖੀ ਹੁੰਦੇ ਹਨ ਤੇ ਪਛੁਤਾਂਦੇ ਹਨ।

28. ਵਿਕਾਰਾਂ ਦਾ ਠੇਢਾ ਖਾ ਕੇ, ਜ਼ਿੰਦਗੀ ਦੇ ਸਹੀ ਰਾਹ ਤੋਂ ਖੁੰਝਾ ਹੋਇਆ ਮਨੁੱਖ ਬੇਅੰਤ ਪਾਪ ਕਰਦਾ ਫਿਰਦਾ ਹੈ, ਦੂਜਿਆਂ ਦੀ ਨਿੰਦਾ ਵਿਚ ਪੈ ਕੇ ਸਦਾ ਲੜਦਾ ਰਹਿੰਦਾ ਹੈ। ਇਸ ਦੋਜ਼ਖ਼ ਦੀ ਅੱਗ ਤੋਂ ਉਸ ਨੂੰ ਬਚਾਵੇ ਕੌਣ?

29. ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਉਸ ਦੇ ਸਾਰੇ ਝੋਰੇ ਤੇ ਕਾਮਾਦਿਕ ਵਿਕਾਰ ਨਾਸ ਹੋ ਜਾਂਦੇ ਹਨ ਕਿਉਂਕਿ ਪ੍ਰਭੂ ਦਾ ਨਾਮ ਹੀ ਜ਼ਿੰਦਗੀ ਲਈ ਸਹੀ ਆਸਰਾ ਹੈ।

30. ਵਿਕਾਰੀ ਪਾਪੀ ਮਨੁੱਖ ਬੰਦਗੀ ਕਰਨ ਵਾਲੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਸਗੋਂ ਆਪਣੇ ਮੰਦ ਕਰਮਾਂ ਦੇ ਕਾਰਨ ਆਪ ਦੁੱਖੀ ਹੁੰਦਾ ਹੈ।

31. ਪ੍ਰਭੂ ਦੀ ਬੰਦਗੀ ਕਰਨ ਵਾਲੇ ਸੰਤ ਜਨ ਤਾਂ ਸਾਰੇ ਜਗਤ ਵਿਚ ਸੋਭਾ ਪਾਂਦੇ ਹਨ, ਪਰ ਜੋ ਮਨੁੱਖ ਉਹਨਾਂ ਨਾਲ ਵੈਰ ਬਣਾ ਲੈਂਦੇ ਹਨ ਉਹ ਕਦੇ ਸੁਖੀ ਨਹੀਂ ਹੁੰਦੇ, ਨਿਰਵੈਰ ਨਾਲ ਵੈਰ ਕਰਦੇ ਹਨ, ਅਹੰਕਾਰ ਤੇ ਈਰਖਾ ਦੀ ਅੱਗ ਵਿਚ ਸੜਦੇ ਹਨ। ਅਜੇਹੇ ਮਨੁੱਖ ਮੁਢੋਂ ਵੱਢੇ ਹੋਏ ਰੁੱਖ ਵਾਂਗ ਹਨ ਜਿਸ ਦੇ ਟਾਹਣੇ ਆਪੇ ਸੁੱਕ ਜਾਂਦੇ ਹਨ। ਇਹਨਾਂ ਦੋਖੀਆਂ ਦੇ ਅੰਦਰ ਕੋਈ ਗੁਣ ਮੌਲ ਨਹੀਂ ਸਕਦਾ।

32. ਮਨਮੁਖ ਮਾਇਆਧਾਰੀ ਪਰਾਈ ਨਿੰਦਾ ਆਦਿਕ ਵਿਚ ਉਮਰ ਅਜ਼ਾਈਂ ਗੁਜ਼ਾਰ ਦੇਂਦਾ ਹੈ, ਅਹੰਕਾਰ ਦੇ ਕਾਰਨ ਆਂਢ ਗੁਆਂਢ ਕੋਈ ਨ ਕੋਈ ਝਗੜਾ ਖੜਾ ਕਰੀ ਰੱਖਦਾ ਹੈ। ਆਖ਼ਰ ਇਹ ਲੂਣਹਰਾਮੀ ਲੋਕ ਪਰਲੋਕ ਦੋਵੇਂ ਗਵਾ ਕੇ ਏਥੋਂ ਜਾਂਦਾ ਹੈ।

33. ਮਨਮੁਖ ਦੇ ਭੀ ਕੀਹ ਵੱਸ? ਇਹ ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਨੇ ਆਪ ਦਿੱਤਾ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪਣੇ ਪਾਸੇ ਲਿਆਉਣਾ ਚਾਹੁੰਦਾ ਹੈ, ਉਸ ਦੇ ਅੰਦਰਲੇ ਮੰਦੇ ਸੰਸਕਾਰ ਆਪ ਹੀ ਦੂਰ ਕਰ ਕੇ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਲਾਂਦਾ ਹੈ। ਜੀਵ ਦੀ ਕੋਈ ਆਪਣੀ ਸਿਆਣਪ ਚਤੁਰਾਈ ਕੰਮ ਨਹੀਂ ਦੇਂਦੀ। ਜਗਤ ਦੇ ਬੇਅੰਤ ਵਿਕਾਰਾਂ ਤੋਂ ਬਚਣ ਲਈ ਇਕ ਪ੍ਰਭੂ ਦੀ ਟੇਕ ਸਮਰੱਥ ਹੈ।

ਨੋਟ: ਪਉੜੀ ਨੰ: 26 ਦੇ ਭਾਵ ਨੂੰ ਹੋਰ ਵਧੀਕ ਸਮਝਾਣ ਲਈ ਗੁਰੂ ਅਰਜਨ ਸਾਹਿਬ ਨੇ ਏਥੇ ਪੰਜ ਪਉੜੀਆਂ (27 ਤੋਂ 31 ਤਕ) ਆਪਣੇ ਵਲੋਂ ਜੋੜ ਦਿੱਤੀਆਂ ਹਨ।

ਸਮੁੱਚਾ ਭਾਵ

1. (1 ਤੋਂ 7 ਤਕ) ਇਨਸਾਨ ਨੂੰ ਜੀਵਨ ਵਿਚ ਕਈ ਦੁੱਖਾਂ ਕਲੇਸ਼ਾਂ ਨਾਲ ਵਾਹ ਪੈਂਦਾ ਹੈ, ਕਈ ਚਿੰਤਾ-ਝੋਰੇ ਵਾਪਰਦੇ ਹਨ, ਮੌਤ ਆਦਿਕ ਦਾ ਸਹਿਮ ਪਿਆ ਰਹਿੰਦਾ ਹੈ, ਪਰ ਜੋ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਿਫ਼ਤਿ-ਸਾਲਾਹ ਦੀ ਸੋਹਣੀ ਕਾਰ ਕਰਨ ਲੱਗ ਪੈਂਦਾ ਹੈ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਸਿਰ ਤੇ ਰਾਖਾ ਹੈ ਤੇ ਸਭ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ; ਦੂਜੇ, ਉਸ ਨੂੰ ਸਮਝ ਆ ਜਾਂਦੀ ਹੈ ਕਿ ਜਗਤ ਦਾ ਪ੍ਰਬੰਧ ਚਲਾਣ ਵਿਚ ਪਰਮਾਤਮਾ ਕੋਈ ਉਕਾਈ ਨਹੀਂ ਖਾ ਰਿਹਾ, ਜੀਵਾਂ ਦੇ ਭਲੇ ਲਈ ਕਰਦਾ ਹੈ; ਤੀਜੇ, ਯਾਦ ਦੀ ਬਰਕਤਿ ਨਾਲ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਸਿੱਟਾ ਇਹ ਨਿਕਲਦਾ ਹੈ ਕਿ ਕੋਈ ਦੁਖ, ਕੋਈ ਚਿੰਤਾ, ਕੋਈ ਸਹਿਮ ਪੋਹ ਨਹੀਂ ਸਕਦਾ, ਸਾਰੇ ਔਗੁਣ ਭੀ ਸੁਤੇ ਹੀ ਨਾਸ ਹੋ ਜਾਂਦੇ ਹਨ।

2. (8 ਤੋਂ 12 ਤਕ) ਜੋ ਮਨੁੱਖ ਗੁਰੂ ਦੀ ਸਰਨ ਪੈਣ ਦੀ ਥਾਂ ਆਪਣੇ ਆਪ ਨੂੰ ਵੱਡਾ ਅਖਵਾਂਦੇ ਹਨ, ਗੁਰੂ ਦੀ ਰੀਸ ਕਰਦੇ ਹਨ, ਮੂੰਹ ਦੇ ਮਿੱਠੇ ਤੇ ਮਨ ਦੇ ਖੋਟੇ ਗੁਰ-ਨਿੰਦਕ ਭੀ ਹਨ, ਉਹਨਾਂ ਦਾ ਪਾਜ ਖੁਲ੍ਹ ਜਾਂਦਾ ਹੈ ਤੇ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ, ਉਹ ਗ਼ਰਜ਼ਮੰਦ ਕੋਹੜੀ ਅਹੰਕਾਰ ਤੇ ਈਰਖਾ ਦੀ ਅੱਗ ਵਿਚ ਸੜਦੇ ਰਹਿੰਦੇ ਹਨ, ਕੋਈ ਗੁਣ ਉਹਨਾਂ ਦੇ ਅੰਦਰ ਮੌਲ ਨਹੀਂ ਸਕਦਾ।

3. (13 ਤੋਂ 17 ਤਕ) ਪਰਾਏ ਦੇਸ਼ ਵਿਚ ਸਫ਼ਰ ਤੇ ਜਾਣ ਲੱਗਿਆਂ ਮਨੁੱਖ ਦੇ ਪਾਸ ਰਾਹਦਾਰੀ ਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਕਦਮ ਕਦਮ ਤੇ ਰੋਕ ਪਏਗੀ। ਜ਼ਿੰਦਗੀ ਦੇ ਸਫ਼ਰ ਵਿਚ ਭੀ ਜਿਸ ਮਨੁੱਖ-ਵਪਾਰੀ ਦੇ ਪਾਸ 'ਗੁਰ-ਸ਼ਬਦ' ਦੀ ਰਾਹਦਾਰੀ ਹੈ, ਕਾਮਾਦਿਕ ਮਸੂਲੀਏ ਉਸ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦੇ, ਪਰ ਇਹ ਨਾਮ-ਵਪਾਰ ਸਰੀਰ-ਕਿਲ੍ਹੇ ਦੇ ਅੰਦਰ ਹੀ ਕਰਨਾ ਹੈ, ਜੰਗਲਾਂ ਵਿਚ ਭਟਕਣ ਦੀ ਲੋੜ ਨਹੀਂ; ਸਰੀਰ ਹੀ ਧਰਮ ਕਮਾਣ ਦੀ ਥਾਂ ਹੈ। ਇਸੇ ਵਿਚ ਗੁੱਝੇ ਲਾਲ ਲੁਕੇ ਪਏ ਹਨ। ਗੁਰੂ ਦੀ ਸਰਨ ਪਿਆਂ ਇਕ ਤਾਂ ਇਹ ਲਾਲ ਵਿਹਾਝਣ ਦੀ ਜਾਚ ਆ ਜਾਂਦੀ ਹੈ, ਦੂਜੇ, ਇਹਨਾਂ ਨੂੰ ਲੁੱਟਣ ਵਾਲੇ ਕਾਮਾਦਿਕ ਡਾਕੂਆਂ ਦਾ ਮੁਕਬਲਾ ਕਰਨ ਲਈ ਹੌਂਸਲਾ ਬਣ ਆਉਂਦਾ ਹੈ।

4. (18 ਤੋਂ 25 ਤਕ) ਜਿਉਂ ਜਿਉਂ ਸਿਮਰਨ ਦੇ ਅਨੰਦ ਦਾ ਮਨ ਤੇ ਡੂੰਘਾ ਅਸਰ ਪੈਂਦਾ ਹੈ, 'ਤੂੰ ਤੂੰ' ਕਰਦਿਆਂ ਮਨੁੱਖ ਦੀ 'ਮੈਂ ਮੈਂ' 'ਤੂੰ' ਵਿਚ ਮੁੱਕ ਜਾਂਦੀ ਹੈ। ਸਿਮਰਨ ਵਲ ਇਤਨੀ ਵਧੀਕ ਖਿੱਚ ਬਣਦੀ ਜਾਂਦੀ ਹੈ ਕਿ ਦੁਨੀਆਵੀ ਰਸ ਇੰਦ੍ਰਿਆਂ ਨੂੰ ਖਿੱਚ ਹੀ ਨਹੀਂ ਪਾ ਸਕਦੇ, ਪਰਮਾਤਮਾ ਨਾਲ ਕੁਝ ਅਜਿਹਾ ਪਿਆਰ ਪੈਂਦਾ ਜਾਂਦਾ ਹੈ ਕਿ ਸੁੱਤਿਆਂ ਜਾਗਦਿਆਂ ਉਸੇ ਦੀ ਯਾਦ ਪਿਆਰੀ ਲੱਗਦੀ ਹੈ। ਫਿਰ ਤਾਂ ਅੰਦਰ ਵੱਸਦਾ ਭੀ ਉਹੀ ਦਿੱਸਦਾ ਹੈ ਤੇ ਬਾਹਰ ਕੁਦਰਤ ਵਿਚ ਭੀ ਉਸੇ ਦਾ ਜਲਵਾ ਨਜ਼ਰੀਂ ਆਉਂਦਾ ਹੈ। ਤਦੋਂ, ਜਿਵੇਂ ਮੁਸੱਵਰ ਨੂੰ ਉਸ ਦੀ ਆਪਣੀ ਬਣਾਈ ਸੁੰਦਰ ਤਸਵੀਰ ਮੋਹ ਨਹੀਂ ਸਕਦੀ, ਤਿਵੇਂ ਪ੍ਰਭੂ ਨਾਲ ਇੱਕ-ਮਿਕ ਹੋਏ ਬੰਦੇ ਨੂੰ ਮਾਇਆ ਦੇ ਸੋਹਣੇ ਚੋਜ ਮੋਹ ਨਹੀਂ ਸਕਦੇ, ਪਰ ਇਹ ਸਾਰੀ ਬਰਕਤਿ ਗੁਰੂ ਦੀ ਸ਼ਰਨ ਪਿਆਂ ਹੀ ਮਿਲਦੀ ਹੈ।

5. (26 ਤੋਂ 33 ਤਕ) ਜਿਸ ਮੰਦਭਾਗੀ ਨੂੰ ਮਾਇਆ ਦਾ ਚਸਕਾ ਪੈ ਜਾਏ, ਉਹ ਗੁਰੂ ਦੀ ਸ਼ਰਨ ਆਉਣ ਦੇ ਥਾਂ ਪਰ-ਧਨ, ਪਰ-ਤਨ ਤੇ ਪਰਾਈ ਨਿੰਦਾ ਆਦਿਕ ਪਾਪਾਂ ਵਿਚ ਪੈ ਕੇ, ਮਾਨੋ, ਦੋਜ਼ਕ ਦੀ ਅੱਗ ਵਿਚ ਸੜਦਾ ਹੈ। ਇਥੋਂ ਤਕ ਕੁਰਾਹੇ ਪੈ ਜਾਂਦਾ ਹੈ ਕਿ ਭਲਿਆਂ ਤੇ ਨਿਰਵੈਰ ਪੁਰਖਾਂ ਨਾਲ ਭੀ ਈਰਖਾ ਕਰਦਾ ਹੈ; ਮੁਢੋਂ ਕੱਟੇ ਰੁੱਖ ਵਾਂਗ ਉਸ ਦੇ ਅੰਦਰ ਕੋਈ ਗੁਣ ਮੌਲ ਨਹੀਂ ਸਕਦਾ।

ਪਰ ਜੀਵ ਦੀ ਕੋਈ ਆਪਣੀ ਸਿਆਣਪ ਚਤੁਰਾਈ ਕੰਮ ਨਹੀਂ ਦੇਂਦੀ। ਪ੍ਰਭੂ ਜਿਸ ਉਤੇ ਮਿਹਰ ਕਰਦਾ ਹੈ ਉਸ ਨੂੰ ਸਤਿਗੁਰੂ ਦੀ ਚਰਨੀਂ ਪਾ ਕੇ ਵਿਕਾਰਾਂ ਤੋਂ ਬਚਾ ਲੈਂਦਾ ਹੈ।

ਮੁੱਖ ਭਾਵ

ਸੰਸਾਰ-ਸਮੁੰਦਰ ਵਿਚ ਅਨੇਕਾਂ ਦੁੱਖ ਤੇ ਵਿਕਾਰ ਹਨ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹ ਇਹਨਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦਾ ਹੈ, ਪਰ ਜੋ ਮਨੁੱਖ ਆਪਣੇ ਵਡੱਪਣ ਵਿਚ ਰਹਿੰਦਾ ਹੈ, ਉਹ ਸਤਸੰਗ ਵਿਚ ਆਉਣ ਦੀ ਥਾਂ ਗੁਰਮੁਖਾਂ ਦੀ ਨਿੰਦਾ ਕਰਦਾ ਹੈ, ਤੇ ਇਸ ਤਰ੍ਹਾਂ ਉਸ ਦੇ ਅੰਦਰ ਭਲੇ ਗੁਣ ਮੌਲ ਹੀ ਨਹੀਂ ਸਕਦੇ।

ਗਉੜੀ ਕੀ ਵਾਰ ਮਹਲਾ ੪ ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੪ ॥ ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥ ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥ ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥ {ਪੰਨਾ 300}

ਪਦ ਅਰਥ: ਸਮਤੁ = ਇਕੋ ਜਿਹਾ। ਦ੍ਰਿਸ਼ਟਿ = ਨਜ਼ਰ। ਭਾਵਨੀ = ਸ਼ਰਧਾ। ਸਿਧਿ = ਸਫਲਤਾ। ਹਰਿ ਪਦੁ = ਹਰੀ ਨਾਲ ਮਿਲਾਪ।1।

ਅਰਥ: ਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ। ਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ) । ਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ (ਪਰ) ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ।1।

ਮਃ ੪ ॥ ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥ ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥ ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥ ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ {ਪੰਨਾ 300-301}

ਪਦ ਅਰਥ: ਬਿਖੁ = ਜ਼ਹਿਰ। ਉਰ = ਹਿਰਦਾ। ਸਿਧ = ਸਫਲ, (ਸਿਧਿ = ਸਫਲਤਾ) । ਸਿਰਜਣਹਾਰਿ = ਸਿਰਜਣਹਾਰਿ ਨੇ।2।

ਅਰਥ: ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ। ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵੀਚਾਰ ਦੁਆਰਾ ਖੱਟਿਆ (ਜਾ ਸਕਦਾ ਹੈ) , ਤੇ ਹਉਮੈ-ਮੈਲ (ਰੂਪ) ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿਚ ਧਾਰਨ ਕੀਤਿਆਂ ਉਤਰ ਜਾਂਦੀ ਹੈ। (ਇਹ ਨਾਮ ਦੀ ਦਾਤਿ ਪ੍ਰਭੂ ਦੇ ਹੱਥ ਹੈ) , ਜਿਨ੍ਹਾਂ ਗੁਰਮੁਖਾਂ ਤੇ ਉਹ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ, (ਉਹਨਾਂ ਨੂੰ ਮਨੁੱਖਾ ਜਨਮ ਦੇ ਅਸਲ ਵਣਜ ਵਿਚ ਘਾਟਾ ਨਹੀਂ ਪੈਂਦਾ) , (ਪਰ) ਹੇ ਨਾਨਕ! ਪ੍ਰਭੂ ਨੂੰ ਉਹੀ ਮਿਲੇ ਹਨ; ਜੋ ਦਰਗਾਹ ਤੋਂ ਮਿਲੇ ਹਨ, ਤੇ ਜਿਨ੍ਹਾਂ ਨੂੰ ਸਿਰਜਣਹਾਰ ਹਰੀ ਨੇ ਆਪ ਮੇਲਿਆ ਹੈ।2।

TOP OF PAGE

Sri Guru Granth Darpan, by Professor Sahib Singh