ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 301 ਪਉੜੀ ॥ ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ {ਪੰਨਾ 301} ਪਦ ਅਰਥ: ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਗੋਸਾਈ = ਧਰਤੀ ਦਾ ਖ਼ਸਮ। ਪਾਈ = ਪੈਰਾਂ ਤੇ, ਚਰਨਾਂ ਤੇ। ਸੁਆਲਿਓ = ਸੋਹਣੀ (ਸੁਆਲਿਉ = ਸੋਹਣਾ) । ਨਾਮਿ = ਨਾਮ ਵਿਚ।1। ਅਰਥ: ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਮਾਲਕ ਹੈਂ ਤੇ ਪ੍ਰਿਥਵੀ ਦਾ ਸੱਚਾ ਸਾਈਂ ਹੈਂ, ਸਾਰੀ ਸ੍ਰਿਸ਼ਟੀ ਤੇਰਾ ਧਿਆਨ ਹੈ ਤੇ ਸਭ ਜੀਅ-ਜੰਤ ਤੇਰੇ ਅਗੇ ਸਿਰ ਨਿਵਾਉਂਦੇ ਹਨ। ਤੇਰੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜਿਸ ਨੇ ਕੀਤੀ ਹੈ, ਉਸ ਨੂੰ (ਸੰਸਾਰ-ਸਾਗਰ ਤੋਂ) ਪਾਰ ਉਤਾਰਦੀ ਹੈ। ਹੇ ਪ੍ਰਭੂ! ਜੋ ਜੀਵ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ; ਤੂੰ ਉਹਨਾਂ ਦੀ ਘਾਲ (ਸਿਫ਼ਤਿ-ਸਾਲਾਹ ਕਰਨ ਦੀ ਘਾਲ) ਸਫਲ ਕਰਦਾ ਹੈਂ, ਤੇਰੇ ਸੱਚੇ ਨਾਮ ਵਿਚ ਉਹ ਲੀਨ ਹੋ ਜਾਂਦੇ ਹਨ। ਹੇ ਮੇਰੇ ਮਾਲਿਕ (ਪ੍ਰਭੂ! ਜਿਹਾ) ਤੂੰ ਆਪ ਹੈਂ (ਤਿਹੀ) ਤੇਰੀ ਵਡਿਆਈ (ਭੀ) ਵੱਡੀ (ਭਾਵ, ਵੱਡੇ ਗੁਣ ਪੈਦਾ ਕਰਨ ਵਾਲੀ) ਹੈ।1। ਸਲੋਕ ਮਃ ੪ ॥ ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ {ਪੰਨਾ 301} ਪਦ ਅਰਥ: ਸਾਦੁ = ਸੁਆਦ, ਚਸਕਾ। ਫਿਕਾ ਸਾਦੁ = ਵਿਅਰਥ ਚਸਕਾ। ਸਲਾਹਦੇ = ਚੰਗਾ ਸਮਝਦੇ ਹਨ। ਮਮਤਾ = ਅਪਣੱਤ। ਵਾਦੁ = ਝਗੜਾ, ਝੰਬੇਲਾ, ਲੰਮੀਆਂ ਗੱਲਾਂ। ਅਪਵਾਦੁ = ਝਗੜਾ, ਕੋਝਾ ਝਗੜਾ। ਪਰਮਾਨਾਦੁ = ਪਰਮ-ਅਨੰਦ ਹਰੀ।1। ਅਰਥ: ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ = ਇਹ ਬੋਲਣ ਦਾ ਸਾਰਾ (ਉੱਦਮ) ਬੇ-ਸੁਆਦਾ ਕੰਮ ਹੈ (ਭਾਵ, ਇਸ ਵਿਚ ਅਸਲੀ ਅਨੰਦ ਨਹੀਂ ਹੈ) । ਮਨਮੁਖ ਜੀਵ ਅਹੰਕਾਰ ਹਉਮੈ ਤੇ ਅਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ, ਭਾਵ, ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ ਤੇ ਇਹਨਾਂ ਦਾ ਸਾਰਾ ਝਗੜਾ (ਭਾਵ, ਉਸਤਤਿ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ) ਵਿਅਰਥ ਜਾਂਦਾ ਹੈ। ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਅਨੰਦ ਸਰੂਪ ਪ੍ਰਭੂ ਦਾ ਸਿਮਰਨ ਕਰ ਕੇ (ਦੂਜੇ ਮਨੁੱਖਾਂ ਦੀ ਉਸਤਤਿ ਨਿੰਦਾ ਦੇ ਚਸਕੇ ਤੋਂ) ਬਚ ਨਿਕਲਦੇ ਹਨ।1। ਮਃ ੪ ॥ ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ {ਪੰਨਾ 301} ਪਦ ਅਰਥ: ਸਤਿਗੁਰ = ਹੇ ਸਤਿਗੁਰੂ! ਧਿਆਈ = ਮੈਂ ਧਿਆਵਾਂ। ਮਨਿ = ਮਨ ਵਿਚ। ਮੁਖਿ = ਮੂੰਹੋਂ। ਪਰਹਰੀ = ਮੈਂ ਦੂਰ ਕਰਾਂ।2। ਅਰਥ: ਹੇ ਸਤਿਗੁਰੂ! ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ (ਜਿਸ ਕਰਕੇ) ਮੈਂ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ ਸਕਾਂ। ਹੇ ਨਾਨਕ! ਪ੍ਰਭੂ ਦਾ ਨਾਮ ਪਵਿੱਤ੍ਰ ਹੈ (ਇਸ ਕਰਕੇ ਮਨ ਲੋਚਦਾ ਹੈ ਕਿ ਮੈਂ ਭੀ) ਮੂੰਹੋਂ ਉਚਾਰਨ ਕਰ ਕੇ (ਆਪਣੇ) ਸਾਰੇ ਦੁੱਖ ਦੂਰ ਕਰ ਲਵਾਂ।2। ਪਉੜੀ ॥ ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ {ਪੰਨਾ 301} ਪਦ ਅਰਥ: ਨਿਰੰਕਾਰੁ = ਅਕਾਰ-ਰਹਿਤ। ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹਰੀ! ਲਵੈ ਲਾਇ = ਬਰਾਬਰੀ ਦੇ ਕੇ। ਸਚੁ = ਸਦਾ-ਥਿਰ ਰਹਿਣ ਵਾਲੀ। ਨਾਇਆ = ਨਾਈ, ਵਡਿਆਈ।2। ਅਰਥ: ਹੇ ਚਾਨਣਾ ਬਖ਼ਸ਼ਣ ਵਾਲੇ ਮਾਇਆ ਤੋਂ ਰਹਿਤ ਪ੍ਰਭੂ! ਤੂੰ ਆਪ ਹੀ ਆਪ ਨਿਰੰਕਾਰ ਹੈਂ। ਹੇ ਸੱਚੇ (ਸਾਈਂ) ! ਜਿਨ੍ਹਾਂ ਨੇ ਇਕਾਗਰ ਹੋ ਕੇ ਤੇਰਾ ਸਿਮਰਨ ਕੀਤਾ ਹੈ, ਉਹਨਾਂ ਦਾ ਤੂੰ ਸਭ ਦੁੱਖ ਦੂਰ ਕਰ ਦਿੱਤਾ ਹੈ। (ਸੰਸਾਰ ਵਿਚ) ਤੇਰਾ ਸ਼ਰੀਕ ਕੋਈ ਨਹੀਂ ਜਿਸ ਨੂੰ ਬਰਾਬਰੀ ਦੇ ਕੇ (ਤੇਰੇ ਵਰਗਾ) ਆਖੀਏ। ਹੇ ਮਾਇਆ ਤੋਂ ਰਹਿਤ ਸੱਚੇ ਹਰੀ! ਤੇਰੇ ਜੇਡਾ ਤੂੰ ਆਪ ਹੀ ਦਾਤਾ ਹੈਂ, ਤੂੰ ਹੀ ਮੇਰੇ ਮਨ ਵਿਚ ਪਿਆਰਾ ਲੱਗਦਾ ਹੈਂ। ਹੇ ਮੇਰੇ ਸੱਚੇ ਸਾਹਿਬ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।2। ਸਲੋਕ ਮਃ ੪ ॥ ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ {ਪੰਨਾ 301} ਅਰਥ: ਜਿਨ੍ਹਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ ਹੋਏ ਹਨ। ਹੇ ਨਾਨਕ! ਇਹ ਹਉਮੈ ਦਾ ਰੋਗ ਸਤਿਗੁਰੂ ਨੂੰ ਮਿਲ ਕੇ ਤੇ ਸਤਸੰਗ ਵਿਚ ਰਹਿ ਕੇ ਦੂਰ ਕਰ।1। ਮਃ ੪ ॥ ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ {ਪੰਨਾ 301} ਪਦ ਅਰਥ: ਰੰਗ ਸਿਉ = ਪ੍ਰੇਮ ਨਾਲ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਹਰੀ। ਗੁਰ ਸਾਬਾਸਿ = ਗੁਰੂ ਵਲੋਂ ਸ਼ਾਬਾਸ਼ੇ, ਗੁਰੂ ਦੀ ਥਾਪਣਾ।2। ਅਰਥ: ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਤੇ ਸਰੀਰ ਗੁਣ-ਨਿਧਾਨ ਹਰੀ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹੈ। ਹੇ ਨਾਨਕ! ਜਿਸ ਜਨ ਨੂੰ ਸਤਿਗੁਰੂ ਦੀ ਥਾਪਣਾ ਮਿਲਦੀ ਹੈ, ਪ੍ਰਭੂ ਦੀ ਸ਼ਰਣੀ ਪਏ ਉਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮੇਲ ਲੈਂਦਾ ਹੈ।2। ਪਉੜੀ ॥ ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ {ਪੰਨਾ 301} ਪਦ ਅਰਥ: ਪੁਰਖੁ = ਸਭ ਵਿਚ ਵਿਆਪਕ। ਵੜੀਐ = ਤੁਲਨਾ ਦੇਈਏ। ਕਾਇਤੁ = ਕਿਉਂ? ਕੜੀਐ = ਚਿੰਤਾ ਕਰੀਏ।3। ਅਰਥ: ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਰਚਨ ਵਾਲਾ ਹੈਂ, (ਸ੍ਰਿਸ਼ਟੀ ਵਿਚ) ਵਿਆਪਕ ਹੈਂ (ਤੇ ਫੇਰ ਭੀ) ਪਹੁੰਚ ਤੋਂ ਪਰੇ ਹੈਂ। ਕਿਸੇ ਦੇ ਨਾਲ ਤੈਨੂੰ ਤੁਲਨਾ ਨਹੀਂ ਦੇ ਸਕੀਦੀ। ਕਿਸ ਦਾ ਨਾਮ ਲਈਏ? ਤੇਰੇ ਜੇਡਾ ਹੋਰ ਕੋਈ ਨਹੀਂ, ਤੈਨੂੰ ਹੀ ਤੇਰੇ ਜਿਹਾ ਆਖ ਸਕਦੇ ਹਾਂ। (ਹੇ ਹਰੀ!) ਤੂੰ ਹਰ ਇਕ ਸਰੀਰ ਵਿਚ ਵਿਆਪਕ ਹੈਂ, (ਪਰ ਇਹ ਗੱਲ) ਉਹਨਾਂ ਤੇ ਪਰਗਟ (ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ (ਹੁੰਦੇ ਹਨ) । (ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਸਭ ਦਾ ਮਾਲਕ ਹੈਂ ਤੇ ਸਭ ਤੋਂ ਸੁੰਦਰ (ਸ੍ਰੇਸ਼ਟ) ਹੈਂ। ਹੇ ਸੱਚੇ (ਹਰੀ!) (ਜੇ ਸਾਨੂੰ ਇਹ ਨਿਸ਼ਚਾ ਹੋ ਜਾਏ ਕਿ) ਜੋ ਤੂੰ ਕਰਦਾ ਹੈਂ ਸੋਈ ਹੁੰਦਾ ਹੈ, ਤਾਂ ਅਸੀਂ ਕਿਉਂ ਝੂਰੀਏ?।3। ਸਲੋਕ ਮਃ ੪ ॥ ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ {ਪੰਨਾ 301} ਪਦ ਅਰਥ: ਮੈ ਮਨਿ = ਮੇਰੇ ਮਨ ਵਿਚ। ਨੋਟ: ਲਫ਼ਜ਼ 'ਲਗੰਨਿ' ਅਤੇ 'ਵਸੰਨਿ' ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਵਿਚ ਹਨ। 'ਵਸੰਨਿ' ਦਾ ਅਰਥ 'ਮੈਂ ਵਸਦਾ ਰਹਾਂ' ਕਰਨਾ ਗ਼ਲਤ ਹੈ (ਵੇਖੋ, 'ਗੁਰਬਾਣੀ ਵਿਆਕਰਣ') । ਧਾਰਿ = ਧਾਰੀ ਹੈ।1। ਅਰਥ: (ਮਨ ਲੋਚਦਾ ਹੈ ਕਿ) ਅੱਠੇ ਪਹਿਰ ਲੱਗ ਜਾਣ (ਭਾਵ, ਗੁਜ਼ਰ ਜਾਣ) (ਪਰ) ਮੇਰੇ ਹਿਰਦੇ ਤੇ ਸਰੀਰ ਵਿਚ ਪਿਆਰੇ ਦਾ ਪਿਆਰ (ਲੱਗਾ ਰਹੇ, ਭਾਵ, ਨਾ ਮੁੱਕੇ) (ਕਿਉਂਕਿ) ਹੇ ਨਾਨਕ! (ਜਿਨ੍ਹਾਂ) ਮਨੁੱਖਾਂ ਤੇ ਹਰੀ (ਇਹੋ ਜਿਹੀ) ਕਿਰਪਾ ਕਰਦਾ ਹੈ ਉਹ ਸਤਿਗੁਰੂ ਦੇ (ਬਖ਼ਸ਼ੇ ਹੋਏ) ਸੁਖ ਵਿਚ (ਸਦਾ) ਵੱਸਦੇ ਹਨ।1। ਮਃ ੪ ॥ ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ {ਪੰਨਾ 301} ਪਦ ਅਰਥ: ਨੋਟ: ਪਿਛਲਾ ਸਲੋਕ ਤੇ ਇਹ ਸਲੋਕ ਦੋਵੇਂ ਮਹਲੇ ਚੌਥੇ ਦੇ ਹਨ, ਲਫ਼ਜ਼ 'ਲਗੰਨਿ' 'ਵਸੰਨਿ' ਤੇ 'ਸੋਹੰਨਿ' ਇਕੋ ਹੀ ਕਿਸਮ ਦੇ ਹਨ। ਸੋਹੰਨਿ = ਸੋਭਦੇ ਹਨ। ਪਿਰੰਮ ਕੀ = ਪਿਆਰੇ ਦੀ। ਜਿਨਿ = ਜਿਸ ਨੇ (ਲਫ਼ਜ਼ 'ਜਿਨ' ਬਹੁ-ਵਚਨ ਹੈ ਤੇ 'ਜਿਨਿ' ਇਕ-ਵਚਨ) । ਪਿਰੰਨਿ = ਪਿਰ ਨੇ, ਖ਼ਸਮ ਨੇ। ਜਿਨਿ ਪਿਰੰਨਿ = ਜਿਸ ਪਿਰ ਨੇ।2। ਅਰਥ: ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਹੈ, ਉਹ ਜਿਵੇਂ ਬੋਲਦੇ ਹਨ, ਤਿਵੇਂ ਹੀ ਸੋਭਦੇ ਹਨ (ਭਾਵ, ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ) (ਇਹ ਇਕ ਅਚਰਜ ਕੌਤਕ ਹੈ) । ਹੇ ਨਾਨਕ! (ਇਸ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ) ਜਿਸ ਪਿਰ (ਪ੍ਰਭੂ) ਨੇ ਇਹ ਪਿਆਰ ਲਾਇਆ ਹੈ, ਉਹ ਆਪੇ ਹੀ ਜਾਣਦਾ ਹੈ।2। ਪਉੜੀ ॥ ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ {ਪੰਨਾ 301} ਪਦ ਅਰਥ: ਬੁਝਾਹੀ = ਤੂੰ ਸਮਝ ਦੇਂਦਾ ਹੈਂ। ਕਰਣ = ਜਗਤ। ਅਗਮੁ = ਅਪਹੁੰਚ। ਛਡਾਹੀ = ਦੁੱਖਾਂ ਝੋਰਿਆਂ ਤੋਂ ਤੂੰ ਛਡਾਂਦਾ ਹੈਂ (ਵੇਖੋ, ਪਉੜੀ ਨੰ: 2, 3 ਵਿਚ 'ਦੁਖ ਤੇ ਕਾੜਾ') ।4। ਅਰਥ: ਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੁੱਲ ਹੈਂ, ਭੁੱਲਣ ਵਿਚ ਨਹੀਂ ਆਉਂਦਾ। ਹੇ ਸੱਚੇ! ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ। ਹੇ ਹਰੀ! ਤੇਰਾ ਕੋਈ ਸ਼ਰੀਕ ਨਹੀਂ ਤੇ ਸ੍ਰਿਸ਼ਟੀ ਦੇ ਇਸ ਸਾਰੇ ਪਰਪੰਚ ਦਾ ਮੂਲ ਤੂੰ ਆਪੇ ਹੀ ਹੈਂ ਤੇ ਸਮਰੱਥਾ ਵਾਲਾ ਹੈਂ। ਤੂੰ ਦਇਆ ਕਰਨ ਵਾਲਾ ਮਾਲਕ ਹੈਂ (ਪਰ) ਤੇਰੇ ਤਾਈਂ ਪਹੁੰਚ ਨਹੀਂ ਹੋ ਸਕਦੀ; ਸਭ ਜੀਵ ਜੰਤ ਤੈਨੂੰ ਸਿਮਰਦੇ ਹਨ। ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ।4। |
Sri Guru Granth Darpan, by Professor Sahib Singh |