ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 302

ਸਲੋਕ ਮਃ ੪ ॥ ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥ {ਪੰਨਾ 302}

ਪਦ ਅਰਥ: ਅਖੀ = ਅੱਖਾਂ। ਗੁਰਿ = ਗੁਰੂ ਨੇ। ਸਵੰਨਿ = ਸਉਂਦੇ ਹਨ, ਲੀਨ ਰਹਿੰਦੇ ਹਨ।1।

ਅਰਥ: ਸੱਜਣ ਪ੍ਰਭੂ ਦਾ ਪਿਆਰ-ਭਰਿਆ ਸੁਨੇਹਾ ਸੁਣ ਕੇ (ਜਿਨ੍ਹਾਂ ਦੀਆਂ) ਅੱਖੀਆਂ ਤਾਰ ਵਿਚ (ਭਾਵ, ਦੀਦਾਰ ਦੀ ਤਾਂਘ ਵਿਚ) ਲੱਗ ਜਾਂਦੀਆਂ ਹਨ; ਹੇ ਨਾਨਕ! ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਮਿਲਾਇਆ ਹੈ, ਤੇ ਉਹ ਸੁਖ ਵਿਚ ਟਿਕੇ ਰਹਿੰਦੇ ਹਨ।1।

ਮਃ ੪ ॥ ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ {ਪੰਨਾ 302}

ਪਦ ਅਰਥ: ਤਿਸਟਿਆ = ਟਿਕਿਆ, ਸ਼ਾਂਤ-ਚਿੱਤ ਹੋਇਆ। ਗੁਝਾ = ਲੁਕਿਆ।2।

ਅਰਥ: ਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ। ਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ? ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;) (ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ। ਜਿਸ ਭਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ) ; ਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ।2।

ਪਉੜੀ ॥ ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥ ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥ ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥ ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥ ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥ {ਪੰਨਾ 302}

ਪਦ ਅਰਥ: ਸਾਹਿਬ ਮਨਿ = ਸਾਹਿਬ ਦੇ ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।5।

ਅਰਥ: ਜਿਸ (ਜੀਵ-ਇਸਤ੍ਰੀ) ਨੂੰ ਮਾਲਕ-ਪ੍ਰਭੂ ਵਡਿਆਏ, ਉਹੀ (ਅਸਲ) ਵੱਡੀ ਸਮਝਣੀ ਚਾਹੀਦੀ ਹੈ। ਜਿਸ ਨੂੰ ਚਾਹੇ ਪ੍ਰਭੂ ਮਾਲਕ ਬਖ਼ਸ਼ ਲੈਂਦਾ ਹੈ, ਤੇ ਉਹ ਸਾਹਿਬ ਦੇ ਮਨ ਵਿਚ ਪਿਆਰੀ ਲੱਗਦੀ ਹੈ। ਉਹ (ਜੀਵ-ਇਸਤ੍ਰੀ) ਮੂਰਖ ਤੇ ਅੰਞਾਣ ਹੈ ਜੋ ਉਸ ਦੀ ਰੀਸ ਕਰਦੀ ਹੈ, (ਕਿਉਂਕਿ ਰੀਸ ਕੀਤਿਆਂ ਕੁਝ ਹੱਥ ਨਹੀਂ ਆਉਂਦਾ, ਇਥੇ ਤਾਂ) ਜਿਸ ਨੂੰ ਸਤਿਗੁਰੂ ਮੇਲਦਾ ਹੈ (ਉਹੀ ਮਿਲਦੀ ਹੈ ਤੇ) (ਹਰੀ ਦੀ) ਸਿਫ਼ਤਿ-ਸਾਲਾਹ ਹੀ ਉਚਾਰਨ ਕਰ ਕੇ (ਹੋਰਨਾਂ ਨੂੰ ਸੁਣਾਉਂਦੀ ਹੈ। ਹੇ ਨਾਨਕ! ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, (ਇਸ ਗੱਲ ਨੂੰ ਚੰਗੀ ਤਰ੍ਹਾਂ) ਸਮਝ ਕੇ (ਉਹ ਜੀਵ-ਇਸਤ੍ਰੀ) ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।5।

ਸਲੋਕ ਮਃ ੪ ॥ ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥ ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥ ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥ ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥ ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥ {ਪੰਨਾ 302}

ਪਦ ਅਰਥ: ਨਿਰੰਜਨੁ = ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦਾ ਪ੍ਰਭਾਵ। ਨਿਰਭਉ = ਜਿਸ ਨੂੰ ਕੋਈ ਡਰ ਨਹੀਂ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਸਰੀਰ ਨਹੀਂ। ਇਕ ਮਨਿ = ਇਕ ਮਨ ਦੀ ਰਾਹੀਂ, ਮਨ ਲਾ ਕੇ, ਮਨ ਇਕ ਹਰੀ ਵੱਲ ਲਾ ਕੇ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਜੈਕਾਰੁ = ਵਡਿਆਈ। ਫਿਟੁ ਫਿਟੁ ਕਹੈ– ਫਿਟਕਾਰਾਂ ਪਾਂਦਾ ਹੈ। ਵਰਤਦਾ = ਮੌਜੂਦ ਹੈ। ਧੰਨੁ = ਮੁਬਾਰਿਕ। ਵਾਰਿਆ = ਸਦਕੇ।1।

ਅਰਥ: ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ, ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ। (ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ। ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ, (ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ। ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ। (ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ।1।

ਮਃ ੪ ॥ ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥ ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥ ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥ {ਪੰਨਾ 302}

ਪਦ ਅਰਥ: ਸਾਜੀਅਨੁ = ਸਾਜੀ ਉਸ ਨੇ। ਉਪਾਇਅਨੁ = ਉਪਾਏ ਉਸ ਨੇ। ਗਿਰਾਸੁ = ਗਰਾਹੀ, ਖ਼ੁਰਾਕ। ਸਭੁ = ਹਰ ਥਾਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ। ਸਭਿ = ਸਾਰੇ। ਕਿਲਵਿਖ = ਪਾਪ। ਤਾਸੁ = ਉਸ ਦੇ।2।

ਅਰਥ: ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼। ਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ। ਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ। ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ।2।

ਪਉੜੀ ॥ ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥ ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥ ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥ ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥ ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥ {ਪੰਨਾ 302}

ਪਦ ਅਰਥ: ਜਮ ਕੰਕਰੁ = ਜਮ ਦਾ ਸੇਵਕ, ਜਮਦੂਤ। ਉਜਲੇ = ਖਿੜੇ ਹੋਏ। ਸਟੀਅਨਿ = ਸੱਟੇ ਜਾਂਦੇ ਹਨ। ਹਿਰਦੈ = ਹਿਰਦੇ ਵਿਚ। ਕੂੜੋ = ਕੂੜ ਹੀ।6।

ਅਰਥ: ਹੇ ਹਰੀ! ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈਂ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ। ਹੇ ਸੱਚੇ ਪ੍ਰਭੂ! ਜੋ ਜੀਵ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ। ਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਦੇ ਮੂੰਹ ਦਰਗਾਹ ਵਿਚ ਉੱਜਲੇ ਹੁੰਦੇ ਹਨ, (ਪਰ) ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿਚ ਕੂੜ ਤੇ ਕਪਟ ਹੋਣ ਕਰਕੇ ਉਹ ਪਿਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਂਦੇ ਹਨ। ਕੂੜਿਆਰਾਂ ਦੇ ਮੂੰਹ (ਦਰਗਾਹ ਵਿਚ) ਕਾਲੇ ਹੁੰਦੇ ਹਨ (ਕਿਉਂਕਿ) ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ।6।

ਸਲੋਕ ਮਃ ੪ ॥ ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥ ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥ ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥ {ਪੰਨਾ 302-303}

ਪਦ ਅਰਥ: ਗੁਰਸਿਖੀ = ਗੁਰੂ ਦੇ ਸਿੱਖਾਂ ਨੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਪੈਨਾਏ = ਮੰਨੇ ਜਾਂਦੇ ਹਨ, ਆਦਰ ਦਿੱਤਾ ਜਾਂਦਾ ਹੈ। ਓਇ = (ਲਫ਼ਜ਼ 'ਓਹੁ' ਤੋਂ ਬਹੁ-ਵਚਨ) । ਸੁਆਵਗੀਰ = ਸੁਆਰਥ ਨੂੰ ਫੜਨ ਵਾਲੇ। ਦਯੁ = ਖਸਮ। ਦਯਿ = ਖਸਮ ਨੇ। ਵਜਾਏ = ਪਰਗਟ ਕੀਤੇ। ਸਿਰੀ = ਸਿਰੀਂ, ਪਾਸੀਂ। ਚਲਤ = ਕੌਤਕ। ਸਬਾਏ = ਸਾਰੇ।1।

ਅਰਥ: (ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤਰ੍ਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ। ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ। ਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ। ਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ, (ਕਿਉਂਕਿ) ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ ਸਾਰੇ ਖ਼ੁਦਗ਼ਰਜ਼ ਪਰਗਟ ਹੋ ਜਾਂਦੇ ਹਨ (ਭਾਵ, ਲੁਕੇ ਨਹੀਂ ਰਹਿ ਸਕਦੇ) । ਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ, ਤੇ ਖਸਮ ਪ੍ਰਭੂ ਦੀ ਰਾਹੀਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ, (ਪਰ) ਹੇ ਨਾਨਕ! (ਜੀਵ ਦੇ ਕੀਹ ਵੱਸ?) ਇਹ ਸਾਰੇ ਕੌਤਕ ਪ੍ਰਭੂ ਆਪ ਸਦਾ ਕਰ ਕੇ ਵੇਖ ਰਿਹਾ ਹੈ ਤੇ ਦੋਹੀਂ ਪਾਸੀਂ (ਗੁਰਸਿਖਾਂ ਵਿਚ ਤੇ ਸੁਆਵਗੀਰਾਂ ਵਿਚ) ਆਪ ਹੀ ਪਰਮਾਤਮਾ ਮੌਜੂਦ ਹੈ।1।

TOP OF PAGE

Sri Guru Granth Darpan, by Professor Sahib Singh