ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 303 ਮਃ ੪ ॥ ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥ ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥ ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥ ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥ ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥ ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥ ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥ ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥ {ਪੰਨਾ 303} ਪਦ ਅਰਥ: ਜਿਤੁ = ਜਿਥੇ। ਥਾਇ ਪਾਇ = ਹਾਸਲ ਕਰ ਲੈਂਦਾ ਹੈ। ਵਥੁ = ਚੀਜ਼। ਘਰਿ ਘਰਿ = ਹਰੇਕ ਘਰ ਵਿਚ। ਗੁਝੀ = ਲੁਕੀ। ਮੁਲੰਮਾ ਪਾਜੁ = ਵਿਖਾਵਾ। ਪਾਰਸਿ = ਪਾਰਸ ਨਾਲ। ਸੁਵਰਨੁ = ਸੋਨਾ। ਧਣੀ = ਮਾਲਕ। ਅਰਥ: ਮਨ ਇੱਕ ਹੈ ਤੇ ਇੱਕ ਪਾਸੇ ਹੀ ਲੱਗ ਸਕਦਾ ਹੈ, ਜਿਥੇ ਜੁੜਦਾ ਹੈ, ਓਥੇ ਸਫਲਤਾ ਹਾਸਲ ਕਰ ਲੈਂਦਾ ਹੈ। ਬਹੁਤੀਆਂ ਗੱਲਾਂ ਬਾਹਰੋਂ ਬਾਹਰੋਂ ਕੋਈ ਪਿਆ ਕਰੇ (ਭਾਵ, ਗੱਲਾਂ ਕਰਨ ਦਾ ਕੋਈ ਲਾਭ ਨਹੀਂ) , ਖਾ ਤੇ ਉਹੋ ਚੀਜ਼ ਸਕਦਾ ਹੈ ਜੇਹੜੀ ਘਰ ਵਿਚ ਹੋਵੇ (ਭਾਵ, ਮਨ ਜਿਥੇ ਲੱਗਾ ਹੋਇਆ ਹੈ, ਪ੍ਰਾਪਤ ਤਾਂ ਉਹੋ ਸ਼ੈ ਹੋਣੀ ਹੈ) । ਮਨ ਨੂੰ ਸਤਿਗੁਰੂ ਦੇ ਅਧੀਨ ਕੀਤੇ ਬਿਨਾ (ਇਹ) ਸਮਝ ਨਹੀਂ ਪੈਂਦੀ ਤੇ ਹਿਰਦੇ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰੀ ਜੀਵਾਂ ਨੂੰ (ਸਦਾ) ਤ੍ਰਿਸ਼ਨਾ ਤੇ ਦੁੱਖ (ਸਤਾਉਂਦੇ ਹਨ) , (ਤ੍ਰਿਸ਼ਨਾ ਦੇ ਕਾਰਨ) ਹੱਥ ਅੱਡ ਕੇ ਘਰ ਘਰ ਮੰਗਦੇ ਫਿਰਦੇ ਹਨ (ਭਾਵ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਇਸੇ ਕਰਕੇ ਦੁਖੀ ਰਹਿੰਦੇ ਹਨ) । ਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਜਾਂਦਾ ਹੈ ਅਤੇ ਕੂੜ ਤੇ ਠੱਗੀ ਲੁਕੀ ਨਹੀਂ ਰਹਿ ਸਕਦੀ, (ਪਰ ਉਹਨਾਂ ਵਿਚਾਰਿਆਂ ਦੇ ਭੀ ਕੀਹ ਵੱਸ) ? ਪਿਛਲੇ (ਕੀਤੇ ਚੰਗੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਦੇ ਹਿਰਦੇ ਤੇ ਭਲੇ ਸੰਸਕਾਰ) ਲਿਖੇ ਹੋਏ ਹਨ, ਉਹਨਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ, ਤੇ ਜਿਵੇਂ ਪਾਰਸ ਨਾਲ ਲੱਗ ਕੇ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਸੰਗਤਿ ਵਿਚ ਰਲ ਕੇ (ਉਹ ਭੀ ਚੰਗੇ ਬਣ ਜਾਂਦੇ ਹਨ) । ਹੇ ਦਾਸ ਨਾਨਕ ਦੇ ਪ੍ਰਭੂ! (ਜੀਵਾਂ ਦੇ ਹੱਥ ਕੁਝ ਨਹੀਂ) ਤੂੰ ਆਪ ਸਭ ਦਾ ਮਾਲਕ ਹੈਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈਂ।2। ਪਉੜੀ ॥ ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥ ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥ ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥ ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥ ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥ {ਪੰਨਾ 303} ਪਦ ਅਰਥ: ਵਿਕਣਿ = ਵੇਚਣ ਲਈ। ਪਲਰੀ = ਪਰਾਲੀ ਦੇ ਵੱਟੇ। (ਨੋਟ: ਲਫ਼ਜ਼ 'ਵਿਕਣਿ' ਦਾ ਅਰਥ 'ਵਿਕਦੇ ਹਨ' ਕਰਨਾ ਗ਼ਲਤ ਹੈ; ਉਹ ਲਫ਼ਜ਼ 'ਵਿਕਨਿ' ਹੁੰਦਾ ਹੈ) । ਆਲਾਏ = ਉਚਾਰਦਾ ਹੈ।7। ਅਰਥ: ਜਿਨ੍ਹਾਂ ਜੀਵਾਂ ਨੇ ਹਿਰਦੇ ਵਿਚ ਪ੍ਰਭੂ ਦਾ ਸਿਮਰਨ ਕੀਤਾ, ਉਹਨਾਂ ਨੂੰ ਪ੍ਰਭੂ (ਆਪਣੇ ਵਿਚ) ਮਿਲਾ ਲੈਂਦਾ ਹੈ, ਉਹਨਾਂ ਨਾਲ (ਉਹਨਾਂ ਦੇ) ਗੁਣਾਂ ਦੀ ਜਿਨ੍ਹਾਂ ਨੇ ਭਿਆਲੀ ਕੀਤੀ ਹੈ, ਉਹਨਾਂ ਦੇ ਸਾਰੇ ਪਾਪ ਸ਼ਬਦ ਦੁਆਰਾ ਸਾੜੇ ਜਾਂਦੇ ਹਨ। (ਪਰ) ਹੇ ਸੱਚੇ ਪ੍ਰਭੂ! ਔਗੁਣਾਂ ਨੂੰ ਪਰਾਲੀ ਦੇ ਭਾ ਵੇਚਣ ਲਈ (ਭਾਵ, ਸਹਲੇ ਹੀ ਨਾਸ ਕਰਨ ਲਈ) ਗੁਣਾਂ ਦੀ ਇਹ ਸਾਂਝ ਉਸੇ ਨੂੰ ਮਿਲਦੀ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ। ਮੈਂ ਸਦਕੇ ਹਾਂ ਆਪਣੇ ਸਤਿਗੁਰੂ ਤੋਂ ਜਿਸ ਨੇ (ਜੀਵ ਦੇ) ਪਾਪ ਦੂਰ ਕਰ ਕੇ ਗੁਣ ਪਰਗਟ ਕੀਤੇ ਹਨ। ਜੋ ਜੀਵ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਵੱਡੇ ਪ੍ਰਭੂ ਦੀ ਵੱਡੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ।7। ਸਲੋਕ ਮਃ ੪ ॥ ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥ ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥ ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥ ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥ {ਪੰਨਾ 303} ਪਦ ਅਰਥ: ਵਡਿਆਈ = ਗੁਣ। ਅਨਦਿਨੁ = ਹਰ ਰੋਜ਼। ਰਮਤ = ਸਿਮਰਨਾ। ਤਾਣੁ = ਬਲ। ਦੀਬਾਣੁ = ਆਸਰਾ। ਰਖ = ਰੱਖਿਆ। ਗੁਰ ਮੂਰਤਿ = ਗੁਰੂ ਦਾ ਇਹ ਸਰੂਪ (ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ) । ਅਰਥ: ਸਤਿਗੁਰੂ ਵਿਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿਚ ਹੀ ਤ੍ਰਿਪਤ ਰਹਿੰਦਾ ਹੈ; ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ। ਜੋ ਮਨੁੱਖ ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿਚ ਇੱਛਾ ਕਰੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥ ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥ ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥ ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥ ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥ {ਪੰਨਾ 303} ਪਦ ਅਰਥ: ਮਾਰ = ਸਜ਼ਾ (ਨੋਟ: ਈਰਖਾ ਦੇ ਕਾਰਨ ਹੀ ਮਨੁੱਖ ਦੂਜੇ ਦੀ ਨਿੰਦਾ ਕਰਦਾ ਹੈ ਸੋ ਨਿੰਦਾ ਕਰਨ ਵੇਲੇ ਉਹ ਈਰਖਾ ਦੀ ਅੱਗ-ਰੂਪ ਘੋਰ ਨਰਕ ਵਿਚ ਸੜ ਰਿਹਾ ਹੁੰਦਾ ਹੈ, ਤੇ ਜਿਨ੍ਹਾਂ ਦੇ ਪਾਸ ਨਿੰਦਾ ਕਰਦਾ ਹੈ ਉਹਨਾਂ ਦੀਆਂ ਨਜ਼ਰਾਂ ਵਿਚ ਭੀ ਹੌਲਾ ਪੈਂਦਾ ਹੈ। ਸੋ, ਸੜਨ ਤੇ ਮੁਕਾਲਖ ਇਹ ਦੋ ਕਿਸਮ ਦੀ ਮਾਰ ਨਿੰਦਕ ਨੂੰ ਪੈਂਦੀ ਹੈ) । ਤਸਕਰੁ = ਚੋਰ। ਗਲਾਵੈ = ਗਲ ਦੀ ਰੱਸੀ।1। ਅਰਥ: ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ, ਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ, ਤੇ ਜਿਵੇਂ ਚੋਰ ਨੂੰ ਗਲ ਵਿਚ ਰੱਸੀ ਪਾ ਕੇ ਲੈ ਜਾਈਦਾ ਹੈ ਤਿਵੇਂ ਕਾਲਾ ਮੂੰਹ ਕਰ ਕੇ (ਮਾਨੋ) ਡਰਾਉਣੇ ਨਰਕ ਵਿਚ (ਉਸ ਨੂੰ ਭੀ) ਪਾਇਆ ਜਾਂਦਾ ਹੈ। ਫੇਰ ਇਸ (ਨਿੰਦਾ-ਰੂਪ ਘੋਰ ਨਰਕ ਵਿਚੋਂ) ਤਾਂ ਹੀ ਬਚਦਾ ਹੈ, ਜੇ ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਨਾਮ ਜਪੇ। ਨਾਨਕ ਪਰਮਾਤਮਾ (ਦੇ ਦਰ) ਦੀਆਂ ਗੱਲਾਂ ਆਖ ਕੇ ਸੁਣਾ ਰਿਹਾ ਹੈ; ਪਰਮਾਤਮਾ ਨੂੰ ਇਉਂ ਹੀ ਭਾਉਂਦਾ ਹੈ (ਕਿ ਨਿੰਦਕ ਈਰਖਾ ਦੇ ਨਰਕ ਵਿਚ ਆਪੇ ਹੀ ਪਿਆ ਸੜੇ) ।1। ਮਃ ੪ ॥ ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥ ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥ ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥ ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ {ਪੰਨਾ 303} ਪਦ ਅਰਥ: ਬਿਖੁ = ਜ਼ਹਿਰ। ਅਣਹੋਦੇ = ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਨਿਕੰਮੇ। ਦਯੁ = ਖਸਮ। ਦਯਿ = ਖਸਮ ਨੇ। ਗਲਿ = ਗਲ ਵਿਚ। ਗਲ ਫਰੋਸੀ = ਗੱਲਾਂ ਵੇਚਣੀਆਂ, ਗੱਲਾਂ ਦੀ ਖੱਟੀ ਖਾਣੀ। ਦੋੁਹਾਗਣਿ = (ਅੱਖਰ 'ਦ' ਦੇ ਨਾਲ (ੁ) ਪੜ੍ਹਨਾ ਹੈ, ਅਸਲ ਲਫ਼ਜ਼ 'ਦੋਹਾਗਣਿ' ਹੈ) । ਲਛਣੁ = ਕਲੰਕ। ਅਰਥ: ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ,) ਉਸ ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ, ਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ; ਛੁੱਟੜ ਰੰਨ ਵਾਂਙ ਉਹ ਘਰ ਘਰ ਫਿਰਦਾ ਹੈ, ਜੋ ਮਨੁੱੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ ਕਲੰਕ ਲੱਗ ਜਾਂਦਾ ਹੈ। ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥ ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥ {ਪੰਨਾ 303-304} ਪਦ ਅਰਥ: ਅਲਿਪਤੋ = ਵੱਖਰਾ, ਨਿਰਾਲਾ। ਪਾਸੁ = ਪਾਸਾ, ਸਾਥ। ਗੋਪੇ = ਨਿੰਦਾ ਕਰਦਾ ਹੈ। ਓਨਿ = ਉਸ ਨੇ। ਲਾਹਾ = ਖੱਟੀ। ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ, ਮਨਮੁਖ ਦਾ ਸਾਥ ਛੱਡ ਕੇ ਸਤਿਗੁਰੂ ਦੀ ਸੰਗਤ ਕਰਦਾ ਹੈ। ਹੇ ਸੰਤ ਜਨੋਂ! (ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ। |
Sri Guru Granth Darpan, by Professor Sahib Singh |